- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜ ਹੀ ਜ਼ਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ, ਜਲੰਧਰ ਅਤੇ ਮੁਕਤਸਰ ਦੇ ਦਫਤਰ ਦੇ ਕਰਮਚਾਰੀ ਅੱਜ ਵੀ ਬੜੇ ਯਾਦ ਆਉਂਦੇ ਹਨ। ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ’ਚ ਤਾਂ ਮੈਂ 2.7.76 ਨੂੰ ਨੌਕਰੀ ਜਾਇੰਨ ਕੀਤੀ ਸੀ ਅਤੇ 30.4.2005 ਨੂੰ ਇੱਥੋਂ ਹੀ ਸੇਵਾਮੁਕਤ ਹੋਇਆ ਸੀ। ਇੱਥੇ ਕਰਮਚਾਰੀਆਂ ਤੋਂ ਤਰੱਕੀ ਹੁੰਦੇ ਹੋਏ ਅਫਸਰਾਂ ਦੇ ਪਿਆਰ ਕਰਕੇ ਮੈਂ ਸੇਵਾਮੁਕਤੀ ਤੋਂ ਬਾਅਦ ਵੀ 14 ਸਾਲ ਤੱਕ ਦਫਤਰ ਨੂੰ ਕੰਮ ’ਚ ਸਹਿਯੋਗ ਦਿੰਦਾ ਰਿਹਾ। ਸਾਲ 2019 ’ਚ ਬੀਮਾਰ ਨਾ ਹੁੰਦਾ ਤਾਂ ਭਾਵੇਂ ਹੁਣ ਵੀ ਦਫਤਰ ’ਚ ਹੀ ਹੁੰਦਾ। ਦਫਤਰ ਵਾਲੇ ਹੁਣ ਵੀ ਮੇਰਾ ਬੜਾ ਮਾਣ ਸਤਿਕਾਰ ਕਰਦੇ ਹਨ। ਮੇਰਾ ਹਰ ਕੰਮ ਪਹਿਲ ਦੇ ਅਧਾਰ ’ਤੇ ਕਰਦੇ ਹਨ।

ਅਜੀਤ ਕਮਲ
ਜ਼ਿੰਦਗੀ ਦੇ ਸਫ਼ਰ ’ਚ ਉਂਜ ਤਾਂ ਬਹੁਤ ਸਾਰੇ ਵਿਅਕਤੀਆਂ ਨਾਲ ਵਾਕਫ਼ੀਅਤ ਹੋ ਜਾਂਦੀ ਹੈ ਤੇ ਕਈਆਂ ਨਾਲ ਅਜਿਹੀ ਸਾਂਝ ਪੈ ਜਾਂਦੀ ਹੈ, ਜਿਹੜੀ ਕਿ ਜੀਵਨ ਦੇ ਅੰਤ ਤੱਕ ਕਾਇਮ ਰਹਿੰਦੀ ਹੈ ਪਰ ਜਦੋਂ ਸਾਂਝ ਦੇ ਓਹਲੇ ’ਚ ਕਿਸੇ ਦਾ ਸਵਾਰਥ ਸਿਰੇ ਨਹੀਂ ਚੜ੍ਹਦਾ ਜਾਂ ਉਸ ਦੀ ਆਸ ਨੂੰ ਸੱਟ ਵੱਜਦੀ ਹੈ ਤਾਂ ਸਾਂਝ ਦੇ ਸ਼ੀਸ਼ੇ ’ਚ ਤਰੇੜ ਪੈ ਹੀ ਜਾਂਦੀ ਹੈ।
ਸਰਕਾਰੀ ਨੌਕਰੀ ਦੌਰਾਨ ਮੈਂ ਦੂਰ ਦੁਰਾਡੇ ਦੇ ਦਫ਼ਤਰਾਂ ’ਚ ਜਾਂਦਾ ਰਿਹਾ ਹਾਂ ਤੇ ਉਹਨਾ ਦਫਤਰਾਂ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਅੱਜ ਵੀ ਨੇੜਤਾ ਹੈ। ਭਾਵੇਂ ਨਿੰਜੀ ਤੌਰ ’ਤੇ ਮੇਲ ਨਹੀਂ ਹੁੰਦਾ ਪਰ ਵ੍ਹਟਸਅਪ ਰਾਹੀਂ ਸੰਦੇਸ਼ਾਂ ਦਾ ਆਦਾਨ—ਪ੍ਰਦਾਨ ਹੁੰਦਾ ਹੀ ਰਹਿੰਦਾ ਹੈ। ਕਦੇ ਕਦਾਈ ਫੋਨ ’ਤੇ ਗੱਲ ਵੀ ਹੋ ਜਾਂਦੀ ਹੈ।
ਤਰੱਕੀ ਉਪਰੰਤ ਮੈਂ ਜਦੋਂ ਜ਼ਿਲ੍ਹ ਉਦਯੋਗ ਕੇਂਦਰ, ਬਠਿੰਡਾ ਵਿਖੇ ਗਿਆ ਤਾਂ ਓਥੇ ਕੈਸ਼ੀਅਰ ਸੱਤਪਾਲ ਅਤੇ ਸਟੈਨੋ ਬਿੱਕਰ ਸਿੰਘ ਨੇ ਮੈਨੂੰ ਬੜਾ ਸਹਿਯੋਗ ਦਿੱਤਾ। ਸੱਤਪਾਲ ਮਹੀਨੇ ਦੇ ਅਖੀਰ ਤੇ ਘਰ ਆਉਂਣ ਸਮੇਂ ਮੈਨੂੰ ਕੋਲੋਂ ਪੈਸੇ ਦੇ ਕੇ ਤੋਰਦੇ ਸਨ ਤੇ ਬਾਅਦ ’ਚ ਤਨਖਾਹ ’ਚੋਂ ਕੱਟ ਲੈਂਦੇ ਸਨ। ਉਦੋਂ ਤਨਖਾਹ ਕੈਸ਼ ’ਚ ਮਿਲਦੀ ਹੁੰਦੀ ਸੀ, ਅੱਜ-ਕੱਲ੍ਹ ਵਾਂਗ ਬੈਂਕ ਰਾਹੀਂ ਨਹੀਂ। ਬਿੱਕਰ ਸਿੰਘ ਦਾ ਹੁਣ ਵੀ ਦੂਜੇ ਤੀਜੇ ਦਿਨ ਫੋਨ ਆ ਜਾਂਦਾ ਹੈ।
ਇੰਜ ਹੀ ਜ਼ਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ, ਜਲੰਧਰ ਅਤੇ ਮੁਕਤਸਰ ਦੇ ਦਫਤਰ ਦੇ ਕਰਮਚਾਰੀ ਅੱਜ ਵੀ ਬੜੇ ਯਾਦ ਆਉਂਦੇ ਹਨ। ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ’ਚ ਤਾਂ ਮੈਂ 2.7.76 ਨੂੰ ਨੌਕਰੀ ਜਾਇੰਨ ਕੀਤੀ ਸੀ ਅਤੇ 30.4.2005 ਨੂੰ ਇੱਥੋਂ ਹੀ ਸੇਵਾਮੁਕਤ ਹੋਇਆ ਸੀ। ਇੱਥੇ ਕਰਮਚਾਰੀਆਂ ਤੋਂ ਤਰੱਕੀ ਹੁੰਦੇ ਹੋਏ ਅਫਸਰਾਂ ਦੇ ਪਿਆਰ ਕਰਕੇ ਮੈਂ ਸੇਵਾਮੁਕਤੀ ਤੋਂ ਬਾਅਦ ਵੀ 14 ਸਾਲ ਤੱਕ ਦਫਤਰ ਨੂੰ ਕੰਮ ’ਚ ਸਹਿਯੋਗ ਦਿੰਦਾ ਰਿਹਾ। ਸਾਲ 2019 ’ਚ ਬੀਮਾਰ ਨਾ ਹੁੰਦਾ ਤਾਂ ਭਾਵੇਂ ਹੁਣ ਵੀ ਦਫਤਰ ’ਚ ਹੀ ਹੁੰਦਾ। ਦਫਤਰ ਵਾਲੇ ਹੁਣ ਵੀ ਮੇਰਾ ਬੜਾ ਮਾਣ ਸਤਿਕਾਰ ਕਰਦੇ ਹਨ। ਮੇਰਾ ਹਰ ਕੰਮ ਪਹਿਲ ਦੇ ਅਧਾਰ ’ਤੇ ਕਰਦੇ ਹਨ।
ਹੁਣ ਕਰਦੇ ਹਾਂ ਸਾਂਝ ਦੇ ਸ਼ੀਸ਼ੇ ’ਚ ਪਈ ਤਰੇੜ ਦੀ ਗੱਲ। ਸਾਲ 1963 ’ਚ ਮੇਰੇ ਪਿਤਾ ਜੀ ਦੀ ਡੇਰਾ ਰੋਡ ’ਤੇ ਕਿਰਾਏ ਦੀ ਦੁਕਾਨ ਸੀ। ਦੁਕਾਨਾਂ ਪਾਕਿਸਤਾਨ ਤੋਂ ਆਏ ਰਿਫੂਜੀਆਂ ਨੂੰ ਅਲਾਟ ਹੋਈਆਂ ਸਨ। ਦੁਕਾਨ ਦੇ ਮਾਲਕ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਦੁਕਾਨ ਵੇਚਣਾ ਚਾਹੁੰਦਾ ਹੈ ਜੇ ਲੈਣੀ ਹੈ ਤਾਂ 1000/—ਰੁਪਏ ਵਿਚ ਲੈ ਲਵੋ। ਪਿਤਾ ਜੀ ਨੇ ਹਾਂ ਕਰ ਦਿੱਤੀ। ਪਿਤਾ ਜੀ ਨੇ ਗਵਾਂਢੀ ਦੁਕਾਨਦਾਰ ਦੋਸਤ ਨਾਲ ਗੱਲ ਕੀਤੀ ਕਿ ਇਹ ਦੁਕਾਨ 1000/—ਰੁਪਏ ਵਿਚ ਮਿਲਦੀ ਹੈ, ਲੈ ਲਵਾਂ। ਗਵਾਂਢੀ ਨੇ ਹਾਂਮੀ ਭਰ ਦਿੱਤੀ ਪਰ ਪਿਤਾ ਜੀ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਉਹਨਾ ਨੂੰ ਇਹ ਪਤਾ ਲੱਗਾ ਕਿ ਗਵਾਂਢੀ ਨੇ ਦੁਕਾਨ ਦੇ ਮਾਲਕ ਨੂੰ ਉਸ ਦੇ ਘਰ ਜਾ ਕੇ 1200/—ਰੁਪਏ ਵਿਚ ਦੁਕਾਨ ਵੇਚਣ ਲਈ ਮਨਾ ਲਿਆ ਹੈ। ਗਵਾਂਢੀ ਦੁਕਾਨ ਖਾਲੀ ਕਰਵਾਉਂਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਗਿਆ ਪਰ ਦੁਕਾਨ ਖਾਲੀ ਨਾ ਹੋਈ। ਬਾਅਦ ’ਚ ਗਵਾਂਢੀ ਨੇ ਪਿਤਾ ਜੀ ਦੇ ਇਕ ਦੋਸਤ ਨੂੰ ਵਿਚ ਪਾ ਕੇ ਡੇਰਾ ਰੋਡ ਤੇ ਹੀ ਹੋਰ ਦੁਕਾਨ ਦੁਆ ਦਿੱਤੀ, ਜਿਸ ਲਈ ਉਸ ਨੂੰ ਮਾਇਕ ਯੋਗਦਾਨ ਵੀ ਪਾਉਣਾ ਪਿਆ।
ਨਵੀਂ ਦੁਕਾਨ ’ਚ ਕੰਮ ਕਰਦਿਆਂ ਕੁਝ ਸਾਲ ਹੀ ਹੋਏ ਸਨ ਕਿ ਮੇਰੇ ਦੋ (ਦੋਸਤ ਇਕ ਕਾਰਖਾਨੇਦਾਰ ਸੀ ਅਤੇ ਦੂਜਾ ਸਰਕਾਰੀ ਅਫਸਰ ਸੀ) ਮੇਰੇ ਪਿਤਾ ਜੀ ਕੋਲ ਆਏ ਅਤੇ ਕਹਿਣ ਲੱਗੇ ਕਿ ਉਹਨਾਂ ਨੂੰ ਦੁਕਾਨ ਕਿਰਾਏ ’ਤੇ ਦੇ ਦੇਣ, ਉਹਨਾਂ ਨੇ ਇੱਥੇ ਸ਼ਰਾਬ ਦਾ ਠੇਕਾ ਖੋਲ੍ਹਣਾ ਹੈ। ਪਿਤਾ ਜੀ ਨੇ ਕਿਹਾ ਕਿ ਕਿਰਾਏ ਨਾਲ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਉਹਨਾਂ ਨੇ ਕਿਹਾ ਕਿ ਦੁਕਾਨ ਦੇ ਅੱਗੇ ਕੰਮ ਕਰ ਲੈਣਾ। ਪਿਤਾ ਜੀ ਉਦੋਂ ਕਢਾਈ ਦਾ ਕੰਮ ਕਰਦੇ ਸਨ। ਸੱਜਣਾਂ-ਮਿੱਤਰਾਂ ਨੇ ਪਿਤਾ ਜੀ ਨੂੰ ਸਮਝਾਇਆ ਕਿ ਕਢਾਈ ਦੇ ਕੰਮ ’ਚ ਇਸਤਰੀ ਗਾਹਕ ਅਕਸਰ ਆਉਂਦੇ ਹਨ ਤੇ ਸ਼ਰਾਬ ਦੇ ਠੇਕੇ ’ਤੇ ਇਸਤਰੀ ਗਾਹਕ ਕਿਵੇਂ ਆਉਣਗੇ? ਸੱਜਣਾਂ ਨੇ ਇਹ ਵੀ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਸਾਰੀ ਉਮਰ ਦੁਕਾਨ ਖਾਲੀ ਨਹੀਂ ਕਰਦੇ। ਇਸ ਦੇ ਸਨਮੁੱਖ ਪਿਤਾ ਜੀ ਨੇ ਮੇਰੇ ਦੋਸਤਾਂ ਨੂੰ ਦੁਕਾਨ ਕਿਰਾਏ ’ਤੇ ਦੇਣ ਤੋਂ ਮਨ੍ਹਾ ਕਰ ਦਿੱਤਾ।
ਕਈ ਸਾਲਾਂ ਬਾਅਦ ਦੋਹਾਂ ਦੋਸਤਾਂ ’ਚੋਂ ਇਕ ਦੋਸਤ ਨੇ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਤੋਂ ਬਾਅਦ ਇਕ ਪ੍ਰਾਈਵੇਟ ਸਕੂਲ ’ਚ ਭਾਈਵਾਲੀ ਪਾ ਲਈ। ਮੇਰੀ ਇਕ ਨੂੰਹ ਐੱਮਏਬੀਐਂਡ ਹੈ, ੳਸ ਨੇ ਹਿੰਦੀ ਦੀ ਐੱਮਏ ਕੀਤੀ ਹੋਈ ਹੈ। ਇਕ ਫੰਕਸ਼ਨ ’ਚ ਦੋਸਤ ਨਾਲ ਨੂੰਹ ਦੀ ਨੌਕਰੀ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੇ ਸਕੂਲ ’ਚ ਇਕ ਹਿੰਦੀ ਟੀਚਰ ਦੀ ਅਸਾਮੀ ਖਾਲੀ ਹੈ। ਉਸ ਦੇ ਕਹਿਣ ’ਤੇ ਮੈਂ ਆਪਣੀ ਨੂੰਹ ਨਾਲ ਉਸ ਦੇ ਸਕੂਲ ਗਿਆ। ਦੋਸਤ ਨੇ ਕਿਹਾ ਕਿ ਅਸੀਂ ਨੌਕਰੀ ਲਈ ਅਰਜ਼ੀ ਦੇ ਜਾਈਏ, ਉਹ ਪ੍ਰਿੰਸੀਪਲ ਮੈਡਮ ਨਾਲ ਗੱਲ ਕਰ ਕੇ ਸਾਨੂੰ ਸੂਚਿਤ ਕਰ ਦੇਵੇਗਾ। ਅਸੀਂ ਅਰਜ਼ੀ ਦੇ ਕੇ ਵਾਪਸ ਆ ਗਏ। ਦੋਸਤ ਨੇ ਬਾਅਦ ’ਚ ਦੱਸਿਆ ਕਿ ਪ੍ਰਿੰਸੀਪਲ ਮੈਡਮ ਨੇ ਪਹਿਲਾਂ ਕੀਤੀ ਇੰਟਰਵਿਊ ’ਚੋਂ ਇਕ ਟੀਚਰ ਦੀ ਚੋਣ ਕਰ ਲਈ ਹੈ। ਇੰਜ ਦੋਸਤ ਨੇ ਸ਼ਾਇਦ ਦੁਕਾਨ ਕਿਰਾਏ ’ਤੇ ਨਾ ਦੇਣ ਦੀ ਗੱਲ ਚੇਤੇ ਰੱਖੀ ਹੋਵੇ।
ਸਾਲ 2000 ’ਚ ਮੇਰੀ ਬਦਲੀ ਜ਼ਿਲ੍ਹਾ ਉਦਯੋਗ ਕੇਂਦਰ, ਮੁਕਤਸਰ ਵਿਖੇ ਹੋ ਗਈ। ਮੈਨੂੰ ਉੱਥੇ ਦੋ ਸਾਲ ਰਹਿਣਾ ਪਿਆ। 2002 ’ਚ ਮੇਰੀ ਬਦਲੀ ਜਲੰਧਰ ਹੋ ਗਈ। ਉਸੇ ਸਾਲ ਸਰਕਾਰ ਨੇ ਉਦਯੋਗਿਕ ਇਕਾਈਆਂ ਦਾ ਸੈਨਸਿਜ਼ ਸਰਵੇਅ ਸ਼ੁਰੂ ਕਰਵਾ ਦਿੱਤਾ, ਜਿਸ ਲਈ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਵੀ ਲਗਾਈ ਗਈ। ਮੈਂ ਉਦਯੋਗਿਕ ਇਕਾਈਆਂ ਦੀ ਕੱਚੀ-ਪੱਕੀ ਰਜਿਸਟਰੇਸ਼ਨ ਦਾ ਕੰਮ ਕਰਦਾ ਸੀ। ਇਸ ਦੇ ਸਨਮੁੱਖ ਸੈਨਸਿਜ਼ ਦਾ ਕੰਮ ਵੀ ਮੇਰੇ ਕੋਲ ਹੀ ਸੀ। ਇਕ ਅਧਿਆਪਕ ਨਾਲ ਮੇਰੀ ਦੋਸਤੀ ਹੋ ਗਈ। ਕੁਦਰਤੀ ਉਸ ਅਧਿਆਪਕ ਦਾ ਰਿਸ਼ਤੇਦਾਰ ਸਾਡੇ ਵਿਭਾਗ ਦਾ ਮੰਤਰੀ ਸੀ। ਉਸ ਨੇ ਵਾਅਦਾ ਕੀਤਾ ਕਿ ਬਦਲੀਆਂ ਸਮੇਂ ਉਹ ਮੇਰੀ ਬਦਲੀ ਬਟਾਲੇ ਦਫਤਰ ਕਰਵਾ ਦੇਵੇਗਾ। ਸੈਨਸਿਜ਼ ਮੁਕੰਮਲ ਹੋ ਗਈ ਪਰ ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਅਤੇ ਬਦਲੀਆਂ ਸਮੇਂ ਮੇਰੀ ਬਦਲੀ ਬਟਾਲਾ ਵਿਖੇ ਕਰਵਾ ਦਿੱਤੀ।
ਉਹਨੀਂ ਦਿਨੀਂ ਸਰਕਾਰ ਦੇ ਇਕ ਫ਼ੈਸਲੇ ਤਹਿਤ ਉਦਯੋਗ ਵਿਭਾਗ ’ਚ ਲੱਕੜੀ ਚੀਰਨ ਵਾਲੇ ਆਰੇ ਦੀ ਐੱਸਐੱਸਆਈ ਰਜਿਸਟਰੇਸ਼ਨ ਬੈਨ ਸੀ। ਇਕ ਦਿਨ ਛੁੱਟੀ ਵਾਲ਼ੇ ਦਿਨ ਮੈਨੂੰ ਮਿਲਣ ਜਲੰਧਰ ਤੋਂ ਇਕ ਵਿਅਕਤੀ ਆਇਆ। ਜਲੰਧਰ ਦਫ਼ਤਰ ਦੇ ਬਾਹਰਵਾਰ ਉਹ ਦਫਤਰ ਨਾਲ ਸਬੰਧਤ ਫਾਈਲਾਂ ਆਦਿ ਭਰਦਾ ਸੀ। ਚਾਹ ਪਾਣੀ ਪੀਣ ਤੋਂ ਬਾਅਦ ਮੈਂ ਜਦੋਂ ਉਸ ਨੂੰ ਆਉਂਣ ਦਾ ਮੰਤਵ ਪੁੱਛਿਆ ਤਾਂ ਉਸ ਨੇ ਇਕ ਰਜਿਸਟਰੇਸ਼ਨ ਦੀ ਪੁਰਾਣੀ ਮੇਰੇ ਵੇਲੇ ਦੀ ਫਾਈਲ ਕੱਢ ਲਈ। ਉਹ ਕਹਿਣ ਲੱਗਾ ਕਿ ਇਸ ਇਕਾਈ ਦੇ ਸਰਟੀਫਿਕੇਟ ’ਚ ਆਰੇ ਦੀ ਰਜਿਸਟਰੇਸ਼ਨ ਦੀ ਅਡੀਸ਼ਨ ਕਰਨੀ ਹੈ। ਮੈਨੂੰ ਯਾਦ ਸੀ ਕਿ ਆਰੇ ਦੀ ਰਜਿਸਟਰੇਸ਼ਨ ਬੈਨ ਹੈ। ਉਹ ਪਿਛਲੀ ਮਿਤੀ ’ਚ ਅਡੀਸ਼ਨ ਕਰਵਾਉਂਣੀ ਚਾਹੁੰਦਾ ਸੀ ਕਿਉੁਂਕਿ ਉਦੋਂ ਬੈਨ ਨਹੀਂ ਸੀ ਲੱਗਾ। ਮੈਂ ਪਿਛਲੀ ਮਿਤੀ ’ਚ ਅਡੀਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਸੀਟ ’ਤੇ ਲੱਗੇ ਕਲਰਕ (ਜੋ ਕਿ ਜਲੰਧਰ ਡਿਊਟੀ ਸਮੇਂ ਮੇਰਾ ਦੋਸਤ ਬਣ ਗਿਆ ਸੀ) ਦਾ ਹਵਾਲਾ ਵੀ ਦਿੱਤਾ ਪਰ ਮੇਰਾ ਮਨ ਗ਼ਲਤ ਕੰਮ ਕਰਨ ਲਈ ਰਾਜੀ ਨਾ ਹੋਇਆ ਤੇ ਉਸ ਨੂੰ ਨਿਰਾਸ਼ ਵਾਪਸ ਜਾਣਾ ਪਿਆ।
ਜਲੰਧਰ ਦਫਤਰ ਦੇ ਉਕਤ ਦੋਸਤ (ਹੁਣ ਸੇਵਾਮੁਕਤ) ਦਾ ਇਕ ਭਾਈ ਚੰਡੀਗੜ੍ਹ ਦੇ ਇਕ ਦਫਤਰ ’ਚ ਕੰਮ ਕਰਦਾ ਸੀ। ਮੇਰਾ ਇਕ ਕੰਮ ਚੰਡੀਗੜ੍ਹ ਦੇ ਉਕਤ ਦਫਤਰ ’ਚ ਅੜਿਆ ਪਿਆ ਸੀ। ਮੈਂ ਉਸ ਦੋਸਤ ਨੂੰ ਕਿਹਾ ਕਿ ਉਹ ਆਪਣੇ ਭਰਾ ਨੂੰ ਕਹਿ ਕੇ ਮੇਰਾ ਕੰਮ ਕਰਵਾ ਦੇਵੇ। ਉਸ ਨੇ ਇਕ ਵਾਰ ਤਾਂ ਫੋਨ ਤੇ ਹਾਂ ਕਰ ਦਿੱਤੀ ਪਰ ਬਾਅਦ ’ਚ ਉਸ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਦਫਤਰ ਦਾ ਸੁਪਰਡੈਂਟ ਮੇਰਾ ਪੁਰਾਣਾ ਵਾਕਿਫ ਸੀ। ਉਸ ਨੂੰ ਵੀ ਫੋਨ ਕਰ ਕੇ ਉਸ ਦੋਸਤ ਨਾਲ ਗੱਲ ਕਰਵਾਉਂਣ ਲਈ ਕਿਹਾ ਪਰ ਸਬੰਧਤ ਦੋਸਤ ਕਈ ਬਹਾਨੇ ਬਣਾ ਕੇ ਗਲ ਕਰਨ ਤੋਂ ਬਚਦਾ ਰਿਹਾ। ਸ਼ਾਇਦ ਉਸ ਨੇ ਪਿਛਲੀ ਮਿਤੀ ’ਚ ਆਰੇ ਦੀ ਅਡੀਸ਼ਨ ਨਾ ਕਰਨ ਦੀ ਗੱਲ ਚੇਤੇ ਰੱਖੀ ਹੋਵੇ, ਜਿਸ ਕਰ ਕੇ ਉਹ ਮੇਰੇ ਕੰਮ ਲਈ ਆਪਣੇ ਭਾਈ ਨੂੰ ਕਹਿਣ ਤੋਂ ਟਾਲ਼ਾ ਵੱਟਦਾ ਰਿਹਾ। ਮੇਰੀ ਉਕਤ ਜਲੰਧਰ ਵਾਲੇ਼ ਅਤੇ ਬਟਾਲ਼ੇ ਵਾਲੇ਼ ਦੋਸਤ ਨਾਲ ਹੁਣ ਵੀ ਰੋਜ਼ਾਨਾ ਗੁੱਡ ਮਾਰਨਿੰਗ ਹੁੰਦੀ ਹੈ। ਬਟਾਲੇ ਵਾਲਾ ਦੋਸਤ ਤਾਂ ਗਾਹੇ ਬਗਾਹੇ ਕਿਸੇ ਫੰਕਸ਼ਨ ’ਚ ਬੜੇ ਪਿਆਰ ਨਾਲ ਮਿਲਦਾ ਵੀ ਹੈ ਪਰ ਜਾਣਬੱਝ ਕੇ ਮੇਰਾ ਜਾਇਜ਼ ਕੰਮ ਨਾ ਕਰਨਾ ਇਹੀ ਦਰਸਾਉਂਦਾ ਹੈ ਕਿ ਇਹਨਾ ਨੇ ਆਪਣੀ ਗੱਲ ਨਾ ਪੁੱਗਣ ਦਾ ਗਿਲਾ ਹੁਣ ਤੱਕ ਆਪਣੇ ਮਨ ’ਚ ਪਾਲ ਰੱਖਿਆ ਹੈ। ਇਹ ਵਰਤਾਰਾ ਸਾਂਝ ਦੇ ਸ਼ੀਸ਼ੇ ’ਚ ਪਈ ਤਰੇੜ ਵਰਗਾ ਹੀ ਤਾਂ ਹੈ।
-ਸੰਪਰਕ : 9417376895)।