- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀ ਪਰਿਵਾਰਾਂ ਦੇ ਮਾਪੇ ਝਿਜਕ, ਘਬਰਾਹਟ ਜਾਂ ਆਪਣੀ ਦਿਹਾੜੀ ਦੇ ਨੁਕਸਾਨ ਦੇ ਖ਼ਦਸ਼ੇ ਕਾਰਨ ਸਕੂਲ ਜਾਣ ਤੋਂ ਕਤਰਾਉਂਦੇ ਹਨ ਪਰ ਇਹ ਸੋਚ ਬਦਲਣੀ ਸਮੇਂ ਦੀ ਲੋੜ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਸਮਾਂ ਵਿਦਿਆਰਥੀਆਂ ਦੇ ਭਵਿੱਖ ਲਈ ਵੱਡਾ ਮੋੜ ਹੁੰਦਾ ਹੈ। ਆਮ ਪਰਿਵਾਰਾਂ ਦੇ ਬੱਚਿਆਂ ਦੇ ਮਨਾਂ ’ਚ ਅਕਸਰ ਇਹ ਚਿੰਤਾ ਹੁੰਦੀ ਹੈ ਕਿ ਉਹ ਅੱਗੇ ਜਾ ਕੇ ਕਿਹੜੀ ਪੜ੍ਹਾਈ ਚੁਣਨ।

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਲਗਨ ਕਿਸੇ ਵੀ ਹੋਰ ਵਿੱਦਿਅਕ ਅਦਾਰੇ ਦੇ ਬੱਚਿਆਂ ਨਾਲੋਂ ਘੱਟ ਨਹੀਂ ਹੁੰਦੀ। ਇਨ੍ਹਾਂ ਸਕੂਲਾਂ ’ਚ ਪੜ੍ਹਨ ਵਾਲੇ ਬਹੁਗਿਣਤੀ ਵਿਦਿਆਰਥੀ ਉਨ੍ਹਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ, ਜੋ ਆਰਥਿਕ ਤੰਗੀਆਂ-ਤੁਰਸ਼ੀਆਂ, ਸੀਮਤ ਵਸੀਲਿਆਂ ਤੇ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਜਦੋਂ ਇਹ ਬੱਚੇ ਚੜ੍ਹਦੀ ਵਰੇਸ ’ਚ ਪਹੁੰਚਦੇ ਹਨ, ਤਾਂ ਉਨ੍ਹਾਂ ਦੇ ਜੀਵਨ ’ਚ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਬਦਲਾਅ ਆਉਂਦੇ ਹਨ। ਇਹ ਉਮਰ ਜੀਵਨ ਦੀ ਅਜਿਹੀ ਦਹਿਲੀਜ਼ ਹੁੰਦੀ ਹੈ, ਜਿੱਥੇ ਸਹੀ ਸੇਧ ਸੁਨਹਿਰੀ ਭਵਿੱਖ ਦਾ ਨਿਰਮਾਣ ਕਰ ਸਕਦੀ ਹੈ। ਘਰ ਦਾ ਮਾਹੌਲ ਬੱਚੇ ਦੀ ਪੜ੍ਹਾਈ ਤੇ ਮਾਨਸਿਕ ਵਿਕਾਸ ਦੀ ਪਹਿਲੀ ਪੌੜੀ ਹੁੰਦਾ ਹੈ। ਮਾਪਿਆਂ ਨੂੰ ਇਸ ਗੱਲ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਬੱਚੇ ਦੇ ਰੋਜ਼ਾਨਾ ਸਕੂਲ ਜਾਣ ਤੇ ਘਰ ’ਚ ਸਵੈ-ਅਧਿਐਨ ਦੇ ਸਮੇਂ ਨਾਲ ਕੋਈ ਸਮਝੌਤਾ ਨਾ ਹੋਵੇ। ਜੇਕਰ ਪਰਿਵਾਰ ’ਚ ਕੰਮ ਦਾ ਦਬਾਅ ਹੈ ਵੀ, ਤਾਂ ਉਸ ਦਾ ਸਮਾਂ ਤੈਅ ਹੋਵੇ ਤਾਂ ਜੋ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਘਰ ਦਾ ਛੋਟਾ ਜਿਹਾ ਕੋਨਾ, ਜਿੱਥੇ ਬੱਚਾ ਆਪਣੀਆਂ ਕਿਤਾਬਾਂ ਸਲੀਕੇ ਨਾਲ ਰੱਖ ਸਕੇ ਤੇ ਇਕਾਗਰਤਾ ਨਾਲ ਬੈਠ ਸਕੇ, ਉਸ ਦੇ ਅੰਦਰ ਪੜ੍ਹਨ ਦੀ ਲਗਨ ਪੈਦਾ ਕਰਦਾ ਹੈ। ਜੇਕਰ ਮਾਪੇ ਖ਼ੁਦ ਪੜ੍ਹੇ-ਲਿਖੇ ਨਹੀਂ ਵੀ ਹਨ, ਤਾਂ ਵੀ ਉਹ ਬੱਚੇ ਨੂੰ ਬੈਠ ਕੇ ਪੜ੍ਹਦੇ ਦੇਖ ਸਕਦੇ ਹਨ, ਉਸਦੀਆਂ ਕਾਪੀਆਂ-ਕਿਤਾਬਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇ ਸਕਦੇ ਹਨ। ਤੇਰਾਂ ਤੋਂ ਉੱਨੀ ਸਾਲ ਦੀ ਉਮਰ ਦੌਰਾਨ ਹਾਰਮੋਨ ਬਦਲਾਅ ਕਾਰਨ ਸੁਭਾਅ ’ਚ ਖਿਝ, ਗੁੱਸਾ ਜਾਂ ਇਕੱਲਾਪਨ ਆਉਣਾ ਕੁਦਰਤੀ ਗੱਲ ਹੈ। ਇਸ ਉਮਰ ’ਚ ਬੱਚੇ ਅਕਸਰ ਆਪਣੇ ਮਨ ਦੀਆਂ ਗੱਲਾਂ ਪਰਿਵਾਰ ਤੋਂ ਲੁਕੋਣ ਲੱਗਦੇ ਹਨ। ਇਸ ਲਈ ਮਾਪਿਆਂ ਨੂੰ ਸਖ਼ਤ ਹਾਕਮ ਬਣਨ ਦੀ ਬਜਾਏ ਹਮਦਰਦ ਦੋਸਤ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਦਿਨ ਭਰ ਦੀ ਥਕਾਵਟ ਤੋਂ ਬਾਅਦ ਵੀ ਰਾਤ ਦੇ ਖਾਣੇ ਵੇਲੇ ਜਾਂ ਸੌਣ ਤੋਂ ਪਹਿਲਾਂ ਬੱਚੇ ਨਾਲ ਦਸ-ਪੰਦਰਾਂ ਮਿੰਟ ਬਿਤਾ ਕੇ ਉਸ ਦੇ ਸਕੂਲ, ਦੋਸਤਾਂ ਅਤੇ ਵਿਚਾਰਾਂ ਬਾਰੇ ਪੁੱਛਣਾ ਬਹੁਤ ਜ਼ਰੂਰੀ ਹੈ। ਸਮਾਜ ’ਚ ਨੌਜਵਾਨ ਪੀੜ੍ਹੀ ਸਾਹਮਣੇ ਨਸ਼ਿਆਂ ਦਾ ਪ੍ਰਕੋਪ ਬਹੁਤ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਬੱਚੇ ਅਕਸਰ ਉਤਸੁਕਤਾ ਜਾਂ ਸਾਥੀਆਂ ਦੇ ਦਬਾਅ ਹੇਠ ਆ ਕੇ ਗ਼ਲਤ ਰਾਹ ਪੈ ਜਾਂਦੇ ਹਨ। ਇਸਦੇ ਨਾਲ ਹੀ ਅਜੋਕੇ ਡਿਜੀਟਲ ਦੌਰ ’ਚ ਮੋਬਾਈਲ ਫ਼ੋਨ ਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਵੀ ਬੱਚਿਆਂ ਦੇ ਕੀਮਤੀ ਸਮੇਂ ਅਤੇ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰੀ ਸਕੂਲਾਂ ਨਾਲ ਮਾਪਿਆਂ ਦਾ ਲਗਾਤਾਰ ਤੇ ਸਿੱਧਾ ਰਾਬਤਾ ਬੱਚੇ ਦੀ ਕਾਮਯਾਬੀ ਦਾ ਅਹਿਮ ਥੰਮ੍ਹ ਹੈ। ਕਿਰਤੀ ਪਰਿਵਾਰਾਂ ਦੇ ਮਾਪੇ ਝਿਜਕ, ਘਬਰਾਹਟ ਜਾਂ ਆਪਣੀ ਦਿਹਾੜੀ ਦੇ ਨੁਕਸਾਨ ਦੇ ਖ਼ਦਸ਼ੇ ਕਾਰਨ ਸਕੂਲ ਜਾਣ ਤੋਂ ਕਤਰਾਉਂਦੇ ਹਨ ਪਰ ਇਹ ਸੋਚ ਬਦਲਣੀ ਸਮੇਂ ਦੀ ਲੋੜ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਸਮਾਂ ਵਿਦਿਆਰਥੀਆਂ ਦੇ ਭਵਿੱਖ ਲਈ ਵੱਡਾ ਮੋੜ ਹੁੰਦਾ ਹੈ। ਆਮ ਪਰਿਵਾਰਾਂ ਦੇ ਬੱਚਿਆਂ ਦੇ ਮਨਾਂ ’ਚ ਅਕਸਰ ਇਹ ਚਿੰਤਾ ਹੁੰਦੀ ਹੈ ਕਿ ਉਹ ਅੱਗੇ ਜਾ ਕੇ ਕਿਹੜੀ ਪੜ੍ਹਾਈ ਚੁਣਨ। ਜਿਹੜੇ ਵਿਦਿਆਰਥੀ ਪੜ੍ਹਾਈ ’ਚ ਅਗਾਂਹਵਧੂ ਤੇ ਹੁਸ਼ਿਆਰ ਹਨ, ਉਹਨਾਂ ਨੂੰ ਦੇਸ਼ ਦੇ ਨਾਮਵਰ ਅਦਾਰਿਆਂ ’ਚ ਦਾਖ਼ਲੇ ਲਈ ਕੌਮੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਇੰਜੀਨੀਅਰਿੰਗ ਲਈ ਜੇਈਈ, ਮੈਡੀਕਲ ਖੇਤਰ ਲਈ ਨੀਟ, ਕੇਂਦਰੀ ਯੂਨੀਵਰਸਿਟੀਆਂ ਲਈ ਸੀਯੂਈਟੀ, ਕਾਨੂੰਨ ਦੀ ਪੜ੍ਹਾਈ ਲਈ ਕਲੈਟ, ਅਤੇ ਵਿਗਿਆਨ ਤੇ ਖੋਜ ਦੇ ਖੇਤਰ ’ਚ ਕੋਲਕਾਤਾ (ਭਾਰਤੀ ਅੰਕੜਾ ਸੰਸਥਾਨ) ਜਾਂ (ਆਈਸਰਜ਼) ਵੱਲ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅੱਜ ਪੰਜਾਬ ’ਚ ਮਾਪਿਆਂ ਦੀ ਸੋਚ ’ਚ ਵੱਡੀ ਜਾਗਰੂਕਤਾ ਆਈ ਹੈ ਤੇ ਉਹ ਆਪਣੀਆਂ ਧੀਆਂ ਨੂੰ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਰੋਕਣ ਦੀ ਬਜਾਏ ਉੱਚ ਸਿੱਖਿਆ ਦਿਵਾਉਣ ਲਈ ਪੂਰੀ ਤਰ੍ਹਾਂ ਤਤਪਰ ਹਨ। ਹੁਣ ਲੋੜ ਇਸ ਗੱਲ ਦੀ ਹੈ ਕਿ ਧੀਆਂ ਦੀ ਇਸ ਉਡਾਣ ਨੂੰ ਹੋਰ ਉੱਚਾ ਕਰਨ ਲਈ ਉਹਨਾਂ ਨੂੰ ਆਮ ਡਿਗਰੀਆਂ ਤੋਂ ਅੱਗੇ ਵਧਾ ਕੇ ਪ੍ਰੋਫ਼ੈਸ਼ਨਲ, ਤਕਨੀਕੀ ਅਤੇ ਪ੍ਰਤੀਯੋਗੀ ਖੇਤਰਾਂ ਵਿੱਚ ਜਾਣ ਲਈ ਵੀ ਉਤਸ਼ਾਹਿਤ ਕੀਤਾ ਜਾਵੇ। ਇੱਕ ਬੱਚੇ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਸਰਮਾਇਆ ਮਾਪਿਆਂ ਦਾ ਉਹ ਅਟੁੱਟ ਭਰੋਸਾ ਹੈ, ਜੋ ਉਹ ਆਪਣੇ ਬੱਚੇ ਦੀ ਝੋਲੀ ’ਚ ਪਾਉਂਦੇ ਹਨ। ਮਾਪਿਆਂ ਵੱਲੋਂ ਬੋਲੇ ਗਏ ਹੌਸਲੇ ਦੇ ਬੋਲ, ਬੱਚੇ ਦੀ ਹਰ ਛੋਟੀ-ਵੱਡੀ ਪ੍ਰਾਪਤੀ ’ਤੇ ਦਿੱਤੀ ਗਈ ਥਾਪੀ ਅਤੇ ਉਸ ਦੇ ਕਿਰਦਾਰ ਨੂੰ ਨੇਕ ਬਣਾਉਣ ਲਈ ਦਿੱਤੇ ਗਏ ਸੰਸਕਾਰ ਕਿਸੇ ਵੀ ਵੱਡੀ ਦੌਲਤ ਨਾਲੋਂ ਕਿਤੇ ਵੱਧ ਕੀਮਤੀ ਹਨ। ਜਦੋਂ ਆਮ ਪਰਿਵਾਰ ਦਾ ਬੱਚਾ ਆਪਣੇ ਮਾਪਿਆਂ ਤੇ ਅਧਿਆਪਕਾਂ ਦੀਆਂ ਅੱਖਾਂ ’ਚ ਆਪਣੇ ਲਈ ਉਮੀਦ ਦੇਖਦਾ ਹੈ, ਤਾਂ ਉਹ ਹਰ ਮੁਸ਼ਕਿਲ ਨੂੰ ਪਾਰ ਕਰ ਕੇ ਆਪਣੀ ਮੰਜ਼ਿਲ ਹਾਸਲ ਕਰਨ ਦਾ ਜਜ਼ਬਾ ਪੈਦਾ ਕਰ ਲੈਂਦਾ ਹੈ। -ਮਨਦੀਪ ਕੌਰ, ਬਲਾਕ ਨੋਡਲ ਅਫ਼ਸਰ, ਸੰਗਰੂਰ।