- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੱਧਰ ਤੋਂ ਸ਼ੁਰੂ ਹੋ ਕੇ ਬਲਾਕ, ਜ਼ਿਲ੍ਹਾ, ਸੂਬਾ ਤੇ ਰਾਸ਼ਟਰੀ ਪੱਧਰ ਤੱਕ ਅਹੁਦੇ ਦਿੱਤੇ ਜਾਂਦੇ ਸਨ। ਚੋਣ ਲੜਨ ਲਈ ਟਿਕਟਾਂ ਵੀ ਵਰਕਰਾਂ ਦੀ ਮਿਹਨਤ, ਯੋਗਤਾ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖ ਕੇ ਦਿੱਤੀਆਂ ਜਾਂਦੀਆਂ ਸਨ ਪਰ ਲਗਭਗ 1980 ਤੋਂ ਇਹ ਪਰੰਪਰਾ ਹੌਲੀ-ਹੌਲੀ ਖ਼ਤਮ ਹੋਣੀ ਸ਼ੁਰੂ ਹੋ ਗਈ। ਹੁਣ ਮੈਂਬਰਸ਼ਿਪ ਅਤੇ ਅਹੁਦਿਆਂ ਦੀ ਵੰਡ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਰਹਿ ਗਈ ਹੈ। ਅਸਲ ਚੋਣ ਪ੍ਰਕਿਰਿਆ ਦੀ ਥਾਂ ਨਾਮਜ਼ਦਗੀ ਪ੍ਰਥਾ ਨੇ ਲੈ ਲਈ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜਾ ਵਰਕਰ ਸਾਲਾਂ ਤੱਕ ਪਾਰਟੀ ਲਈ ਮਿਹਨਤ ਕਰਦਾ ਰਹਿੰਦਾ ਹੈ, ਉਸ ਨੂੰ ਟਿਕਟ ਨਹੀਂ ਮਿਲਦੀ, ਜਦਕਿ ਕੋਈ ਸਿਫ਼ਾਰਸ਼ੀ ਵਿਅਕਤੀ ਟ

ਮਨੋਹਰ ਲਾਲ ਸ਼ਰਮਾ
ਜਿਉਂ-ਜਿਉਂ ਪੰਜਾਬ ’ਚ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਅਖੌਤੀ ਸਿਆਸੀ ਪਾਰਟੀਆਂ ਨੇ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਅਤੇ ਦੁਸ਼ਮਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਅਸਲ ਤਰਾਸਦੀ ਇਹ ਹੈ ਕਿ ਅੱਜ ਸਾਡੇ ਕੋਲ ਕੋਈ ਅਜਿਹੀ ਸਿਆਸੀ ਪਾਰਟੀ ਨਜ਼ਰ ਨਹੀਂ ਆਉਂਦੀ, ਜਿਸ ’ਚ ਅਸਲ ਲੋਕਤੰਤਰੀ ਪ੍ਰਣਾਲੀ ਮੌਜੂਦ ਹੋਵੇ। ਮੈਂ ਇਨ੍ਹਾਂ ਪਾਰਟੀਆਂ ਨੂੰ ਅਖੌਤੀ ਸਿਆਸੀ ਪਾਰਟੀਆਂ ਇਸ ਲਈ ਕਹਿੰਦਾ ਹਾਂ ਕਿਉਂਕਿ ਮੈਂ ਖੁਦ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਰਿਹਾ ਹਾਂ। ਮੇਰੇ ਅਧਿਐਨ ਅਨੁਸਾਰ ਲੋਕਤੰਤਰ ਦੀ ਸਫ਼ਲਤਾ ਲਈ ਸਿਆਸੀ ਪਾਰਟੀਆਂ ਦਾ ਮਜ਼ਬੂਤ ਅਤੇ ਲੋਕਤੰਤਰੀ ਹੋਣਾ ਬਹੁਤ ਜ਼ਰੂਰੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਵੀ ਸਿਆਸੀ ਪਾਰਟੀਆਂ ਦੀ ਜਥੇਬੰਦਕ ਬਣਤਰ ਤੇ ਅੰਦਰੂਨੀ ਲੋਕਤੰਤਰ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ।
ਮੈਂ ਪਿਛਲੇ ਲਗਭਗ 60 ਸਾਲਾਂ ਤੋਂ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ, ਸਿਆਸੀ ਖੇਤਰ ’ਚ ਸਰਗਰਮ ਰਿਹਾ ਹਾਂ। ਇਸ ਦੌਰਾਨ ਮੈਨੂੰ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਕੰਮਕਾਜ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ ਹੈ। ਅਸਲ ’ਚ ਸਿਆਸੀ ਪਾਰਟੀ ਉਹ ਹੁੰਦੀ ਹੈ, ਜਿਸ ’ਚ ਮੁੱਢਲੀ ਮੈਂਬਰਸ਼ਿਪ ਤੋਂ ਲੈ ਕੇ ਪਿੰਡ, ਬਲਾਕ, ਜ਼ਿਲ੍ਹਾ, ਪੰਜਾਬ ਤੇ ਰਾਸ਼ਟਰੀ ਪੱਧਰ ਤੱਕ ਜਥੇਬੰਦਕ ਢਾਂਚਾ ਹੋਵੇ। ਹਰ ਪੱਧਰ ’ਤੇ ਅਹੁਦੇਦਾਰਾਂ ਦੀ ਨਿਯਮਤ ਚੋਣ ਹੋਣੀ ਲਾਜ਼ਮੀ ਹੈ। ਮੈਨੂੰ ਉਹ ਦਿਨ ਅੱਜ ਵੀ ਯਾਦ ਹਨ, ਜਦੋਂ ਅਸੀਂ ਚਾਰ ਆਨੇ ਦੇ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲੈਂਦੇ ਸਾਂ। ਇਸ ਤੋਂ ਬਾਅਦ ਘੱਟੋ-ਘੱਟ ਦਸ ਹੋਰ ਮੈਂਬਰ ਬਣਾਉਣ ’ਤੇ ਸਾਨੂੰ ਸਰਗਰਮ ਮੈਂਬਰ ਬਣਨ ਦਾ ਮੌਕਾ ਮਿਲਦਾ ਸੀ। ਸਰਗਰਮ ਮੈਂਬਰਾਂ ਵੱਲੋਂ ਬਲਾਕ ਪੱਧਰ ਦੇ ਅਹੁਦੇਦਾਰ ਅਤੇ ਪ੍ਰਧਾਨ ਚੁਣੇ ਜਾਂਦੇ ਸਨ। ਇਸੇ ਤਰ੍ਹਾਂ ਬਲਾਕ ਪੱਧਰ ਤੋਂ ਜ਼ਿਲ੍ਹਾ ਪੱਧਰ ਅਤੇ ਜ਼ਿਲ੍ਹਾ ਪੱਧਰ ਤੋਂ ਪੰਜਾਬ ਪੱਧਰ ਦੇ ਡੈਲੀਗੇਟ ਚੁਣੇ ਜਾਂਦੇ ਸਨ। ਅੰਤ ’ਚ ਪੰਜਾਬ ਦੇ ਡੈਲੀਗੇਟ ਪਾਰਟੀ ਦੇ ਸੂਬਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਦੇ ਸਨ। ਇਸ ਤਰ੍ਹਾਂ ਲੋਕਤੰਤਰੀ ਢੰਗ ਨਾਲ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਹੁੰਦਾ ਸੀ। ਉਸ ਸਮੇਂ ਹਰ ਪਾਰਟੀ ਦੇ ਵਰਕਰ ਦਿਨ-ਰਾਤ ਮਿਹਨਤ ਕਰਦੇ ਸਨ ਤੇ ਪਾਰਟੀ ਦੇ ਅਨੁਸ਼ਾਸਨ ’ਚ ਰਹਿੰਦੇ ਸਨ। ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਅੱਗੇ ਵਧਣ ਦਾ ਮੌਕਾ ਮਿਲਦਾ ਸੀ। ਪਿੰਡ ਪੱਧਰ ਤੋਂ ਸ਼ੁਰੂ ਹੋ ਕੇ ਬਲਾਕ, ਜ਼ਿਲ੍ਹਾ, ਸੂਬਾ ਤੇ ਰਾਸ਼ਟਰੀ ਪੱਧਰ ਤੱਕ ਅਹੁਦੇ ਦਿੱਤੇ ਜਾਂਦੇ ਸਨ। ਚੋਣ ਲੜਨ ਲਈ ਟਿਕਟਾਂ ਵੀ ਵਰਕਰਾਂ ਦੀ ਮਿਹਨਤ, ਯੋਗਤਾ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖ ਕੇ ਦਿੱਤੀਆਂ ਜਾਂਦੀਆਂ ਸਨ ਪਰ ਲਗਭਗ 1980 ਤੋਂ ਇਹ ਪਰੰਪਰਾ ਹੌਲੀ-ਹੌਲੀ ਖ਼ਤਮ ਹੋਣੀ ਸ਼ੁਰੂ ਹੋ ਗਈ। ਹੁਣ ਮੈਂਬਰਸ਼ਿਪ ਅਤੇ ਅਹੁਦਿਆਂ ਦੀ ਵੰਡ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਰਹਿ ਗਈ ਹੈ। ਅਸਲ ਚੋਣ ਪ੍ਰਕਿਰਿਆ ਦੀ ਥਾਂ ਨਾਮਜ਼ਦਗੀ ਪ੍ਰਥਾ ਨੇ ਲੈ ਲਈ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜਾ ਵਰਕਰ ਸਾਲਾਂ ਤੱਕ ਪਾਰਟੀ ਲਈ ਮਿਹਨਤ ਕਰਦਾ ਰਹਿੰਦਾ ਹੈ, ਉਸ ਨੂੰ ਟਿਕਟ ਨਹੀਂ ਮਿਲਦੀ, ਜਦਕਿ ਕੋਈ ਸਿਫ਼ਾਰਸ਼ੀ ਵਿਅਕਤੀ ਟਿਕਟ ਹਾਸਲ ਕਰ ਲੈਂਦਾ ਹੈ। ਅੱਜ ਹਾਲਾਤ ਇਹ ਹਨ ਕਿ ਪਾਰਟੀਆਂ ਦੇ ਉੱਚ ਅਹੁਦਿਆਂ ’ਤੇ ਬੈਠੇ ਆਗੂਆਂ ਵੱਲੋਂ ਸੂਚੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਆਧਾਰ ’ਤੇ ਅਹੁਦਿਆਂ ਦੀ ਵੰਡ ਕਰ ਦਿੱਤੀ ਜਾਂਦੀ ਹੈ। ਜ਼ਮੀਨੀ ਪੱਧਰ ’ਤੇ ਵਰਕਰਾਂ ਵੱਲੋਂ ਕੀਤੀ ਗਈ ਮਿਹਨਤ ਦੀ ਕੋਈ ਪੁਸ਼ਟੀ ਜਾਂ ਕਦਰ ਨਹੀਂ ਕੀਤੀ ਜਾਂਦੀ। ਇਹ ਬਿਮਾਰੀ ਲਗਭਗ ਹਰ ਸਿਆਸੀ ਪਾਰਟੀ ’ਚ ਫੈਲ ਚੁੱਕੀ ਹੈ। ਇਸ ਦੇ ਨਾਲ ਹੀ ਪਾਰਟੀਆਂ ’ਚ ਅਨੁਸ਼ਾਸਨ ਦੀ ਵੀ ਭਾਰੀ ਘਾਟ ਆ ਗਈ ਹੈ। ਜਦੋਂ ਕੋਈ ਆਗੂ ਚਾਹੇ ਪਾਰਟੀ ਛੱਡ ਦਿੰਦਾ ਹੈ ਤੇ ਦੂਜੀ ਪਾਰਟੀ ਉਸ ਨੂੰ ਬਿਨਾਂ ਕਿਸੇ ਜਾਂਚ-ਪੜਤਾਲ ਦੇ ਤੁਰੰਤ ਆਪਣੇ ’ਚ ਸ਼ਾਮਲ ਕਰ ਲੈਂਦੀ ਹੈ।
ਮੈਨੂੰ ਪੁਰਾਣਾ ਕਿੱਸਾ ਯਾਦ ਹੈ। ਉਸ ਸਮੇਂ ਸਵਰਗਵਾਸੀ ਸਤਨਾਮ ਸਿੰਘ ਬਾਜਵਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਨ ਤੇ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਸੀ। ਇਕ ਵਾਰ ਅਸੀਂ ਬਲਾਕ ਪ੍ਰਧਾਨ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ’ਤੇ ਨੋਟਿਸ ਜਾਰੀ ਕੀਤਾ ਕਿ ਕਿਉਂ ਨਾ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਜਾਵੇ। ਅਗਲੇ ਦਿਨ ਉਸ ਦਾ ਸਾਰਾ ਪਰਿਵਾਰ ਤੇ ਇਲਾਕੇ ਦੇ ਕੁਝ ਪਤਵੰਤੇ ਪ੍ਰਧਾਨ ਸਾਹਿਬ ਦੇ ਘਰ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਨੋਟਿਸ ਮਿਲਣ ਤੋਂ ਬਾਅਦ ਉਹ ਬਹੁਤ ਦੁਖੀ ਹੋ ਗਿਆ ਹੈ ਅਤੇ ਹਸਪਤਾਲ ’ਚ ਦਾਖ਼ਲ ਹੋ ਗਿਆ ਹੈ। ਇਹ ਗੱਲ ਸੁਣ ਕੇ ਅਸੀਂ ਤੁਰੰਤ ਉਸ ਨੂੰ ਬਹਾਲ ਕਰ ਦਿੱਤਾ। ਉਸ ਸਮੇਂ ਪਾਰਟੀ ’ਚੋਂ ਕੱਢੇ ਜਾਣ ਦਾ ਡਰ ਅਤੇ ਪਾਰਟੀ ਪ੍ਰਤੀ ਲਗਾਅ ਇੰਨਾ ਜ਼ਿਆਦਾ ਹੁੰਦਾ ਸੀ ਕਿ ਵਰਕਰ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਸਨ ਪਰ ਅੱਜ ਹਾਲਾਤ ਬਿਲਕੁਲ ਉਲਟ ਹਨ। ਜੇਕਰ ਕਿਸੇ ਪਾਰਟੀ ਵੱਲੋਂ ਕਿਸੇ ਆਗੂ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਦੂਜੀ ਪਾਰਟੀ ਉਸ ਦਾ ਸਵਾਗਤ ਕਰਨ ਲਈ ਤਿਆਰ ਬੈਠੀ ਹੁੰਦੀ ਹੈ। ਕਈ ਵਾਰ ਤਾਂ ਉਸ ਦੇ ਪਾਰਟੀ ’ਚ ਸ਼ਾਮਲ ਹੋਣ ’ਤੇ ਜਸ਼ਨ ਮਨਾਏ ਜਾਂਦੇ ਹਨ। ਇਸ ਤਰ੍ਹਾਂ ਸਿਆਸੀ ਪਾਰਟੀਆਂ ’ਚ ਸਿਧਾਂਤਾਂ, ਅਨੁਸ਼ਾਸਨ ਤੇ ਵਿਚਾਰਧਾਰਾ ਦੀ ਮਹੱਤਤਾ ਘਟਦੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਅੱਜ ਕਈ ਪਾਰਟੀਆਂ ’ਚ ਜਥੇਬੰਦਕ ਢਾਂਚਾ ਅਤੇ ਪ੍ਰਧਾਨਗੀ ਦੀ ਪ੍ਰਕਿਰਿਆ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਮੇਤ ਕਈ ਪਾਰਟੀਆਂ ’ਚ ਆਗੂਆਂ ਦੇ ਆਪਸੀ ਵਖਰੇਵੇਂ ਅਤੇ ਅਹੁਦਿਆਂ ਦੀ ਖਿੱਚੋਤਾਣ ਸਾਹਮਣੇ ਆਉਂਦੀ ਰਹਿੰਦੀ ਹੈ। ਜਿਹੜੇ ਵਰਕਰ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੁੰਦੀ। ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਇਸ ਦੀ ਵੱਡੀ ਉਦਾਹਰਨ ਹਨ। ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਸ ਦੇ ਪਿੱਛੇ ਹੋਰ ਪਾਰਟੀਆਂ ਦੇ ਨਿਰਾਸ਼ ਵਰਕਰਾਂ ਤੇ ਵੋਟਰਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ। ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੋਰ ਪਾਰਟੀਆਂ ਦੇ ਕਈ ਨਿਰਾਸ਼ ਵਰਕਰਾਂ ਅਤੇ ਵੋਟਰਾਂ ਨੇ ਆਪਣਾ ਰੁਖ਼ ਬਦਲਿਆ ਅਤੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ।
ਇਸ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੁਣ ਆਤਮ-ਚਿੰਤਨ ਕਰਨ ਦੀ ਲੋੜ ਹੈ। ਇਕ-ਦੂਜੇ ਨੂੰ ਬੁਰਾ-ਭਲਾ ਕਹਿਣ ਅਤੇ ਦੋਸ਼ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਪਾਰਟੀਆਂ ਨੂੰ ਆਪਣੇ ਪੁਰਾਣੇ ਤੇ ਮਿਹਨਤੀ ਵਰਕਰਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਪਾਰਟੀ ਵਿੱਚ ਅਹੁਦੇ ਅਤੇ ਜ਼ਿੰਮੇਵਾਰੀਆਂ ਸਿਫ਼ਾਰਸ਼ ਜਾਂ ਚਾਪਲੂਸੀ ਦੇ ਆਧਾਰ ’ਤੇ ਨਹੀਂ, ਸਗੋਂ ਕੰਮ, ਯੋਗਤਾ, ਇਮਾਨਦਾਰੀ ਅਤੇ ਸਮਰਪਣ ਦੇ ਆਧਾਰ ’ਤੇ ਦਿੱਤੀਆਂ ਜਾਣਗੀਆਂ। ਜੇਕਰ ਸਿਆਸੀ ਪਾਰਟੀਆਂ ਨੇ ਆਪਣੇ ਵਰਕਰਾਂ ਦੀ ਕਦਰ ਨਾ ਕੀਤੀ ਤੇ ਅੰਦਰੂਨੀ ਲੋਕਤੰਤਰ ਨੂੰ ਮੁੜ ਸੁਰਜੀਤ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਹੋਰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਨੁਕਸਾਨ ਸਿਰਫ਼ ਸਿਆਸੀ ਪਾਰਟੀਆਂ ਨੂੰ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਨੂੰ ਵੀ ਹੋਵੇਗਾ।
(ਲੇਖਕ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਤੇ ਸਰਕਾਰ ਦੇ ਸਾਬਕਾ ਮੀਡੀਆ ਸਲਾਹਕਾਰ ਹਨ। ਸੰਪਰਕ : 9814344471)