- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਘਰ ਦੀਆਂ ਕੰਧਾਂ ਹੀ ਘਰ ਨੂੰ ਢਾਹੁਣ ਲੱਗ ਪੈਣ ਤਾਂ ਬਾਹਰਲੇ ਤੂਫ਼ਾਨਾਂ ਦੀ ਕੀ ਲੋੜ ਰਹਿ ਜਾਂਦੀ ਹੈ? ਪਰ ਗ਼ੱਦਾਰੀ ਸਿਰਫ਼ ਇਤਿਹਾਸ ਦੇ ਮਹਿਲਾਂ ਤੇ ਰਾਜ ਦਰਬਾਰਾਂ ਤੱਕ ਸੀਮਤ ਨਹੀਂ ਰਹੀ। ਅੱਜ ਵੀ ਇਹ ਸਾਡੇ ਘਰਾਂ, ਰਿਸ਼ਤਿਆਂ ਤੇ ਸਮਾਜ ’ਚ ਕਿਸੇ ਨਾ ਕਿਸੇ ਰੂਪ ’ਚ ਮੌਜੂਦ ਹੈ। ਕਈ ਵਾਰ ਭੈਣ-ਭਰਾ ਜਾਇਦਾਦ ਦੇ ਕੁਝ ਟੁਕੜਿਆਂ ਪਿੱਛੇ ਸਾਰੀ ਉਮਰ ਦਾ ਪਿਆਰ ਭੁੱਲ ਜਾਂਦੇ ਹਨ।

ਮਨਜੀਤ ਸਿੰਘ ਧਾਲੀਵਾਲ
ਇਨਸਾਨ ਦੀ ਜ਼ਿੰਦਗੀ ’ਚ ਸਭ ਤੋਂ ਵੱਡੀ ਦੌਲਤ ਪੈਸਾ, ਜ਼ਮੀਨ, ਜਾਇਦਾਦ ਜਾਂ ਉੱਚਾ ਰੁਤਬਾ ਨਹੀਂ, ਸਗੋਂ ਆਪਣਿਆਂ ਦਾ ਭਰੋਸਾ ਹੁੰਦਾ ਹੈ। ਪੈਸਾ ਗੁਆ ਕੇ ਮੁੜ ਕਮਾਇਆ ਜਾ ਸਕਦਾ ਹੈ, ਜ਼ਮੀਨ ਖੁੱਸ ਜਾਵੇ ਤਾਂ ਦੁਬਾਰਾ ਖ਼ਰੀਦੀ ਜਾ ਸਕਦੀ ਹੈ ਪਰ ਜਦੋਂ ਕੋਈ ਆਪਣਾ ਹੀ ਪਿੱਠ ’ਚ ਛੁਰਾ ਮਾਰ ਦੇਵੇ ਤਾਂ ਉਸ ਜ਼ਖ਼ਮ ਦੀ ਕੋਈ ਦਵਾਈ ਨਹੀਂ ਹੁੰਦੀ। ਗ਼ੈਰਾਂ ਦੇ ਦਿੱਤੇ ਜ਼ਖ਼ਮ ਸਮੇਂ ਨਾਲ ਭਰ ਜਾਂਦੇ ਹਨ ਪਰ ਆਪਣਿਆਂ ਦੇ ਦਿੱਤੇ ਜ਼ਖ਼ਮ ਉਮਰ ਭਰ ਰਿਸਦੇ ਰਹਿੰਦੇ ਹਨ। ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਵੋ, ਕਈ ਵੱਡੀਆਂ ਹਾਰਾਂ ਦੁਸ਼ਮਣ ਦੀ ਤਾਕਤ ਕਾਰਨ ਨਹੀਂ, ਸਗੋਂ ਆਪਣਿਆਂ ਦੀ ਗ਼ੱਦਾਰੀ ਕਾਰਨ ਹੋਈਆਂ ਹਨ। ਜਦੋਂ ਦੁਸ਼ਮਣ ਸਾਹਮਣੇ ਹੋਵੇ ਤਾਂ ਇਨਸਾਨ ਉਸ ਨਾਲ ਲੜਨ ਦੀ ਤਿਆਰੀ ਕਰ ਲੈਂਦਾ ਹੈ ਪਰ ਜਦੋਂ ਦੁਸ਼ਮਣ ਦੋਸਤ ਦਾ ਚਿਹਰਾ ਪਾ ਕੇ ਕੋਲ਼ ਬੈਠਾ ਹੋਵੇ ਤਾਂ ਇਨਸਾਨ ਆਪਣੀ ਰਾਖੀ ਕਿਵੇਂ ਕਰੇ?
23 ਜੂਨ 1757 ਨੂੰ ਬੰਗਾਲ ਦੇ ਪਲਾਸੀ ਦੇ ਮੈਦਾਨ ’ਚ ਹੋਈ ਲੜਾਈ ਇਸ ਗੱਲ ਦੀ ਇਤਿਹਾਸਕ ਮਿਸਾਲ ਹੈ। ਬੰਗਾਲ ਦਾ ਨਵਾਬ ਸਿਰਾਜੁੱਦੌਲਾ ਆਪਣੀ ਵਿਸ਼ਾਲ ਫ਼ੌਜ ਨਾਲ ਈਸਟ ਇੰਡੀਆ ਕੰਪਨੀ ਦੇ ਰਾਬਰਟ ਕਲਾਈਵ ਦੀ ਅਗਵਾਈ ਵਾਲੀ ਛੋਟੀ ਫ਼ੌਜ ਦਾ ਮੁਕਾਬਲਾ ਕਰਨ ਆਇਆ। ਨਵਾਬ ਕੋਲ ਹਜ਼ਾਰਾਂ ਸੈਨਿਕ ਸਨ ਪਰ ਅੰਗਰੇਜ਼ਾਂ ਕੋਲ ਇਕ ਅਜਿਹਾ ਹਥਿਆਰ ਸੀ, ਜਿਸ ਦਾ ਕੋਈ ਤੋੜ ਨਹੀਂ ਸੀ-ਉਹ ਸੀ ਆਪਣਿਆਂ ਦੀ ਗ਼ੱਦਾਰੀ। ਮੀਰ ਜਾਫ਼ਰ, ਰਾਏ ਦੁਰਲਭ ਤੇ ਯਾਰ ਲੁਤਫ਼ ਖ਼ਾਨ ਵਰਗੇ ਸੈਨਾਪਤੀਆਂ ਦੀ ਭੂਮਿਕਾ ਨੇ ਨਵਾਬ ਦੀ ਫ਼ੌਜ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ। ਦੂਜੇ ਪਾਸੇ ਮੀਰ ਮਦਨ ਨੇ ਵਫ਼ਾਦਾਰੀ ਨਾਲ ਜੰਗ ਲੜੀ ਤੇ ਤੋਪ ਦੇ ਗੋਲੇ ਨਾਲ ਜ਼ਖ਼ਮੀ ਹੋ ਕੇ ਆਪਣੀ ਜਾਨ ਗੁਆ ਦਿੱਤੀ। ਇਕ ਪਾਸੇ ਵਫ਼ਾਦਾਰੀ ਦੀ ਮਿਸਾਲ ਸੀ, ਦੂਜੇ ਪਾਸੇ ਨਿੱਜੀ ਲਾਲਚ ਦੀ ਇੰਤਹਾ। ਮੀਰ ਜਾਫ਼ਰ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਕੇ ਨਵਾਬ ਦੀ ਗੱਦੀ ਹਾਸਲ ਕਰ ਲਈ ਪਰ ਜਿਸ ਗੱਦੀ ਲਈ ਉਸ ਨੇ ਆਪਣੇ ਮਾਲਕ ਨਾਲ ਗ਼ੱਦਾਰੀ ਕੀਤੀ ਸੀ, ਉਹ ਵੀ ਉਸ ਦੀ ਆਪਣੀ ਨਾ ਰਹੀ। ਅੰਗਰੇਜ਼ਾਂ ਨੇ ਬਾਅਦ ’ਚ ਉਸ ਨੂੰ ਵੀ ਸੱਤਾ ਤੋਂ ਲਾਂਭੇ ਕਰ ਦਿੱਤਾ। ਸੋਚਣ ਵਾਲੀ ਗੱਲ ਹੈ ਕਿ ਸਿਰਾਜੁੱਦੌਲਾ ਨੂੰ ਹਰਾਉਣ ਲਈ ਅੰਗਰੇਜ਼ਾਂ ਨੂੰ ਕਿੰਨੀ ਮਿਹਨਤ ਕਰਨੀ ਪਈ? ਜਿਸ ਕੰਮ ਲਈ ਹਜ਼ਾਰਾਂ ਤਲਵਾਰਾਂ ਦੀ ਲੋੜ ਹੋਣੀ ਚਾਹੀਦੀ ਸੀ, ਉਹ ਕੁਝ ਗ਼ੱਦਾਰਾਂ ਦੇ ਇਰਾਦਿਆਂ ਨੇ ਹੀ ਕਰ ਦਿੱਤਾ।
ਇਤਿਹਾਸ ਅੱਜ ਵੀ ਸਵਾਲ ਕਰਦਾ ਹੈ ਕਿ ਜੇਕਰ ਆਪਣੇ ਹੀ ਸਾਥ ਦੇ ਜਾਂਦੇ ਤਾਂ ਕੀ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ? ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਲਾਹੌਰ ਦਰਬਾਰ ’ਚ ਸਾਜ਼ਿਸ਼ਾਂ, ਸੱਤਾ ਦੇ ਲਾਲਚ ਤੇ ਆਪਸੀ ਫੁੱਟ ਨੇ ਇਕ ਮਜ਼ਬੂਤ ਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ। ਜੂਨ 1839 ’ਚ ਮਹਾਰਾਜਾ ਦੇ ਚਲਾਣੇ ਤੋਂ ਬਾਅਦ ਖੜਕ ਸਿੰਘ, ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਦੇ ਦੌਰ ’ਚ ਸੱਤਾ ਲਈ ਸ਼ਾਜਿਸ਼ਾਂ ਵਧਦੀਆਂ ਗਈਆਂ। 1842 ’ਚ ਮਹਾਰਾਜਾ ਬਣੇ ਸ਼ੇਰ ਸਿੰਘ ਨੂੰ ਵੀ ਆਖ਼ਰਕਾਰ ਆਪਣੇ ਹੀ ਜਾਣਕਾਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣਾ ਪਿਆ। 15 ਸਤੰਬਰ 1843 ਨੂੰ ਅਜੀਤ ਸਿੰਘ ਸੰਧਾਂਵਾਲੀਆ ਨੇ ਮਹਾਰਾਜਾ ਸ਼ੇਰ ਸਿੰਘ ਦੀ ਹੱਤਿਆ ਕਰ ਦਿੱਤੀ। ਉਸ ਦੇ ਪੁੱਤਰ ਪ੍ਰਤਾਪ ਸਿੰਘ ਤੇ ਰਾਜਾ ਧਿਆਨ ਸਿੰਘ ਵੀ ਉਸੇ ਸਾਜ਼ਿਸ਼ੀ ਕਤਲੇਆਮ ’ਚ ਮਾਰੇ ਗਏ। ਬਾਅਦ ’ਚ ਹੀਰਾ ਸਿੰਘ ਨੇ ਬਦਲਾ ਲੈਂਦਿਆਂ ਸੰਧਾਂਵਾਲੀਆ ਧੜ੍ਹੇ ਨੂੰ ਖ਼ਤਮ ਕਰ ਦਿੱਤਾ। ਕਿੰਨੀ ਅਜੀਬ ਗੱਲ ਹੈ। ਜਿਹੜੇ ਲੋਕ ਕਦੇ ਇੱਕੋ ਦਰਬਾਰ ’ਚ ਬੈਠਦੇ ਸਨ, ਇੱਕੋ ਥਾਲੀ ’ਚ ਖਾਂਦੇ ਸਨ, ਇੱਕੋ ਮਹਾਰਾਜੇ ਦੀਆਂ ਸਿਫ਼ਤਾਂ ਕਰਦੇ ਸਨ, ਉਹੀ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਜਦੋਂ ਘਰ ਦੀਆਂ ਕੰਧਾਂ ਹੀ ਘਰ ਨੂੰ ਢਾਹੁਣ ਲੱਗ ਪੈਣ ਤਾਂ ਬਾਹਰਲੇ ਤੂਫ਼ਾਨਾਂ ਦੀ ਕੀ ਲੋੜ ਰਹਿ ਜਾਂਦੀ ਹੈ? ਪਰ ਗ਼ੱਦਾਰੀ ਸਿਰਫ਼ ਇਤਿਹਾਸ ਦੇ ਮਹਿਲਾਂ ਤੇ ਰਾਜ ਦਰਬਾਰਾਂ ਤੱਕ ਸੀਮਤ ਨਹੀਂ ਰਹੀ। ਅੱਜ ਵੀ ਇਹ ਸਾਡੇ ਘਰਾਂ, ਰਿਸ਼ਤਿਆਂ ਤੇ ਸਮਾਜ ’ਚ ਕਿਸੇ ਨਾ ਕਿਸੇ ਰੂਪ ’ਚ ਮੌਜੂਦ ਹੈ। ਕਈ ਵਾਰ ਭੈਣ-ਭਰਾ ਜਾਇਦਾਦ ਦੇ ਕੁਝ ਟੁਕੜਿਆਂ ਪਿੱਛੇ ਸਾਰੀ ਉਮਰ ਦਾ ਪਿਆਰ ਭੁੱਲ ਜਾਂਦੇ ਹਨ। ਜਿਸ ਭਰਾ ਨਾਲ ਬਚਪਨ ’ਚ ਇੱਕੋ ਥਾਲੀ ’ਚ ਰੋਟੀ ਖਾਧੀ ਹੋਵੇ, ਜਿਸ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ ਹੋਵੇ, ਉਸੇ ਭਰਾ ਨਾਲ ਜ਼ਮੀਨ ਦੇ ਕੁਝ ਮਰਲਿਆਂ ਪਿੱਛੇ ਅਦਾਲਤਾਂ ’ਚ ਲੜਾਈ ਹੁੰਦੀ ਹੈ। ਮਾਂ-ਬਾਪ ਜਿਊਂਦੇ ਜੀਅ ਪੁੱਤਰਾਂ ਨੂੰ ਇਕੱਠੇ ਦੇਖਣ ਲਈ ਤਰਸਦੇ ਰਹਿੰਦੇ ਹਨ ਤੇ ਮਰਨ ਤੋਂ ਬਾਅਦ ਉਨ੍ਹਾਂ ਦੀ ਛੱਡੀ ਜਾਇਦਾਦ ਲਈ ਭਰਾ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਕਿੰਨਾ ਦਰਦ ਹੁੰਦਾ ਹੋਵੇਗਾ ਉਸ ਮਾਂ ਦੇ ਦਿਲ ਨੂੰ, ਜਿਸ ਨੇ ਨੌਂ ਮਹੀਨੇ ਕੁੱਖ ’ਚ ਰੱਖ ਕੇ, ਆਪਣੀ ਨੀਂਦ ਤੇ ਆਪਣਾ ਸੁੱਖ ਕੁਰਬਾਨ ਕਰਕੇ ਬੱਚਿਆਂ ਨੂੰ ਪਾਲ਼ਿਆ ਹੋਵੇ ਪਰ ਬੁਢਾਪੇ ’ਚ ਉਹੀ ਬੱਚੇ ਉਸ ਨੂੰ ਵੰਡ ਕੇ ਰੱਖਣ ਦੀਆਂ ਗੱਲਾਂ ਕਰਨ। ਅੱਜ ਪੰਜਾਬ ਦਾ ਇਕ ਹੋਰ ਦਰਦ ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਕਿੰਨੇ ਹੀ ਨੌਜਵਾਨ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਵਿਦੇਸ਼ਾਂ ’ਚ ਮਿਹਨਤ ਕਰਦੇ ਬਿਤਾ ਦਿੰਦੇ ਹਨ। ਠੰਢੀਆਂ ਰਾਤਾਂ, ਲੰਮੀਆਂ ਸ਼ਿਫ਼ਟਾਂ, ਫੈਕਟਰੀਆਂ ਤੇ ਖੇਤਾਂ ’ਚ ਖ਼ੂਨ-ਪਸੀਨਾ ਕਰ ਕੇ ਕਮਾਈ ਕਰਦੇ ਹਨ। ਹਰ ਮਹੀਨੇ ਪੈਸੇ ਪੰਜਾਬ ਭੇਜਦੇ ਹਨ ਤਾਂ ਜੋ ਘਰ ਦੇ ਚੁੱਲ੍ਹੇ ਬਲ਼ਦੇ ਰਹਿਣ, ਮਾਂ-ਬਾਪ ਦੀਆਂ ਦਵਾਈਆਂ ਆਉਂਦੀਆਂ ਰਹਿਣ ਅਤੇ ਭੈਣ-ਭਰਾਵਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਫ਼ੋਨ ’ਤੇ ਹਰ ਵਾਰ ਇੱਕੋ ਆਵਾਜ਼ ਆਉਂਦੀ ਹੈ, ‘ਪੁੱਤ, ਆਪਣਾ ਖ਼ਿਆਲ ਰੱਖੀਂ, ਇੱਥੇ ਤੇਰੇ ਬਿਨਾਂ ਦਿਲ ਨਹੀਂ ਲੱਗਦਾ। ਛੁੱਟੀ ਲੈ ਕੇ ਪਿੰਡ ਆ ਜਾ।’ ਵਿਦੇਸ਼ ਬੈਠਾ ਪੁੱਤਰ ਵੀ ਇਹੀ ਸੁਪਨਾ ਦੇਖਦਾ ਹੈ ਕਿ ਇਕ ਦਿਨ ਸਭ ਕੁਝ ਛੱਡ ਕੇ ਆਪਣੀ ਮਿੱਟੀ ’ਚ ਵਾਪਸ ਆਵੇਗਾ। ਉਹ ਸੋਚਦਾ ਹੈ ਕਿ ਜਿਨ੍ਹਾਂ ਲਈ ਸਾਰੀ ਉਮਰ ਕਮਾਇਆ, ਹੁਣ ਉਨ੍ਹਾਂ ਦੇ ਨਾਲ ਰਹਿ ਕੇ ਬਾਕੀ ਜ਼ਿੰਦਗੀ ਗੁਜ਼ਾਰੇਗਾ ਪਰ ਜਦੋਂ ਉਹ ਵਾਪਸ ਆਉਣ ਦਾ ਪੱਕਾ ਫ਼ੈਸਲਾ ਕਰ ਲੈਂਦਾ ਹੈ ਤਾਂ ਕਈ ਵਾਰ ਉਸ ਦੇ ਆਪਣੇ ਹੀ ਉਸ ਦੇ ਰਾਹ ’ਚ ਕੰਧ ਬਣ ਕੇ ਖੜ੍ਹੇ ਹੋ ਜਾਂਦੇ ਹਨ। ਕਿਸੇ ਨੂੰ ਜ਼ਮੀਨ ਦੀ ਵੰਡ ਦਾ ਡਰ, ਕਿਸੇ ਨੂੰ ਜਾਇਦਾਦ ਖੁੱਸਣ ਦਾ ਡਰ ਤੇ ਕਿਸੇ ਨੂੰ ਆਪਣੀਆਂ ਸਹੂਲਤਾਂ ਘਟਣ ਦਾ ਡਰ ਸਤਾਉਣ ਲੱਗ ਪੈਂਦਾ ਹੈ। ਫਿਰ ਉਹੀ ਆਪਣਾ, ਜਿਸ ਦੀ ਉਡੀਕ ’ਚ ਕਦੇ ਅੱਖਾਂ ਵਿਛਾਈਆਂ ਜਾਂਦੀਆਂ ਸਨ, ਉਸ ਦੀ ਵਾਪਸੀ ਲਈ ਤਰਕੀਬਾਂ ਲਗਾਈਆਂ ਜਾਂਦੀਆਂ ਨੇ। ਆਖ਼ਰ ਉਹ ਨੌਜਵਾਨ ਆਪਣਾ ਬੈਗ ਚੁੱਕਦਾ ਹੈ, ਹਵਾਈ ਅੱਡੇ ਵੱਲ ਤੁਰ ਪੈਂਦਾ ਹੈ। ਜਹਾਜ਼ ਦੀ ਖਿੜਕੀ ’ਚੋਂ ਜਦੋਂ ਪੰਜਾਬ ਦੀ ਧਰਤੀ ਨਜ਼ਰ ਆਉਂਦੀ ਹੈ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ। ਦਿਲ ਕਰਦਾ ਹੈ ਕਿ ਜਹਾਜ਼ ਰੁਕ ਜਾਵੇ, ਉਹ ਉਤਰ ਕੇ ਆਪਣੀ ਮਾਂ ਦੀ ਗੋਦ ’ਚ ਸਿਰ ਰੱਖ ਲਵੇ, ਆਪਣੇ ਪਿੰਡ ਦੀਆਂ ਗਲੀਆਂ ’ਚ ਘੁੰਮੇ, ਆਪਣੇ ਖੇਤਾਂ ਦੀ ਮਿੱਟੀ ਨੂੰ ਹੱਥ ਲਾਵੇ ਪਰ ਫਿਰ ਉਸ ਨੂੰ ਉਹ ਚਿਹਰੇ ਯਾਦ ਆਉਂਦੇ ਹਨ, ਉਹ ਗੱਲਾਂ ਯਾਦ ਆਉਂਦੀਆਂ ਹਨ ਅਤੇ ਉਹ ਸਾਜ਼ਿਸ਼ਾਂ ਯਾਦ ਆਉਂਦੀਆਂ ਹਨ, ਜਿਨ੍ਹਾਂ ਨੇ ਉਸ ਨੂੰ ਆਪਣੀ ਮਿੱਟੀ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ ਸੀ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦੁਸ਼ਮਣ ਦਾ ਵਾਰ ਸਰੀਰ ਨੂੰ ਜ਼ਖ਼ਮੀ ਕਰਦਾ ਹੈ ਪਰ ਆਪਣੇ ਦਾ ਵਾਰ ਰੂਹ ਨੂੰ ਜ਼ਖ਼ਮੀ ਕਰਦਾ ਹੈ। ਵਿਸ਼ਵਾਸ ਇਕ ਵਾਰ ਟੁੱਟ ਜਾਵੇ ਤਾਂ ਫਿਰ ਇਨਸਾਨ ਨੂੰ ਹਰ ਮੁਸਕਰਾਉਂਦੇ ਚਿਹਰੇ ਪਿੱਛੇ ਵੀ ਕੋਈ ਸਾਜ਼ਿਸ਼ ਨਜ਼ਰ ਆਉਣ ਲੱਗਦੀ ਹੈ। ਉਹ ਹੱਸਦਾ ਤਾਂ ਹੈ ਪਰ ਪਹਿਲਾਂ ਵਰਗਾ ਹਾਸਾ ਨਹੀਂ ਆਉਂਦਾ। ਲੋਕਾਂ ’ਚ ਬੈਠਦਾ ਤਾਂ ਹੈ, ਪਰ ਕਿਸੇ ਨੂੰ ਦਿਲ ਦੀ ਗੱਲ ਨਹੀਂ ਦੱਸ ਸਕਦਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਨ ਦੀ ਅਸਲ ਪਛਾਣ ਉਸ ਦੀ ਦੌਲਤ ਜਾਂ ਤਾਕਤ ਨਹੀਂ, ਸਗੋਂ ਉਸ ਦੀ ਵਫ਼ਾਦਾਰੀ ਹੈ। ਸਵਾਲ ਇਹ ਹੈ ਕਿ ਜੇਕਰ ਪੰਛੀ ਆਪਣਾ ਆਲ੍ਹਣਾ ਹੀ ਛੱਡ ਦੇਣਗੇ ਤਾਂ ਫਿਰ ਖਾਲੀ ਆਲ੍ਹਣਿਆਂ ’ਚ ਕੌਣ ਰਹੇਗਾ ?
ਯਾਦ ਰੱਖਿਓ! ਦੁਸ਼ਮਣ ਨਾਲ ਲੜ ਕੇ ਹਾਰ ਜਾਣ ਵਾਲਾ ਇਨਸਾਨ ਸ਼ਾਇਦ ਜਿਊਂਦਾ ਰਹਿ ਜਾਵੇ ਪਰ ਆਪਣਿਆਂ ਦੀ ਗ਼ੱਦਾਰੀ ਨਾਲ਼ ਟੁੱਟਿਆ ਇਨਸਾਨ ਅੰਦਰੋਂ ਮਰ ਜਾਂਦਾ ਹੈ।
-ਸੰਪਰਕ : 9878608791