- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਕੋਈ ਰਾਹ ਬਣ ਜਾਵੇ ਤਾਂ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹਾਂ।’ ਉਸ ਨੇ ਗੁਲਜ਼ਾਰ ਦੀ ਪੂਰੀ ਗੱਲ ਬੜੇ ਧਿਆਨ ਨਾਲ ਸੁਣੀ। ਫਿਰ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘ਇਹ ਵੀ ਕੋਈ ਗੱਲ ਹੈ? ਤੂੰ ਮੇਰੇ ਕੋਲ ਹੀ ਰਹੇਂਗਾ। ਤੇਰੀ ਹਰ ਜ਼ਿੰਮੇਵਾਰੀ ਮੇਰੀ। ਜਿੱਥੇ ਮੇਰੇ ਦੋ ਮੁੰਡੇ ਰਹਿ ਰਹੇ ਨੇ, ਮੈਂ ਸਮਝਾਂਗਾ ਕਿ ਤੀਜਾ ਮੁੰਡਾ ਤੂੰ ਵੀ ਰਹਿ ਰਿਹਾ ਹੈਂ। ਯਾਦ ਰੱਖੀਂ, ਤੇਰੀ ਕਾਮਯਾਬੀ ਸਿਰਫ਼ ਤੇਰੀ ਆਪਣੀ ਜਿੱਤ ਨਹੀਂ ਹੋਵੇਗੀ, ਇਹ ਤੇਰੇ ਪਰਿਵਾਰ ਦੀ ਗ਼ਰੀਬੀ, ਮਜਬੂਰੀਆਂ ਤੇ ਹਾਲਾਤਾਂ ਨੂੰ ਦਿੱਤਾ ਸਭ ਤੋਂ ਵੱਡਾ ਜਵਾਬ ਹੋਵੇਗੀ।’

ਰਾਜਿੰਦਰ ਸਿੰਘ ਰਾਜਨ
ਇਹ ਕਹਾਣੀ ਗੁਲਜ਼ਾਰ ਦੀ ਹੈ, ਉਸ ਗੁਲਜ਼ਾਰ ਦੀ, ਜਿਸ ਨੇ ਗ਼ਰੀਬੀ ਨੂੰ ਆਪਣੀ ਕਿਸਮਤ ਨਹੀਂ, ਸਗੋਂ ਆਪਣੀ ਮਿਹਨਤ ਲਈ ਚੁਣੌਤੀ ਸਮਝਿਆ। ਇਕ ਬਹੁਤ ਹੀ ਪੱਛੜੇ ਪਿੰਡ ’ਚ ਗੁਲਜ਼ਾਰ ਦਾ ਪਰਿਵਾਰ ਰਹਿੰਦਾ ਸੀ। ਪਿਤਾ ਦਿਹਾੜੀ-ਮਜ਼ਦੂਰੀ ਕਰ ਕੇ ਆਪਣੀ ਪਤਨੀ, ਇਕ ਧੀ ਅਤੇ ਦੋ ਪੁੱਤਰਾਂ ਦਾ ਪੇਟ ਪਾਲਦਾ ਸੀ। ਘਰ ਦੀ ਮਾਲੀ ਹਾਲਤ ਇੰਨੀ ਤੰਗ ਸੀ ਕਿ ਕਈ ਵਾਰ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਸੀ ਪਰ ਗੁਲਜ਼ਾਰ ਪੜ੍ਹਾਈ ’ਚ ਬੇਹੱਦ ਹੁਸ਼ਿਆਰ ਸੀ। ਉਸ ਦੀਆਂ ਅੱਖਾਂ ’ਚ ਵੱਡੇ ਸੁਪਨੇ ਸਨ। ਉਹ ਜ਼ਿੰਦਗੀ ’ਚ ਕੁਝ ਬਣਨਾ ਚਾਹੁੰਦਾ ਸੀ ਪਰ ਘਰ ਦੀ ਗਰੀਬੀ ਹਰ ਵਾਰ ਉਸ ਦੇ ਸੁਪਨਿਆਂ ਅੱਗੇ ਇਕ ਉੱਚੀ ਕੰਧ ਬਣ ਕੇ ਖੜ੍ਹ ਜਾਂਦੀ ਸੀ। ਗੁਲਜ਼ਾਰ ਨੇ ਬਾਰ੍ਹਵੀਂ ਜਮਾਤ ਚੰਗੇ ਨੰਬਰਾਂ ਨਾਲ ਪਾਸ ਕਰ ਲਈ। ਹੁਣ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਸੀ-ਅੱਗੇ ਪੜ੍ਹਾਈ ਕਿਵੇਂ ਜਾਰੀ ਰੱਖੀ ਜਾਵੇ? ਵੱਡਾ ਭਰਾ ਵੀ ਮਜ਼ਦੂਰੀ ਕਰਦਾ ਸੀ। ਭੈਣ ਦਾ ਵਿਆਹ ਹੋ ਚੁੱਕਾ ਸੀ।
ਘਰ ’ਚ ਇੰਨੀ ਸਮਰੱਥਾ ਨਹੀਂ ਸੀ ਕਿ ਗੁਲਜ਼ਾਰ ਦੀ ਕਾਲਜ ਦੀ ਫੀਸ, ਕਿਤਾਬਾਂ, ਆਉਣ-ਜਾਣ ਅਤੇ ਰਹਿਣ-ਖਾਣ ਦਾ ਖ਼ਰਚਾ ਚੁੱਕਿਆ ਜਾ ਸਕੇ। ਉਸ ਰਾਤ ਗੁਲਜ਼ਾਰ ਬਹੁਤ ਦੇਰ ਤੱਕ ਜਾਗਦਾ ਰਿਹਾ। ਕਦੇ ਛੱਤ ਵੱਲ ਤੱਕਦਾ ਅਤੇ ਕਦੇ ਆਪਣੇ ਸੁਪਨਿਆਂ ਵੱਲ। ਆਖ਼ਰ ਅਚਾਨਕ ਉਸ ਦੇ ਮਨ ’ਚ ਸ਼ਹਿਰ ਰਹਿੰਦੇ ਆਪਣੇ ਤਾਏ ਦੇ ਪੁੱਤਰ ਦਾ ਖ਼ਿਆਲ ਆਇਆ, ਜੋ ਉਸ ਤੋਂ ਲਗਭਗ ਤੀਹ ਸਾਲ ਵੱਡਾ ਸੀ। ਉਸ ਦਾ ਸ਼ਹਿਰ ’ਚ ਖੇਤੀਬਾੜੀ ਦਾ ਕਾਰੋਬਾਰ ਵੀ ਚੰਗਾ-ਖ਼ਾਸਾ ਸੀ। ਗੁਲਜ਼ਾਰ ਨੇ ਆਪਣੇ ਮਨ ’ਚ ਕਿਹਾ-‘ਕਿਉਂ ਨਾ ਇੱਕ ਵਾਰ ਉਸ ਕੋਲ ਜਾ ਕੇ ਗੱਲ ਕਰਾਂ? ਅਗਲੇ ਦਿਨ ਉਹ ਸ਼ਹਿਰ ਪਹੁੰਚ ਗਿਆ। ਤਾਏ ਦਾ ਪੁੱਤਰ ਗੁਲਜ਼ਾਰ ਨੂੰ ਵੇਖ ਕੇ ਖਿੜ ਉੱਠਿਆ। ਉਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਚਾਚੇ ਦਾ ਇਹ ਮੁੰਡਾ ਬਹੁਤ ਹੋਣਹਾਰ ਹੈ। ਗੁਲਜ਼ਾਰ ਨੇ ਝਿਜਕਦਿਆਂ ਆਪਣੀ ਗੱਲ ਉਸ ਦੇ ਸਾਹਮਣੇ ਰੱਖੀ, ‘ਭਾ! ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ ਪਰ ਘਰ ਦੀ ਹਾਲਤ ਤੁਸੀਂ ਜਾਣਦੇ ਹੀ ਹੋ। ਜੇ ਕੋਈ ਰਾਹ ਬਣ ਜਾਵੇ ਤਾਂ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹਾਂ।’ ਉਸ ਨੇ ਗੁਲਜ਼ਾਰ ਦੀ ਪੂਰੀ ਗੱਲ ਬੜੇ ਧਿਆਨ ਨਾਲ ਸੁਣੀ। ਫਿਰ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘ਇਹ ਵੀ ਕੋਈ ਗੱਲ ਹੈ? ਤੂੰ ਮੇਰੇ ਕੋਲ ਹੀ ਰਹੇਂਗਾ। ਤੇਰੀ ਹਰ ਜ਼ਿੰਮੇਵਾਰੀ ਮੇਰੀ। ਜਿੱਥੇ ਮੇਰੇ ਦੋ ਮੁੰਡੇ ਰਹਿ ਰਹੇ ਨੇ, ਮੈਂ ਸਮਝਾਂਗਾ ਕਿ ਤੀਜਾ ਮੁੰਡਾ ਤੂੰ ਵੀ ਰਹਿ ਰਿਹਾ ਹੈਂ। ਯਾਦ ਰੱਖੀਂ, ਤੇਰੀ ਕਾਮਯਾਬੀ ਸਿਰਫ਼ ਤੇਰੀ ਆਪਣੀ ਜਿੱਤ ਨਹੀਂ ਹੋਵੇਗੀ, ਇਹ ਤੇਰੇ ਪਰਿਵਾਰ ਦੀ ਗ਼ਰੀਬੀ, ਮਜਬੂਰੀਆਂ ਤੇ ਹਾਲਾਤਾਂ ਨੂੰ ਦਿੱਤਾ ਸਭ ਤੋਂ ਵੱਡਾ ਜਵਾਬ ਹੋਵੇਗੀ।’ ਇਹ ਸ਼ਬਦ ਗੁਲਜ਼ਾਰ ਦੇ ਦਿਲ ’ਚ ਅਜਿਹੇ ਉਤਰੇ ਕਿ ਉਸ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਗਈ। ਉਸ ਨੇ ਦਿਨ-ਰਾਤ ਇਕ ਕਰ ਦਿੱਤਾ। ਕਾਲਜ ਜਾਂਦਾ, ਪੂਰੀ ਲਗਨ ਨਾਲ ਪੜ੍ਹਦਾ ਤੇ ਘਰ ਪਰਤ ਕੇ ਮੁੜ ਕਿਤਾਬਾਂ ’ਚ ਜੁਟ ਜਾਂਦਾ। ਉਸ ਨੇ ਬੀਏ ਕੀਤੀ, ਫਿਰ ਐੱਮਏ ਕੀਤੀ। ਆਖ਼ਰ ਉਹ ਦਿਨ ਵੀ ਆ ਗਿਆ, ਜਦੋਂ ਉਸ ਨੇ ਬੈਂਕ ’ਚ ਪ੍ਰੋਬੇਸ਼ਨਰੀ ਅਫ਼ਸਰ ਦੀ ਪ੍ਰੀਖਿਆ ਦਿੱਤੀ। ਨਤੀਜਾ ਆਇਆ ਤਾਂ ਗੁਲਜ਼ਾਰ ਪਾਸ ਸੀ। ਉਸ ਦੀ ਨਿਯੁਕਤੀ ਬੈਂਕ ’ਚ ਸਹਾਇਕ ਮੈਨੇਜਰ ਵਜੋਂ ਹੋ ਗਈ।
ਫਿਰ ਅਜਿਹਾ ਦੌਰ ਆਇਆ ਕਿ ਉਹ ਮੈਨੇਜਰ ਤੋਂ ਚੀਫ਼ ਮੈਨੇਜਰ ਬਣ ਗਿਆ ਪਰ ਗੁਲਜ਼ਾਰ ਨੇ ਆਪਣਾ ਅਤੀਤ ਕਦੇ ਨਹੀਂ ਭੁਲਾਇਆ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਇਸ ਦੌਰਾਨ ਪਹਿਲਾਂ ਪਿਤਾ ਚੱਲ ਵੱਸਿਆ ਤੇ ਉਸ ਤੋਂ ਬਾਅਦ ਮਾਤਾ ਵੀ ਚੱਲ ਵੱਸੀ। ਗੁਲਜ਼ਾਰ ਨੂੰ ਇਹ ਸਦਮੇ ਅਤੇ ਪੁਰਾਣੀਆਂ ਯਾਦਾਂ ਬਹੁਤ ਸਤਾਉਂਦੀਆਂ ਰਹੀਆਂ। ਇਕ ਦਿਨ ਗੁਲਜ਼ਾਰ ਦੇ ਪੁੱਤਰ ਦਾ ਵਿਆਹ ਸੀ। ਸ਼ਹਿਰ ਦੇ ਵੱਡੇ-ਵੱਡੇ ਅਫ਼ਸਰ, ਮੁਲਾਜ਼ਮ ਅਤੇ ਪਤਵੰਤੇ ਸੱਜਣ ਵਿਆਹ ਸਮਾਗਮ ’ਚ ਪਹੁੰਚੇ ਹੋਏ ਸਨ। ਚਾਰੇ ਪਾਸੇ ਖ਼ੁਸ਼ੀਆਂ ਦਾ ਮਾਹੌਲ ਸੀ। ਉਸੇ ਭੀੜ ’ਚ ਗੁਲਜ਼ਾਰ ਦੇ ਤਾਏ ਦਾ ਪੁੱਤਰ ਵੀ ਬੜੀ ਟੌਹਰ ਨਾਲ ਮੋਢੇ ’ਤੇ ਲਾਲ ਪਰਨਾ ਰੱਖੀ ਫਿਰ ਰਿਹਾ ਸੀ। ਗੁਲਜ਼ਾਰ ਦੇ ਕੁਝ ਦੋਸਤਾਂ ਦੀ ਨਜ਼ਰ ਗੁਲਜ਼ਾਰ ਦੀ ਟਾਈ ’ਤੇ ਪਈ ਤਾਂ ਇਕ ਨੇ ਮੁਸਕਰਾਉਂਦਿਆਂ ਕਿਹਾ, ‘ਵਾਹ ਜਨਾਬ!
ਟਾਈ ਤਾਂ ਖੂਬ ਜੱਚ ਰਹੀ ਹੈ।’ ਮਾਹੌਲ ’ਚ ਹਾਸੇ ਦੀ ਇਕ ਹਲਕੀ ਲਹਿਰ ਦੌੜੀ ਪਰ ਅਗਲੇ ਹੀ ਪਲ ਗੁਲਜ਼ਾਰ ਦੇ ਇਕ ਦੋਸਤ ਦੀ ਨਜ਼ਰ ਮੋਢੇ ’ਤੇ ਰੱਖੇ ਤੋਲੀਏ ਵਾਲੇ ਬੰਦੇ ਤੇ ਪਈ ਉਸ ਦੀ ਸਾਦਗੀ ਭਰੀ ਦਿੱਖ ਨੇ ਦੋਸਤ ਦੇ ਮਨ ’ਚ ਸਵਾਲ ਪੈਦਾ ਕਰ ਦਿੱਤਾ। ਉਸ ਨੇ ਗੁਲਜ਼ਾਰ ਨੂੰ ਪੁੱਛਿਆ, ‘ਗੁਲਜ਼ਾਰ ਜੀ, ਇਹ ਬੰਦਾ ਕੌਣ ਹੈ, ਜੋ ਮੋਢੇ ’ਤੇ ਤੌਲੀਆ ਰੱਖੀ ਫਿਰ ਰਿਹਾ ਹੈ?’ ਸਵਾਲ ਸੁਣਦਿਆਂ ਹੀ ਗੁਲਜ਼ਾਰ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ।
ਉਸ ਨੇ ਬਿਨਾਂ ਕਿਸੇ ਦੇਰੀ ਦੇ ਉਸ ਮੋਢੇ ’ਤੇ ਤੌਲੀਆ ਰੱਖੇ ਬੰਦੇ ਨੂੰ ਆਪਣੇ ਕੋਲ ਬੁਲਾ ਲਿਆ। ਫਿਰ ਆਪਣੇ ਸਾਰੇ ਦੋਸਤਾਂ ਨਾਲ ਉਸ ਦੀ ਜਾਣ-ਪਛਾਣ ਕਰਵਾਉਂਦਿਆਂ ਬੜੇ ਮਾਣ ਨਾਲ ਕਿਹਾ-‘ਇਹ ਮੇਰਾ ਵੱਡਾ ਭਾ ਹੈ... ਮੇਰੇ ਤਾਏ ਦਾ ਪੁੱਤਰ।’ ਇੰਨਾ ਆਖ ਕੇ ਗੁਲਜ਼ਾਰ ਕੁਝ ਪਲਾਂ ਲਈ ਚੁੱਪ ਹੋ ਗਿਆ। ਜਿਵੇਂ ਉਸ ਦੇ ਸਾਹਮਣੇ ਅੱਜ ਦਾ ਨਹੀਂ, ਬੀਤੇ ਸਮੇਂ ਦਾ ਕੋਈ ਦਰਵਾਜ਼ਾ ਖੁੱਲ੍ਹ ਗਿਆ ਹੋਵੇ। ਉਸ ਦੀਆਂ ਅੱਖਾਂ ’ਚ ਪੁਰਾਣੇ ਦਿਨਾਂ ਦੀ ਪੂਰੀ ਫ਼ਿਲਮ ਚੱਲਣ ਲੱਗੀ, ਉਹ ਦਿਨ, ਜਦੋਂ ਸੁਪਨੇ ਤਾਂ ਵੱਡੇ ਸਨ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਜੇਬ ਖਾਲੀ ਸੀ। ਕੁਝ ਪਲਾਂ ਬਾਅਦ ਗੁਲਜ਼ਾਰ ਨੇ ਭਰੇ ਹੋਏ ਗਲੇ ਨਾਲ ਕਿਹਾ, ਤੁਸੀਂ ਟਾਈ ਦੀ ਗੱਲ ਕਰਦੇ ਹੋ ਆਪਣੇ ਵੱਡੇ ਭਾ ਵੱਲ (ਤਾਏ ਦਾ ਮੁੰਡਾ) ਇਸ਼ਾਰਾ ਕਰਦਿਆਂ ‘ਮੈਨੂੰ ਟਾਈ ਲਾਉਣ ਵਾਲਾ ਇਹ ਬੰਦਾ।’ ਮੇਰੀ ਟਾਈ ਦੇ ਪਿੱਛੇ ਸਿਰਫ਼ ਇਹ ਕੱਪੜੇ ਦੀ ਗੰਢ ਨਹੀਂ, ਇਸ ਬੰਦੇ ਦੀਆਂ ਕੁਰਬਾਨੀਆਂ ਹਨ। ਮੇਰਾ ਅੱਜ ਦਾ ਰੁਤਬਾ, ਮੇਰੀ ਪਛਾਣ ਅਤੇ ਮੇਰੀ ਇਹ ਮੰਜ਼ਿਲ, ਇਹ ਸਭ ਇਸ ਦੇ ਸਿਰ ’ਤੇ ਰੱਖੇ ਉਸ ਤੌਲੀਏ ਤੋਂ ਲੈ ਕੇ ਮੇਰੀ ਅੱਜ ਦੀ ਟਾਈ ਤੱਕ ਦੀ ਕਹਾਣੀ ਹੈ।’ ‘ਜਦੋਂ ਮੇਰੇ ਕੋਲ ਪੜ੍ਹਾਈ ਕਰਨ ਲਈ ਪੈਸੇ ਨਹੀਂ ਸਨ, ਉਸ ਵੇਲੇ ਇਸ ਨੇ ਮੈਨੂੰ ਆਪਣੇ ਘਰ ਰੱਖਿਆ। ਆਪਣੇ ਬੱਚਿਆਂ ਵਾਂਗ ਪਿਆਰ ਦਿੱਤਾ, ਆਪਣੇ ਬੱਚਿਆਂ ਨਾਲ ਬਿਠਾ ਕੇ ਖਵਾਇਆ-ਪਿਲਾਇਆ। ਮੇਰੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆ। ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਪਰਾਇਆ ਹਾਂ। ਇਸ ਨੇ ਮੈਨੂੰ ਸਿਰਫ਼ ਇਕ ਗੱਲ ਆਖੀ ਸੀ-‘ਮਿਹਨਤ ਕਰ, ਪੜ੍ਹ ਅਤੇ ਕੁਝ ਬਣ ਕੇ ਦਿਖਾ। ਗੁਲਜ਼ਾਰ ਨੇ ਆਪਣੇ ਭਾ ਵੱਲ ਵੇਖਿਆ। ਉਸ ਦੀਆਂ ਅੱਖਾਂ ਨਮ ਸਨ। ਅੱਜ ਜਿਹੜੇ ਲੋਕ ਮੇਰੀ ਟਾਈ ਵੇਖ ਕੇ ਕਹਿੰਦੇ ਹਨ ਕਿ ਇਹ ਮੇਰੇ ’ਤੇ ਖੂਬ ਜੱਚਦੀ ਹੈ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਟਾਈ ਦੇ ਪਿੱਛੇ ਕਿਸੇ ਦੇ ਪਸੀਨੇ ਦੀ ਮਹਿਕ ਹੈ, ਕਿਸੇ ਦੀਆਂ ਰੋਟੀਆਂ ਦੀ ਗਰਮੀ ਹੈ ਅਤੇ ਕਿਸੇ ਦੇ ਦਿਲ ਦੀਆਂ ਦੁਆਵਾਂ ਹਨ। ਉਹ ਕੁਝ ਪਲ ਰੁਕਿਆ ਤੇ ਫਿਰ ਬੋਲਿਆ, ਮੇਰੀ ਮਿਹਨਤ ਨੂੰ ਰਾਹ ਦਿਖਾਉਣ ਵਾਲਾ ਹੱਥ ਮੇਰਾ ਨਹੀਂ...ਇਸ ਮੇਰੇ ਭਾ ਦਾ ਹੈ। ਮੈਂ ਤਾਂ ਸਿਰਫ਼ ਉਸ ਰਾਹ ’ਤੇ ਤੁਰਿਆ ਹਾਂ, ਰਾਹ ਬਣਾਉਣ ਵਾਲਾ ਇਹ ਬੰਦਾ ਹੈ। ਮਾਹੌਲ ਇਕਦਮ ਖਾਮੋਸ਼ ਹੋ ਗਿਆ। ਕੁਝ ਪਲ ਪਹਿਲਾਂ ਜਿਸ ਬੰਦੇ ਦੇ ਮੋਢੇ ’ਤੇ ਪਿਆ ਲਾਲ ਪਰਨਾ ਸਿਰਫ਼ ਇਕ ਤੌਲੀਆ ਜਿਹਾ ਲੱਗ ਰਿਹਾ ਸੀ, ਹੁਣ ਉਹੀ ਪਰਨਾ ਗੁਲਜ਼ਾਰ ਦੀਆਂ ਨਜ਼ਰਾਂ ’ਚ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਬਣ ਚੁੱਕਾ ਸੀ। ਕਈ ਵਾਰ ਕਿਸੇ ਦੀ ਟਾਈ ਸਿਰਫ਼ ਉਸ ਦੀ ਸ਼ਖ਼ਸੀਅਤ ਨਹੀਂ ਸੰਵਾਰਦੀ, ਉਸ ਦੇ ਪਿੱਛੇ ਕਿਸੇ ਅਜਿਹੇ ਹੱਥ ਦੀ ਕਹਾਣੀ ਹੁੰਦੀ ਹੈ, ਜਿਸ ਨੇ ਉਸ ਨੂੰ ਟਾਈ ਪਾਉਣ ਦੇ ਕਾਬਲ ਬਣਾਇਆ ਹੁੰਦਾ ਹੈ।
ਇਹ ਆਖਦਿਆਂ ਗੁਲਜ਼ਾਰ ਨੇ ਅੱਗੇ ਵਧ ਕੇ ਆਪਣੇ ਤਾਏ ਦੇ ਪੁੱਤਰ ਨੂੰ ਆਪਣੀ ਜੱਫੀ ’ਚ ਲੈ ਲਿਆ। ਹੁਣ ਤਾਏ ਦੇ ਮੁੰਡੇ ਦੀਆਂ ਅੱਖਾਂ ਵੀ ਖ਼ੁਸ਼ੀ ’ਚ ਨਮ ਸਨ। ਕੁਝ ਪਲਾਂ ਲਈ ਉੱਥੇ ਖ਼ਾਮੋਸ਼ੀ ਛਾ ਗਈ। ਦੋਸਤਾਂ ਦੇ ਚਿਹਰਿਆਂ ’ਤੇ ਹੈਰਾਨੀ ਸੀ। ਸ਼ਾਇਦ ਇਸੇ ਲਈ ਆਖਿਆ ਜਾਂਦਾ ਹੈ-‘ਫਰਸ਼ ਤੋਂ ਅਰਸ਼ ਤੱਕ ਪਹੁੰਚਣਾ ਵੱਡੀ ਗੱਲ ਨਹੀਂ, ਅਰਸ਼ ’ਤੇ ਪਹੁੰਚ ਕੇ ਵੀ ਆਪਣੇ ਫਰਸ਼ ਨੂੰ ਨਾ ਭੁੱਲਣਾ ਹੀ ਮਨੁੱਖ ਦੀ ਅਸਲ ਉਚਾਈ ਹੈ।’
(ਸੰਪਰਕ : 94174 27656)