- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਇਕ ਹੈ ਪਰ ਸਾਡੇ ਤੇ ਲਾਗੂ ਹੋਣ ਵਾਲੇ ਕਾਨੂੰਨ ਵੱਖਰੇ ਹਨ। ਸਾਡੇ ਨਾਲ ਇਹ ਵਿਤਕਰਾ ਵੱਡੇ ਪੱਧਰ ਤੇ ਲੰਬੇ ਸਮੇਂ ਤੋਂ ਹੋ ਰਿਹਾ ਹੈ। ਸ਼ੁਰੂਆਤ ’ਚ ਸਾਡੇ ਪੁਰਖੇ ਆਪਣੇ ਹੱਕਾਂ ਲਈ ਲੜਦੇ ਰਹੇ ਹਨ ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਭਾਈ ਜਸਵੰਤ ਸਿੰਘ ਖਾਲੜਾ ਵੀ ਇਕ ਅਜਿਹੀ ਸ਼ਖ਼ਸੀਅਤ ਦਾ ਹੀ ਨਾਂ ਹੈ। ਸਮੇਂ ਦੀਆਂ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਆਈਆਂ ਤੇ ਅਸੀਂ ਜ਼ੁਲਮ ਨਾਲ ਲੜਦੇ ਆਏ ਹਾਂ।

ਅਤਿੰਦਰਪਾਲ ਸਿੰਘ ਸੰਗਤਪੁਰਾ
ਦੁਨੀਆ ’ਚ ਵੱਖੋ ਵੱਖਰੇ ਧਰਮ, ਬੋਲੀ ਤੇ ਵਿਰਸੇ ਦੇ ਲੋਕ ਆਪਣੀ ਜ਼ਿੰਦਗੀ ਜਿਊਂ ਰਹੇ ਹਨ। ਉੱਥੋਂ ਦੇ ਲੋਕਾਂ ਦੀ ਸੋਚ ਇਕ ਸਮਾਜ ਦੀ ਸਿਰਜਣਾ ਕਰਦੀ ਹੈ ਤੇ ਉਹੀ ਸਮਾਜ ਇਕ ਢਾਂਚੇ ਦਾ ਨਿਰਮਾਣ ਕਰਦਾ ਹੈ। ਆਖ਼ਰ ਨੂੰ ਸਮਾਜ ਦੁਆਰਾ ਸਿਰਜਿਆ ਢਾਂਚਾ ਹੀ ਲੋਕਾਂ ਦੀ ਜ਼ਿੰਦਗੀ ਨੂੰ ਤੈਅ ਕਰਦਾ ਹੈ। ਦੇਸ਼ ਬੋਲੀ ਤੇ ਧਰਮ ਵੱਖੋ ਵੱਖਰੇ ਹੋ ਸਕਦੇ ਹਨ ਪਰ ਹਰ ਜਗ੍ਹਾ ਤੁਹਾਨੂੰ ਦੋ ਧਿਰਾਂ ਹੀ ਦੇਖਣ ਲਈ ਮਿਲਣਗੀਆਂ, ਇਕ ਧਿਰ ਸ਼ਾਸਕ ਧਿਰ ਤੇ ਦੂਸਰੀ ਆਮ ਜਨਤਾ। ਸਮੇਂ ਦੇ ਨਾਲ-ਨਾਲ ਕਾਫ਼ੀ ਕੁਝ ਬਦਲ ਜਾਂਦਾ ਪਰ ਬਦਲੇ ਹੋਏ ਢਾਂਚੇ ’ਚ ਵੀ ਤੁਹਾਨੂੰ ਸ਼ਾਸਕ ਧਿਰ ਮਿਲੇਗੀ ਹੀ ਮਿਲੇਗੀ। ਪਹਿਲਾਂ ਰਾਜੇ ਸ਼ਾਸਕ ਧਿਰ ਦਾ ਰੋਲ ਅਦਾ ਕਰਦੇ ਸਨ ਤੇ ਹੁਣ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਤੇ ਸਰਕਾਰਾਂ ਸ਼ਾਸਕ ਦਾ ਰੋਲ ਅਦਾ ਕਰਦੀਆਂ ਹਨ। ਜਿਸ ਤਰ੍ਹਾਂ ਸ਼ਾਸਕ ਧਿਰ ਆਪਣੀ ਜਨਤਾ ਦੀ ਸੇਵਾ ਲਈ ਕਾਨੂੰਨ ਬਣਾਉਂਦੀ ਹੈ ਤੇ ਉਸ ਦੀ ਜ਼ਿੰਦਗੀ ਨੂੰ ਸੌਖਾ ਕਰਨ ਲਈ ਸਹੂਲਤਾਂ ਦੇਣ ਲਈ ਵਚਨਬੱਧ ਹੁੰਦੀ ਹੈ। ਉਸੇ ਤਰ੍ਹਾਂ ਹੀ ਆਮ ਜਨਤਾ ਨੂੰ ਆਪਣੇ ਫ਼ਰਜ਼ਾਂ ਤੇ ਹੱਕਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਜੇਕਰ ਸਰਕਾਰ ਜਨਤਾ ਵਿਰੋਧੀ ਫ਼ੈਸਲੇ ਲੈਂਦੀ ਹੈ, ਆਮ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਆਪਣੇ ਹੱਕਾਂ ਲਈ ਲੜਨਾ ਵੀ ਆਉਣਾ ਚਾਹੀਦਾ।
ਜ਼ਿੰਦਗੀ ਜਿਊਣ ਲਈ ਜਾਂ ਤਾਂ ਸਾਨੂੰ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਲੜਨਾ ਪਵੇਗਾ ਜਾਂ ਫੇਰ ਇਹ ਮੰਨਣਾ ਪਵੇਗਾ ਕਿ ਅਸੀਂ ਗ਼ੁਲਾਮ ਹਾਂ ਤੇ ਸਾਡੀ ਹੋਂਦ ਨੂੰ ਖ਼ਤਰਾ ਹੈ। ਪੰਜਾਬੀਆਂ ਦੀ ਤਾਸੀਰ ਤੇ ਸੁਭਾਅ ਹਮੇਸ਼ਾ ਹੀ ਦੂਸਰਿਆਂ ਨਾਲੋਂ ਵੱਖਰੇ ਰਹੇ ਹਨ। ਦਾਇਆ ਭਾਵਨਾ ਵਾਲੇ ਸਾਡੇ ਸੁਭਾਅ ਸਰਬੱਤ ਦਾ ਭਲਾ ਮੰਗਦੇ ਹਨ। ਸਾਡੀ ਕੌਮ ਵੰਡ ਕੇ ਛਕਣ ਦੇ ਸਿਧਾਂਤ ’ਚ ਯਕੀਨ ਰੱਖਦੀ ਹੈ। ਦੇਸ਼ ਲਈ ਸਾਡੀਆਂ ਕੁਰਬਾਨੀਆਂ ਦਾ ਇਤਿਹਾਸ ਬਾਕੀਆਂ ਨਾਲੋਂ ਬਹੁਤ ਵੱਡਾ ਤੇ ਵਿਲੱਖਣ ਹੈ। ਜਦੋਂ ਦੇਸ਼ ਜਾਂ ਕਿਸੇ ਸੂਬੇ ਨੂੰ ਸਾਡੀ ਲੋੜ ਹੁੰਦੀ ਹੈ। ਅਸੀਂ ਪੰਜਾਬੀ ਮੂਹਰੇ ਹੋ ਕੇ ਸਭ ਦਾ ਸਾਥ ਦਿੰਦੇ ਹਾਂ ਪਰ ਜਦੋਂ ਸਾਡੀ ਕਿਰਦਾਰਕੁਸ਼ੀ ਤੇ ਨਸਲਕੁਸ਼ੀ ਹੋ ਰਹੀ ਹੁੰਦੀ ਹੈ। ਉਦੋਂ ਸਾਰਿਆਂ ਨੂੰ ਦਿਸਣਾ ਬੰਦ ਹੋ ਜਾਂਦਾ।
ਦੇਸ਼ ਇਕ ਹੈ ਪਰ ਸਾਡੇ ਤੇ ਲਾਗੂ ਹੋਣ ਵਾਲੇ ਕਾਨੂੰਨ ਵੱਖਰੇ ਹਨ। ਸਾਡੇ ਨਾਲ ਇਹ ਵਿਤਕਰਾ ਵੱਡੇ ਪੱਧਰ ਤੇ ਲੰਬੇ ਸਮੇਂ ਤੋਂ ਹੋ ਰਿਹਾ ਹੈ। ਸ਼ੁਰੂਆਤ ’ਚ ਸਾਡੇ ਪੁਰਖੇ ਆਪਣੇ ਹੱਕਾਂ ਲਈ ਲੜਦੇ ਰਹੇ ਹਨ ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਭਾਈ ਜਸਵੰਤ ਸਿੰਘ ਖਾਲੜਾ ਵੀ ਇਕ ਅਜਿਹੀ ਸ਼ਖ਼ਸੀਅਤ ਦਾ ਹੀ ਨਾਂ ਹੈ। ਸਮੇਂ ਦੀਆਂ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਆਈਆਂ ਤੇ ਅਸੀਂ ਜ਼ੁਲਮ ਨਾਲ ਲੜਦੇ ਆਏ ਹਾਂ। ਇਹ ਸਟੇਟ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾਨੂੰ ਸਿੱਧੀ ਲੜਾਈ ’ਚ ਹਰਾਉਣਾ ਮੁਸ਼ਕਿਲ ਹੈ। ਇਸ ’ਚ ਕੋਈ ਦੋ ਰਾਇ ਨਹੀਂ ਕਿ ਸਾਨੂੰ ਦੇਸ਼ ਲਈ ਲੜਨਾ ਆਉਂਦਾ ਪਰ ਅਸੀਂ ਆਪਣੇ ਹੱਕਾਂ ਲਈ ਲੜਨਾ ਭੁੱਲ ਗਏ ਹਾਂ। ਸਾਡੀ ਇਹੀ ਭੁੱਲ ਸਾਡੀ ਕਮਜ਼ੋਰੀ ਬਣ ਕੇ ਡੀਪ ਸਟੇਟ ਦੇ ਸਾਹਮਣੇ ਹਥਿਆਰ ਬਣ ਕੇ ਪੇਸ਼ ਹੋਈ ਹੈ। ਡੀਪ ਸਟੇਟ ਨੇ ਸਾਡੇ ਅੰਦਰ ਇਕ ਡਰ ਪੈਦਾ ਕੀਤਾ ਹੋਇਆ ਹੈ। ਇਹੀ ਡਰ ਤੇ ਅਸੁਰੱਖਿਆ ਦੀ ਭਾਵਨਾ ਨੇ ਪੰਜਾਬ ਦੀ ਜਵਾਨੀ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ। ਦੂਸਰਿਆਂ ਦੇ ਹੱਕਾਂ ਲਈ ਬੇਬਾਕੀ ਨਾਲ ਬੋਲਣ ਵਾਲੀ ਕੌਮ ਆਪਣੇ ਹੱਕਾਂ ਲਈ ਵੀ ਚੁੱਪ ਰਹਿਣਾ ਸਿੱਖ ਗਈ। ਹੁਣ ਲੋਕ ਕਾਨੂੰਨ ’ਚ ਉਲਝਣ ਦੀ ਬਜਾਏ ਚੁੱਪ ਰਹਿ ਕੇ ਆਪਣਾ ਮਾਸ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਹਨ। ਇਹੀ ਚੁੱਪ ਸਾਡੀ ਭਾਈਚਾਰਕ ਸਾਂਝ ਨੂੰ ਤੋੜਦੀ ਹੈ। ਅਸੀਂ ਆਪਣੇ ਅੱਖੀਂ ਜ਼ੁਲਮ ਹੁੰਦਾ ਦੇਖ ਕੇ ਚੁੱਪ ਰਹਿਣਾ ਸਿੱਖ ਰਹੇ ਹਾਂ। ਇਹੀ ਸਾਡੀ ਗੁਲਾਮੀ ਦਾ ਪ੍ਰਤੀਕ ਹੈ। ਸਾਡਾ ਸੁਭਾਅ ਤੇ ਸਾਡੀ ਤਾਸੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਬਦਲਾਅ ਦੇ ਬਾਵਜੂਦ ਵੀ ਅਸੀਂ ਲੜਨਾ ਨਹੀਂ ਭੁੱਲੇ ਉਹ ਗੱਲ ਵੱਖਰੀ ਹੈ ਕਿ ਹੁਣ ਅਸੀਂ ਦਿਸ਼ਾਹੀਣ ਲੜਾਈਆਂ ਲੜ ਰਹੇ ਹਾਂ।
ਸਾਡੇ ਕੋਲ ਦੂਰ ਅੰਦੇਸ਼ੀ ਸੋਚ ਹੀ ਨਹੀਂ ਹੈ। ਅਸੀਂ ਦੂਸਰਿਆਂ ਦੇ ਪਿੱਛੇ ਲੱਗ ਕੇ ਲੜਨ ’ਚ ਮੋਹਰੀ ਹਾਂ ਤੇ ਆਪਣਿਆ ਦੀ ਅਗਵਾਈ ਕਰਨ ’ਚ ਪਛੜ ਰਹੇ ਹਾਂ। ਜਿਹੜਾ ਲੀਡਰ ਸਾਡੇ ਲਈ ਚਾਰ ਚੰਗੇ ਸ਼ਬਦ ਬੋਲ ਦਿੰਦਾ ਸਾਨੂੰ ਲੱਗਦਾ ਇਹੀ ਸਾਡਾ ਅਸਲੀ ਹੀਰੋ ਹੈ। ਇਸ ਲਈ ਹਰ ਵਾਰ ਸਾਨੂੰ ਕਿਸੇ ਨਾ ਕਿਸੇ ਤਰੀਕੇ ਲੁੱਟਿਆ ਜਾਂਦਾ ਹੈ। ਜਦੋਂ ਤੱਕ ਸਾਨੂੰ ਸਮਝ ਆਉਂਦੀ ਹੈ, ਉਦੋਂ ਤੱਕ ਡੀਪ ਸਟੇਟ ਸਾਡੇ ਲਈ ਸਾਡੇ ਨਵੇਂ ਹੀਰੋ ਤੇ ਲੀਡਰ ਲੱਭ ਲੈਂਦੀ ਹੈ। ਅਸੀਂ ਇਕ ਸ਼ਿਕਾਰੀ ਤੋਂ ਦੂਸਰੇ ਸ਼ਿਕਾਰੀ ਵੱਲ ਚਲੇ ਜਾਂਦੇ ਹਾਂ। ਹੁਣ ਸਟੇਟ ਨੇ ਸੱਚ ਬੋਲਣ ’ਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਇਸ ਵਰਤਾਰੇ ਅਤੇ ਸਾਡੀ ਗੁਲਾਮੀ ਮਗਰ ਜਿੰਨਾ ਹੱਥ ਡੀਪ ਸਟੇਟ ਦਾ ਹੈ, ਉਸ ਤੋਂ ਵੀ ਜ਼ਿਆਦਾ ਹੱਥ ਸਾਡੇ ਆਪਣੇ ਲੋਕਾਂ ਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇੱਥੇ ਰਹਿਣ ਵਾਲੇ ਬਹੁ ਗਿਣਤੀ ਲੋਕ ਸਿੱਖ ਧਰਮ ’ਚ ਯਕੀਨ ਰੱਖਦੇ ਹਨ। ਜਦੋਂ ਤਿੰਨ ਕਾਲੇ ਕਾਨੂੰਨ ਧੱਕੇ ਨਾਲ ਸਾਡੇ ਉੱਪਰ ਲਾਗੂ ਕੀਤੇ ਜਾ ਰਹੇ ਸੀ ਉਦੋਂ ਸਿਸਟਮ ਨਾਲ ਲੜਨ ਵਾਲੇ ਲੋਕ ਸਿੱਖ ਧਰਮ ਤੇ ਪਿੰਡਾਂ ਨਾਲ ਸਬੰਧਿਤ ਸਨ ਪਰ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸੇ ਹੋਰ ਧਿਰ ਦਾ ਇਕੱਠ ਸੀ। ਜਵਾਨੀ ’ਤੇ ਝੂਠੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ। ਸਾਡੀ ਇਹੀ ਮਾਨਸਿਕਤਾ ਸਾਡੀ ਗੁਲਾਮੀ ਦੇ ਦੌਰ ਨੂੰ ਹੋਰ ਲੰਬਾ ਕਰ ਰਹੀ ਹੈ। ਸਾਨੂੰ ਸੱਚੇ ਅਤੇ ਝੂਠੇ ਬੰਦੇ ’ਚ ਫ਼ਰਕ ਨਜ਼ਰ ਆਉਣੋਂ ਹਟ ਗਿਆ। ਅਸੀਂ ਗੱਦਾਰੀ ਦਾ ਸਰਟੀਫਿਕੇਟ ਵੰਡਣ ਨੂੰ ਮਿੰਟ ਲਾਉਂਦੇ ਹਾਂ। ਸਾਡੇ ਸੁਭਾਅ ਅੰਦਰ ਬੇਈਮਾਨੀ, ਲਾਲਚ ਤੇ ਚਾਪਲੂਸੀ ਘਰ ਕਰ ਚੁੱਕੀ ਹੈ। ਸਾਨੂੰ ਸੱਚ ਸਾਫ਼ ਨਜ਼ਰ ਆਉਂਦਾ ਪਰ ਅਸੀਂ ਆਪਣੇ ਸਿਆਸੀ ਲੀਡਰਾਂ ਨੂੰ ਛੱਡ ਨਹੀਂ ਸਕਦੇ। ਜ਼ੁਲਮ ਅਤੇ ਬੇਅਦਬੀ ਲਈ ਜਿਸ ਤਰ੍ਹਾਂ ਦਾ ਰੋਸ ਤੇ ਸੰਘਰਸ਼ ਪਹਿਲਾਂ ਸੀ ਉਹ ਹੁਣ ਨਹੀਂ ਰਿਹਾ। ਅਸਲ ’ਚ ਡੀਪ ਸਟੇਟ ਛੋਟੇ ਵੱਡੇ ਹਮਲੇ ਕਰਕੇ ਗ਼ੁਲਾਮੀ ਨੂੰ ਸਾਡੇ ਸੁਭਾਅ ਦਾ ਹਿੱਸਾ ਬਣਾ ਰਹੀ ਹੈ। ਡੀਪ ਸਟੇਟ ਚਾਹੁੰਦੀ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਮਹਿਸੂਸ ਕਰਨਾ ਤੇ ਸੰਘਰਸ਼ ਕਰਨਾ ਬੰਦ ਕਰ ਦੇਈਏ। ਆਪਣੀ ਇਸ ਚਾਲ ’ਚ ਡੀਪ ਸਟੇਟ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੀ ਹੈ। ਹਜੇ ਵੀ ਸਾਡੇ ਕੋਲ ਸਮਾਂ ਹੈ। ਜੇਕਰ ਹੁਣ ਵੀ ਅਸੀਂ ਆਪਣੀਆਂ ਗ਼ਲਤੀਆਂ ਤੇ ਅਤੀਤ ਤੋਂ ਸਿੱਖ ਕੇ ਇਕੱਠੇ ਹੋ ਕੇ ਲੜੀਏ ਤਾਂ ਸਭ ਕੁਝ ਹੋ ਸਕਦਾ ਹੈ।
ਗ਼ੁਲਾਮੀ ਤੋਂ ਆਜ਼ਾਦੀ ਦਾ ਸਫ਼ਰ, ਮੰਦੀ ਤੋਂ ਖੁਸ਼ਹਾਲੀ ਵੱਲ ਪਰਤਿਆ ਜਾ ਸਕਦਾ। ਹਰ ਧਰਮ ਤੇ ਬੋਲੀ ਦੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਇਸ ਲਈ ਕੋਈ ਦੋ ਰਾਇ ਨਹੀਂ ਕਿ ਇਹ ਲੜਾਈ ਸੌਖੀ ਨਹੀਂ, ਲੰਬੇ ਸਮੇਂ ਦੀ ਗ਼ੁਲਾਮੀ ਤੇ ਜ਼ੁਲਮ ਨੂੰ ਖ਼ਤਮ ਕਰਨ ਲਈ ਤਾਕਤ ਅਤੇ ਸਮਾਂ ਤਾਂ ਲੱਗੇਗਾ ਹੀ। ਆਓ ਸਾਰੇ ਇਕ ਮੰਚ ’ਤੇ ਇਕੱਠੇ ਹੋ ਕੇ ਆਪਣੇ ਪੰਜਾਬ ਲਈ ਲੜੀਏ ਤੇ ਡੀਪ ਸਟੇਟ ਦੀਆਂ ਚਾਲਾਂ ਨੂੰ ਬੇਨਕਾਬ ਕਰੀਏ। ਮੁੜ ਤੋਂ ਆਪਣੇ ਸੂਬੇ ਨੂੰ ਖੁਸ਼ਹਾਲ ਬਣਾਈਏ। ਇਸ ਲੜਾਈ ਦੇ ਨਾਲ ਨਾਲ ਸਾਨੂੰ ਇਹ ਵੀ ਤੈਅ ਕਰਨਾ ਪਵੇਗਾ ਕਿ ਸਾਡਾ ਧਰਮ ਵਿੱਚ ਕਿੰਨਾ ਵਿਸ਼ਵਾਸ ਹੈ। ਜੇ ਕੁਰਬਾਨੀਆਂ ਦੇਣ ਵਾਲੇ ਧਾਰਮਿਕ ਹੋ ਸਕਦੇ ਹਨ ਤਾਂ ਸਾਡੇ ਆਗੂ ਧਾਰਮਿਕ ਕਿਉਂ ਨਹੀਂ ਹੋ ਸਕਦੇ?
ਸਾਨੂੰ ਸਾਰਿਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਅਸੀਂ ਆਪਣੇ ਪਿੰਡੇ ਤੇ ਜ਼ੁਲਮ ਹੰਡਾਇਆ ਹੈ ਤੇ ਸਾਡੀ ਲੜਾਈ ਜ਼ੁਲਮ ਅਤੇ ਡੀਪ ਸਟੇਟ ਦੇ ਖ਼ਿਲਾਫ਼ ਹੈ। ਇਸ ਲੜਾਈ ਨੂੰ ਧਾਰਮਿਕ ਕੱਟੜਤਾ ਦੀ ਲੜਾਈ ਬਣਾਕੇ ਪੇਸ਼ ਨਾ ਕੀਤਾ ਜਾਵੇ। ਅਸੀਂ ਕਿਸੇ ਵੀ ਧਰਮ, ਜਾਤ ਦੇ ਉਲਟ ਲੜਾਈ ਨਹੀਂ ਲੜ ਰਹੇ। ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਤੇ ਇਹ ਸਾਨੂੰ ਰਲ ਕੇ ਲੜਨੀ ਪਵੇਗੀ। ਸਾਡੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਤੇ ਲੀਡਰ ਪੂਰੀ ਤਰ੍ਹਾਂ ਆਜ਼ਾਦ ਹੋਣਗੇ ਬਜਾਏ ਇਸ ਦੇ ਕਿ ਸਿਆਸੀ ਪਾਰਟੀਆਂ ਵਾਂਗ ਸਾਡੀਆਂ ਜਥੇਬੰਦੀਆਂ ਵੀ ਸਿਆਸੀ ਹੋ ਜਾਣ। ਇਹ ਲੜਾਈ ਸਾਡੀ ਹੋਂਦ ਤੇ ਤਾਸੀਰ ਦਾ ਮਸਲਾ। ਸਾਡੀਆਂ ਨਿੱਜੀ ਲੜਾਈਆਂ ਇਸ ਅੱਗੇ ਕੁਝ ਵੀ ਨਹੀਂ।
ਸੰਪਰਕ : 81468 08995