
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰੂ ਕੇ ਬਾਗ ’ਚ ਸ਼ਾਂਤਮਈ ਅਕਾਲੀ ਅੰਦੋਲਨ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਨ੍ਹਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਅਖ਼ਤਿਆਰ ਕੀਤਾ। ਉਸ ਸਮੇਂ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ’ਚ ਇਨਕਲਾਬੀ ਦੇਸ਼ ਭਗਤਾਂ ਨੇ ‘ਚੱਕਰਵਰਤੀ ਜਥਾ’ ਬਣਾ ਕੇ ਜਲੰਧਰ ਇਲਾਕੇ ’ਚ ਬਰਤਾਨਵੀ ਸਰਕਾਰ ਤੇ ਉਸ ਦੇ ਹੱਥਠੋਕੇ ਸਰਕਾਰ ਪ੍ਰਸਤਾਂ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਭਾਈ ਕਰਮ ਸਿੰਘ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁਕੜੁਦੀ, ਹਰੀ ਸਿੰਘ ਸੂੰਢ ਤੇ ਕਰਮ ਸਿੰਘ ਝਿੰਗੜ ਅਤੇ ਹੋਰ ਸਾਥੀਆਂ ਨਾਲ਼ ਮਿਲ਼ ਕੇ ਇਹੀ ਸੰਘਰਸ਼ ਬੰਗਾ, ਨਵਾਂ ਸ਼ਹਿਰ ਤੇ ਮਾਹਿਲਪੁਰ ਦੇ ਇਲਾਕਿਆਂ ’ਚ ਵਿੱਢਿਆ ਹੋਇਆ ਸੀ।

ਭਾਈ ਕਰਮ ਸਿੰਘ ਦੌਲਤਪੁਰ ਕੈਨੇਡਾ ਦੇ ਉੱਘੇ ਗ਼ਦਰੀ ਦੇਸ਼ ਭਗਤ ਸਨ ਜਿਹੜੇ ਦੂਸਰੇ ਗ਼ਦਰੀ ਬਾਬਿਆਂ ਵਾਂਗ ਵਿਕਸਤ ਦੇਸ਼ ਦੇ ਖੁਸ਼ਹਾਲ ਜੀਵਨ -ਜਿਸ ’ਚ ਘਰ ਬਾਹਰ ਜ਼ਮੀਨ ਜਾਇਦਾਦ ਸ਼ਾਮਿਲ ਸਨ, ਦਾ ਮੋਹ ਤਿਆਗ ਕੇ 1914 ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਵਤਨ ਵਾਪਸ ਆ ਕੇ ਹਥਿਆਰਬੰਦ ਇਨਕਲਾਬ ਦੇ ਸੰਘਰਸ਼ ’ਚ ਕੁੱਦ ਪਏ ਸਨ। ਕਰਮ ਸਿੰਘ ਦੌਲਤਪੁਰ ਦਾ ਜਨਮ 1880 ਨੂੰ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਨੱਥਾ ਸਿੰਘ ਥਾਂਦੀ ਦੇ ਘਰ ਮਾਤਾ ਦੁੱਲੀ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਅੱਠ ਸਾਲ ਦੇ ਕਰੀਬ ਫ਼ੌਜ ’ਚ ਨੌਕਰੀ ਕਰਨ ਉਪਰੰਤ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਪ੍ਰਭਾਵ ਸਦਕਾ ਉਹ ਪਿੰਡ ’ਚ ਹੀ ਭੋਰਾ ਪੁੱਟ ਕੇ ਪ੍ਰਭੂ ਭਗਤੀ ’ਚ ਲੀਨ ਰਹਿਣ ਲੱਗ ਪਏ। ਉਨ੍ਹਾਂ ਦੀ ਇਸ ਰੁਚੀ ਬਾਰੇ ਜਾਣ ਕੇ ਉਨ੍ਹਾਂ ਦੇ ਕੈਨੇਡਾ ਰਹਿੰਦੇ ਚਾਚਾ ਵਰਿਆਮ ਸਿੰਘ ਤੇ ਭਰਾ ਹਰੀ ਸਿੰਘ ਨੇ ਆਪਣੇ ਕੋਲ ਵੈਨਕੂਵਰ ਦੇ ਨਜ਼ਦੀਕ ਐਬਟਸਫੋਰਡ ਬੁਲਾ ਲਿਆ। ਏਥੇ ਉਹ ਸੰਤ ਤੇਜਾ ਸਿੰਘ ਦੀ ‘ਗੁਰੂ ਨਾਨਕ ਮਾਈਨਿੰਗ ਐਂਡ ਟ੍ਰਸਟ ਕੰਪਨੀ’ ’ਚ ਹਿੱਸੇਦਾਰ ਸਨ। ਕੈਨੇਡਾ ’ਚ ਭਾਈ ਕਰਮ ਸਿੰਘ ਨਸਲੀ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਰਤੀਆਂ ਨਾਲ ਜੁੜ ਗਏ। ਜਦੋਂ 1913 ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਦੌਲਤਪੁਰ ਨੇ ਵੀ ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨਾਲ ਇਸ ਦਾ ਹਿੱਸਾ ਬਣ ਕੇ ਸਰਗਰਮੀ ਨਾਲ ਕੰਮ ਅਰੰਭਿਆ। ਉਹ 1914 ’ਚ ਦੂਸਰੇ ਗ਼ਦਰੀ ਆਗੂਆਂ ਸਣੇ ਭਾਰਤ ਪਰਤ ਆਏ। ਖੁਫ਼ੀਆ ਰਿਪੋਰਟ ਦੇ ਆਧਾਰ ’ਤੇ ਸਰਕਾਰ ਨੇ ਉਨ੍ਹਾਂ ਨੂੰ ਪਿੰਡ ਦੌਲਤਪੁਰ ’ਚ 1918 ਤੱਕ ਜੂਹਬੰਦ ਕਰੀ ਰੱਖਿਆ। ਜੂਹਬੰਦੀ ਖ਼ਤਮ ਹੋਣ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਨਨਕਾਣਾ ਸਾਹਿਬ ਗਏ ਜਿੱਥੇ ਸਰਕਾਰ ਦੀ ਸ਼ਹਿ ’ਤੇ ਮਹੰਤ ਨਾਰਾਇਣ ਦਾਸ ਨੇ ਸ਼ਰਧਾਲੂ ਸੰਗਤਾਂ ਤੇ ਸਿੱਖ ਆਗੂ ਭਾਈ ਲਛਮਣ ਸਿੰਘ ਨੂੰ ਘੇਰ ਕੇ ਕਤਲ ਕਰ ਦਿੱਤਾ ਸੀ, ਜਿਸ ਭਿਅੰਕਰ ਘਟਨਾ ਨੂੰ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਜੋਂ ਯਾਦ ਕੀਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਨੇ ਅੰਮ੍ਰਿਤ ਛਕ ਕੇ ਆਪਣਾ ਨਾਂ ਨਰੈਣ ਸਿੰਘ ਤੋਂ ਕਰਮ ਸਿੰਘ ਰੱਖ ਲਿਆ ਤੇ ਗੁਰਦੁਆਰਾ ਸੁਧਾਰ ਲਹਿਰ ’ਚ ਕੁੱਦਣ ਦਾ ਫ਼ੈਸਲਾ ਕਰ ਲਿਆ। ਗੁਰੂ ਕੇ ਬਾਗ ’ਚ ਸ਼ਾਂਤਮਈ ਅਕਾਲੀ ਅੰਦੋਲਨ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਨ੍ਹਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਅਖ਼ਤਿਆਰ ਕੀਤਾ। ਉਸ ਸਮੇਂ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ’ਚ ਇਨਕਲਾਬੀ ਦੇਸ਼ ਭਗਤਾਂ ਨੇ ‘ਚੱਕਰਵਰਤੀ ਜਥਾ’ ਬਣਾ ਕੇ ਜਲੰਧਰ ਇਲਾਕੇ ’ਚ ਬਰਤਾਨਵੀ ਸਰਕਾਰ ਤੇ ਉਸ ਦੇ ਹੱਥਠੋਕੇ ਸਰਕਾਰ ਪ੍ਰਸਤਾਂ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਭਾਈ ਕਰਮ ਸਿੰਘ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁਕੜੁਦੀ, ਹਰੀ ਸਿੰਘ ਸੂੰਢ ਤੇ ਕਰਮ ਸਿੰਘ ਝਿੰਗੜ ਅਤੇ ਹੋਰ ਸਾਥੀਆਂ ਨਾਲ਼ ਮਿਲ਼ ਕੇ ਇਹੀ ਸੰਘਰਸ਼ ਬੰਗਾ, ਨਵਾਂ ਸ਼ਹਿਰ ਤੇ ਮਾਹਿਲਪੁਰ ਦੇ ਇਲਾਕਿਆਂ ’ਚ ਵਿੱਢਿਆ ਹੋਇਆ ਸੀ। ਕਰਮ ਸਿੰਘ ਨੇ ਆਪਣੇ ਸੰਘਰਸ਼ ਦੇ ਪ੍ਰਚਾਰ ਲਈ ਗ਼ਦਰ ਪਾਰਟੀ ਦੇ ਪਰਚੇ ‘ਗ਼ਦਰ’ ਦੀ ਤਰਜ਼ ’ਤੇ ਇਕ ਅਖ਼ਬਾਰ ‘ਬੱਬਰ ਅਕਾਲੀ ਦੁਆਬਾ’ ਪ੍ਰਕਾਸ਼ਿਤ ਕਰਨਾ ਆਰੰਭ ਕੀਤਾ ਜਿਸ ਨੂੰ ਉਹ ਪਹਿਲਾਂ ‘ਸਫ਼ਰੀ’ ਤੇ ਬਾਅਦ ’ਚ ‘ਉਡਾਰੂ ਪ੍ਰੈੱਸ’ ਨਾਮ ਤਹਿਤ ਛਾਪਦੇ ਰਹੇ। ਕਰਮ ਸਿੰਘ ਨੇ ਪਰਚੇ ਦੇ ਪ੍ਰਕਾਸ਼ਨ ਲਈ ਪਿੰਡ ਬਛੌੜੀ ਦੇ ਨੰਬਰਦਾਰ ਰਾਮ ਦਿੱਤਾ ਤੋਂ ਸਰਕਾਰੀ ਮਾਲੀਏ ਦੇ ਪੈਸੇ ਖੋਹ ਕੇ ਸਾਈਕਲੋ ਸਟਾਈਲ ਮਸ਼ੀਨ ਖਰੀਦ ਕੇ 22 ਅਗਸਤ 1922 ਨੂੰ ਪਹਿਲਾ ਅੰਕ ਪ੍ਰਕਾਸ਼ਿਤ ਕਰਕੇ ਦੇਸ਼ ਭਗਤਾਂ ਦੀ ਮੁਖਬਰੀ ਕਰਨ ਵਾਲੇ ਝੋਲ਼ੀ ਚੁੱਕਾਂ ਨੂੰ ਵਰਜਦਿਆਂ ਲਿਖਿਆ ਕਿ ਅੱਗੇ ਤੋਂ ਇਸ ਕੁਕਰਮ ਦੀ ਸਜ਼ਾ ਮੌਤ ਹੋਵੇਗੀ। ਪਰਚੇ ਦੇ ਮਈ 1923 ਤੱਕ 15 ਅੰਕ ਪ੍ਰਕਾਸ਼ਨ ਹੋਏ। ਭਾਈ ਸਾਹਿਬ ਦੇ ਇਸ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮਿਲ ਕੇ ਸਾਂਝੇ ਸੰਘਰਸ਼ ਦੀ ਵਿਓਂਤਬੰਦੀ ਕਰਨ ਦਾ ਮਨ ਬਣਾਇਆ। ਭਾਈ ਸਾਹਿਬ ਦੇ ਸਾਥੀ ਆਸਾ ਸਿੰਘ ਭੁਕੜੁਦੀ ਨੇ ਗੜਗੱਜ ਦੀ ਇਸ ਇੱਛਾ ’ਤੇ ਉਨ੍ਹਾਂ ਨੂੰ ਕਰਮ ਸਿੰਘ ਨਾਲ ਮਿਲਵਾਇਆ। ਚਕਰਵਰਤੀ ਜੱਥਾ ਭਾਈ ਦੌਲਤਪੁਰ ਦੀ ਲਹਿਰ ’ਚ ਮਿਲਾ ਕੇ ਇਸ ਦਾ ਨਾਮ ਬੱਬਰ ਅਕਾਲੀ ਜਥਾ ਰੱਖ ਲਿਆ। ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਿਆਂ ਨੂੰ ਵੱਡੇ-ਵੱਡੇ ਲਾਲਚਾਂ ਦੀ ਪੇਸ਼ਕਸ਼ ’ਚ ਅਨੂਪ ਸਿੰਘ ਫਸ ਗਿਆ। ਉਸ ਨੇ 31 ਅਗਸਤ ਤੇ 1 ਸਤੰਬਰ 1923 ਵਿਚਲੀ ਰਾਤ ਨੂੰ ਭਾਈ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਖ਼ਬਰ ਪੁਲਿਸ ਨੂੰ ਪਹੁੰਚਾ ਕੇ ਉਨ੍ਹਾਂ ਨੂੰ ਘੇਰਾ ਪਵਾ ਦਿੱਤਾ। ਪਹਿਲੀ ਸਤੰਬਰ ਨੂੰ ਸਵੇਰੇ ਤੜਕੇ ਇਹ ਚਾਰੇ ਦੇਸ਼ ਭਗਤ ਮੁਕਾਬਲਾ ਕਰਦੇ ਹੋਏ ਫਗਵਾੜੇ ਕੋਲ ਬਬੇਲੀ ਪਿੰਡ ’ਚ ਸ਼ਹਾਦਤ ਦਾ ਪੀ ਗਏ।
-ਡਾ.ਗੋਪਾਲ ਸਿੰਘ ਬੁੱਟਰ, ਸੰਪਰਕ : 9915005814