- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਾਂ ਵੱਲ ਜਾਣਾ ਤਾਂ ਜਿਵੇਂ ਕਿਸੇ ਮੁਹਿੰਮ ’ਤੇ ਨਿਕਲਣਾ ਹੁੰਦਾ ਸੀ। ਰਾਹ ’ਚ ਗੱਲਾਂ, ਹਾਸੇ, ਇਕ-ਦੂਜੇ ਨੂੰ ਛੇੜਨਾ ਤੇ ਫਿਰ ਖੇਤ ’ਚੋਂ ਸ਼ਲਗਮ ਤੇ ਗੰਦਲਾਂ ਤੋੜ ਕੇ ਖਾਣਾ। ਅੱਜ ਮੇਜ਼ਾਂ ਉੱਤੇ ਕਿੰਨੇ ਤਰ੍ਹਾਂ ਦੇ ਪਕਵਾਨ ਸਜੇ ਹੁੰਦੇ ਹਨ ਪਰ ਉਹ ਖੇਤਾਂ ’ਚ ਖਾਧੇ ਸ਼ਲਗਮਾਂ ਵਾਲਾ ਸੁਆਦ ਕਿੱਥੋਂ ਲੱਭੀਏ? ਸ਼ਾਇਦ ਸੁਆਦ ਫਲਾਂ ਦਾ ਨਹੀਂ ਸੀ, ਸੰਗਤ ਦਾ ਸੀ। ਮਿਠਾਸ ਜਾਮਣਾਂ ’ਚ ਨਹੀਂ, ਉਹਨਾਂ ਯਾਰਾਂ ਦੀਆਂ ਗੱਲਾਂ ’ਚ ਸੀ। ਅਸਲ ਦੌਲਤ ਉਹ ਲੋਕ ਸਨ, ਜਿਨ੍ਹਾਂ ਨਾਲ ਬਿਨਾਂ ਕਿਸੇ ਮਤਲਬ ਤੋਂ ਘੰਟਿਆਂ ਬੱਧੀ ਸਮਾਂ ਬਿਤਾਇਆ ਜਾ ਸਕਦਾ ਸੀ।

ਗੁਰਦੇਵ ਸਿੰਘ
ਕਦੇ-ਕਦੇ ਦਿਲ ਕਰਦਾ ਹੈ ਕਿ ਸਮੇਂ ਨੂੰ ਕਿਤੇ ਰਾਹ ’ਚ ਰੋਕ ਲਈਏ। ਉਸ ਦੇ ਅੱਗੇ ਹੱਥ ਜੋੜ ਕੇ ਆਖੀਏ, ‘ਬਸ ਬਹੁਤ ਹੋ ਗਿਆ ਤੇਰਾ ਸਫ਼ਰ...ਹੁਣ ਸਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਚੱਲ। ਉੱਥੇ, ਜਿੱਥੇ ਸਾਡੇ ਪੈਰਾਂ ’ਚ ਚੱਪਲਾਂ ਭਾਵੇਂ ਟੁੱਟੀਆਂ ਹੁੰਦੀਆਂ ਸਨ ਪਰ ਦਿਲਾਂ ’ਚ ਕੋਈ ਅੜਚਣ ਨਹੀਂ ਸੀ। ਜਿੱਥੇ ਜੇਬਾਂ ਖਾਲੀ ਹੁੰਦੀਆਂ ਸਨ ਪਰ ਘਰਾਂ ’ਚ ਹਾਸਿਆਂ ਦਾ ਖ਼ਜ਼ਾਨਾ ਸੀ। ਜਿੱਥੇ ਕਿਸੇ ਕੋਲ ਮਹਿੰਗਾ ਫ਼ੋਨ ਨਹੀਂ ਸੀ ਪਰ ਹਰ ਦੋਸਤ ਦੇ ਘਰ ਜਾਣ ਦਾ ਰਾਹ ਜ਼ੁਬਾਨੀ ਯਾਦ ਹੁੰਦਾ ਸੀ।’ ਅੱਜ ਸਭ ਕੁਝ ਹੈ। ਘਰਾਂ ’ਚ ਵੱਡੇ-ਵੱਡੇ ਟੀਵੀ ਹਨ, ਹੱਥਾਂ ’ਚ ਦੁਨੀਆ ਸਮਾਈ ਹੋਈ ਹੈ, ਮਨੋਰੰਜਨ ਦੇ ਹਜ਼ਾਰਾਂ ਸਾਧਨ ਹਨ ਪਰ ਪਤਾ ਨਹੀਂ ਕਿਉਂ, ਕਈ ਵਾਰ ਦਿਲ ਦੇ ਕਿਸੇ ਕੋਨੇ ’ਚੋਂ ਇਕ ਹੂਕ ਜਿਹੀ ਉੱਠਦੀ ਹੈ ਕਿ ਕਾਸ਼! ਇਕ ਵਾਰ ਫਿਰ ਉਹੀ ਬਚਪਨ ਮਿਲ ਜਾਵੇ। ਉਹੀ ਗਲੀਆਂ, ਉਹੀ ਵਿਹੜੇ, ਉਹੀ ਮਿੱਟੀ ਦੀ ਖ਼ੁਸ਼ਬੂ ਤੇ ਉਹੀ ਜਿਗਰੀ ਯਾਰ। ਯਾਦ ਹੈ ਉਹ ਸਮਾਂ, ਜਦੋਂ ਟੈਲੀਵਿਜ਼ਨ ਦੇਖਣਾ ਵੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਸੀ? ਘਰ ’ਚ ਟੀਵੀ ਤਾਂ ਹੁੰਦਾ ਸੀ ਪਰ ਸਿਗਨਲ ਆਉਣ ਲਈ ਕੋਠੇ ’ਤੇ ਲੱਗੇ ਐਂਟੀਨੇ ਦੀ ਮਿਹਰਬਾਨੀ ਜ਼ਰੂਰੀ ਸੀ। ਕਦੇ ਤਸਵੀਰ ਸਾਫ਼ ਆਉਂਦੀ, ਕਦੇ ਲਕੀਰਾਂ ਪੈ ਜਾਂਦੀਆਂ। ਫਿਰ ਕਿਸੇ ਇਕ ਨੂੰ ਕੋਠੇ ਉੱਤੇ ਚੜ੍ਹਾ ਦਿੱਤਾ ਜਾਂਦਾ। ਹੇਠਾਂ ਖੜ੍ਹਾ ਕੋਈ ਚੀਕਦਾ, ‘ਬੱਸ ਬੱਸ, ਉੱਥੇ ਹੀ ਰੋਕ।’ ਤੇ ਉੱਪਰੋਂ ਜਵਾਬ ਆਉਂਦਾ, ‘ਹੁਣ ਆ ਗਈ?’
ਐਂਟੀਨਾ ਘੁਮਾਉਣ ਵਾਲੇ ਦੀ ਆਵਾਜ਼ ਤੇ ਟੀਵੀ ਅੱਗੇ ਬੈਠਿਆਂ ਦੀ ਬੇਚੈਨੀ ਅੱਜ ਵੀ ਕੰਨਾਂ ’ਚ ਗੂੰਜਦੀ ਮਹਿਸੂਸ ਹੁੰਦੀ ਹੈ। ਕਿੰਨਾ ਸੋਹਣਾ ਸਮਾਂ ਸੀ। ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ, ‘ਲਿਸ਼ਕਾਰਾ’, ‘ਸਿਰਨਾਵਾਂ’ ਅਤੇ ਹੋਰ ਪੁਰਾਣੇ ਪ੍ਰੋਗਰਾਮਾਂ ਦੀ ਉਡੀਕ ਰਹਿੰਦੀ ਸੀ। ਟੀਵੀ ਦੇ ਸਾਹਮਣੇ ਸਾਰੇ ਪਰਿਵਾਰ ਦਾ ਇਕੱਠਾ ਹੋਣਾ ਆਪਣੇ ਆਪ ’ਚ ਇਕ ਖ਼ੁਸ਼ੀ ਸੀ। ਐਤਵਾਰ ਦੀ ਸਵੇਰ ਤਾਂ ਜਿਵੇਂ ਬੱਚਿਆਂ ਦੇ ਨਾਂ ਲਿਖੀ ਹੁੰਦੀ ਸੀ। ਸਵੇਰੇ ਜਲਦੀ ਉੱਠ ਕੇ ਸ੍ਰੀ ਕ੍ਰਿਸ਼ਨਾ ਤੇ ਸ਼ਕਤੀਮਾਨ ਦੇਖਣ ਦਾ ਆਪਣਾ ਹੀ ਚਾਅ ਸੀ। ਨਾ ਕਿਸੇ ਨੂੰ ਜਗਾਉਣ ਲਈ ਅਲਾਰਮ ਚਾਹੀਦਾ ਸੀ, ਨਾ ਕਿਸੇ ਨੂੰ ਯਾਦ ਕਰਵਾਉਣ ਦੀ ਲੋੜ। ਬੱਚਿਆਂ ਨੂੰ ਪਤਾ ਹੁੰਦਾ ਸੀ ਕਿ ਅੱਜ ਐਤਵਾਰ ਹੈ ਤੇ ਟੀਵੀ ਉੱਤੇ ਉਹਨਾਂ ਦੇ ਮਨਪਸੰਦ ਪ੍ਰੋਗਰਾਮ ਆਉਣੇ ਹਨ।
ਸ਼ਾਮ ਨੂੰ ਚਾਰ ਕੁ ਵਜੇ ਫ਼ਿਲਮ ਆਉਣੀ ਹੁੰਦੀ ਤਾਂ ਸਾਰਾ ਘਰ ਪਹਿਲਾਂ ਹੀ ਤਿਆਰ ਹੋ ਜਾਂਦਾ। ਕੋਈ ਰਸੋਈ ’ਚੋਂ ਕੰਮ ਨਿਬੇੜ ਕੇ ਆਉਂਦਾ, ਕੋਈ ਚਾਹ ਬਣਾ ਲਿਆਉਂਦਾ, ਕੋਈ ਬੱਚਿਆਂ ਨੂੰ ਕੋਲ ਬਿਠਾਉਂਦਾ। ਇਕ ਹੀ ਸਕਰੀਨ ਹੁੰਦੀ ਸੀ ਅਤੇ ਉਸ ਦੇ ਸਾਹਮਣੇ ਕਈ ਦਿਲ ਇਕੱਠੇ ਧੜਕਦੇ ਸਨ। ਕਈ ਵਾਰ ਕਿਸੇ ਵੱਡੇ ਆਗੂ ਜਾਂ ਮੰਤਰੀ ਦੇ ਦੇਹਾਂਤ ਕਾਰਨ ਸੋਗ ਵਜੋਂ ਪ੍ਰੋਗਰਾਮ ਬਦਲ ਜਾਂਦੇ ਅਤੇ ਫ਼ਿਲਮ ਦੀ ਥਾਂ ਸੋਗਮਈ ਸੰਗੀਤ ਚੱਲ ਪੈਂਦਾ। ਬੱਚਿਆਂ ਲਈ ਇਹ ਕਿਸੇ ਵੱਡੀ ਮੁਸੀਬਤ ਤੋਂ ਘੱਟ ਨਹੀਂ ਸੀ ਪਰ ਉਸ ਵੇਲੇ ਵੀ ਜ਼ਿੰਦਗੀ ਰੁਕਦੀ ਨਹੀਂ ਸੀ। ਫ਼ਿਲਮ ਨਹੀਂ ਆਈ ਤਾਂ ਕੀ ਹੋਇਆ, ਗਲੀ ’ਚ ਯਾਰ ਉਡੀਕ ਰਹੇ ਸਨ। ਫਿਰ ਸ਼ੁਰੂ ਹੋ ਜਾਂਦੀ ਲੁਕਣ-ਮੀਟੀ, ਛਿੱਤਰ-ਪਰੇਡ, ਬਾਂਟੇ ਅਤੇ ਗੁੱਲੀ-ਡੰਡੇ ਦੀ ਖੇਡ। ਨਾ ਕੋਈ ਮਹਿੰਗਾ ਖਿਡੌਣਾ, ਨਾ ਕੋਈ ਖ਼ਾਸ ਮੈਦਾਨ। ਗਲੀ ਦਾ ਮੋੜ ਹੀ ਸਟੇਡੀਅਮ ਸੀ ਅਤੇ ਮਿੱਟੀ ਦਾ ਟੋਆ ਹੀ ਖੇਡ ਦਾ ਮੈਦਾਨ। ਹਾਰਨ ਵਾਲੇ ਦੀ ਖਿਚਾਈ ਹੁੰਦੀ, ਜਿੱਤਣ ਵਾਲਾ ਕਈ ਦਿਨ ਆਪਣੀ ਜਿੱਤ ਦੇ ਕਿੱਸੇ ਸੁਣਾਉਂਦਾ। ਕਦੇ ਲੜਾਈ ਹੋ ਜਾਂਦੀ, ਕਦੇ ਕੋਈ ਰੁੱਸ ਕੇ ਘਰ ਚਲਾ ਜਾਂਦਾ ਅਤੇ ਥੋੜ੍ਹੀ ਦੇਰ ਬਾਅਦ ਉਹੀ ਮੁੰਡਾ ਮੁੜ ਖੇਡ ’ਚ ਸ਼ਾਮਲ ਹੋ ਜਾਂਦਾ। ਨਾ ਕਿਸੇ ਨੇ ਮਾਫ਼ੀ ਮੰਗਣ ਲਈ ਲੰਮਾ ਸੁਨੇਹਾ ਲਿਖਿਆ, ਨਾ ਕਿਸੇ ਨੇ ਦੋਸਤੀ ਬਚਾਉਣ ਲਈ ਕੋਈ ਦਿਖਾਵਾ ਕੀਤਾ। ਦੋਸਤੀ ਇੰਨੀ ਸੱਚੀ ਸੀ ਕਿ ਰੁੱਸਣ ਲਈ ਵੀ ਥੋੜ੍ਹਾ ਸਮਾਂ ਲੱਗਦਾ ਸੀ। ਉਹਨਾਂ ਦਿਨਾਂ ਦੀ ਇੱਕ ਹੋਰ ਅਮੀਰੀ ਸੀ, ਜਿਸ ਦੀ ਕੀਮਤ ਅੱਜ ਦੇ ਵੱਡੇ-ਵੱਡੇ ਮਾਲ ਵੀ ਨਹੀਂ ਦੇ ਸਕਦੇ। ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਤਾਂ ਕੁਦਰਤ ਸਾਡਾ ਖੇਡ ਮੈਦਾਨ ਬਣ ਜਾਂਦੀ। ਕਦੇ ਹੱਥੀਂ ਸਹਿਤੂਤ ਦੀਆਂ ਟਾਹਣੀਆਂ ਵਿੱਚੋਂ ਤੁੱਤੀਆਂ ਤੋੜ ਕੇ ਖਾਣੀਆਂ, ਕਦੇ ਜਾਮਣਾਂ ਦੇ ਰੁੱਖ ਉੱਤੇ ਚੜ੍ਹ ਜਾਣਾ, ਕਦੇ ਅੰਬੀਆਂ ਤੋੜਨ ਲਈ ਕਿਸੇ ਰੁੱਖ ਦੇ ਆਲੇ-ਦੁਆਲੇ ਇਕੱਠੇ ਹੋ ਜਾਣਾ।
ਖੇਤਾਂ ਵੱਲ ਜਾਣਾ ਤਾਂ ਜਿਵੇਂ ਕਿਸੇ ਮੁਹਿੰਮ ’ਤੇ ਨਿਕਲਣਾ ਹੁੰਦਾ ਸੀ। ਰਾਹ ’ਚ ਗੱਲਾਂ, ਹਾਸੇ, ਇਕ-ਦੂਜੇ ਨੂੰ ਛੇੜਨਾ ਤੇ ਫਿਰ ਖੇਤ ’ਚੋਂ ਸ਼ਲਗਮ ਤੇ ਗੰਦਲਾਂ ਤੋੜ ਕੇ ਖਾਣਾ। ਅੱਜ ਮੇਜ਼ਾਂ ਉੱਤੇ ਕਿੰਨੇ ਤਰ੍ਹਾਂ ਦੇ ਪਕਵਾਨ ਸਜੇ ਹੁੰਦੇ ਹਨ ਪਰ ਉਹ ਖੇਤਾਂ ’ਚ ਖਾਧੇ ਸ਼ਲਗਮਾਂ ਵਾਲਾ ਸੁਆਦ ਕਿੱਥੋਂ ਲੱਭੀਏ? ਸ਼ਾਇਦ ਸੁਆਦ ਫਲਾਂ ਦਾ ਨਹੀਂ ਸੀ, ਸੰਗਤ ਦਾ ਸੀ। ਮਿਠਾਸ ਜਾਮਣਾਂ ’ਚ ਨਹੀਂ, ਉਹਨਾਂ ਯਾਰਾਂ ਦੀਆਂ ਗੱਲਾਂ ’ਚ ਸੀ। ਅਸਲ ਦੌਲਤ ਉਹ ਲੋਕ ਸਨ, ਜਿਨ੍ਹਾਂ ਨਾਲ ਬਿਨਾਂ ਕਿਸੇ ਮਤਲਬ ਤੋਂ ਘੰਟਿਆਂ ਬੱਧੀ ਸਮਾਂ ਬਿਤਾਇਆ ਜਾ ਸਕਦਾ ਸੀ।
ਅੱਜ ਜਦੋਂ ਪੁਰਾਣੇ ਦੋਸਤਾਂ ਦੀ ਯਾਦ ਆਉਂਦੀ ਹੈ ਤਾਂ ਦਿਲ ਹੋਰ ਵੀ ਭਰ ਆਉਂਦਾ ਹੈ। ਪਤਾ ਨਹੀਂ ਕਿਹੜਾ ਯਾਰ ਕਿੱਥੇ ਹੋਵੇਗਾ। ਕੋਈ ਰੋਜ਼ੀ-ਰੋਟੀ ਲਈ ਕਿਸੇ ਹੋਰ ਸ਼ਹਿਰ ਜਾ ਵੱਸਿਆ, ਕੋਈ ਵਿਦੇਸ਼ਾਂ ’ਚ ਆਪਣੇ ਪਰਿਵਾਰ ਨਾਲ ਜ਼ਿੰਦਗੀ ਬਿਤਾ ਰਿਹਾ ਹੈ, ਕੋਈ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ’ਚ ਉਲਝ ਗਿਆ ਤੇ ਕੋਈ ਸ਼ਾਇਦ ਇਸ ਦੁਨੀਆ ’ਚ ਹੀ ਨਹੀਂ ਰਿਹਾ। ਜਿਨ੍ਹਾਂ ਨਾਲ ਕਦੇ ਇਕ ਸਾਈਕਲ ਉੱਤੇ ਤਿੰਨ ਜਣੇ ਬੈਠ ਕੇ ਘੁੰਮਦੇ ਸੀ, ਅੱਜ ਉਹਨਾਂ ਨਾਲ ਮਿਲਣ ਲਈ ਮਹੀਨਿਆਂ ਦੀਆਂ ਤਰੀਕਾਂ ਲੱਭਣੀਆਂ ਪੈਂਦੀਆਂ ਹਨ। ਜਿਨ੍ਹਾਂ ਦੇ ਘਰ ਬਿਨਾਂ ਦਸਤਕ ਦਿੱਤੇ ਪਹੁੰਚ ਜਾਂਦੇ ਸੀ, ਅੱਜ ਉਹਨਾਂ ਨੂੰ ਫ਼ੋਨ ਕਰਨ ਤੋਂ ਪਹਿਲਾਂ ਵੀ ਸੋਚਣਾ ਪੈਂਦਾ ਹੈ ਕਿ ਕਿਤੇ ਉਹ ਰੁੱਝੇ ਨਾ ਹੋਣ। ਮੋਬਾਈਲ ’ਚ ਸੈਂਕੜੇ ਨੰਬਰ ਹਨ, ਪਰ ਉਹਨਾਂ ਵਿੱਚੋਂ ਕਿੰਨੇ ਕੁ ਹਨ, ਜਿਨ੍ਹਾਂ ਨੂੰ ਅੱਧੀ ਰਾਤ ਨੂੰ ਫ਼ੋਨ ਕਰਕੇ ਕਹਿ ਸਕੀਏ, ‘ਯਾਰ, ਅੱਜ ਬਹੁਤ ਯਾਦ ਆ ਰਹੀ ਹੈ, ਆ ਜਾ ਬੈਠਦੇ ਹਾਂ।’ ਸੋਸ਼ਲ ਮੀਡੀਆ ’ਤੇ ਹਰ ਰੋਜ਼ ਕਈ ਚਿਹਰੇ ਦੇਖਦੇ ਹਾਂ ਪਰ ਉਹਨਾਂ ਚਿਹਰਿਆਂ ’ਚੋਂ ਉਹ ਪੁਰਾਣੇ ਯਾਰ ਕਿੱਥੇ ਹਨ, ਜਿਨ੍ਹਾਂ ਨਾਲ ਬਿਨਾਂ ਕਿਸੇ ਕਾਰਨ ਹੱਸਦਿਆਂ ਢਿੱਡ ਦੁਖਣ ਲੱਗ ਜਾਂਦਾ ਸੀ? ਇਕ ਹੋਰ ਗੱਲ ਦਿਲ ਨੂੰ ਛੂਹ ਜਾਂਦੀ ਹੈ-ਉਹ ਯਾਰ ਹੁਣ ਤਸਵੀਰਾਂ ’ਚ ਮਿਲਦੇ ਨੇ, ਗਲਵੱਕੜੀਆਂ ’ਚ ਨਹੀਂ, ਉਹ ਹਾਸੇ ਹੁਣ ਯਾਦਾਂ ’ਚ ਵੱਸਦੇ ਨੇ, ਮਹਿਫ਼ਲਾਂ ’ਚ ਨਹੀਂ। ਸਮੇਂ ਨੇ ਸਭ ਨੂੰ ਆਪਣੇ-ਆਪਣੇ ਰਾਹਾਂ ਉੱਤੇ ਤੋਰ ਦਿੱਤਾ ਪਰ ਦਿਲ ਨੇ ਅੱਜ ਵੀ ਕਿਸੇ ਨੂੰ ਬਚਪਨ ਤੋਂ ਅੱਗੇ ਨਹੀਂ ਜਾਣ ਦਿੱਤਾ। ਸ਼ਾਇਦ ਬਚਪਨ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿੰਨੇ ਖ਼ੁਸ਼ ਹਾਂ। ਅਸੀਂ ਸਮਝਦੇ ਸੀ ਕਿ ਜ਼ਿੰਦਗੀ ਤਾਂ ਅੱਗੇ ਜਾ ਕੇ ਸ਼ੁਰੂ ਹੋਣੀ ਹੈ। ਵੱਡੇ ਹੋਣਾ ਹੈ, ਪੈਸੇ ਕਮਾਉਣੇ ਹਨ, ਆਪਣਾ ਘਰ ਬਣਾਉਣਾ ਹੈ, ਆਪਣੀਆਂ ਖ਼ਾਹਿਸ਼ਾਂ ਪੂਰੀਆਂ ਕਰਨੀਆਂ ਹਨ। ਉਦੋਂ ਨਾ ਕਿਸੇ ਨੂੰ ਅਮੀਰ ਦਿਖਣ ਦੀ ਲੋੜ ਸੀ, ਨਾ ਕਿਸੇ ਤੋਂ ਅੱਗੇ ਨਿਕਲਣ ਦੀ ਦੌੜ। ਕਿਸੇ ਦੇ ਘਰ ਨਵਾਂ ਟੀਵੀ ਆ ਜਾਂਦਾ ਤਾਂ ਸਾਰੇ ਬੱਚਿਆਂ ਦੀ ਖ਼ੁਸ਼ੀ ਸਾਂਝੀ ਹੁੰਦੀ। ਕਿਸੇ ਦੇ ਘਰ ਕੋਈ ਚੰਗੀ ਚੀਜ਼ ਬਣਦੀ ਤਾਂ ਗੁਆਂਢੀਆਂ ਤੱਕ ਵੀ ਪਹੁੰਚ ਜਾਂਦੀ। ਅੱਜ ਵੀ ਜੇ ਕਦੇ ਪੁਰਾਣੀ ਗਲੀ ’ਚੋਂ ਲੰਘਣ ਦਾ ਮੌਕਾ ਮਿਲੇ ਤਾਂ ਮਨ ਆਪਣੇ ਆਪ ਉਹਨਾਂ ਥਾਵਾਂ ਨੂੰ ਲੱਭਣ ਲੱਗ ਜਾਂਦਾ ਹੈ। ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਪਰ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਮੇਂ ਦੇ ਹਵਾਲੇ ਕਰਨ ਨੂੰ ਦਿਲ ਨਹੀਂ ਮੰਨਦਾ। ਮੇਰੀ ਤਾਂ ਅੱਜ ਵੀ ਇਹੀ ਇੱਛਾ ਹੈ ਕਿ ਇੱਕ ਦਿਨ ਉਹ ਸਾਰੇ ਯਾਰ ਮੁੜ ਇਕੱਠੇ ਹੋਣ। ਨਾ ਕੋਈ ਵੱਡੀ ਮਹਿਫ਼ਲ, ਨਾ ਕੋਈ ਖ਼ਾਸ ਪ੍ਰਬੰਧ। ਬਸ ਕਿਸੇ ਪੁਰਾਣੇ ਵਿਹੜੇ ’ਚ ਬੈਠੀਏ। ਇਕ-ਦੂਜੇ ਦੇ ਚਿਹਰੇ ਵੇਖੀਏ, ਪੁਰਾਣੀਆਂ ਗੱਲਾਂ ਛੇੜੀਏ, ਆਪਣੀਆਂ ਗਲਤੀਆਂ ’ਤੇ ਹੱਸੀਏ ਅਤੇ ਉਹਨਾਂ ਦਿਨਾਂ ਨੂੰ ਯਾਦ ਕਰੀਏ, ਜਦੋਂ ਸਾਡੇ ਕੋਲ ਕੁਝ ਖ਼ਾਸ ਨਹੀਂ ਸੀ, ਪਰ ਇੱਕ-ਦੂਜੇ ਲਈ ਸਾਡੇ ਕੋਲ ਬੇਅੰਤ ਸਮਾਂ ਸੀ। ਕਿਉਂਕਿ ਜ਼ਿੰਦਗੀ ਨੇ ਸਾਨੂੰ ਵੱਡਾ ਤਾਂ ਕਰ ਦਿੱਤਾ, ਪਰ ਦਿਲ ਅੱਜ ਵੀ ਉਸੇ ਬੱਚੇ ਕੋਲ ਰਹਿ ਗਿਆ ਹੈ, ਜੋ ਐਤਵਾਰ ਦੀ ਸਵੇਰ ਸ਼ਕਤੀਮਾਨ ਦੇਖਣ ਲਈ ਟੀਵੀ ਅੱਗੇ ਬੈਠਾ ਹੁੰਦਾ ਸੀ। ਕਾਸ਼! ਇਕ ਵਾਰ ਫਿਰ ਉਹੀ ਐਤਵਾਰ ਆਵੇ, ਉਹੀ ਐਂਟੀਨਾ ਘੁਮਾਉਣ ਦੀ ਆਵਾਜ਼ ਆਵੇ, ਉਹੀ ਯਾਰ ਗਲੀ ਵਿੱਚੋਂ ਬੁਲਾਉਣ ਅਤੇ ਮਾਂ-ਪਿਓ ਦੀ ਆਵਾਜ਼ ਆਵੇ ਕਿ ਪੁੱਤਰਾ, ਘਰ ਆ ਜਾ, ਹਨੇਰਾ ਹੋ ਗਿਆ ਹੈ।
-ਸੰਪਰਕ : 93169-49649