- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖ਼ਰ ਉਹ ਇਸ ਗੱਲ ਨੂੰ ਕਿਉਂ ਭੁੱਲ ਰਹੀ ਹੈ ਕਿ 2023 ’ਚ ‘ਨਾਰੀ ਸ਼ਕਤੀ ਵੰਦਨ ਐਕਟ’ ਦੇ ਨਾਂ ਨਾਲ ਸੰਸਦ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਹਿਲਾ ਰਾਖਵੇਂਕਰਨ ਕਾਨੂੰਨ ’ਚ ਇਹ ਵਿਵਸਥਾ ਸੀ ਕਿ 2029 ਦੀਆਂ ਆਮ ਚੋਣਾਂ ਤੋਂ ਪਹਿਲਾਂ ਨਵੀਂ ਜਨਗਣਨਾ ਦੇ ਆਧਾਰ 'ਤੇ ਹੱਦਬੰਦੀ ਹੋਣ ਤੋਂ ਬਾਅਦ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

ਹੱਦਬੰਦੀ ਤੇ ਮਹਿਲਾ ਰਾਖਵੇਂਕਰਨ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੀ ਵਿਰੋਧੀ ਧਿਰ ਅਤੇ ਖ਼ਾਸ ਕਰਕੇ ਕਾਂਗਰਸ ਵੀ ਆਪਣੀ ਰਣਨੀਤੀ ਬਣਾਉਣ ’ਚ ਜੁਟ ਗਈ ਹੈ। ਭਾਵੇਂ ਉਸ ਦੀਆਂ ਕੁਝ ਸਹਿਯੋਗੀ ਪਾਰਟੀਆਂ ਨੇ ਮਹਿਲਾ ਰਾਖਵੇਂਕਰਨ ਤੇ ਹੱਦਬੰਦੀ ਬਿੱਲ ਦਾ ਸਮਰਥਨ ਕਰਨ ਦੇ ਸੰਕੇਤ ਦਿੱਤੇ ਹਨ ਪਰ ਕਾਂਗਰਸੀ ਆਗੂਆਂ ਦਾ ਰਵੱਈਆ ਇਹੀ ਦਰਸਾਉਂਦਾ ਹੈ ਕਿ ਉਹ ਵਿਰੋਧ ਦਾ ਰਾਹ ਅਪਣਾਉਣਾ ਹੀ ਪਸੰਦ ਕਰਨਗੇ। ਇਸ ਦਾ ਪਤਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਮੋਦੀ ਸਰਕਾਰ ਹੱਦਬੰਦੀ ਦੇ ਬਹਾਨੇ ਸੱਤਾ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਮਹਿਲਾ ਰਾਖਵੇਂਕਰਨ ਨਾਲ ਜੁੜੇ ਹੱਦਬੰਦੀ ਬਿੱਲ ਨੂੰ ਸੰਵਿਧਾਨ ’ਤੇ ਹਮਲਾ ਕਰਾਰ ਦਿੰਦਿਆਂ ਇਸ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਦੇ ਇਰਾਦੇ ਵੀ ਜ਼ਾਹਰ ਕਰ ਦਿੱਤੇ ਹਨ। ਸਪੱਸ਼ਟ ਹੈ ਕਿ ਕਾਂਗਰਸ ਇਹ ਸਮਝਣ ਲਈ ਤਿਆਰ ਨਹੀਂ ਕਿ ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਹੱਦਬੰਦੀ ਜ਼ਰੂਰੀ ਹੈ। ਆਖ਼ਰ ਉਹ ਇਸ ਗੱਲ ਨੂੰ ਕਿਉਂ ਭੁੱਲ ਰਹੀ ਹੈ ਕਿ 2023 ’ਚ ‘ਨਾਰੀ ਸ਼ਕਤੀ ਵੰਦਨ ਐਕਟ’ ਦੇ ਨਾਂ ਨਾਲ ਸੰਸਦ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਹਿਲਾ ਰਾਖਵੇਂਕਰਨ ਕਾਨੂੰਨ ’ਚ ਇਹ ਵਿਵਸਥਾ ਸੀ ਕਿ 2029 ਦੀਆਂ ਆਮ ਚੋਣਾਂ ਤੋਂ ਪਹਿਲਾਂ ਨਵੀਂ ਜਨਗਣਨਾ ਦੇ ਆਧਾਰ 'ਤੇ ਹੱਦਬੰਦੀ ਹੋਣ ਤੋਂ ਬਾਅਦ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਕਿਉਂਕਿ ਜਨਗਣਨਾ ’ਚ ਦੇਰੀ ਹੋ ਗਈ ਹੈ ਤੇ 2029 ਤੋਂ ਪਹਿਲਾਂ ਇਸ ਦੇ ਅੰਕੜਿਆਂ ਦੇ ਆਧਾਰ ’ਤੇ ਹੱਦਬੰਦੀ ਕਰਨਾ ਸੰਭਵ ਨਹੀਂ ਹੈ, ਇਸ ਲਈ ਜੇਕਰ ਮਹਿਲਾ ਰਾਖਵੇਂਕਰਨ ਕਾਨੂੰਨ ਨੂੰ ਲਾਗੂ ਕਰਨ ਦਾ ਵਾਅਦਾ ਪੂਰਾ ਕਰਨਾ ਹੈ ਤਾਂ ਇਸ ਕਾਨੂੰਨ ’ਚ ਸੋਧ ਕਰਕੇ ਅਜਿਹਾ ਬਿੱਲ ਪਾਸ ਕਰਨਾ ਜ਼ਰੂਰੀ ਹੈ, ਜਿਸ ’ਚ ਇਹ ਵਿਵਸਥਾ ਹੋਵੇ ਕਿ ਪਿਛਲੀ ਭਾਵ 2011 ਦੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਹੱਦਬੰਦੀ ਕੀਤੀ ਜਾਵੇ ਪਰ ਕਾਂਗਰਸ ਨੂੰ ਇਹ ਗੱਲ ਰਾਸ ਨਹੀਂ ਆ ਰਹੀ। ਕਾਂਗਰਸ ਮੰਗ ਕਰ ਰਹੀ ਹੈ ਕਿ ਲੋਕ ਸਭਾ ਦੀਆਂ ਮੌਜੂਦਾ ਸੀਟਾਂ ’ਤੇ ਹੀ ਮਹਿਲਾ ਰਾਖਵੇਂਕਰਨ ਨੂੰ ਲਾਗੂ ਕੀਤਾ ਜਾਵੇ। ਇਸ ਗੱਲ ’ਚ ਸ਼ੱਕ ਹੈ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਪੁਰਸ਼ ਸੰਸਦ ਮੈਂਬਰ ਔਰਤਾਂ ਲਈ 33 ਫ਼ੀਸਦੀ ਸੀਟਾਂ ਛੱਡਣ ਲਈ ਤਿਆਰ ਹੋਣਗੇ। ਜੇਕਰ ਉਹ ਤਿਆਰ ਹੋ ਵੀ ਜਾਂਦੇ ਹਨ ਤਾਂ ਆਪਣੇ ਹੀ ਘਰ-ਪਰਿਵਾਰ ਦੀਆਂ ਔਰਤਾਂ ਨੂੰ ਅੱਗੇ ਲਿਆਉਣਗੇ। ਇਸ ਨਾਲ ਤਾਂ ਮਹਿਲਾ ਰਾਖਵੇਂਕਰਨ ਦਾ ਮੂਲ ਉਦੇਸ਼ ਹੀ ਨਾਕਾਮ ਹੋ ਜਾਵੇਗਾ। ਕਾਂਗਰਸ ਤੇ ਉਸ ਦੀਆਂ ਕੁਝ ਸਹਿਯੋਗੀ ਪਾਰਟੀਆਂ ਨੂੰ ਇਹ ਖ਼ਦਸ਼ਾ ਸਤਾ ਰਿਹਾ ਹੈ ਕਿ ਮੋਦੀ ਸਰਕਾਰ ਹੱਦਬੰਦੀ ਇਸ ਤਰ੍ਹਾਂ ਕਰਵਾਏਗੀ ਕਿ ਭਾਜਪਾ ਨੂੰ ਸਿਆਸੀ ਲਾਭ ਮਿਲੇ। ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਨਮੋਹਨ ਸਰਕਾਰ ਦੇ ਸਮੇਂ ਲੋਕ ਸਭਾ ਦੀਆਂ ਸੀਟਾਂ ਦੀ ਹੱਦਬੰਦੀ ਭੂਗੋਲਿਕ ਆਧਾਰ ’ਤੇ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 2009 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੂੰ 2004 ਦੀਆਂ ਚੋਣਾਂ ਦੇ ਮੁਕਾਬਲੇ ਲਗਭਗ 60 ਸੀਟਾਂ ਵੱਧ ਮਿਲੀਆਂ ਸਨ। ਕੀ ਇਹ ਮੰਨ ਲਿਆ ਜਾਵੇ ਕਿ ਇਸ ਦਾ ਕਾਰਨ ਭੂਗੋਲਿਕ ਹੱਦਬੰਦੀ ਸੀ? ਕਿਉਂਕਿ ਹੱਦਬੰਦੀ ਰਾਹੀਂ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਵਧਾਉਣ ਦਾ ਕੰਮ ਪਿਛਲੇ 50 ਸਾਲਾਂ ਤੋਂ ਨਹੀਂ ਕੀਤਾ ਗਿਆ, ਇਸ ਲਈ ਸਮੇਂ ਦੀ ਮੰਗ ਹੈ ਕਿ ਹੁਣ ਇਹ ਕੰਮ ਕੀਤਾ ਜਾਵੇ। ਇਸੇ ਉਦੇਸ਼ ਨਾਲ ਸਰਕਾਰ ਨੇ ਸਾਰੇ ਸੂਬਿਆਂ ’ਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 50 ਫ਼ੀਸਦੀ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਕਿਉਂਕਿ ਇਸ ਨਾਲ ਹਰ ਸੂਬੇ ਦੀ ਲੋਕ ਸਭਾ ’ਚ ਪ੍ਰਤੀਨਿਧਤਾ ਦਾ
ਅਨੁਪਾਤ ਪਹਿਲਾਂ ਵਾਂਗ ਹੀ ਰਹੇਗਾ, ਇਸ ਲਈ ਹੱਦਬੰਦੀ ਬਿੱਲ ਦਾ ਵਿਰੋਧ ਕਰਨ ਦਾ ਕੋਈ ਵਾਜਬ ਆਧਾਰ ਨਹੀਂ ਹੈ।