- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਤੇ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀਆਂ ਈਰਾਨੀ ਡਰੋਨ ਹਮਲਿਆਂ ਨੂੰ ਨਾਕਾਮ ਕਰਨ ’ਚ ਸਫ਼ਲ ਨਹੀਂ ਹੋ ਰਹੀਆਂ, ਜਿਸ ਕਾਰਨ ਜੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਈਰਾਨ ਤੇ ਰੂਸ ਵਿਚਾਲੇ ਤਾਲਮੇਲ ਸਿਰਫ਼ ਜੰਗ ਦੇ ਮੈਦਾਨ ਤੱਕ ਹੀ ਸੀਮਤ ਨਹੀਂ ਹੈ। ਪੱਛਮੀ ਖ਼ੁਫ਼ੀਆ ਏਜੰਸੀਆਂ ਦੇ ਮੁਲਾਂਕਣ ਅਨੁਸਾਰ, ਪੁਲਾੜ ’ਚ ਗਸ਼ਤ ਕਰ ਰਹੇ ਰੂਸ ਦੇ ਘੱਟੋ-ਘੱਟ 14 ਉਪਗ੍ਰਹਿ (ਸੈਟੇਲਾਈਟ) ਈਰਾਨ ਨਾਲ ਭੂਗੋਲਿਕ ਸਥਿਤੀਆਂ, ਰਡਾਰ ਤੇ ਸੰਕੇਤਾਂ ਤੋਂ ਪ੍ਰਾਪਤ ਖ਼ੁਫ਼ੀਆ ਜਾਣਕਾਰੀ ਲਗਾਤਾਰ ਸਾਂਝੀ ਕਰ ਰਹੇ ਹਨ।

ਦਿਵਿਆ ਕੁਮਾਰ ਸੋਤੀ
ਭਾਵੇਂ ਰੂਸ-ਯੂਕਰੇਨ ਜੰਗ ਤੇ ਇਜ਼ਰਾਈਲ-ਅਮਰੀਕਾ-ਈਰਾਨ ਜੰਗ ਵੱਖ-ਵੱਖ ਖੇਤਰਾਂ ’ਚ, ਵੱਖ-ਵੱਖ ਕਾਰਨਾਂ ਕਰ ਕੇ ਅਤੇ ਵੱਖ-ਵੱਖ ਸਮਿਆਂ ’ਤੇ ਸ਼ੁਰੂ ਹੋਈਆਂ ਸਨ ਪਰ ਜਿਵੇਂ-ਜਿਵੇਂ ਇਹ ਲੰਮੀਆਂ ਖਿੱਚਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਇਕ-ਦੂਜੀ ਨਾਲ ਜੁੜਦੀਆਂ ਜਾ ਰਹੀਆਂ ਹਨ। ਹੁਣ ਇਹ ਇੱਕੋ ਭੂ-ਸਿਆਸੀ ਸ਼ਤਰੰਜ ਦੀ ਬਿਸਾਤ ਦਾ ਹਿੱਸਾ ਬਣਦੀਆਂ ਦਿਖਾਈ ਦੇ ਰਹੀਆਂ ਹਨ। ਗ਼ੈਰ-ਰਸਮੀ ਤੌਰ ’ਤੇ ਇਹ ਜੰਗਾਂ ਇਕ-ਦੂਜੀ ਨਾਲ ਜੁੜ ਚੁੱਕੀਆਂ ਹਨ। ਹੁਣ ਇਨ੍ਹਾਂ ਨੂੰ ਖੇਤਰੀ ਜੰਗਾਂ ਜਾਂ ਟਕਰਾਅ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਨ੍ਹਾਂ ਜੰਗਾਂ ਦਾ ਅਸਰ ਉੱਤਰੀ ਰੂਸ ਤੋਂ ਲੈ ਕੇ ਕੈਸਪੀਅਨ ਸਾਗਰ ਅਤੇ ਫ਼ਾਰਸ ਦੀ ਖਾੜੀ ਤੋਂ ਲੈ ਕੇ ਓਮਾਨ ਦੀ ਖਾੜੀ ਤੱਕ ਪੈ ਚੁੱਕਾ ਹੈ। ਰੂਸ ਤੇ ਈਰਾਨ ਨੇ ਭਾਵੇਂ ਮਿਲ ਕੇ ਅਮਰੀਕਾ ਵਿਰੁੱਧ ਸਿੱਧੇ ਤੌਰ ’ਤੇ ਜੰਗ ਦਾ ਐਲਾਨ ਨਹੀਂ ਕੀਤਾ ਪਰ ਦੋਵੇਂ ਦੇਸ਼ ਆਪਸੀ ਸਹਿਯੋਗ ਨਾਲ ਹੀ ਇਹ ਜੰਗ ਲੜ ਰਹੇ ਹਨ। ਫਰਵਰੀ 2026 ’ਚ ਈਰਾਨ ’ਤੇ ਇਜ਼ਰਾਈਲ ਤੇ ਅਮਰੀਕਾ ਦੇ ਸਾਂਝੇ ਹਮਲੇ ਤੋਂ ਪਹਿਲਾਂ ਤੱਕ ਈਰਾਨ ਵੱਡੀ ਮਾਤਰਾ ’ਚ ਸਸਤੇ ਪਰ ਮਾਰੂ ਡਰੋਨ ਰੂਸ ਨੂੰ ਸਪਲਾਈ ਕਰ ਰਿਹਾ ਸੀ। ਅਮਰੀਕਾ ਨਾਲ ਜੰਗ ਛਿੜਨ ਤੋਂ ਬਾਅਦ ਆਪਣੀਆਂ ਲੋੜਾਂ ਕਾਰਨ ਜਦੋਂ ਈਰਾਨ ਅਜਿਹਾ ਕਰਨ ’ਚ ਅਸਮਰੱਥ ਹੋ ਗਿਆ ਤਾਂ ਰੂਸ ਨੇ ਈਰਾਨ ਨੂੰ ਖ਼ਤਰਨਾਕ ਗ੍ਰਾਨ ਡਰੋਨਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ। ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਯੂਕਰੇਨ ’ਚ ਜਿਹੜੀਆਂ ਹਵਾਈ ਰੱਖਿਆ ਪ੍ਰਣਾਲੀਆਂ ਤਾਇਨਾਤ ਕੀਤੀਆਂ ਸਨ, ਉਨ੍ਹਾਂ ਨਾਲ ਲੰਮੇ ਸਮੇਂ ਤੱਕ ਜੂਝਣ ਦੇ ਤਜਰਬੇ ਦੇ ਆਧਾਰ ’ਤੇ ਰੂਸ ਨੇ ਇਨ੍ਹਾਂ ਡਰੋਨਾਂ ਨੂੰ ਹੋਰ ਉੱਨਤ ਬਣਾਇਆ ਸੀ, ਤਾਂ ਜੋ ਇਹ ਪੱਛਮੀ ਰੱਖਿਆ ਪ੍ਰਣਾਲੀਆਂ ਨੂੰ ਝਕਾਨੀ ਦੇ ਕੇ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਰਾਹੀਂ ਫੁੰਡ ਸਕਣ। ਪਿਛਲੇ ਕਈ ਮਹੀਨਿਆਂ ਤੋਂ ਈਰਾਨ-ਅਮਰੀਕਾ ਜੰਗ ’ਚ ਇਸ ਦਾ ਅਸਰ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ।
ਅਮਰੀਕੀ ਤੇ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀਆਂ ਈਰਾਨੀ ਡਰੋਨ ਹਮਲਿਆਂ ਨੂੰ ਨਾਕਾਮ ਕਰਨ ’ਚ ਸਫ਼ਲ ਨਹੀਂ ਹੋ ਰਹੀਆਂ, ਜਿਸ ਕਾਰਨ ਜੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਈਰਾਨ ਤੇ ਰੂਸ ਵਿਚਾਲੇ ਤਾਲਮੇਲ ਸਿਰਫ਼ ਜੰਗ ਦੇ ਮੈਦਾਨ ਤੱਕ ਹੀ ਸੀਮਤ ਨਹੀਂ ਹੈ। ਪੱਛਮੀ ਖ਼ੁਫ਼ੀਆ ਏਜੰਸੀਆਂ ਦੇ ਮੁਲਾਂਕਣ ਅਨੁਸਾਰ, ਪੁਲਾੜ ’ਚ ਗਸ਼ਤ ਕਰ ਰਹੇ ਰੂਸ ਦੇ ਘੱਟੋ-ਘੱਟ 14 ਉਪਗ੍ਰਹਿ (ਸੈਟੇਲਾਈਟ) ਈਰਾਨ ਨਾਲ ਭੂਗੋਲਿਕ ਸਥਿਤੀਆਂ, ਰਡਾਰ ਤੇ ਸੰਕੇਤਾਂ ਤੋਂ ਪ੍ਰਾਪਤ ਖ਼ੁਫ਼ੀਆ ਜਾਣਕਾਰੀ ਲਗਾਤਾਰ ਸਾਂਝੀ ਕਰ ਰਹੇ ਹਨ। ਇਹ ਜਾਣਕਾਰੀ ਅਸਲ ਸਮੇਂ ’ਚ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਈਰਾਨੀ ਫ਼ੌਜ ਖਾੜੀ ਦੇਸ਼ਾਂ ’ਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ’ਚ ਸਫ਼ਲ ਰਹੀ ਹੈ। ਇਸ ਕਾਰਨ ਅਮਰੀਕੀ ਫ਼ੌਜ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਰੂਸ ਨੇ ਅਜਿਹਾ ਇਸ ਲਈ ਕੀਤਾ ਹੈ, ਤਾਂ ਜੋ ਯੂਕਰੇਨ ਰਾਹੀਂ ਅਮਰੀਕਾ ਤੇ ਪੱਛਮੀ ਦੇਸ਼ਾਂ ਵੱਲੋਂ ਰੂਸ ਦੇ ਬੇਹੱਦ ਅਹਿਮ ਟਿਕਾਣਿਆਂ ’ਤੇ ਕਰਵਾਏ ਗਏ ਹਮਲਿਆਂ ਦਾ ਬਦਲਾ ਲਿਆ ਜਾ ਸਕੇ। ਇਸ ਦੇ ਨਾਲ ਹੀ ਅਮਰੀਕਾ ਦੇ ਹਥਿਆਰਾਂ ਦੇ ਭੰਡਾਰ ਨੂੰ ਇੰਨਾ ਘਟਾਇਆ ਜਾ ਸਕੇ ਕਿ ਉਹ ਯੂਕਰੇਨ ਨੂੰ ਵਧੇਰੇ ਸਹਾਇਤਾ ਨਾ ਦੇ ਸਕੇ।
ਇਸ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਰੂਸ-ਯੂਕਰੇਨ ਜੰਗ ਤੇ ਅਮਰੀਕਾ-ਈਰਾਨ ਟਕਰਾਅ ਇੱਕੋ ਸਮੇਂ ਜਾਰੀ ਰਹਿਣ ਕਾਰਨ ਅਮਰੀਕੀ ਫ਼ੌਜ ਕੋਲ ਰੱਖਿਆ ਸਾਜ਼ੋ-ਸਾਮਾਨ ਦੀ ਭਾਰੀ ਕਿੱਲਤ ਹੋ ਗਈ ਹੈ। ਪੈਂਟਾਗਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੇਂ ਕੋਈ ਹੋਰ ਵੱਡੀ ਆਲਮੀ ਜੰਗ ਛਿੜ ਗਈ ਤਾਂ ਅਮਰੀਕਾ ਦੇ ਹਥਿਆਰਾਂ ਦਾ ਭੰਡਾਰ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਈਰਾਨ ਅਤੇ ਉਸ ਦੀ ਹਮਾਇਤ ਪ੍ਰਾਪਤ ਧਿਰਾਂ ਵੱਲੋਂ ਕੀਤੇ ਜਾ ਰਹੇ ਡਰੋਨ ਤੇ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਅਮਰੀਕੀ ਫ਼ੌਜ ਨੂੰ ਆਪਣੀਆਂ ਸਭ ਤੋਂ ਆਧੁਨਿਕ ਮਿਜ਼ਾਈਲਾਂ ਦੀ ਵਰਤੋਂ ਕਰਨੀ ਪਈ ਹੈ। ਇਸ ਦੇ ਨਤੀਜੇ ਵਜੋਂ ਅਮਰੀਕਾ ਆਪਣੀ ਐਂਟੀ-ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਦੇ ਲਗਭਗ 80 ਫ਼ੀਸਦੀ ਭੰਡਾਰ ਦੀ ਵਰਤੋਂ ਕਰ ਚੁੱਕਾ ਹੈ। ਇਸੇ ਤਰ੍ਹਾਂ ਅਮਰੀਕਾ ਦੀਆਂ ਆਧੁਨਿਕ ਪੈਟ੍ਰੀਅਟ ਮਿਜ਼ਾਈਲ ਇੰਟਰਸੈਪਟਰਾਂ ਦਾ 50 ਤੋਂ 60 ਫ਼ੀਸਦੀ ਭੰਡਾਰ ਖ਼ਤਮ ਹੋ ਚੁੱਕਾ ਹੈ।
ਪੱਛਮੀ ਏਸ਼ੀਆ ’ਚ ਅਮਰੀਕਾ ਲਈ ਉਹੀ ਸਥਿਤੀ ਪੈਦਾ ਹੋ ਗਈ ਹੈ, ਜਿਹੜੀ ਉਸ ਨੇ ਯੂਕਰੇਨ ’ਚ ਰੂਸ ਲਈ ਪੈਦਾ ਕੀਤੀ ਸੀ। ਇਸ ਸੰਕਟ ਪਿੱਛੇ ਘੱਟ ਲਾਗਤ ਵਾਲੇ ਆਧੁਨਿਕ ਹਾਈਬ੍ਰਿਡ ਯੁੱਧ ਦਾ ਗਣਿਤ ਕੰਮ ਕਰ ਰਿਹਾ ਹੈ। ਰੂਸ ਤੇ ਈਰਾਨ ਬਹੁਤ ਘੱਟ ਲਾਗਤ ’ਤੇ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ’ਚ ਆਤਮਘਾਤੀ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਤਿਆਰ ਕਰ ਰਹੇ ਹਨ। ਇਸ ਦੇ ਉਲਟ, ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਲਈ ਅਮਰੀਕਾ ਦੇ ਪੈਟ੍ਰੀਅਟ ਵਰਗੇ ਰੱਖਿਆ ਪ੍ਰਬੰਧ ਤਿਆਰ ਕਰਨ ਵਾਸਤੇ ਬੇਹੱਦ ਗੁੰਝਲਦਾਰ ਤਕਨੀਕ ਤੇ ਉੱਨਤ ਮਾਰਗਦਰਸ਼ਨ ਪ੍ਰਣਾਲੀਆਂ ਦੀ ਲੋੜ ਹੁੰਦੀ ਹੈ। ਅਮਰੀਕੀ ਕੰਪਨੀਆਂ ਇਨ੍ਹਾਂ ਮਿਜ਼ਾਈਲਾਂ ਦਾ ਉਤਪਾਦਨ ਉਸ ਰਫ਼ਤਾਰ ਨਾਲ ਨਹੀਂ ਕਰ ਪਾ ਰਹੀਆਂ, ਜਿਸ ਰਫ਼ਤਾਰ ਨਾਲ ਜੰਗ ਦੇ ਮੈਦਾਨ ’ਚ ਇਨ੍ਹਾਂ ਦੀ ਵਰਤੋਂ ਹੋ ਰਹੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਨੁਸਾਰ, ਪੱਛਮੀ ਏਸ਼ੀਆ ’ਚ ਮਿਜ਼ਾਈਲਾਂ ਭੇਜਣ ਕਾਰਨ ਯੂਕਰੇਨ ਨੂੰ ਪਹਿਲਾਂ ਦੇ ਮੁਕਾਬਲੇ ਸਿਰਫ਼ ਇਕ-ਤਿਹਾਈ ਹਵਾਈ ਰੱਖਿਆ ਮਿਜ਼ਾਈਲਾਂ ਹੀ ਮਿਲ ਰਹੀਆਂ ਹਨ। ਇਸ ਦਾ ਅਸਰ ਹੁਣ ਚੀਨ ਨਾਲ ਜੁੜੇ ਮੋਰਚੇ ’ਤੇ ਵੀ ਦਿਖਾਈ ਦੇਣ ਲੱਗਾ ਹੈ, ਜਿੱਥੇ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਹਥਿਆਰਾਂ ਦੀ ਸਪਲਾਈ ’ਚ ਪੰਜ ਸਾਲ ਤੱਕ ਦੀ ਦੇਰੀ ਹੋਣ ਦੀ ਚਿਤਾਵਨੀ ਦਿੱਤੀ ਹੈ। ਜਾਪਾਨ ਨੂੰ ਮਿਲਣ ਵਾਲੀਆਂ ਟੋਮਾਹਾਕ ਮਿਜ਼ਾਈਲਾਂ ਦੀ ਸਪਲਾਈ ’ਚ ਦੋ ਸਾਲ ਦੀ ਦੇਰੀ ਹੋ ਚੁੱਕੀ ਹੈ। ਤਾਈਵਾਨ ਨੂੰ ਭੇਜੀ ਜਾਣ ਵਾਲੀ 14 ਅਰਬ ਡਾਲਰ ਦੀ ਹਥਿਆਰਾਂ ਦੀ ਖੇਪ ਵੀ ਵਿਚਾਲੇ ਹੀ ਰੋਕਣੀ ਪਈ ਹੈ, ਤਾਂ ਜੋ ਅਮਰੀਕੀ ਫ਼ੌਜ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਬਚਾ ਸਕੇ।
ਇਕ ਪਾਸੇ ਈਰਾਨ ਪਹਿਲਾਂ ਹੀ ਹੋਰਮੁਜ਼ ਜਲ ਮਾਰਗ ਬੰਦ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਚੁੱਕਾ ਹੈ, ਉੱਥੇ ਹੁਣ ਉਸ ਨੇ ਆਪਣੇ ਸਮਰਥਕ ਯਮਨ ਦੇ ਹੂਤੀ ਬਾਗ਼ੀਆਂ ਰਾਹੀਂ ਬਾਬ ਅਲ-ਮੰਡੇਬ ਜਲ ਮਾਰਗ ’ਤੇ ਕਬਜ਼ਾ ਕਰਕੇ ਦੁਨੀਆ ਦੇ ਦੋ ਸਭ ਤੋਂ ਮਹੱਤਵਪੂਰਨ ਸਮੁੰਦਰੀ ਊਰਜਾ ਮਾਰਗਾਂ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਨੂੰ ਹੂਤੀਆਂ ’ਤੇ ਹਮਲੇ ਕਰਨ ਦੀ ਅਪੀਲ ਕੀਤੀ ਸੀ ਪਰ ਟਰੰਪ ਪ੍ਰਸ਼ਾਸਨ ਨੇ ਈਰਾਨ ਨਾਲ ਚੱਲ ਰਹੀ ਜੰਗ ਅਤੇ ਯੂਕਰੇਨ ’ਚ ਖੁੱਲ੍ਹੇ ਮੋਰਚੇ ਕਾਰਨ ਹਥਿਆਰਾਂ ਦੀ ਕਿੱਲਤ ਦਾ ਹਵਾਲਾ ਦਿੰਦਿਆਂ ਯਮਨ ’ਚ ਨਵਾਂ ਮੋਰਚਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਕੋਲ ਹੁਣ ਇੰਨੇ ਉੱਨਤ ਹਥਿਆਰ ਤੇ ਰੱਖਿਆ ਪ੍ਰਣਾਲੀਆਂ ਨਹੀਂ ਬਚੀਆਂ ਕਿ ਉਹ ਇੱਕੋ ਸਮੇਂ ਈਰਾਨ ਨਾਲ ਲੜ ਸਕੇ, ਯੂਕਰੇਨ ਦੀ ਮਦਦ ਕਰ ਸਕੇ ਤੇ ਯਮਨ ’ਚ ਵੀ ਨਵਾਂ ਮੋਰਚਾ ਸੰਭਾਲ ਸਕੇ।
ਭਾਵੇਂ ਰੂਸ ਯਮਨ ਵਿੱਚ ਪੈਦਾ ਹੋਏ ਇਸ ਉਥਲ-ਪੁਥਲ ਵਾਲੇ ਹਾਲਾਤ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੈ, ਪਰ ਇਸ ਸਥਿਤੀ ਨਾਲ ਮਾਸਕੋ ਨੂੰ ਵੱਡਾ ਲਾਭ ਹੋ ਰਿਹਾ ਹੈ।
ਲਾਲ ਸਾਗਰ ਦਾ ਰਸਤਾ ਅਸੁਰੱਖਿਅਤ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 106 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ ਹਨ। ਇਸ ਨਾਲ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਦੇ ਤੇਲ ਬਰਾਮਦ ਦੀ ਕੀਮਤ ’ਚ ਕਾਫ਼ੀ ਵਾਧਾ ਹੋ ਗਿਆ ਹੈ। ਇਸ ਦਾ ਸਿੱਧਾ ਆਰਥਿਕ ਨੁਕਸਾਨ ਪੱਛਮੀ ਦੇਸ਼ਾਂ ਨੂੰ ਝੱਲਣਾ ਪੈ ਰਿਹਾ ਹੈ, ਜਿੱਥੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਇਸ ਤਰ੍ਹਾਂ ਇਹ ਜੰਗ ਨਾ ਸਿਰਫ਼ ਅਮਰੀਕੀ ਫ਼ੌਜੀ ਤਾਕਤ ਦੀਆਂ ਹੱਦਾਂ ਨੂੰ ਜੱਗ-ਜ਼ਾਹਰ ਕਰ ਰਹੀ ਹੈ, ਸਗੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਅਤੇ ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਕਾਇਮ ਹੋਏ ਵਿਸ਼ਵ ਪ੍ਰਬੰਧ ਨੂੰ ਵੀ ਖੇਰੂੰ-ਖੇਰੂੰ ਕਰਦੀ ਜਾਪ ਰਹੀ ਹੈ।
(ਲੇਖਕ ਕੌਂਸਲ ਆਫ਼ ਸਟ੍ਰੈਟੇਜਿਕ ਅਫੇਅਰਜ਼ ਨਾਲ ਜੁੜੇ ਹੋਏ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ ਹਨ)।