
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਤਿਹਾਸ ਵੱਲ ਝਾਤ ਮਾਰੀਏ ਤਾਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਵੀ ਹੋਈਆਂ ਹਨ, ਜਿਨ੍ਹਾਂ ਨੇ ਆਰਥਿਕ ਤੰਗੀ ਜਾਂ ਸਾਧਨਾਂ ਦੀ ਘਾਟ ਨੂੰ ਕਦੇ ਵੀ ਸੇਵਾ ਦੇ ਰਾਹ ’ਚ ਰੁਕਾਵਟ ਨਹੀਂ ਬਣਨ ਦਿੱਤਾ। ਉਨ੍ਹਾਂ ਨੇ ਆਪਣੀ ਇੱਛਾ-ਸ਼ਕਤੀ, ਹਿੰਮਤ ਤੇ ਸਮਰਪਣ ਦੀ ਭਾਵਨਾ ਨਾਲ ਮਾਨਵਤਾ ਦੀ ਸੇਵਾ ਕੀਤੀ। ਸਿੱਖ ਇਤਿਹਾਸ ਦੇ ਮਹਾਨ ਸੰਤ ਅਤੇ ਸੇਵਕ ਭਾਈ ਘਨੱਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ।


ਰਤਿਕਾ ਉਬਰਾਏ
ਸਾਰੇ ਧਾਰਮਿਕ ਗ੍ਰੰਥਾਂ ’ਚ ਕਿਹਾ ਗਿਆ ਹੈ ‘ਸੇਵਾ ਪਰਮ ਧਰਮ’ ਮਤਲਬ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਸੇਵਾ ਸ਼ਬਦ ਸੁਣਦਿਆਂ ਹੀ ਅਕਸਰ ਸਾਡੇ ਦਿਮਾਗ ’ਚ ਮੰਦਰ-ਗੁਰਦੁਆਰੇ ’ਚ ਲੰਗਰ ਜਾਂ ਗੋਲਕ ’ਚ ਦਾਨ ਦੀ ਸੇਵਾ ਦੀ ਤਸਵੀਰ ਉੱਭਰਦੀ ਹੈ ਅਤੇ ਬਰਤਨ ਸਾਫ਼ ਕਰਨ ਅਤੇ ਜੋੜਿਆਂ ਦੀ ਸੇਵਾ ਦਾ ਖ਼ਿਆਲ ਆਉਂਦਾ ਹੈ ਜਾਂ ਫਿਰ ਕਿਸੇ ਬਜ਼ੁਰਗ ਜਾਂ ਬਿਮਾਰ ਵਿਅਕਤੀ ਦੇ ਪੈਰ ਘੁੱਟਣ, ਉਸ ਦੀ ਦੇਖਭਾਲ, ਮਾਲਸ਼ ਕਰਨ ਦਾ ਵਿਚਾਰ। ਬੇਸ਼ੱਕ, ਇਹ ਸੇਵਾ ਦੇ ਮਹੱਤਵਪੂਰਨ ਰੂਪ ਹਨ ਪਰ ਸੇਵਾ ਦਾ ਘੇਰਾ ਬਹੁਤ ਵਿਸ਼ਾਲ ਹੈ, ਜੋ ਇਥੋਂ ਤੱਕ ਹੀ ਸੀਮਤ ਨਹੀਂ। ਕਈ ਵਾਰ ਲੱਗਦਾ ਹੈ ਕਿ ਪੈਸੇ ਬਿਨਾਂ ਸੇਵਾ ਨਹੀਂ ਹੋ ਸਕਦੀ ਪਰ ਇਸ ਦੀਆਂ ਕਈ ਮਿਸਾਲਾਂ ਹਨ, ਜੋ ਦੱਸਦੀਆਂ ਹਨ ਕਿ ਮਨ, ਭਾਵ ਤੇ ਉੱਚੀ ਮੱਤ ਸੇਵਾ ਦੇ ਸੋਮੇ ਹਨ। ਇਤਿਹਾਸ ਵੱਲ ਝਾਤ ਮਾਰੀਏ ਤਾਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਵੀ ਹੋਈਆਂ ਹਨ, ਜਿਨ੍ਹਾਂ ਨੇ ਆਰਥਿਕ ਤੰਗੀ ਜਾਂ ਸਾਧਨਾਂ ਦੀ ਘਾਟ ਨੂੰ ਕਦੇ ਵੀ ਸੇਵਾ ਦੇ ਰਾਹ ’ਚ ਰੁਕਾਵਟ ਨਹੀਂ ਬਣਨ ਦਿੱਤਾ। ਉਨ੍ਹਾਂ ਨੇ ਆਪਣੀ ਇੱਛਾ-ਸ਼ਕਤੀ, ਹਿੰਮਤ ਤੇ ਸਮਰਪਣ ਦੀ ਭਾਵਨਾ ਨਾਲ ਮਾਨਵਤਾ ਦੀ ਸੇਵਾ ਕੀਤੀ।
ਸਿੱਖ ਇਤਿਹਾਸ ਦੇ ਮਹਾਨ ਸੰਤ ਅਤੇ ਸੇਵਕ ਭਾਈ ਘਨੱਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ। ਜਦੋਂ ਉਹ ਜੰਗ ਦੇ ਮੈਦਾਨ ’ਚ ਦੋਵਾਂ ਧਿਰਾਂ (ਸਿੱਖ ਅਤੇ ਮੁਗ਼ਲ ਫ਼ੌਜ) ਦੇ ਫੱਟੜ ਸੈਨਿਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਪਾਣੀ ਪਿਲਾਉਂਦੇ ਅਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਕਰਦੇ ਸਨ, ਤਦ ਉਨ੍ਹਾਂ ਕੋਲ ਨਾ ਤਾਂ ਕੋਈ ਵੱਡਾ ਖ਼ਜ਼ਾਨਾ ਸੀ ਤੇ ਨਾ ਹੀ ਦਵਾਈਆਂ ਦੇ ਵੱਡੇ ਭੰਡਾਰ। ਉਨ੍ਹਾਂ ਕੋਲ ਸਿਰਫ਼ ਪਾਣੀ ਦੀ ਇਕ ਮਸ਼ਕ ਅਤੇ ਸਭ ’ਚ ਇੱਕੋ ਨੂਰ ਦੇਖਣ ਵਾਲਾ ਮਨ ਤੇ ਵਿਸ਼ਾਲ ਹਿਰਦਾ ਸੀ। ਉਨ੍ਹਾਂ ਦੀ ਸੇਵਾ ਰੂਹਾਨੀ ਸਾਧਨਾ ਤੇ ਗੁਰੂ ਦੇ ਉਪਦੇਸ਼ਾਂ ਦਾ ਅਮਲੀ ਰੂਪ ਸੀ। ‘ਬੇਸਹਾਰਿਆਂ ਦੀ ਮਾਂ’ ਦੇ ਨਾਂ ਨਾਲ ਜਾਣੀ ਜਾਂਦੀ ਮਹਾਂਰਾਸ਼ਟਰ ਦੀ ਸਿੰਧੂਤਾਈ ਸਪਕਾਲ ਦਾ ਜੀਵਨ ਵੀ ਸੇਵਾ ਦੀ ਅਨੋਖੀ ਮਿਸਾਲ ਹੈ। ਜਦੋਂ ਸਿੰਧੂਤਾਈ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਨੇ ਠੁਕਰਾ ਦਿੱਤਾ ਅਤੇ ਉਨ੍ਹਾਂ ਕੋਲ ਖਾਣ ਲਈ ਰੋਟੀ ਤੱਕ ਨਹੀਂ ਸੀ, ਤਾਂ ਸਿੰਧੂਤਾਈ ਨੇ ਨਾ ਸਿਰਫ਼ ਆਪਣਾ ਗੁਜ਼ਾਰਾ ਆਪ ਕੀਤਾ, ਸਗੋਂ ਹਜ਼ਾਰਾਂ ਬੇਸਹਾਰਾ ਅਤੇ ਅਨਾਥ ਬੱਚਿਆਂ ਨੂੰ ਆਪਣੀ ਛਾਤੀ ਨਾਲ ਲਾਇਆ। ਉਨ੍ਹਾਂ ਕੋਲ ਕੋਈ ਵੱਡਾ ਬੈਂਕ ਬੈਲੇਂਸ ਜਾਂ ਜਾਇਦਾਦ ਨਹੀਂ ਸੀ ਸਗੋਂ ਉਹ ਭੀਖ ਮੰਗ ਕੇ ਜਾਂ ਲੋਕਾਂ ਤੋਂ ਮਦਦ ਮੰਗ ਕੇ ਅਨਾਥ ਅਤੇ ਬੇਸਹਾਰਾ ਬੱਚਿਆਂ ਦਾ ਢਿੱਡ ਭਰਦੇ ਸਨ ਤੇ ਉਨ੍ਹਾਂ ਨੂੰ ਪੜ੍ਹਾਉਂਦੇ ਸਨ। ਸਿੰਧੂਤਾਈ ਦਾ ਪੂਰਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਸੇਵਾ ਲਈ ਪੈਸੇ ਦੀ ਨਹੀਂ, ਸਗੋਂ ‘ਮਾਂ ਵਰਗੇ ਦਿਲ’ ਦੀ ਲੋੜ ਹੁੰਦੀ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਨੂੰ ਇਕ ਵਾਰ ਨਹੀਂ, ਹਜ਼ਾਰ ਉਦਾਹਰਨਾਂ ਦੇ ਕੇ ਵਡਿਆਇਆ ਤੇ ਸਮਝਾਇਆ ਗਿਆ ਹੈ। ਜਿਹੜਾ ਇਨਸਾਨ ਬਦਲੇ ’ਚ ਕੁਝ ਵੀ ਮੰਗੇ ਬਿਨਾਂ ਸੇਵਾ ਕਰਦਾ ਹੈ, ਉਹ ਅਸਲ ’ਚ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੇਵਾ ਕਰਨ ਲਈ ਜੇਬ ’ਚ ਪੈਸੇ ਨਹੀਂ, ਸਗੋਂ ਹਿਰਦੇ ’ਚ ਧੜਕਦੇ ਵਿਸ਼ਾਲ ਦਿਲ ਦੀ ਲੋੜ ਹੁੰਦੀ ਹੈ। ਅਸਲ ਸੇਵਾ ਉਹੀ ਹੈ, ਜੋ ਹੰਕਾਰ ਤੋਂ ਮੁਕਤ ਹੋ ਕੇ, ਕੇਵਲ ਮਨੁੱਖਤਾ ਅਤੇ ਪ੍ਰਮਾਤਮਾ ਦੇ ਪ੍ਰੇਮ ’ਚ ਕੀਤੀ ਜਾਵੇ। ਸੋਚਣ ਦਾ ਤਰੀਕਾ, ਤੁਹਾਡਾ ਸਮਾਜ ਨਾਲ ਵਰਤਾਰਾ ਜ਼ਿੰਦਗੀ ਨੂੰ ਸਹੀ ਅਤੇ ਢੁੱਕਵੇਂ ਅਰਥ ਦਿੰਦਾ ਹੈ। ਕਿਸੇ ਦੀ ਲੋੜ ਨੂੰ ਸਮਝ ਕੇ ਬਿਨਾਂ ਕਿਸੇ ਸਵਾਰਥ ਦੇ ਉਸ ਦਾ ਸਹਾਰਾ ਬਣਨਾ ਹੀ ਅਸਲ ਸੇਵਾ ਹੈ। ਜਿਸ ਨੂੰ ਅਸੀਂ ਆਪਣੇ ਜੀਵਨ ’ਚ ਅਨੇਕਾਂ ਰੂਪਾਂ ’ਚ ਅਪਣਾ ਸਕਦੇ ਹਾਂ। ਕਿਸੇ ਦੀ ਭਲਾਈ ਲਈ ਧਨ ਦੀ ਬਜਾਏ ਉਸ ਲਈ ਆਪਣਾ ਸਮਾਂ ਕੱਢਣਾ ਅੱਜ ਦੇ ਦੌਰ ’ਚ ਸਭ ਤੋਂ ਵੱਡੀ ਕੁਰਬਾਨੀ ਮੰਨਿਆ ਜਾ ਸਕਦਾ ਹੈ। ਕਿਸੇ ਦੀ ਮੁਸ਼ਕਲ ਘੜ੍ਹੀ ਚ ਉਸ ਦਾ ਸਾਥ ਦੇਣਾ ਵੀ ਇਕ ਤਰ੍ਹਾਂ ਦੀ ਸੇਵਾ ਹੈ। ਮਿਸਾਲ ਦੇ ਤੌਰ ’ਤੇ ਹਸਪਤਾਲ ’ਚ ਕਿਸੇ ਲਵਾਰਿਸ ਮਰੀਜ਼ ਦੀ ਦੇਖਭਾਲ ਕਰਨਾ, ਇਕੱਲੇ ਰਹਿ ਰਹੇ ਵਿਅਕਤੀ ਦੀ ਲੋੜ ਪੈਣ ’ਤੇ ਹਰ ਸੰਭਵ ਮਦਦ ਕਰਨਾ, ਭੁੱਖੇ ਪਿਆਸੇ ਨੂੰ ਭੋਜਨ ਕਰਵਾਉਣਾ, ਰੋਂਦੇ ਨੂੰ ਹਸਾਉਣਾ ਜਾਂ ਕਿਸੇ ਬਿਮਾਰ ਦਾ ਇਲਾਜ ਕਰਵਾਉਣਾ ਸੇਵਾ ਹੀ ਤਾਂ ਹੈ। ਜੇਕਰ ਤੁਹਾਡੇ ਕੋਲ ਕੋਈ ਹੁਨਰ, ਗਿਆਨ ਜਾਂ ਕਲਾ ਹੈ, ਤਾਂ ਕਿਸੇ ਲੋੜਵੰਦ ਬੱਚੇ ਨੂੰ ਮੁਫ਼ਤ ਪੜ੍ਹਾਉਣਾ ਵੀ ਇਕ ਬਹੁਤ ਵੱਡੀ ਸੇਵਾ ਹੈ। ਪੈਸਾ ਦੇਣ ਨਾਲੋਂ ਕਿਸੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਵਧੇਰੇ ਮਹੱਤਵਪੂਰਨ ਹੈ। ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਨਾਲ ਨਾਲ ਕਿਸੇ ਗ਼ਰੀਬ ਜਾਂ ਅਨਾਥ ਬੱਚੇ ਨੂੰ ਗੋਦ ਲੈ ਕੇ ਉਸ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਣਾ ਤੇ ਉਸ ਨੂੰ ਰੋਜ਼ੀ ਰੋਟੀ ਕਮਾਉਣਯੋਗ ਬਣਾਉਣਾ ਵੀ ਤਾਂ ਸੇਵਾ ਹੀ ਹੈ। ਜੇਕਰ ਤੁਸੀਂ ਕੰਪਿਊਟਰ ਜਾਣਦੇ ਹੋ, ਸਿਲਾਈ ਕਢਾਈ ਦੇ ਮਾਹਰ ਹੋ, ਜਾਂ ਵਪਾਰਕ ਗੁਰ ਜਾਣਦੇ ਹੋ, ਤਾਂ ਕਿਸੇ ਬੇਰੋਜ਼ਗਾਰ ਨੌਜਵਾਨ ਜਾਂ ਗ਼ਰੀਬ ਔਰਤ ਨੂੰ ਉਹ ਹੁਨਰ ਮੁਫ਼ਤ ਸਿਖਾਓ। ਇਹ ਉਨ੍ਹਾਂ ਨੂੰ ਉਮਰ ਭਰ ਲਈ ਰੋਜ਼ਗਾਰ ਦੇਵੇਗਾ। ਕਿਸੇ ਦੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਵੀ ਸੇਵਾ ਹੈ।
ਅੱਜ ਦੇ ਦੌਰ ’ਚ ਬਹੁਤ ਸਾਰੇ ਲੋਕ ਇਕੱਲੇਪਣ, ਤਣਾਅ ਜਾਂ ਨਿਰਾਸ਼ਾ ਦਾ ਸ਼ਿਕਾਰ ਹਨ। ਕਈ ਵਾਰ ਜ਼ਿਆਦਾ ਲੋੜ ਕਿਸੇ ਦੇ ਮੋਢੇ ’ਤੇ ਹੱਥ ਰੱਖ ਕੇ ਇਹ ਕਹਿਣ ਦੀ ਹੁੰਦੀ ਹੈ ਕਿ ‘ਮੈਂ ਤੁਹਾਡੇ ਨਾਲ ਹਾਂ।’ ਕਿਸੇ ਉਦਾਸ ਵਿਅਕਤੀ ਜਾਂ ਬਜ਼ੁਰਗ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨਾ, ਉਨ੍ਹਾਂ ਨੂੰ ਮਾਨਸਿਕ ਸਕੂਨ ਅਤੇ ਸਾਕਾਰਾਤਮਕ ਊਰਜਾ ਦੇਣਾ ਜਾਂ ਕਿਸੇ ਹਾਰ ਮੰਨ ਚੁੱਕੇ ਇਨਸਾਨ ਨੂੰ ਸਕਾਰਾਤਮਕ ਸੋਚ ਦੇ ਕੇ ਮੁੜ ਤੋਂ ਜ਼ਿੰਦਗੀ ਜਿਊਣ ਦਾ ਹੌਸਲਾ ਦੇਣਾ ਵੀ ਸੇਵਾ ਦਾ ਇਕ ਰੂਪ ਹੈ। ਅਜੋਕੇ ਡਿਜੀਟਲ ਯੁੱਗ ’ਚ ਬਹੁਤ ਸਾਰੇ ਲੋਕ (ਖ਼ਾਸਕਰ ਬਜ਼ੁਰਗ ਜਾਂ ਪੇਂਡੂ ਖੇਤਰਾਂ ਦੇ ਲੋਕ) ਸਰਕਾਰੀ ਯੋਜਨਾਵਾਂ, ਆਨਲਾਈਨ ਫਾਰਮ ਭਰਨ, ਜਾਂ ਬੈਂਕਿੰਗ ਨਾਲ ਸੰਬੰਧਤ ਕੰਮਾਂ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਦੀ ਆਨਲਾਈਨ ਕੰਮਾਂ ’ਚ ਮਦਦ ਕਰਨਾ ਜਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣਾ ਵੀ ਕਿਸੇ ਸੇਵਾ ਤੋਂ ਘੱਟ ਨਹੀਂ। ਸਾਡਾ ਇਕ ਮਿੱਠਾ ਬੋਲ, ਇਕ ਛੋਟੀ ਜਿਹੀ ਮਦਦ, ਕਿਸੇ ਦੀ ਜ਼ਿੰਦਗੀ ਦੀ ਹਨ੍ਹੇਰੀ ਰਾਤ ’ਚ ਦੀਵਾ ਬਣ ਸਕਦੀ ਹੈ। ਤਪਦੀ ਧੁੱਪ ਅਤੇ ਅੱਗ ਵਰ੍ਹਾਉਂਦੀ ਗਰਮੀ ’ਚ ਰਾਹਗੀਰਾਂ ਲਈ ਛਬੀਲ ਲਾਉਣਾ ਜੇਕਰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਤਾਂ ਕਿਸੇ ਥੱਕੇ-ਟੁੱਟੇ ਮੁਸਾਫ਼ਿਰ ਲਈ ਠੰਡੀ ਛਾਂ ਅਤੇ ਸਕੂਨ ਦਾ ਪ੍ਰਬੰਧ ਕਰਨਾ ਵੀ ਰੂਹ ਨੂੰ ਤਾਜ਼ਗੀ ਦੇਣ ਵਾਲਾ ਪਰਉਪਕਾਰ ਹੈ।
ਜ਼ਿਲ੍ਹਾ ਬਰਨਾਲਾ ਦੇ ਧਨੌਲਾ ਬੱਸ-ਅੱਡੇ ਸਥਿਤ ਕਈ ਸਾਲ ਪੁਰਾਣੀ ਫ਼ਲਾਂ ਦੀ ਇਕ ਸਾਦੀ ਜਿਹੀ ਦੁਕਾਨ ਅਜਿਹੀ ਹੀ ਇਨਸਾਨੀਅਤ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਇਸ ਦੁਕਾਨ ’ਤੇ ਲੱਗਣ ਵਾਲੀ ਰੌਣਕ ਕਿਸੇ ਮੇਲੇ ਤੋਂ ਘੱਟ ਨਹੀਂ ਹੁੰਦੀ ਪਰ ਇੱਥੇ ਜੁੜਨ ਵਾਲੀ ਭੀੜ ਸਿਰਫ਼ ਫ਼ਲ ਖਰੀਦਣ ਵਾਲਿਆਂ ਦੀ ਨਹੀਂ ਹੁੰਦੀ, ਸਗੋਂ ਉਨ੍ਹਾਂ ਅੱਕੇ-ਥੱਕੇ, ਪਸੀਨੋ-ਪਸੀਨੀ ਹੋਏ ਰਾਹੀਆਂ ਦੀ ਹੁੰਦੀ ਹੈ, ਜੋ ਸੜਕਾਂ ਦੀ ਤਪਸ਼ ਤੋਂ ਭੱਜ ਕੇ ਇੱਥੇ ਆਉਂਦੇ ਹਨ ਅਤੇ ਬੱਸ ਦੀ ਉਡੀਕ ’ਚ ਦੁਕਾਨਦਾਰ ਵੱਲੋਂ ਲਾਏ ਗਏ ‘ਠੰਡੀ ਛਾਂ ਦੇ ਲੰਗਰ’ ਦੀ ਨਿੱਘੀ ਗੋਦ ’ਚ ਤ੍ਰਿਪਤ ਹੁੰਦੇ ਹਨ। ਦੁਕਾਨਦਾਰ ਗੁਰਸੇਵਕ ਸਿੰਘ ਵੱਲੋਂ ਦੁਕਾਨ ਦੇ ਬਾਹਰ ਤਰਪਾਲਾਂ ਤਾਣ ਕੇ ਕੀਤੀ ਜਾਂਦੀ ਇਹ ਸੇਵਾ ਕੋਈ ਸਧਾਰਨ ਵਪਾਰਕ ਉਪਰਾਲਾ ਨਹੀਂ। ਇਸ ਠੰਡੀ ਛਾਂ ਦੇ ਮਮਤਾ ਭਰੇ ਕਲਾਵੇ ’ਚ ਬੈਠ ਕੇ ਜਦੋਂ ਕੋਈ ਰਾਹੀ ਦੋ ਪਲ ਸੁੱਖ ਦਾ ਸਾਹ ਲੈਂਦਾ ਹੈ, ਤਾਂ ਉਸ ਦੇ ਸੀਨੇ ’ਚ ਬਲ਼ਦੇ ਕਿੰਨੇ ਹੀ ਸੂਰਜਾਂ ਦਾ ਸੇਕ ਇੱਕੋ ਪਲ ’ਚ ਠੰਢਾ ਪੈ ਜਾਂਦਾ ਹੈ ਅਤੇ ਸਫ਼ਰ ਦਾ ਭਾਰ ਹੌਲਾ ਹੋ ਜਾਂਦਾ ਹੈ। ਮਨੁੱਖਤਾ ਦੀ ਸੇਵਾ ਦੀ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰਦੀ ਇਸ ਦੁਕਾਨ 'ਤੇ ਇਨਸਾਨੀਅਤ ਸਾਹ ਲੈਂਦੀ ਦਿਖਾਈ ਦਿੰਦੀ ਹੈ। ਸੇਵਾ ਦਾ ਦਾਇਰਾ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ, ਸਗੋਂ ਬੇਜ਼ੁਬਾਨ ਜੀਵ ਤੇ ਸਾਡੀ ਧਰਤੀ ਵੀ ਇਸ ’ਚ ਸ਼ਾਮਲ ਹੈ। ਘਰ ਦੀ ਛੱਤ ’ਤੇ ਪੰਛੀਆਂ ਲਈ ਪਾਣੀ ਦਾ ਕਟੋਰਾ ਰੱਖਣਾ, ਬੇਜ਼ੁਬਾਨ ਜਾਨਵਰਾਂ ਲਈ ਛਾਂ ਅਤੇ ਪਾਣੀ ਦਾ ਪ੍ਰਬੰਧ ਕਰਨਾ, ਜ਼ਖਮੀ ਜਾਨਵਰਾਂ ਦਾ ਇਲਾਜ ਕਰਵਾਉਣਾ, ਘਰ ਦੇ ਜੀਆਂ ਦੀ ਰੋਟੀ ਬਣਾਉਂਦੇ ਸਮੇਂ ਸੜ੍ਹਕਾਂ ’ਤੇ ਰੁਲ਼ਦੇ ਬੇਜ਼ੁਬਾਨ ਜੀਵਾਂ ਦਾ ਹਿੱਸਾ ਕੱਢਣਾ, ਤਾਜ਼ੀਆਂ ਸਬਜ਼ੀਆਂ ਦੀ ਰਹਿੰਦ ਖੂੰਹਦ ਕੂੜੇ ’ਚ ਸੁੱਟਣ ਦੀ ਥਾਂ ਬੇਸਹਾਰਾ ਜਾਨਵਰਾਂ ਦੇ ਢਿੱਡ ਦੀ ਅੱਗ ਬੁਝਾਉਣ ਲਈ ਵਰਤਣਾ ਜਾਂ ਵੱਧ ਤੋਂ ਵੱਧ ਰੁੱਖ ਲਾ ਕੇ ਉਨ੍ਹਾਂ ਦੀ ਦੇਖਭਾਲ ਕਰਨਾ ਕੁਦਰਤ ਦੀ ਸੇਵਾ ਹੈ।
ਦੇਸ਼ ਲਈ ਕੁਰਬਾਨ ਹੋਣਾ, ਜਨਤਕ ਥਾਵਾਂ ’ਤੇ ਗੰਦਗੀ ਨਾ ਪਾਉਣਾ, ਆਪਣੀ ਗੱਲ ਮਨਵਾਉਣ ਲਈ ਦੂਜਿਆਂ ਨੂੰ ਔਖਾ ਨਾ ਕਰਨਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਰਾਖੀ ਕਰਨਾ ਤੇ ਝੂਠੀਆਂ ਅਫ਼ਵਾਹਾਂ ਨੂੰ ਅੱਗੇ ਨਾ ਫ਼ੈਲਾ ਕੇ ਸਮਾਜ ’ਚ ਸ਼ਾਂਤੀ ਬਣਾਈ ਰੱਖਣਾ ਵੀ ਇਕ ਸੂਝਵਾਨ ਨਾਗਰਿਕ ਵੱਲੋਂ ਨਿਭਾਈ ਜਾਣ ਵਾਲੀ ਸਮਾਜ ਅਤੇ ਦੇਸ਼ ਸੇਵਾ ਹੈ। ਸਾਨੂੰ ਆਪਣੇ ਮਨ ’ਚੋਂ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਸੇਵਾ ਕਰਨ ਲਈ ਵੱਡੇ ਧਨ ਜਾਂ ਬਲ ਦੀ ਲੋੜ ਹੁੰਦੀ ਹੈ, ਸਗੋਂ ਇਸ ਲਈ ਸਿਰਫ਼ ਇਕ ਕੋਮਲ ਦਿਲ ਅਤੇ ਨੇਕ ਨੀਅਤ ਦੀ ਲੋੜ ਹੁੰਦੀ ਹੈ। ਫੇਰ ਹਰ ਛੋਟਾ ਜਿਹਾ ਕਦਮ ਵੀ ਇਕ ਮਹਾਨ ਸੇਵਾ ਬਣ ਸਕਦਾ ਹੈ।
ਤੁਹਾਡਾ ਮੁਸਕਰਾਉਂਦਾ ਚਿਹਰਾ, ਕਿਸੇ ਦੀ ਸਹਾਇਤਾ ਲਈ ਉੱਠਿਆ ਹੱਥ, ਅਤੇ ਕਿਸੇ ਮਜਲੂਮ ਦੀ ਅਵਾਜ਼ ’ਤੇ ਦਿੱਤਾ ਗਿਆ ਹੁੰਗਾਰਾ ਕਿਸੇ ਲਈ ਸਭ ਤੋਂ ਵੱਡੀ ਸੇਵਾ ਹੋ ਸਕਦੀ ਹੈ। ਜਦੋਂ ਆਪਾਂ ਬਦਲੇ ’ਚ ਕੁਝ ਵੀ ਮੰਗੇ ਬਿਨਾਂ ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਂਦੇ ਹਾਂ, ਤਾਂ ਅਸਲ ’ਚ ਅਸੀਂ ਆਪਣੀ ਹੀ ਆਤਮਾ ਨੂੰ ਅਮੀਰ ਕਰ ਰਹੇ ਹੁੰਦੇ ਹਾਂ ਇਸ ਲਈ ਸੇਵਾ ਦੇ ਦਾਇਰੇ ਨੂੰ ਸੰਕੁਚਿਤ ਨਾ ਕਰੋ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ’ਚ ਛੋਟੇ-ਛੋਟੇ ਨੇਕ ਕੰਮਾਂ ਨੂੰ ਅਪਣਾਈਏ ਅਤੇ ਦੁਨੀਆ ਨੂੰ ਰਹਿਣ ਲਈ ਹੋਰ ਵਧੀਆ ਥਾਂ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਸੇਵਾ ਕੋਈ ਵਿਖਾਵਾ ਨਹੀਂ, ਇਹ ਤਾਂ ਸਾਡੇ ਅੰਦਰ ਸਾਹ ਲੈਂਦੀ ਉਸ ਮਨੁੱਖਤਾ ਦਾ ਨਿਮਾਣਾ ਜਿਹਾ ਪ੍ਰਗਟਾਵਾ ਹੈ, ਜੋ ਸਾਨੂੰ ਅਸਲ ਅਰਥਾਂ ’ਚ ਇਨਸਾਨ ਬਣਾਉਂਦੀ ਹੈ। (ਲੇਖਿਕਾ ਬਲਾਕ ਮੀਡੀਆ ਅਫ਼ਸਰ ਹਨ । ਸੰਪਰਕ : 9478961438)