
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖ਼ੂਨਦਾਨ ਸਮਾਜਿਕ ਸਾਂਝ ਦਾ ਪ੍ਰਤੀਕ ਹੈ। ਵਖਰੇਵਿਆਂ ਤੋਂ ਉੱਪਰ ਉੱਠਣ ਦਾ ਜਜ਼ਬਾ ਹੈ। ਇਨਸਾਨੀਅਤ ਦਾ ਸੁਨੇਹਾ ਹੈ। ਜਿਵੇਂ-ਜਿਵੇਂ ਇਸ ਦੁਨੀਆ ’ਚ ਵਿਚਰਦੇ ਗਏ, ਸਮਰਪਿਤ ਬੰਦਿਆਂ ਨਾਲ਼ ਮੇਲ-ਮੁਲਾਕਾਤਾਂ ਹੁੰਦੀਆਂ ਗਈਆਂ। ਪਿਛਲੇ ਤੀਹ ਕੁ ਸਾਲ ਦਾ ਲੇਖਾ-ਜੋਖਾ ਕਰਦਾ ਹਾਂ ਤਾਂ ਇਸ ਕਾਰਜ ਦਾ ਮੇਰਾ ਆਂਕੜਾ ਪੰਜਾਹ ਟੱਪ ਗਿਆ ਹੈ। ਸਬੂਤ ਵਜੋਂ ਤੀਹ ਪ੍ਰਮਾਣ-ਪੱਤਰ ਹੀ ਮੌਜੂਦ ਹਨ।

ਖ਼ੂਨਦਾਨ ਸਮਾਜਿਕ ਸਾਂਝ ਦਾ ਪ੍ਰਤੀਕ ਹੈ, ਵਖਰੇਵਿਆਂ ਤੋਂ ਉੱਪਰ ਉੱਠਣ ਦਾ ਜਜ਼ਬਾ ਹੈ, ਇਨਸਾਨੀਅਤ ਦਾ ਸੁਨੇਹਾ ਹੈ। 1997 ’ਚ ਮੈਨੂੰ ਅਧਿਆਪਕ ਲੱਗਿਆਂ ਹਾਲੇ ਕੁਝ ਮਹੀਨੇ ਹੀ ਹੋਏ ਸਨ। ਲਾਗਲੇ ਸਕੂਲ ਵਾਲ਼ੇ ਸਾਥੀ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਜਵਾਨ ਰਿਸ਼ਤੇਦਾਰ ਕੁੜੀ ਨੂੰ ਹਰ ਮਹੀਨੇ ਖ਼ੂਨ ਦੀ ਲੋੜ ਪੈਂਦੀ ਹੈ। ਹਰ ਮਹੀਨੇ ਕਿਸੇ ਨਾ ਕਿਸੇ ਸਵੈ-ਇੱਛੁਕ ਖ਼ੂਨਦਾਨੀ ਨੂੰ ਨਾਲ਼ ਲੈ ਕੇ ਜਾਣਾ ਪੈਂਦਾ ਹੈ। ਉਨ੍ਹਾਂ ਦਿਨਾਂ ’ਚ ਖ਼ੂਨਦਾਨ ਦੇ ਨਾ ਤਾਂ ਹੁਣ ਜਿੰਨੇ ਕੈਂਪ ਲੱਗਦੇ ਸਨ ਤੇ ਨਾ ਹੀ ਬਹੁਤਾ ਪ੍ਰਚਾਰ ਸੀ। ਖ਼ੂਨਦਾਨ ਕਰਨਾ ਡਰ ਵਾਲ਼ਾ ਕੰਮ ਲਗਦਾ ਸੀ। ਉਸ ਨੇ ਇਸ ਵਾਰ ਮੈਨੂੰ ਨਾਲ ਜਾ ਕੇ ਖ਼ੂਨਦਾਨ ਕਰਨ ਲਈ ਰਜ਼ਾਮੰਦੀ ਮੰਗੀ। ਭਾਵੇਂ ਮੈਂ ਕਦੇ ਵੀ ਖ਼ੂਨਦਾਨ ਨਹੀਂ ਸੀ ਕੀਤਾ ਪਰ ਮੈਂ ਬਿਨਾ ਸੋਚੇ-ਵਿਚਾਰੇ ਜਾਣ ਲਈ ਹਾਂ ਕਰ ਦਿੱਤੀ। ਦੂਜੇ ਦਿਨ ਅਸੀਂ ਬਲੱਡ ਬੈਂਕ ਨਵਾਂਸ਼ਹਿਰ ਖ਼ੂਨ ਦੇਣ ਲਈ ਪਹੁੰਚੇ। ਪਹਿਲੀ ਵਾਰ ਖ਼ੂਨਦਾਨ ਕਰਨ ਕਰ ਕੇ ਮਨ ’ਚ ਖ਼ੁਸ਼ੀ ਸੀ। ਵਾਪਸੀ ਮੌਕੇ ਬੱਸ ’ਚ ਬੈਠਾ ਮੈਂ ਆਪਣੇ ਡੌਲ਼ੇ ’ਤੇ ਚਿਪਕਾਈ ਪੱਟੀ ਨੂੰ ਵਾਰ-ਵਾਰ ਦੇਖ ਰਿਹਾ ਸਾਂ। ਘਰ ਜਾ ਕੇ ਕੀ ਵਾਪਰਨਾ ਹੈ, ਗੱਲ ਦਿਮਾਗ ’ਚ ਨਹੀਂ ਸੀ। ਸ਼ਾਮ ਵੇਲੇ ਘਰ ਪਹੁੰਚ ਕੇ ਜਦੋਂ ਬੀਬੀ ਨੂੰ ਪਤਾ ਲੱਗਾ ਤਾਂ ਗਾਲ਼ਾਂ ਦੀ ਵਾਛੜ ਸ਼ੁਰੂ ਹੋ ਗਈ ਸੀ। ਅਖੇ, ‘ਇਹ ਤਾਂ ਜਿਗਰੀ ਖੂਨ ਕੱਢ ਲੈਂਦੇ ਹਨ।’ ਬੀਬੀ ਪੂਰੇ ਗੁੱਸੇ ’ਚ ਸੀ। ‘ਈਹਨੋ ਐਮੇ ਦੁੱਧ-ਘੇ ਖਲਾਂਦੇ ਅਸੀਂ।’ ‘ਨਹੀਂ ਬੀਬੀ, ‘ਖੂਨਦਾਨ ਤਾਂ ਬਹੁਤ ਪੁੰਨ ਦਾ ਕੰਮ ਐ, ਅਸੀਂ ਅਜਿਹਾ ਕਰਕੇ ਦੁਜਿਆਂ ਦੀ ਜ਼ਿੰਦਗੀ ਬਚਾ ਸਕਦੇ ਹਾਂ। ਇਸਦਾ ਕੋਈ ਨੁਕਸਾਨ ਵੀ ਨਹੀਂ। ਕਈ ਬੰਦੇ ਤਾਂ 50-50 ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ ਹਨ।’ ਮੈਂ ਅਖ਼ਬਾਰ ’ਚ ਪੜ੍ਹੇ ਆਰਟੀਕਲ ਦਾ ਹਵਾਲਾ ਦਿੰਦਿਆਂ ਕਿਹਾ ਸੀ। ‘ਤੂੰ ਐਵੇਂ ਨਾ ਭਕਾਈ ਮਾਰਿਆ ਕਰ’ ਬੀਬੀ ਨੇ ਕਈ ਦਿਨ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ। ਫਿਰ ਜਦੋਂ ਕਈ ਚੰਗੀ ਸੋਚ ਵਾਲ਼ੇ ਬੰਦਿਆਂ ਨੇ ਮੇਰੇ ਇਸ ਕੰਮ ਦੀ ਬੀਬੀ ਸਾਹਮਣੇ ਸ਼ਲਾਘਾ ਕੀਤੀ ਤਾਂ ਉਹਨਾਂ ਦੇ ਮਨ ’ਚ ਤਸੱਲੀ ਭਰੀ ਖੁਸ਼ੀ ਸੀ। ਫਿਰ ਅਜਿਹਾ ਸਬੱਬ ਬਣਿਆ ਕਿ ਜੋਗਾ ਸਿੰਘ ਸਾਹਦੜਾ ਨੇ ਦਾਨੀ ਸੱਜਣ ਰਾਹੀਂ ਸਾਡੇ ਬੀਤ ਇਲਾਕੇ ’ਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਉਣਾ ਸੀ। ਉਹਨਾਂ ਨੂੰ ਕਿਸੇ ਜਾਣੂ ਨੇ ਮੇਰੀ ਦੱਸ ਪਾਈ ਕਿ ਪ੍ਰਬੰਧ ’ਚ ਉਹ ਤੁਹਾਡੀ ਮਦਦ ਕਰ ਦੇਵੇਗਾ। ਜੋਗਾ ਸਿੰਘ ਨਿਮਰਤਾ ਅਤੇ ਸਾਦਗੀ ਦਾ ਸੁਮੇਲ ਹਨ ਤੇ ਅੱਜਕੱਲ੍ਹ ਅਮਰੀਕਾ ਵਾਲੇ ਹੋ ਗਏ ਹਨ ਪਰ ਖ਼ੂਨਦਾਨ ਕੈਂਪਾਂ ਅਤੇ ਦਾਨੀਆਂ ਨਾਲ਼ ਲਗਾਤਾਰ ਰਾਬਤੇ ’ਚ ਰਹਿੰਦੇ ਹਨ। ਇਸ ਮੁਲਾਕਾਤ ਨੇ ਜਿਵੇਂ ਮੈਨੂੰ ਖ਼ੂਨਦਾਨ ਵੱਲ ਉਂਗਲ਼ੀ ਫੜ ਕੇ ਤੋਰਿਆ। ਅੱਖਾਂ ਦੇ ਕੈਂਪਾਂ ਦੇ ਨਾਲ਼-ਨਾਲ਼ ਸਵੈ-ਇੱਛੁਕ ਖ਼ੂਨਦਾਨ ਕੈਂਪ ਲੱਗਣੇ ਸ਼ੁਰੂ ਹੋਏ। ਉਹਨਾਂ ਦਿਨਾਂ ’ਚ ਖ਼ੂਨਦਾਨੀਆਂ ਦਾ ਹੁੰਗਾਰਾ ਮੱਠਾ ਹੁੰਦਾ ਸੀ। ਇਕ ਵਾਰ ਇਕ ਧਾਰਮਿਕ ਸਥਾਨ ’ਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਉਸ ਪਿੰਡ ’ਚ ਇਹ ਪਹਿਲਾ ਕੈਂਪ ਸੀ। ਜਦੋਂ ਖ਼ੂਨਦਾਨੀ ਖੂਨ ਦੇਣ ਲਈ ਲੇਟਦੇ ਤਾਂ ਚੰਗਿਆਂ ਜੁੱਸਿਆਂ ਵਾਲ਼ੇ ਪਿੱਲਰ ਦੇ ਓਹਲੇ ਹੋ ਕੇ ਦੇਖ ਰਹੇ ਸਨ। ਇਹ ਪ੍ਰਚਾਰ ਹੀ ਸੀ ਕਿ ਕੁਝ ਕੈਂਪਾਂ ਬਾਅਦ ਲੁਕ ਕੇ ਦੇਖਣ ਵਾਲ਼ੇ ਖੁਦ ਖ਼ੂਨਦਾਨੀ ਬਣ ਗਏ। ਖ਼ੂਨਦਾਨ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਮੋਟੀਵੇਟਰਾਂ ਦਾ ਅਹਿਮ ਯੋਗਦਾਨ ਹੈ। ਪਿੰਡ ਬੀਣੇਵਾਲ ਤੋਂ ਮਾਸਟਰ ਤਿਲਕ ਧੀਮਾਨ (ਹੁਣ ਮਰਹੂਮ) ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨਾ ਨਹੀਂ ਸਨ ਭੁੱਲਦੇ। ਉਹਨਾਂ ’ਚ ਇਹ ਜਜ਼ਬਾ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਕਾਇਮ ਰਿਹਾ। ਇਕ ਵਾਰ ਸਾਡੇ ਇਲਾਕੇ ਦੇ ਪਿੰਡ ਝੋਣੋਵਾਲ ਵਿਖੇ ਕੈਂਪ ਲੱਗਾ। ਮਾਸਟਰ ਤਿਲਕ ਧੀਮਾਨ ਨੇ ਫ਼ਾਰਮ ਭਰਨ ਮੌਕੇ ਪੁੱਛੇ ਸਵਾਲ ਦੇ ਜਵਾਬ ’ਚ ਦੱਸ ਦਿੱਤਾ ਕਿ ਉਸ ਨੇ ਢਾਈ ਮਹੀਨੇ ਪਹਿਲਾਂ ਖ਼ੂਨਦਾਨ ਕੀਤਾ ਹੈ। ਮਾਹਰ ਡਾਕਟਰ ਅਨੁਸਾਰ ਉਹ ਤਿੰਨ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਖ਼ੂਨ ਨਹੀਂ ਸੀ ਦਾਨ ਕਰ ਸਕਦਾ। ਉਹਨਾਂ ਨੇ ਡਾਕਟਰ ਦੀਆਂ ਮਿੰਨਤਾਂ-ਤਰਲੇ ਕਰਕੇ ਖ਼ੂਨਦਾਨ ਕਰਕੇ ਹੀ ਸਾਹ ਲਿਆ। ਇਹ ਉਹਨਾਂ ਦਿਨਾਂ ਦੀਆਂ ਗੱਲਾਂ ਹਨ ਜਦੋਂ ਲੋਕਾਂ ’ਚ ਖ਼ੂਨ ਦੇਣ ਪ੍ਰਤੀ ਡਰ ਹੁੰਦਾ ਸੀ। ਹੌਲ਼ੀ-ਹੌਲ਼ੀ ਇਸ ਪਾਸੇ ਜਾਗ੍ਰਿਤੀ ਵਧਣੀ ਸ਼ੁਰੂ ਹੋਈ। ਪਿੰਡਾਂ ’ਚ ਕੈਂਪ ਲੱਗਣੇ ਸ਼ੁਰੂ ਹੋਏ। ਸਾਡੇ ਇਲਾਕੇ ’ਚ ਇਸ ਖੇਤਰ ’ਚ ਜ਼ਿਕਰਯੋਗ ਕੰਮ ਕਰਨ ਵਾਲ਼ੇ ਲੋਕਾਂ ਭੁਪਿੰਦਰ, ਰਾਜੀਵ, ਅਸ਼ਵਨੀ, ਯੋਗ ਰਾਜ, ਪ੍ਰਿੰਸੀਪਲ ਬਿੱਕਰ ਸਿੰਘ, ਅਜਾਇਬ, ਜਸਪਾਲ ਭੱਠਲ, ਰਾਮ ਲੁਭਾਇਆ ਅਤੇ ਸਾਜਨ ਵਰਗੇ ਲੋਕਾਂ ਨੇ ਪ੍ਰੇਰਕ ਬਣ ਕੇ ਇਸ ਲਹਿਰ ਨੂੰ ਅਗਾਂਹ ਤੋਰਿਆ। ਖ਼ੂਨਦਾਨੀਆਂ ਦੀ ਇਕ ਆਪਣੀ ਦੁਨੀਆ ਹੈ। ਡਾਕਟਰ ਅਵਤਾਰ ਸਿੰਘ ਜੀ ਨੇ ਲੋਕਾਂ ਨੂੰ ਇਸ ਪਾਸੇ ਪ੍ਰੇਰਿਤ ਕਰਨ ਲਈ ਸਾਈਕਲ ’ਤੇ ਬਹਤ ਪਿੰਡ ਗਾਹੇ। ਇਹ ਜ਼ਰੂਰੀ ਨਹੀਂ ਕਿ ਇਸ ਕਾਰਜ ’ਚ ਤੁਹਾਡੀ ਸਿਫ਼ਤ ਹੀ ਹੋਵੇ, ਚੰਗੇ ਨੂੰ ਮਾੜਾ ਕਹਿਣ ਵਾਲ਼ੇ ਵੀ ਮਿਲ਼ ਜਾਂਦੇ ਹਨ ਪਰ ਖ਼ੂਨਦਾਨੀਆਂ ਲਈ ਇਹ ਪਲ ਸਕੂਨ ਵਾਲ਼ੇ ਹੁੰਦੇ ਹਨ। ਹੁਣ ਕਈ ਥਾਵਾਂ ’ਤੇ ਕੈਂਪਾਂ ਲਈ ਸਲਾਨਾ ਪੱਕੀਆਂ ਤਾਰੀਖ਼ਾਂ ਮਿੱਥ ਲਈਆਂ ਗਈਆਂ ਹਨ। ਗੜ੍ਹਸ਼ੰਕਰ ਤੋਂ ਕਾਮਰੇਡ ਦਰਸ਼ਨ ਮੱਟੂ ਆਪਣੇ ਮਰਹੂਮ ਬੇਟੇ ਦੀ ਯਾਦ ’ਚ ਸਲਾਨਾ ਖ਼ੂਨਦਾਨ ਕੈਂਪ ਦਾ ਲਗਾਉਂਦੇ ਹਨ। ਉਪਕਾਰ ਟਰੱਸਟ 23 ਮਾਰਚ ਨੂੰ ਤੇ ਸੈਕੜੇ ਬੂਟੇ ਲਗਾ ਕੇ ਪਾਲ਼ਣ ਵਾਲ਼ੀ ਗਰੀਨ ਵਿਲੇਜ਼ ਵੈੱਲਫੇਅਰ ਸੁਸਾਇਟੀ ਬੀਣੇਵਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਯਾਦਗਾਰੀ ਬਣਾਉਂਦੀ ਹੈ। ਅਮਰੀਕਾ ਵਸਦਾ ਸੋਨੀ ਪਰਿਵਾਰ ਖ਼ੂਨਦਾਨ ਕੈਂਪ ’ਚ ਵੱਡਾ ਯੋਗਦਾਨ ਪਾ ਕੇ ਆਪਣੇ ਪੁਰਖਿਆਂ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਇਸ ਤੋਂ ਇਲਾਵਾ ਪਿੰਡਾਂ/ਕਸਬਿਆਂ ’ਚ ਉੱਦਮੀ ਲੋਕਾਂ ਵਲੋਂ ਸਾਂਝੇ ਉਪਰਾਲੇ ਜਾਰੀ ਹਨ। ਖ਼ੂਨਦਾਨ ਸਮਾਜਿਕ ਸਾਂਝ ਦਾ ਪ੍ਰਤੀਕ ਹੈ। ਵਖਰੇਵਿਆਂ ਤੋਂ ਉੱਪਰ ਉੱਠਣ ਦਾ ਜਜ਼ਬਾ ਹੈ। ਇਨਸਾਨੀਅਤ ਦਾ ਸੁਨੇਹਾ ਹੈ। ਜਿਵੇਂ-ਜਿਵੇਂ ਇਸ ਦੁਨੀਆ ’ਚ ਵਿਚਰਦੇ ਗਏ, ਸਮਰਪਿਤ ਬੰਦਿਆਂ ਨਾਲ਼ ਮੇਲ-ਮੁਲਾਕਾਤਾਂ ਹੁੰਦੀਆਂ ਗਈਆਂ। ਪਿਛਲੇ ਤੀਹ ਕੁ ਸਾਲ ਦਾ ਲੇਖਾ-ਜੋਖਾ ਕਰਦਾ ਹਾਂ ਤਾਂ ਇਸ ਕਾਰਜ ਦਾ ਮੇਰਾ ਆਂਕੜਾ ਪੰਜਾਹ ਟੱਪ ਗਿਆ ਹੈ। ਸਬੂਤ ਵਜੋਂ ਤੀਹ ਪ੍ਰਮਾਣ-ਪੱਤਰ ਹੀ ਮੌਜੂਦ ਹਨ। ਸ਼ੁਰੂਆਤੀ ਦੌਰ ’ਚ ਇਹ ਪ੍ਰਮਾਣ-ਪੱਤਰ ਮੌਕੇ ’ਤੇ ਨਹੀਂ ਸਨ ਮਿਲਦੇ ਹੁੰਦੇ ਅਤੇ ਨਾ ਹੀ ਬਹੁਤਾ ਗੌਰ ਕੀਤਾ। ਜੂਨ 2023 ’ਚ ਨੇਪਾਲ ਯਾਤਰਾ ਦੌਰਾਨ ਕਾਠਮੰਡੂ ’ਚ ਵਾਪਰੀ ਘਟਨਾ ਵੀ ਪਾਠਕਾਂ ਨਾਲ਼ ਸਾਂਝੀ ਕਰਨੀ ਚਾਹਾਂਗਾ। ਅਸੀਂ ਇੱਥੇ ਚਾਰ ਦਿਨ ਠਹਿਰਨਾ ਸੀ। ਸਾਥੀਆਂ ਸਮੇਤ ਦੁਪਹਿਰ ਵੇਲੇ ਕਾਠਮੰਡੂ ਦੇ ਸਰਾਫ਼ਾ ਬਜ਼ਾਰ ’ਚੋਂ ਲੰਘ ਰਹੇ ਸਾਂ। ਸੋਨੇ ਦੇ ਵੱਡੇ-ਵੱਡੇ ਸ਼ੋਅ-ਰੂਮ ਗਹਿਣਿਆਂ ਦੀਆਂ ਵੰਨਗੀਆਂ ਨਾਲ਼ ਭਰੇ ਹੋਏ ਪੀਲ਼ੀ ਭਾਅ ਮਾਰ ਰਹੇ ਸਨ। ਬਜ਼ਾਰ ਮੁੱਕਦੇ ਸਾਰ ਪਾਰਕ ’ਚ ਸਵੈ-ਇੱਛੁਕ ਖ਼ੂਨਦਾਨ ਕੈਂਪ ਲੱਗਾ ਹੋਇਆ ਸੀ। ਸਰਾਫ਼ਾ ਬਜ਼ਾਰ ਦਾ ਸੋਨਾ ਭਾਵੇਂ ਸਾਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਸੀ ਕਰ ਸਕਿਆ ਪਰ ਖ਼ੂਨਦਾਨ ਕੈਂਪ ਨੇ ਜਿਵੇਂ ਪੈਰੀਂ ਤਾਲ਼ਾ ਜੜ ਦਿੱਤਾ ਹੋਵੇ। ਪੈਰ ਅਗਾਂਹ ਨਹੀਂ ਸੀ ਪੁੱਟ ਹੋ ਰਹੇ। ਚਲੋ, ਚਲੋ! ਹੁਣ ਖੜ੍ਹ ਕਿਉਂ ਗਏ? ਇਕ ਸਾਥੀ ਨੇ ਅਗਾਂਹ ਚੱਲਦੇ ਰਹਿਣ ਲਈ ਕਿਹਾ ਸੀ। ਸਾਡੀ ਟੋਲੀ ਵਿਚਲੇ ਦੋ ਸਾਥੀਆਂ ਪ੍ਰੇਮ ਧੀਮਾਨ ਅਤੇ ਕਮਲਜੀਤ ਦੀ ਮਨੋਦਸ਼ਾ ਵੀ ਮੇਰੇ ਵਾਂਗ ‘ਅੰਨ੍ਹਾ ਕੀ ਭਾਲ਼ੇ ਦੋ ਅੱਖਾਂ’ ਵਰਗੀ ਬਣੀ ਹੋਈ ਸੀ। ਚੌਥਾ ਕਲਮਜੀਤ ਦਾ ਬੇਟਾ ਗੌਰਵ ਵੀ ਸਾਡੇ ਵੱਲ੍ਹ ਹੋ ਗਿਆ। ਭਾਵੇਂ ਸਾਡੀ ਯਾਤਰੂ ਟੋਲੀ ਦੀ ਸਰਬਸੰਮਤੀ ਨਹੀਂ ਸੀ, ਫਿਰ ਵੀ ਅਸੀਂ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸਾਡੀ ਟੋਲੀ ਦੇ ਮੋਹਰੀ ਸ਼ਿੰਗਾਰਾ ਸਿੰਘ ਨੇ ਸਾਨੂੰ ਵਰਜਿਆ ਸੀ। ‘ਯਾਰ, ਇੱਥੇ ਕਿਤੇ ਛਿੰਝ ਛੇੜ ਕੇ ਨਾ ਬੈਠ ਜਾਇਓ।’ ਉਸ ਦਾ ਮਤਲਬ ਖ਼ੂਨਦਾਨ ਮੌਕੇ ਕਿਸੇ ਦੀ ਸਿਹਤ ਨਾਸਾਜ਼ ਹੋਣ ਦੇ ਡਰ ਤੋਂ ਸੀ। ਟੂਰ ਦੀ ਸਮੁੱਚੀ ਜ਼ਿੰਮੇਵਾਰੀ ਸਿਰ ’ਤੇ ਹੋਣ ਕਰਕੇ ਉਹ ਵੀ ਆਪਣੀ ਥਾਂ ਸੱਚਾ ਸੀ ਪਰ ਅਸੀਂ ਸਬੱਬੀ ਮਿਲੇ ਮੌਕੇ ਨੂੰ ਗਵਾਉਣਾ ਨਹੀਂ ਸੀ ਚਾਹੁੰਦੇ, ਉਹ ਵੀ ਭਾਰਤ ਤੋਂ ਬਾਹਰ। ਸਾਡੀਆਂ ਤ੍ਰੀਮਤਾਂ ਦੀ ਬੁੜਬੁੜ ਮੂਹਰੇ ਸਾਡਾ ਜਜ਼ਬਾ ਭਾਰੂ ਸੀ। ਖ਼ੂਨਦਾਨ ਉਪਰੰਤ ਅਗਲੇ ਪੜਾਅ ਵੱਲ ਚਲਦਿਆਂ ਸਾਡੀ ਤੋਰ ’ਚ ਅਜਿਹੀ ਰਵਾਨੀ ਸੀ, ਜਿਵੇਂ ਕੋਈ ਵੱਡਾ ਮਾਅਰਕਾ ਮਾਰ ਲਿਆ ਹੋਵੇ।
(ਸੰਪਰਕ : ਮੋਬਾਇਲ: 94638-51568)।