- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ’ਤੇ ਮਚੀ ਹਾਲ ਦੁਹਾਈ, ਪੌਂ-ਪੌਂ-ਹੌਰਨ ਅਤੇ ਆਪੋ-ਧਾਪੀ। ਸ਼ਾਇਦ ਇਹਨਾਂ ਗੱਲਾਂ ਦਾ ਹੀ ਨਤੀਜਾ ਹੈ। ਜੇਕਰ ਸਾਡੇ ਅਧਿਆਪਕ ਕਿਸੇ ਕਮੀ ਕਰ ਕੇ ਸਾਨੂੰ ਤਾੜਦੇ ਤੇ ਇਹ ਗੱਲ ਸਾਡੇ ਘਰ ਪੁੱਜਦੀ ਤਾਂ ਮਾਪਿਆਂ ਵੱਲੋਂ ਦੋਹਰੀ ਕੁੱਟ ਦਾ ਸ਼ਿਕਾਰ ਹੋਣਾ ਪੈਂਦਾ ਸੀ। ਮਾਪੇ ਆਖਦੇ ਤੁਸੀਂ ਕੋਈ ਨਾ ਕੋਈ ਗ਼ਲਤੀ ਕੀਤੀ ਹੋਣੀ ਹੈ, ਜਿਸ ਕਰ ਕੇ ਤੁਹਾਨੂੰ ਅਧਿਆਪਕਾਂ ਨੇ ਤਾੜਿਆ ਹੈ। ਇਸ ਕਰ ਕੇ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਨੀ। ਉਹ ਗਿੱਦੜ ਕੁੱਟ ਸਾਰੀ ਉਮਰ ਯਾਦ ਰਹਿੰਦੀ ਤੇ ਬੱਚਾ ਕਦੀ ਗ਼ਲਤੀ ਕਰਨ ਦੀ ਜ਼ੁਰਅਤ ਹੀ ਨਾ ਕਰਦਾ, ਸਗੋਂ ਸਿੱਧੇ ਰਾਹੇ ਤੁਰਿਆ ਰਹਿੰਦਾ।

-ਬਲਜਿੰਦਰ ਮਾਨ
ਮੌਜੂਦਾ ਸਮੇਂ ਵਿਚ ਬੱਚਿਆਂ ਨੂੰ ਮੋਬਾਈਲ ਨਾਲ ਮੂੰਹ ਜੋੜੀ ਬੈਠੇ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਉਹ ਬਚਪਨ ਜਦੋਂ ਸਭ ਕੁਝ ਖੁੱਲ੍ਹਾ ਖੁਲਾਸਾ ਸੀ। ਹਰ ਪਾਸੇ ਕੁਦਰਤ ਦਾ ਵਾਸਾ ਸੀ। ਹਰ ਇਨਸਾਨ ਖੇਤਾਂ ’ਚ ਜੰਗਲ ਪਾਣੀ ਜਾਂਦਾ। ਖੇਤਾਂ ’ਚ ਉੱਗਦੇ ਕੁਦਰਤੀ ਬੇਲ ਬੂਟਿਆਂ ਤੇ ਫਲਾਂ ਨੂੰ ਖਾਂਦਾ-ਪੀਂਦਾ ਸੀ। ਫ਼ਸਲਾਂ ਵੀ ਮਾਰੂ ਹੁੰਦੀਆਂ ਸਨ। ਜੇਕਰ ਮੀਂਹ ਪੈ ਜਾਂਦਾ ਤਾਂ ਫ਼ਸਲਾਂ ਹੋ ਜਾਂਦੀਆਂ, ਜੇ ਮੀਂਹ ਨਾ ਪੈਂਦਾ ਤਾਂ ਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ। ਅਜਿਹੀ ਹਾਲਤ ਦੇ ਬਾਵਜੂਦ ਜੀਵਨ ਬੜਾ ਸਾਦਾ ਅਤੇ ਸਬਰ ਤੇ ਸੰਤੋਖ ਵਾਲਾ ਸੀ। ਕਿਸੇ ਨੂੰ ਕੋਈ ਕਾਹਲ ਨਹੀਂ ਸੀ। ਸਾਰੇ ਹੀ ਆਪੋ ਆਪਣੇ ਕੰਮਾਂ ਨੂੰ ਸਹਿਜ ਅਵਸਥਾ ’ਚ ਕਰਦੇ ਅਤੇ ਕੁਦਰਤ ਦਾ ਸ਼ੁਕਰ ਕਰਦੇ। ਤੜਕੇ ਹੀ ਬਲਦਾਂ ਦੀਆਂ ਟੱਲੀਆਂ ਦੀ ਸੁਰੀਲੀ ਆਵਾਜ਼ ਕੰਨਾਂ ’ਚ ਪੈਣ ਲੱਗਦੀ ਤਾਂ ਸੁਆਣੀਆਂ ਉੱਠ ਕੇ ਆਪੋ ਆਪਣੇ ਕੰਮਾਂ ’ਚ ਜੁਟ ਜਾਂਦੀਆਂ। ਨਿੱਕੇ ਨਿਆਣੇ ਗਲ਼ੀਆਂ ’ਚ ਇੱਧਰ-ਉੱਧਰ ਦੌੜੇ ਫਿਰਦੇ। ਕੋਈ ਗੱਡਿਆਂ ਮਗਰ ਲਟਕਦਾ ਤੇ ਕੋਈ ਗੱਡਿਆਂ ’ਤੇ ਝਾਟੀ ਲੈਂਦਾ ਖੁਸ਼ੀ ਮਾਣਦਾ।
ਅਸੀਂ ਲੱਕੜ ਦੇ ਗੱਡਿਆਂ ਤੋਂ ਸਫ਼ਰ ਕਰਦੇ-ਕਰਦੇ ਹਵਾਈ ਜਹਾਜ਼ਾਂ ਦੇ ਸਫ਼ਰ ਤੱਕ ਪੁੱਜ ਗਏ ਹਾਂ। ਆਪਣੇ ਦਿਮਾਗ ਨਾਲ ਸਵਾਲ ਕੱਢਦੇ ਕੱਢਦੇ ਏਆਈ ਤੋਂ ਸਵਾਲ ਕਢਵਾਉਣ ਲੱਗ ਪਏ ਹਾਂ। ਇਹ ਸਾਡੇ ਜੀਵਨ ਦੀ ਤਰੱਕੀ ਦੀਆਂ ਨਿਸ਼ਾਨੀਆਂ ਹਨ ਪਰ ਜੋ ਅਸੀਂ ਗਵਾਇਆ ਹੈ, ਉਹ ਸਭ ਤੋਂ ਕੀਮਤੀ ਸ਼ੈਅ ਹੈ। ਉਹ ਹੈ ਆਪਣੀ ਸਿਹਤ, ਸਿੱਖਿਆ, ਪਿਆਰ ਸਤਿਕਾਰ, ਮੁਹੱਬਤ ਤੇ ਰਿਸ਼ਤੇ ਨਾਤਿਆਂ ਦਾ ਨਿੱਘ। ਪਿੰਡ ਦੀ ਲੜਕੀ ਸਾਰੇ ਪਿੰਡ ਦੀ ਧੀ ਹੁੰਦੀ ਸੀ ਤੇ ਪਿੰਡ ਦੀ ਬਹੂ ਸਾਰੇ ਪਿੰਡ ਦੀ ਬਹੂ ਮੰਨੀ ਜਾਂਦੀ ਸੀ। ਜੇਕਰ ਕੋਈ ਬੱਚਾ ਗ਼ਲਤੀ ਕਰਦਾ ਤਾਂ ਉਸ ਨੂੰ ਪਿੰਡ ਦਾ ਵਾਸੀ ਚਾਚਾ-ਤਾਇਆ ਤਾੜਨ ’ਚ ਕਦੀ ਗੁਰੇਜ਼ ਨਾ ਕਰਦਾ। ਅਜਿਹੀ ਘਟਨਾ ਤੋਂ ਬਾਅਦ ਉਸ ਦੇ ਮਾਪੇ ਤਾਏ ਦਾ ਧੰਨਵਾਦ ਕਰਦੇ ਕਿ ਤੁਸੀਂ ਅਜਿਹਾ ਕਰਕੇ ਬੱਚੇ ਨੂੰ ਕੁਰਾਹੇ ਪੈਣ ਤੋਂ ਬਚਾ ਲਿਆ ਹੈ। ਅੱਜ ਸਭ ਕੁਝ ਇਸ ਦੇ ਉਲਟ ਵਾਪਰ ਰਿਹਾ ਹੈ। ਜੇ ਕੋਈ ਕਿਸੇ ਨੂੰ ਮਾੜੇ ਕੰਮ ਤੋਂ ਵਰਜਦਾ ਹੈ ਤਾਂ ਉਸ ਦੇ ਮਾਪੇ ਆਖਦੇ ਹਨ, ਇਹ ਸਾਡੇ ਬੱਚੇ ਨੂੰ ਝੱਲਦੇ ਨਹੀਂ। ਸ਼ਾਇਦ ਇਸੇ ਕਰ ਕੇ ਨੌਜਵਾਨ ਪੀੜੀ ਨਿਘਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ।
ਸੜਕਾਂ ’ਤੇ ਮਚੀ ਹਾਲ ਦੁਹਾਈ, ਪੌਂ-ਪੌਂ-ਹੌਰਨ ਅਤੇ ਆਪੋ-ਧਾਪੀ। ਸ਼ਾਇਦ ਇਹਨਾਂ ਗੱਲਾਂ ਦਾ ਹੀ ਨਤੀਜਾ ਹੈ। ਜੇਕਰ ਸਾਡੇ ਅਧਿਆਪਕ ਕਿਸੇ ਕਮੀ ਕਰ ਕੇ ਸਾਨੂੰ ਤਾੜਦੇ ਤੇ ਇਹ ਗੱਲ ਸਾਡੇ ਘਰ ਪੁੱਜਦੀ ਤਾਂ ਮਾਪਿਆਂ ਵੱਲੋਂ ਦੋਹਰੀ ਕੁੱਟ ਦਾ ਸ਼ਿਕਾਰ ਹੋਣਾ ਪੈਂਦਾ ਸੀ। ਮਾਪੇ ਆਖਦੇ ਤੁਸੀਂ ਕੋਈ ਨਾ ਕੋਈ ਗ਼ਲਤੀ ਕੀਤੀ ਹੋਣੀ ਹੈ, ਜਿਸ ਕਰ ਕੇ ਤੁਹਾਨੂੰ ਅਧਿਆਪਕਾਂ ਨੇ ਤਾੜਿਆ ਹੈ। ਇਸ ਕਰ ਕੇ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਨੀ। ਉਹ ਗਿੱਦੜ ਕੁੱਟ ਸਾਰੀ ਉਮਰ ਯਾਦ ਰਹਿੰਦੀ ਤੇ ਬੱਚਾ ਕਦੀ ਗ਼ਲਤੀ ਕਰਨ ਦੀ ਜ਼ੁਰਅਤ ਹੀ ਨਾ ਕਰਦਾ, ਸਗੋਂ ਸਿੱਧੇ ਰਾਹੇ ਤੁਰਿਆ ਰਹਿੰਦਾ। ਖੁੱਲ੍ਹੇ ਵਿਹੜੇ ਨਾ ਹੀ ਕੋਈ ਬਗਲ ਤੇ ਨਾ ਹੀ ਕੋਈ ਗੇਟ ਹੁੰਦਾ ਸੀ। ਇਕ ਦੂਜੇ ਦੇ ਘਰਾਂ ’ਚ ਸਿੱਧੇ ਆਉਂਦੇ ਜਾਂਦੇ ਅਤੇ ਖੁਸ਼ੀਆਂ ਤੇ ਦੁੱਖ-ਸੁੱਖ ਸਾਂਝੇ ਕਰਦੇ। ਸਾਂਝੇ ਪਰਿਵਾਰਾਂ ’ਚ ਬੱਚੇ ਕਿਵੇਂ ਪਲ਼ਦੇ ਸਨ, ਮਾਵਾਂ ਨੂੰ ਪਤਾ ਹੀ ਨਾ ਲੱਗਦਾ ਤੇ ਬਹੁਤੀ ਵਾਰ ਤਾਂ ਬੱਚੇ ਆਪਣੇ ਚਾਚੀ-ਤਾਈ ਨੂੰ ਹੀ ਮਾਂ ਸਮਝੀ ਜਾਂਦੇ। ਆਪਣੇ ਵੱਡੇ ਭੈਣਾਂ-ਭਰਾਵਾਂ ਵਾਂਗ ਸਾਰੀ ਉਮਰ ਉਸ ਨੂੰ ਹੀ ਮਾਂ ਆਖਦੇ ਰਹਿੰਦੇ। ਜੇਕਰ ਬੱਚਾ ਵੱਡਾ ਉਸ ਦੀ ਮਾਂ ਨੂੰ ਤਾਈ ਚਾਚੀ ਆਖਦਾ ਤਾਂ ਉਹ ਉਸਨੂੰ ਵੀ ਤਾਈ ਚਾਚੀ ਹੀ ਆਖਣ ਲੱਗ ਪੈਂਦੇ। ਇਹ ਸੀ ਪਿਆਰ ਸਤਿਕਾਰ ਮੁਹੱਬਤ ਦਾ ਗਹਿਗੱਚ ਮਾਹੌਲ ਪਰ ਅੱਜ ਜਦੋਂ ਅਸੀਂ ਪਿੰਡਾਂ ’ਚ ਵੀ ਝਾਤੀ ਮਾਰਦੇ ਹਾਂ ਤਾਂ ਹਰ ਘਰ ਨੂੰ ਲੱਗਾ ਗੇਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਘਰ ਅੰਦਰ ਰਹਿਣ ਵਾਲੇ ਲੋਕ ਲੋਕਾਂ ਦਾ ਜੀਵਨ ਸਿਰਫ ਤੇ ਸਿਰਫ ਆਪਣੇ ਤੱਕ ਸੀਮਤ ਹੈ।
ਅੱਜ-ਕੱਲ੍ਹ ਲੋਕ ਇਕ ਦੂਜੇ ਦੇ ਘਰ ਜਾਣ ਤੋਂ ਗੁਰੇਜ਼ ਕਰਦੇ ਹਨ। ਉਹ ਸੋਚਦੇ ਹਨ ਕਿ ਕਿਸ ਵੇਲੇ ਜਾਇਆ ਜਾਵੇ ਤੇ ਕਿਵੇਂ ਜਾਇਆ ਜਾਵੇ। ਘਰ ਵਾਲੇ ਸ਼ਾਇਦ ਆਰਾਮ ਕਰਦੇ ਹੋਣਗੇ ਜਾਂ ਕੋਈ ਆਪਣਾ ਕੰਮ-ਕਾਰ। ਇਸੇ ਕਰ ਕੇ ਸਾਡੀਆਂ ਦੂਰੀਆਂ ਵੱਧ ਗਈਆਂ ਹਨ ਤੇ ਅਸੀਂ ਇਕ ਦੂਜੇ ਦੇ ਸਹਿਯੋਗ ਤੋਂ ਦੂਰ ਹੁੰਦੇ ਹੋ ਗਏ ਹਾਂ। 50 -60 ਸਾਲ ਪਹਿਲਾਂ ਪਿੰਡਾਂ ’ਚ ਬਿਜਲੀ ਨਹੀਂ ਸੀ ਆਈ ਲੋਕ ਦੀਵਿਆਂ ਨਾਲ ਗੁਜ਼ਾਰਾ ਕਰਦੇ ਸਨ। ਰਾਤ ਨੂੰ ਕੋਠੇ ਦੀ ਛੱਤ ਉੱਤੇ ਮੰਜੇ ਡਾਹ ਕੇ ਨੀਲੇ ਅੰਬਰ ਦੇ ਤਾਰੇ ਗਿਣਨੇ ਅਤੇ ਵੱਡੇ-ਵਡੇਰਿਆਂ ਵੱਲੋਂ ਬਾਤਾਂ ਸੁਣਦਿਆਂ-ਸੁਣਦਿਆਂ ਗੁੜ੍ਹੀ ਨੀਂਦ ਆ ਜਾਣੀ। ਅੱਜ ਨਾ ਤਾਂ ਨੀਲਾ ਅੰਬਰ ਦਿਖਾਈ ਦਿੰਦਾ ਹੈ ਤੇ ਨਾ ਹੀ ਉਹ ਗੂੜ੍ਹੇ ਤਾਰੇ ਤੇ ਨਾ ਹੀ ਵੱਡੇ-ਵਡੇਰੇ ਦਾਦੇ-ਦਾਦੀਆਂ ਬਾਤਾਂ ਸੁਣਾਉਂਦੇ ਹਨ। ਅੱਜ ਤਾਂ ਸਾਰਾ ਕੁਝ ਮੋਬਾਇਲ ’ਚ ਹੀ ਸਿਮਟ ਕੇ ਰਹਿ ਗਿਆ ਹੈ। ਸਮੇਂ ਦੀ ਐਸੀ ਮਾਰ ਪਈ ਹੈ ਕਿ ਨਵੀਂ ਪਨੀਰੀ ਨੂੰ ਰਿਸ਼ਤੇ ਨਾਤਿਆਂ ਦੀ ਕਦਰ ਹੀ ਭੁੱਲ ਗਈ ਹੈ। ਖੂਹਾਂ ’ਚੋਂ ਲੱਜ ਅਤੇ ਡੋਲ ਨਾਲ ਪਾਣੀ ਕੱਢਿਆ ਜਾਂਦਾ ਸੀ। ਸਾਡਾ ਇਲਾਕਾ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਹੋਣ ਕਰ ਕੇ ਪਾਣੀ ਘੱਟੋ ਘੱਟ 60 70 ਹੱਥ ਡੂੰਘਾ ਹੁੰਦਾ ਸੀ, ਜਿਸ ਵਾਸਤੇ ਪਾਣੀ ਕੱਢਣ ਲਈ ਕਾਫੀ ਜ਼ੋਰ ਲਾਉਣਾ ਪੈਂਦਾ ਸੀ। ਪਸ਼ੂਆਂ ਨੂੰ ਤਾਂ ਟੋਭਿਆਂ ’ਚ ਹੀ ਨੁਹਾਇਆ ਜਾਂਦਾ ਸੀ ਤੇ ਬਹੁਤੀ ਵਾਰ ਆਪਾਂ ਵੀ ਪਸ਼ੂ ਚਾਰਦੇ ਟੋਭਿਆਂ ਦੇ ’ਚ ਨਹਾਉਣ ਦਾ ਆਨੰਦ ਮਾਣ ਲੈਂਦੇ। ਨਲਕੇ ਆਉਣ ਨਾਲ ਪਾਣੀ ਸੌਖਾ ਕੱਢਿਆ ਜਾਣ ਲੱਗਾ ਪਰ ਪਾਣੀ ਦੀ ਦੁਰਵਰਤੋਂ ਕਦੀ ਵੀ ਨਹੀਂ ਸੀ ਹੁੰਦੀ ਕਿਉਂਕਿ ਨਲਕੇ ਗੇੜ ਕੇ ਲੋੜ ਅਨੁਸਾਰ ਹੀ ਪਾਣੀ ਨਿਕਲਦਾ। ਗਲੀਆਂ ਕੱਚੀਆਂ ਹੋਣ ਕਰ ਕੇ ਪਾਣੀ ਦੀ ਵਾਧੂ ਬੂੰਦ ਕਿਤੇ ਨਾ ਡਿੱਗਦੀ ਜੇ ਡਿੱਗਦੀ ਵੀ ਤਾਂ ਉਹ ਧਰਤੀ ’ਚ ਰਚ ਜਾਂਦੀ ਅਤੇ ਮੱਖੀ ਮੱਛਰ ਪੈਦਾ ਹੀ ਨਾ ਹੁੰਦਾ। ਜੇਠ ਹਾੜ ਦੀਆਂ ਦੁਪਹਿਰਾਂ ਨੂੰ ਬੋਹੜ ਹੇਠਾਂ ਸਭ ਨੇ ਰੌਣਕਾਂ ਲਾਉਣੀਆਂ। ਉੱਥੇ ਬੈਠ ਕੇ ਦੇਸ਼ ਦੁਨੀਆ ਦੀਆਂ ਬਾਤਾਂ ਪੈਣੀਆਂ। ਬੱਚਿਆਂ ਨੇ ਆਪਣੀਆਂ ਖੇਡਾਂ ਖੇਡਣੀਆਂ ਤੇ ਵੱਡਿਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਨੇ। ਇਕ ਪਾਸੇ ਬੀਬੀਆਂ ਨੇ ਆਪਣੀ ਰੌਣਕ ਲਾਈ ਰੱਖਣੀ। ਆਪਣਿਆਂ ਦੇ ਨਿੱਘ ’ਚ ਗਰਮੀ ਸਰਦੀ ਦਾ ਕਦੀ ਅਹਿਸਾਸ ਹੀ ਨਹੀਂ ਸੀ ਹੁੰਦਾ ਪਰ ਹੁਣ ਇਹ ਸਾਰਾ ਕੁਝ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਜ਼ਮਾਨਾ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧਿਆ ਤੇ ਵਧ ਰਿਹਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਸੀਂ ਇਹ ਸਾਰੇ ਸੁਖ ਵਿਸਾਰ ਕੇ ਜ਼ਿੰਦਗੀ ’ਚ ਕੀ ਹਾਸਲ ਕਰਨਾ ਚਾਹੁੰਦੇ ਹਾਂ। ਚਾਰੇ ਪਾਸੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ।
ਵੱਡੀਆਂ-ਵੱਡੀਆਂ ਕਾਲੋਨੀਆਂ ਨੇ ਧਰਤੀ ਦਾ ਵੱਡਾ ਹਿੱਸਾ ਢਕ ਲਿਆ ਹੈ। ਸ਼ਹਿਰੀਕਰਨ ਦੇ ਨਾਂ ’ਤੇ ਪਿੰਡਾਂ ਦੇ ਸੁਹੱਪਣ ਨੂੰ ਆਪਣੇ ਲਪੇਟੇ ਵਿਚ ਲਿਆ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਫਲੈਟਾਂ ਵਿਚ ਮਨੁੱਖ ਇਕੱਲਤਾ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਇਸ ਢਾਂਚਾਗਤ ਵਿਕਾਸ ਦੇ ਦੈਂਤ ਨੇ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਆਪਣੇ ਹੀ ਨਵੇਂ ਪਰ ਕੱਚੇ ਰੰਗਾਂ ’ਤ ਰੰਗ ਲਿਆ ਹੈ। ਪੁਰਾਣੇ ਵੇਲੇ ਦੀਆਂ ਗੱਲਾਂ ਸੁਣਾਓ ਤਾਂ ਇਹ ਬੱਚਿਆਂ ਦੇ ਸਿਰਾਂ ਦੇ ਉਪਰੋਂ ਲੰਘ ਜਾਂਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮਾਪੇ ਪਤਾ ਨਹੀਂ ਕਿਹੜੇ ਸੰਸਾਰ ਦੀਆਂ ਬਾਤਾਂ ਪਾ ਰਹੇ ਹਨ। ਬੱਚਿਆਂ ਦੇ ਦੁਆਲੇ ਇਕ ਵੱਖਰਾ ਸੰਸਾਰ ਸਿਰਜਿਆ ਜਾ ਰਿਹਾ ਹੈ, ਜਿਸ ਵਿਚੋਂ ਵੱਡਿਆਂ-ਵਡੇਰਿਆਂ ਨਾਲ ਮੋਹ ਕਿਤੇ ਨਾ ਕਿਤੇ ਨਦਾਰਦ ਹੋ ਰਿਹਾ ਹੈ। ਇਕ ਅਜੀਬ ਕਿਸਮ ਦਾ ਮਸ਼ੀਨੀਕਰਨ ਮਨੁੱਖ ਦੇ ਸੁਖਚੈਨ ਨੂੰ ਘੁਣ ਵਾਂਗ ਚਿੰਬੜ ਰਿਹਾ ਹੈ। ਮੁੱਕਦੀ ਗੱਲ, ਸਿਆਣਿਆਂ ਦੀ ਕਹੀ ਗਈ ਇਹ ਗੱਲ ਹੁਣ ਸਮਝ ਆ ਰਹੀ ਹੈ ਕਿ ਲੰਘਿਆ ਵੇਲਾ, ਕਦੇ ਵੀ ਹੱਥ ਨਹੀਂ ਆਉਂਦਾ।
(ਸੰਪਰਕ : 98150-18947)।