- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਬੇ ਦੀ ਰਫ਼ਤਾਰ ਬੇਹੱਦ ਤੇਜ਼ ਸੀ ਅਤੇ ਇਹ ਘਟਨਾਸਥਲ ਤੋਂ 22 ਕਿਲੋਮੀਟਰ ਦੂਰ ਰਾਸੁਵਾਗਾਧੀ ਤੱਕ ਸੱਤ ਮਿੰਟ ਤੋਂ ਥੋੜ੍ਹੇ ਵੱਧ ਸਮੇਂ ’ਚ ਪਹੁੰਚ ਗਿਆ। ਇਸ ਘਟਨਾ ਦਾ ਪ੍ਰਭਾਵ ਕਰੀਬ ਸੌ ਕਿਲੋਮੀਟਰ ਤੱਕ ਦੇਖਿਆ ਗਿਆ। ਮੁੱਢਲੇ ਅਨੁਮਾਨ ਮੁਤਾਬਕ ਪ੍ਰਭਾਵਿਤ ਖੇਤਰਾਂ ’ਚ ਲਗਭਗ 22 ਲੱਖ ਟਨ ਮਲਬਾ ਮੌਜੂਦ ਹੈ। ਮ੍ਰਿਤਕਾਂ ਤੇ ਲਾਪਤਾ ਲੋਕਾਂ ਦੀ ਗਿਣਤੀ ਹਾਲੇ ਵੀ ਬਦਲ ਰਹੀ ਹੈ। ਜਿੱਥੋਂ ਤੱਕ ਦੂਸਰੇ ਨੁਕਸਾਨਾਂ ਦਾ ਸਵਾਲ ਹੈ, ਸ਼ੁਰੂਆਤੀ ਸਰਕਾਰੀ ਅੰਕੜਿਆਂ ਅਨੁਸਾਰ ਦਰਜਨਾਂ ਪੁਲ ਅਤੇ ਲਗਭਗ 40 ਕਿਲੋਮੀਟਰ ਸੜਕਾਂ ਤਬਾਹ ਜਾਂ ਨੁਕਸਾਨੀ ਹੋਈਆਂ।

ਗੁਰ ਕ੍ਰਿਪਾਲ ਸਿੰਘ ਅਸ਼ਕ
ਨੇਪਾਲ ’ਚ ਕੁਝ ਦਿਨ ਪਹਿਲਾਂ ਬਰਫ਼-ਚੱਟਾਨ ਦੇ ਵਿਸ਼ਾਲ ਹਿੱਸੇ ਦੇ ਢਹਿ ਕੇ ਹੇਠਾਂ ਆਉਣ ਨਾਲ ਪੈਦਾ ਹੋਏ ਮਲਬੇ ਦੇ ਤਬਾਹਕਾਰੀ ਹੜ੍ਹ ਨੇ ਇਕ ਵਾਰ ਫਿਰ ਪੂਰੀ ਦੁਨੀਆ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਹਿਮਾਲਿਆ ਵਰਗੇ ਨਾਜ਼ੁਕ ਪਹਾੜੀ ਖੇਤਰਾਂ ’ਚ ਵਾਤਾਵਰਣ ਸੁਰੱਖਿਆ ਅਤੇ ਕੁਦਰਤੀ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ ਵਿਕਾਸ ਆਖ਼ਰਕਾਰ ਮਨੁੱਖੀ ਜਾਨਾਂ ਤੇ ਬੁਨਿਆਦੀ ਢਾਂਚੇ ਲਈ ਵੱਡਾ ਜੋਖ਼ਮ ਬਣ ਸਕਦਾ ਹੈ। ਅਸੀਂ ਪਹਿਲਾਂ ਹੋਈਆਂ ਤਬਾਹੀਆਂ ਤੋਂ ਕੋਈ ਸਬਕ ਨਹੀਂ ਲੈ ਰਹੇ।
ਤ੍ਰਾਸਦੀ ਤਾਂ ਇਹ ਹੈ ਕਿ ਧਰਤੀ ਦੇ ਔਸਤ ਤਾਪਮਾਨ ’ਚ ਲਗਾਤਾਰ ਹੋ ਰਹੇ ਵਾਧੇ, ਜਿਸ ਨੂੰ ਗਲੋਬਲ ਵਾਰਮਿੰਗ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ’ਚ ਨਾਮਾਤਰ ਯੋਗਦਾਨ ਪਾਉਣ ਵਾਲੇ ਦੇਸ਼ ਵੀ ਜਲਵਾਯੂ ਤਬਦੀਲੀ ਦੇ ਗੰਭੀਰ ਪ੍ਰਭਾਵ ਝੱਲ ਰਹੇ ਹਨ। ਗਲੋਬਲ ਵਾਰਮਿੰਗ ਮੁੱਖ ਤੌਰ ’ਤੇ ਮਨੁੱਖੀ ਗਤੀਵਿਧੀਆਂ ਕਾਰਨ ਵਾਯੂਮੰਡਲ ’ਚ ਗ੍ਰੀਨਹਾਊਸ ਗੈਸਾਂ, ਜਿਵੇਂ ਕਾਰਬਨ ਡਾਈਆਕਸਾਈਡ, ਮੀਥੇਨ, ਨਾਈਟ੍ਰਸ ਆਕਸਾਈਡ ਦੇ ਜਮ੍ਹਾਂ ਹੋਣ ਨਾਲ ਹੁੰਦੀ ਹੈ। ਸੂਰਜ ਦੀਆਂ ਕਿਰਨਾਂ ਧਰਤੀ ਨੂੰ ਗਰਮ ਕਰਦੀਆਂ ਹਨ। ਧਰਤੀ ਇਸ ਗਰਮੀ ਦਾ ਕੁਝ ਹਿੱਸਾ ਵਾਪਸ ਪੁਲਾੜ ’ਚ ਛੱਡਦੀ ਹੈ ਪਰ ਵਾਯੂਮੰਡਲ ’ਚ ਮੌਜੂਦ ਇਹ ਗ੍ਰੀਨਹਾਊਸ ਗੈਸਾਂ ਧਰਤੀ ਤੋਂ ਪੁਲਾੜ ਵੱਲ ਜਾਣ ਵਾਲੀ ਗਰਮੀ ਦਾ ਕੁਝ ਹਿੱਸਾ ਸੋਖ ਕੇ ਮੁੜ ਵਾਤਾਵਰਣ ਵੱਲ ਭੇਜਦੀਆਂ ਹਨ, ਜਿਸ ਨਾਲ ਧਰਤੀ ਦਾ ਔਸਤ ਤਾਪਮਾਨ ਵਧਦਾ ਹੈ। ਬਿਜਲੀ ਬਣਾਉਣ, ਫੈਕਟਰੀਆਂ ਚਲਾਉਣ ਅਤੇ ਵਾਹਨਾਂ ’ਚ ਤੇਲ-ਕੋਲਾ ਬਾਲਣ ਨਾਲ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ।
ਜੰਗਲਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਦਰੱਖਤ ਹਵਾ ’ਚੋਂ ਕਾਰਬਨ ਡਾਈਆਕਸਾਈਡ ਸੋਖਦੇ ਹਨ। ਜੰਗਲਾਂ ਦੇ ਕੱਟਣ ਨਾਲ ਕਾਰਬਨ ਸੋਖਣ ਦੀ ਸਮਰੱਥਾ ਘਟਦੀ ਹੈ। ਇਸ ਤੋਂ ਇਲਾਵਾ ਝੋਨੇ ਦੀ ਖੇਤੀ ਅਤੇ ਦੁਧਾਰੂ ਪਸ਼ੂਆਂ ਦੇ ਪਾਚਨ ਤੰਤਰ ’ਚੋਂ ਵੱਡੀ ਮਾਤਰਾ ’ਚ ਮੀਥੇਨ ਗੈਸ ਨਿਕਲਦੀ ਹੈ। ਸੰਯੁਕਤ ਰਾਸ਼ਟਰ ਦੀ ਜਲਵਾਯੂ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ ਦੀ ਛੇਵੀਂ ਮੁਲਾਂਕਣ ਰਿਪੋਰਟ ਮੁਤਾਬਕ ਪਿਛਲੇ 100 ਸਾਲ ਦੇ ਪੈਮਾਨੇ ’ਤੇ ਮੀਥੇਨ ਕਾਰਬਨ ਡਾਈਆਕਸਾਈਡ ਨਾਲੋਂ ਲਗਭਗ 27–30 ਗੁਣਾ ਅਤੇ 20 ਸਾਲ ਦੇ ਪੈਮਾਨੇ ’ਤੇ ਲਗਭਗ 81–83 ਗੁਣਾ ਗਰਮੀ ਵਧਾਉਣ ਦੀ ਸਮਰੱਥਾ ਰੱਖਦੀ ਹੈ। ਵਾਤਾਵਰਣ ਤੇ ਕੁਦਰਤੀ ਆਫ਼ਤਾਂ ਦੇ ਸੰਦਰਭ ’ਚ ਨੇਪਾਲ ਤੇ ਭੁਟਾਨ ਦੀ ਤ੍ਰਾਸਦੀ ਇਹ ਹੈ ਕਿ ਭੁਟਾਨ ਦੁਨੀਆ ਦਾ ਪਹਿਲਾ ‘ਕਾਰਬਨ ਨੈਗੇਟਿਵ’ ਦੇਸ਼ ਹੋਣ ਅਤੇ ਨੇਪਾਲ ਦੇ ਘੱਟ ਨਿਕਾਸ ਦੇ ਬਾਵਜੂਦ, ਦੋਵੇਂ ਗਲੋਬਲ ਗ੍ਰੀਨਹਾਊਸ ਗੈਸਾਂ ਦੇ ਪ੍ਰਭਾਵਾਂ ਦੀ ਕੀਮਤ ਜਾਨਾਂ ਅਤੇ ਵਾਤਾਵਰਣ ਦੀ ਤਬਾਹੀ ਰਾਹੀਂ ਚੁਕਾ ਰਹੇ ਹਨ। ਨੇਪਾਲ ’ਚ ਇਸੇ 26 ਅਗਸਤ ਨੂੰ ਲੈਂਗਟਾਂਗ ਲਿਰੁੰਗ ਦੇ ਉੱਤਰੀ ਪਾਸੇ ਰਾਸੁਵਾ ਵਿਖੇ ਬਰਫ਼ ਤੇ ਚੱਟਾਨਾਂ ਢਹਿਣ ਨਾਲ ਘਟਨਾਵਾਂ ਦੀ ਲੜੀ ਸ਼ੁਰੂ ਹੋਈ। ਭਾਰੀ ਮਲਬਾ ਅਤੇ ਪਾਣੀ ਹੇਠਾਂ ਵਗਿਆ ਅਤੇ ਭੋਟੇ ਕੋਸ਼ੀ-ਤ੍ਰਿਸ਼ੂਲੀ ਘਾਟੀ ’ਚ ਵਿਨਾਸ਼ਕਾਰੀ ਹੜ੍ਹ ਆਇਆ।
ਮਲਬੇ ਦੀ ਰਫ਼ਤਾਰ ਬੇਹੱਦ ਤੇਜ਼ ਸੀ ਅਤੇ ਇਹ ਘਟਨਾਸਥਲ ਤੋਂ 22 ਕਿਲੋਮੀਟਰ ਦੂਰ ਰਾਸੁਵਾਗਾਧੀ ਤੱਕ ਸੱਤ ਮਿੰਟ ਤੋਂ ਥੋੜ੍ਹੇ ਵੱਧ ਸਮੇਂ ’ਚ ਪਹੁੰਚ ਗਿਆ। ਇਸ ਘਟਨਾ ਦਾ ਪ੍ਰਭਾਵ ਕਰੀਬ ਸੌ ਕਿਲੋਮੀਟਰ ਤੱਕ ਦੇਖਿਆ ਗਿਆ। ਮੁੱਢਲੇ ਅਨੁਮਾਨ ਮੁਤਾਬਕ ਪ੍ਰਭਾਵਿਤ ਖੇਤਰਾਂ ’ਚ ਲਗਭਗ 22 ਲੱਖ ਟਨ ਮਲਬਾ ਮੌਜੂਦ ਹੈ। ਮ੍ਰਿਤਕਾਂ ਤੇ ਲਾਪਤਾ ਲੋਕਾਂ ਦੀ ਗਿਣਤੀ ਹਾਲੇ ਵੀ ਬਦਲ ਰਹੀ ਹੈ। ਜਿੱਥੋਂ ਤੱਕ ਦੂਸਰੇ ਨੁਕਸਾਨਾਂ ਦਾ ਸਵਾਲ ਹੈ, ਸ਼ੁਰੂਆਤੀ ਸਰਕਾਰੀ ਅੰਕੜਿਆਂ ਅਨੁਸਾਰ ਦਰਜਨਾਂ ਪੁਲ ਅਤੇ ਲਗਭਗ 40 ਕਿਲੋਮੀਟਰ ਸੜਕਾਂ ਤਬਾਹ ਜਾਂ ਨੁਕਸਾਨੀ ਹੋਈਆਂ। ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਹਿਮਾਲਿਆ ’ਚ ਤਾਪਮਾਨ ਵਧਣ ਅਤੇ ਗਲੇਸ਼ੀਅਰਾਂ ਦੇ ਪਿੱਛੇ ਹਟਣ ਨਾਲ ਕਈ ਥਾਵਾਂ ’ਤੇ ਕੁਦਰਤੀ ਰੁਕਾਵਟਾਂ ਦੇ ਪਿੱਛੇ ਪਾਣੀ ਇਕੱਠਾ ਹੋ ਕੇ ਗਲੇਸ਼ੀਅਰ ਝੀਲਾਂ ਬਣ ਸਕਦੀਆਂ ਹਨ। ਜਿੱਥੇ ਪਰਮਾ-ਫਰੌਸਟ ਜਾਂ ਲੰਬੇ ਸਮੇਂ ਤੱਕ ਜੰਮੀ ਜ਼ਮੀਨ ਮੌਜੂਦ ਰਹਿੰਦੀ ਹੈ, ਉੱਥੇ ਬਰਫ਼ ਪਿਘਲਣ ਅਤੇ ਤਾਪਮਾਨ ਵਧਣ ਨਾਲ ਢਲਾਣਾਂ ਦੀ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਕਰਕੇ ਉੱਪਰੋਂ ਬਰਫ਼ ਜਾਂ ਚੱਟਾਨਾਂ ਝੀਲ ’ਚ ਡਿੱਗਣ, ਭਾਰੀ ਮੀਂਹ ਜਾਂ ਝੀਲ ’ਚ ਪਾਣੀ ਦਾ ਪੱਧਰ ਬਹੁਤ ਵਧ ਜਾਣ ਵਰਗੇ ਕਾਰਨਾਂ ਨਾਲ ਕੁਦਰਤੀ ਬੰਨ੍ਹ ਟੁੱਟ ਸਕਦਾ ਹੈ ਅਤੇ ਝੀਲ ਦਾ ਪਾਣੀ ਅਚਾਨਕ ਹੇਠਾਂ ਵਗ ਸਕਦਾ ਹੈ। ਇਸ ਨੂੰ ਗਲੇਸ਼ੀਅਲ ਲੇਕ ਆਉਟਬਰਸਟ ਫਲੱਡ (ਗਲੋਫ) ਕਿਹਾ ਜਾਂਦਾ ਹੈ ਪਰ ਨੇਪਾਲ ਚੀਨ ਸਰਹੱਦ ਤੇ ਰਾਸੁਵਾ ਦੀ 26 ਅਗਸਤ ਦੀ ਘਟਨਾ ਨੂੰ ਤਕਨੀਕੀ ਤੌਰ ’ਤੇ ਗਲੋਫ ਕਹਿਣਾ ਠੀਕ ਨਹੀਂ ਹੋਵੇਗਾ। ਮੁੱਢਲੇ ਵਿਗਿਆਨਕ ਸਬੂਤ ਇਸ ਨੂੰ ਬਰਫ਼-ਚੱਟਾਨ ਦੇ ਵਿਸ਼ਾਲ ਹਿੱਸੇ ਦੇ ਡਿੱਗਣ ਨਾਲ ਸ਼ੁਰੂ ਹੋਈ ਲੜੀਵਾਰ ਤਬਾਹੀ ਵਜੋਂ ਦਰਸਾਉਂਦੇ ਹਨ। ਇਸ ’ਚ ਮਲਬੇ ਨੇ ਲਹੇਂਦੇ ਖੋਲਾ ਨੂੰ ਅਸਥਾਈ ਤੌਰ ’ਤੇ ਰੋਕਿਆ ਅਤੇ ਬਾਅਦ ’ਚ ਉਸ ਰੁਕਾਵਟ ਦੇ ਟੁੱਟਣ ਨਾਲ ਮਲਬੇ ਦਾ ਭਿਆਨਕ ਹੜ੍ਹ ਆਇਆ। ਤਕਨੀਕੀ ਤੌਰ ’ਤੇ ਦੋਵਾਂ ’ਚ ਫਰਕ ਹੈ ਪਰ ਨਤੀਜੇ ਜਾਨ ਅਤੇ ਮਾਲ ਦੇ ਨੁਕਸਾਨ ਦੇ ਰੂਪ ’ਚ ਹੀ ਸਾਹਮਣੇ ਆਉਂਦੇ ਹਨ।
ਭਾਰਤੀ ਹਿਮਾਲਿਆ ਦੇ ਕਈ ਖੇਤਰ ਗਲੇਸ਼ੀਅਰਾਂ ਦੇ ਪਿੱਛੇ ਹਟਣ, ਵਧਦੀਆਂ ਝੀਲਾਂ, ਅਸਥਿਰ ਢਲਾਣਾਂ ਅਤੇ ਗਲੋਫ ਸਮੇਤ ਗਲੇਸ਼ੀਅਰ-ਚੱਟਾਨ ਸਰਕਣ ਦੇ ਖ਼ਤਰਿਆਂ ਲਈ ਸੰਵੇਦਨਸ਼ੀਲ ਹਨ। ਇਸਰੋ ਦੇ ਸਰਵੇਖਣ ਅਨੁਸਾਰ 2016–17 ’ਚ ਪਛਾਣੀਆਂ ਗਈਆਂ 10 ਹੈਕਟੇਅਰ ਤੋਂ ਵੱਡੀਆਂ 2,431 ਗਲੇਸ਼ੀਅਰ ਝੀਲਾਂ ’ਚੋਂ 676 ਦੇ ਖੇਤਰਫਲ ’ਚ 1984 ਤੋਂ ਬਾਅਦ ਮਹੱਤਵਪੂਰਨ ਵਾਧਾ ਹੋਇਆ ਹੈ, ਇਨ੍ਹਾਂ ’ਚੋਂ 130 ਝੀਲਾਂ ਭਾਰਤ ਦੇ ਅੰਦਰ ਹਨ। ਹਿਮਾਚਲ ਦੀ ਘੇਪਾਂਗ ਘਾਟ ਝੀਲ 1989 ਤੋਂ 2022 ਤੱਕ 36.49 ਤੋਂ ਵਧ ਕੇ 101.30 ਹੈਕਟੇਅਰ ਹੋ ਗਈ-ਲਗਭਗ 178 % ਵਾਧਾ। ਲੱਦਾਖ, ਜੰਮੂ-ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਵੀ ਸੰਵੇਦਨਸ਼ੀਲ ਹਨ। ਅਰੁਣਾਚਲ ’ਚ ਗਲੇਸ਼ੀਅਰ ਤੇ ਉੱਚ-ਪਹਾੜੀ ਢਲਾਣਾਂ ਨਾਲ ਸਬੰਧਤ ਘਟਨਾਵਾਂ ਸਿਆਂਗ/ਬ੍ਰਹਮਪੁੱਤਰ ਪ੍ਰਣਾਲੀ ’ਚ ਅਚਾਨਕ ਹੜ੍ਹਾਂ ਦਾ ਖ਼ਤਰਾ ਵਧਾ ਸਕਦੀਆਂ ਹਨ। ਇਸੇ ਤਰ੍ਹਾਂ ਪੱਛਮੀ ਹਿਮਾਲਿਆ ’ਚ ਅਜਿਹੀਆਂ ਘਟਨਾਵਾਂ ਸਤਲੁਜ, ਬਿਆਸ, ਰਾਵੀ ਅਤੇ ਹੋਰ ਦਰਿਆਈ ਪ੍ਰਣਾਲੀਆਂ ਰਾਹੀਂ ਹੇਠਲੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਸਤਲੁਜ ਦਾ ਉੱਪਰੀ ਕੈਚਮੈਂਟ ਤਿੱਬਤ ਤੇ ਹਿਮਾਚਲ ਦੇ ਉੱਚ ਹਿਮਾਲਿਆਈ ਖੇਤਰਾਂ ਤੱਕ ਫੈਲਿਆ ਹੋਣ ਕਾਰਨ ਉੱਥੇ ਬਰਫ਼-ਚੱਟਾਨ ਦੇ ਵੱਡੇ ਪੱਧਰ ਤੇ ਖਿਸਕਣ, ਗਲੋਫ ਜਾਂ ਬੇਹੱਦ ਜ਼ਿਆਦਾ ਮੀਂਹ ਵਰਗੀਆਂ ਘਟਨਾਵਾਂ ਕਾਰਨ ਪਾਣੀ ਅਤੇ ਮਲਬਾ ਹੇਠਲੇ ਡੈਮਾਂ ਲਈ ਮਹੱਤਵਪੂਰਨ ਖ਼ਤਰਾ ਬਣ ਸਕਦਾ ਹੈ।
ਇਸ ਲਈ ਭਾਖੜਾ-ਗੋਬਿੰਦ ਸਾਗਰ ਸਮੇਤ ਸਤਲੁਜ ਦੇ ਇਸ ਪੂਰੇ ਇਲਾਕੇ ਲਈ ਹਰ ਤਰ੍ਹਾਂ ਦੇ ਖ਼ਤਰੇ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਮਾਹਿਰਾਂ ਮੁਤਾਬਕ ਇਸ ਤਰਾਂ ਦੀ ਤਬਾਹੀ ਤੋਂ ਬਚਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਸੰਵੇਦਨਸ਼ੀਲ ਗਲੇਸ਼ੀਅਰ ਝੀਲਾਂ 'ਤੇ ਸੈਂਸਰ ਅਤੇ ਸੈਟੇਲਾਈਟ ਆਧਾਰਿਤ ਨਿਗਰਾਨੀ ਸਿਸਟਮ ਲਗਾਏ ਜਾਣ। ਖ਼ਤਰਨਾਕ ਝੀਲਾਂ ’ਚੋਂ ਸਾਈਫ਼ਨ ਪਾਈਪਾਂ ਜਾਂ ਹੋਰ ਉਚਿਤ ਤਰੀਕਿਆਂ ਰਾਹੀਂ ਪਾਣੀ ਦਾ ਪੱਧਰ ਪਹਿਲਾਂ ਹੀ ਘਟਾਇਆ ਜਾਵੇ। ਨਾਜ਼ੁਕ ਪਹਾੜੀ ਇਲਾਕਿਆਂ ਅਤੇ ਉੱਚ-ਜੋਖ਼ਮ ਵਾਲੇ ਸਥਾਨਾਂ ’ਤੇ ਅੰਨ੍ਹੇਵਾਹ ਡੈਮਾਂ ਤੇ ਵੱਡੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਸਰਹੱਦ ਪਾਰ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਦੁਨੀਆਂ ਦੇ ਇਸ ਖਿੱਤੇ ’ਚ ਚੀਨ, ਨੇਪਾਲ ਤੇ ਭਾਰਤ ਵਿਚਕਾਰ ਨਾ ਕੇਵਲ ਦਰਿਆਈ ਅਤੇ ਗਲੇਸ਼ੀਅਲ ਡਾਟਾ ਸਾਂਝਾ ਕਰਨ ਦੀ ਲੋੜ ਹੈ, ਬਲਕਿ ਇਸ ਨੂੰ ਬਿਨਾ ਕੋਈ ਸਮਾਂ ਗਵਾਏ ਤੁਰੰਤ ਸਾਂਝਾ ਕਰਨ ਦੀ ਸਾਂਝੀ ਵਿਵਸਥਾ ਕਾਇਮ ਕੀਤੀ ਜਾਣੀ ਜ਼ਰੂਰੀ ਹੈ ਤਾਂ ਕਿ ਸੰਕਟ ਦੀ ਘੜੀ ਆਉਣ ਤੋਂ ਪਹਿਲਾਂ ਹੀ ਚੌਕਸ ਹੋਇਆ ਜਾ ਸਕੇ। ਕੁਦਰਤੀ ਖ਼ਤਰਾ ਆਪਣੇ ਆਪ ਹਮੇਸ਼ਾ ਵੱਡੀ ਤਬਾਹੀ ਨਹੀਂ ਬਣਦਾ। ਗਲਤ ਨਿਰਮਾਣ, ਕਮਜ਼ੋਰ ਬੁਨਿਆਦੀ ਢਾਂਚਾ, ਬੇਤਰਤੀਬ ਸ਼ਹਿਰੀਕਰਨ ਅਤੇ ਨਿਗਰਾਨੀ ਤੇ ਚੇਤਾਵਨੀ ਦੀ ਘਾਟ ਇਸ ਨੂੰ ਮਨੁੱਖੀ ਤ੍ਰਾਸਦੀ ਬਣਾਉਂਦੇ ਹਨ। ਇਸ ਲਈ ਹਿਮਾਲਿਆ ’ਚ ਵਿਕਾਸ ਰੋਕਣ ਦੀ ਨਹੀਂ, ਸਗੋਂ ਵਾਤਾਵਰਣ ਸੁਰੱਖਿਆ ਅਤੇ ਵਿਗਿਆਨਕ ਤੌਰ ਤੇ ਖ਼ਤਰੇ ਦੇ ਮੁਲਾਂਕਣ ਨਾਲ ਵਿਕਾਸ ਦੀ ਦਿਸ਼ਾ ਬਦਲਣ ਦੀ ਲੋੜ ਹੈ।
(ਸੰਪਰਕ : 9878019889)