- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹੁਦਾ ਵੱਡਾ ਹੋਣ ਨਾਲ ਜ਼ਿੰਮੇਵਾਰੀ ਘਟਦੀ ਨਹੀਂ ਸਗੋਂ ਵਧਦੀ ਹੈ ਪਰ ਜਦੋਂ ਨਿਆਂ ਦੀ ਥਾਂ ਹੰਕਾਰ, ਸੰਵਾਦ ਦੀ ਥਾਂ ਜ਼ਿੱਦ ਤੇ ਲੋਕ-ਹਿੱਤ ਦੀ ਥਾਂ ਸਿਆਸੀ ਸਵਾਰਥ ਲੈ ਲੈਣ ਤਾਂ ਸੰਕਟ ਸਿਰਫ਼ ਹਕੂਮਤ ਦਾ ਨਹੀਂ ਰਹਿੰਦਾ ਸਗੋਂ ਉਹ ਸਮਾਜ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਵੀ ਵੱਧ ਖ਼ਤਰਨਾਕ ਉਹ ਪਲ ਹੁੰਦਾ ਹੈ, ਜਦੋਂ ਲੋਕ ਆਪਣੇ ਆਗੂਆਂ ਦੇ ਹਰ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ ਤਰਕ ਘੜਨ ਲੱਗ ਪੈਂਦੇ ਹਨ।

ਗੋਵਰਧਨ ਗੱਬੀ
ਬਚਪਨ ’ਚ ਮੇਰੇ ਮਰਹੂਮ ਤਾਇਆ ਬਾਬੂ ਰਾਮ ਜੀ ਮੈਨੂੰ ਬੜੀਆਂ ਰੌਚਕ ਬਾਤਾਂ ਸੁਣਾਇਆ ਕਰਦੇ ਸਨ। ਉਨ੍ਹਾਂ ਬਾਤਾਂ ’ਚ ਮਨੋਰੰਜਨ ਦੇ ਨਾਲ-ਨਾਲ ਜ਼ਿੰਦਗੀ ਦੇ ਅਜਿਹੇ ਸਬਕ ਲੁਕੇ ਹੁੰਦੇ ਸਨ, ਜਿਨ੍ਹਾਂ ਦੀ ਅਸਲ ਸਮਝ ਉਮਰ ਦੇ ਨਾਲ ਹੀ ਆਉਂਦੀ ਹੈ। ਅੱਜ ਜਦੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਵਧ ਰਹੇ ਸਮਾਜਿਕ ਤਣਾਅ, ਰਾਜਨੀਤਿਕ ਉਥਲ-ਪੁਥਲ ਤੇ ਲੋਕਾਂ ਦੇ ਮਨਾਂ ’ਚ ਪੈਦਾ ਹੋ ਰਹੀ ਬੇਚੈਨੀ ਨੂੰ ਦੇਖਦਾ ਹਾਂ ਤਾਂ ਤਾਇਆ ਜੀ ਦੀ ਸੁਣਾਈ ਇਕ ਲੋਕ-ਕਥਾ ਯਾਦ ਆ ਜਾਂਦੀ ਹੈ। ਪੁਰਾਣੇ ਸਮੇਂ ਦੀ ਗੱਲ ਹੈ। ਇਕ ਮੁਸਾਫ਼ਰ ਆਪਣੀ ਘੋੜੀ ’ਤੇ ਸਵਾਰ ਹੋ ਕੇ ਕਿਸੇ ਬਸਤੀ ’ਚ ਪਹੁੰਚਿਆ। ਸ਼ਾਮ ਢਲ ਚੁੱਕੀ ਸੀ। ਉਸ ਨੇ ਰਾਤ ਕੱਟਣ ਲਈ ਕੁਝ ਲੋਕਾਂ ਨੂੰ ਬੇਨਤੀ ਕੀਤੀ ਪਰ ਕਿਸੇ ਨੇ ਉਸ ਨੂੰ ਪਨਾਹ ਨਾ ਦਿੱਤੀ। ਅਖ਼ੀਰ ਇਕ ਬੰਦੇ ਨੇ ਉਸ ਨੂੰ ਕਿਸੇ ਹੋਰ ਘਰ ਦਾ ਰਾਹ ਦਿਖਾ ਦਿੱਤਾ। ਘਰ ਦੇ ਮਾਲਕ ਨੇ ਮੁਸਾਫ਼ਰ ਦੀ ਗੱਲ ਸੁਣ ਕੇ ਕਿਹਾ, ‘ਪ੍ਰਾਹੁਣਾ ਤਾਂ ਰੱਬ ਦੀ ਰਹਿਮਤ ਹੁੰਦਾ ਹੈ... ਆ ਜਾ.... ਰਾਤ ਇੱਥੇ ਆਰਾਮ ਨਾਲ ਕੱਟ।’ ਉਸ ਨੇ ਮੁਸਾਫ਼ਰ ਨੂੰ ਰੋਟੀ ਖੁਆਈ, ਉਸ ਦੀ ਘੋੜੀ ਨੂੰ ਆਪਣੇ ਪਸ਼ੂਆਂ ਕੋਲ ਬੰਨ੍ਹਿਆ ਤੇ ਸੌਣ ਲਈ ਥਾਂ ਦੇ ਦਿੱਤੀ। ਮੁਸਾਫ਼ਰ ਦੇ ਮਨ ’ਚ ਬਸਤੀ ਦੇ ਲੋਕਾਂ ਦੇ ਰੁੱਖੇ ਵਿਹਾਰ ਬਾਰੇ ਸਵਾਲ ਉੱਠਦਾ ਰਿਹਾ। ਉਸ ਨੇ ਘਰ ਦੇ ਮਾਲਕ ਨੂੰ ਪੁੱਛਿਆ ਕਿ ਇੱਥੋਂ ਦੇ ਲੋਕ ਇੰਨੇ ਬੇਰੁੱਖੇ ਕਿਉਂ ਹਨ ਅਤੇ ਬਸਤੀ ’ਚ ਉਦਾਸੀ ਤੇ ਉਜਾੜ ਦਾ ਮਾਹੌਲ ਕਿਉਂ ਹੈ। ਘਰ ਦੇ ਮਾਲਕ ਨੇ ਗੱਲ ਟਾਲਦਿਆਂ ਕਿਹਾ, ‘ਤੂੰ ਮੁਸਾਫ਼ਰ ਹੈਂ...ਰਾਤ ਕੱਟ ਤੇ ਸਵੇਰੇ ਚਲਾ ਜਾਵੀਂ...ਟੈਸ਼ਨ ਲੈਣ ਦੀ ਕੋਈ ਲੋੜ ਨਹੀਂ।’ ਅੱਧੀ ਰਾਤ ਨੂੰ ਮੁਸਾਫ਼ਰ ਦੀ ਘੋੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਦੋਨਾਂ ਨੂੰ ਪਤਾ ਚਲ ਗਿਆ ਪਰ ਘਰ ਦੇ ਮਾਲਕ ਨੇ ਬਾਅਦ ’ਚ ਚੁੱਪਚਾਪ ਉਸ ਬੱਚੇ ਨੂੰ ਚੁੱਕ ਕੇ ਆਪਣੀ ਗਾਂ ਕੋਲ ਬੰਨ੍ਹ ਦਿੱਤਾ। ਸਵੇਰੇ ਜਦੋਂ ਮੁਸਾਫ਼ਰ ਜਾਣ ਲੱਗਾ ਤਾਂ ਉਸ ਨੇ ਆਪਣੀ ਘੋੜੀ ਦਾ ਬੱਚਾ ਗਾਂ ਕੋਲ ਖੜ੍ਹਾ ਦੇਖਿਆ। ਉਸ ਨੇ ਘਰ ਦੇ ਮਾਲਕ ਨੂੰ ਕਿਹਾ, ‘ਭਾਈ, ਇਹ ਤਾਂ ਮੇਰੀ ਘੋੜੀ ਦਾ ਬੱਚਾ ਹੈ ਮੈਨੂੰ ਵਾਪਸ ਦੇ ਦਿਓ।’ ਘਰ ਦਾ ਮਾਲਕ ਬੜੀ ਬੇਸ਼ਰਮੀ ਨਾਲ ਬੋਲਿਆ, ‘ਇਹ ਤੇਰੀ ਘੋੜੀ ਦਾ ਨਹੀਂ, ਮੇਰੀ ਗਾਂ ਦਾ ਬੱਚਾ ਹੈ।’ ਮੁਸਾਫ਼ਰ ਹੈਰਾਨ ਰਹਿ ਗਿਆ। ਉਸ ਨੇ ਕਿਹਾ, ‘ਭਾਈ, ਇਹ ਕਿਵੇਂ ਹੋ ਸਕਦਾ ਹੈ? ਗਾਂ ਕਿਤੇ ਘੋੜੀ ਦੇ ਬੱਚੇ ਨੂੰ ਵੀ ਜਨਮ ਦੇ ਸਕਦੀ ਹੈ?’ ਮਾਲਕ ਨੇ ਬੜੀ ਢੀਠਤਾਈ ਨਾਲ ਜਵਾਬ ਦਿੱਤਾ, ‘ਤੈਨੂੰ ਸਾਡੇ ਪਿੰਡ ਦੇ ਰੀਤੀ-ਰਿਵਾਜਾਂ ਦਾ ਕੀ ਪਤਾ? ਸਾਡੇ ਪਿੰਡ ਦੀਆਂ ਗਾਵਾਂ ਘੋੜੀ ਦੇ ਬੱਚੇ ਵੀ ਜੰਮਦੀਆਂ ਹਨ!’ ਇਹ ਵੀ ਸੱਚ ਹੈ ਕਿ ਜਦੋਂ ਝੂਠ ਬੋਲਣ ਵਾਲੇ ਨੂੰ ਸੱਚ ਦੀ ਕੋਈ ਦਲੀਲ ਨਾ ਲੱਭੇ ਤਾਂ ਉਹ ਅਜਿਹੀ ਦੁਨੀਆ ਸਿਰਜ ਲੈਂਦਾ ਹੈ। ਜਿੱਥੇ ਕੁਦਰਤ ਦੇ ਨੇਮ ਵੀ ਉਸ ਦੀ ਮਰਜ਼ੀ ਮੁਤਾਬਕ ਬਦਲ ਜਾਂਦੇ ਹਨ। ਮੁਸਾਫ਼ਰ ਨੇ ਸੋਚਿਆ ਕਿ ਇਕੱਲੇ ਬੰਦੇ ਨਾਲ ਬਹਿਸ ਕਰਨ ਦਾ ਕੋਈ ਲਾਭ ਨਹੀਂ। ਉਹ ਪਿੰਡ ਦੀ ਪੰਚਾਇਤ ਕੋਲ ਪਹੁੰਚ ਗਿਆ। ਉਸ ਨੂੰ ਉਮੀਦ ਸੀ ਕਿ ਪੰਚਾਇਤ ਸੱਚ ਅਤੇ ਝੂਠ ਵਿਚਕਾਰ ਫ਼ਰਕ ਕਰੇਗੀ ਪਰ ਉੱਥੇ ਵੀ ਉਸ ਦਾ ਸਾਹਮਣਾ ਇਕ ਅਜੀਬ ਨਿਆਂ-ਪ੍ਰਣਾਲੀ ਨਾਲ ਹੋਇਆ। ਪੰਚਾਇਤ ਦੇ ਬੰਦਿਆਂ ਨੂੰ ਪਤਾ ਸੀ ਕਿ ਮੁਸਾਫ਼ਰ ਤਾਂ ਪਰਦੇਸੀ ਹੈ, ਅੱਜ ਨਹੀਂ ਤਾਂ ਕੱਲ੍ਹ ਚਲਾ ਜਾਵੇਗਾ ਪਰ ਘਰ ਦੇ ਮਾਲਕ ਨੇ ਤਾਂ ਇਸੇ ਪਿੰਡ ’ਚ ਰਹਿਣਾ ਹੈ। ਉਸ ਨਾਲ ਹੀ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਸਬੰਧ ਹਨ। ਇਸ ਲਈ ਸੱਚ ਦਾ ਸਾਥ ਦੇਣ ਨਾਲੋਂ ਆਪਣੇ ਬੰਦੇ ਦਾ ਸਾਥ ਦੇਣਾ ਉਨ੍ਹਾਂ ਨੂੰ ਵਧੇਰੇ ਸੁਰੱਖਿਅਤ ਲੱਗਿਆ। ਕਿਸੇ ਨੇ ਕਿਹਾ, ‘ਸਾਡੇ ਪਿੰਡ ’ਚ ਤਾਂ ਗਾਵਾਂ ਘੋੜੀ ਦੇ ਬੱਚੇ ਵੀ ਜੰਮਦੀਆਂ ਹਨ।’ ਦੂਜੇ ਨੇ ਵੀ ਹਾਮੀ ਭਰ ਦਿੱਤੀ, ‘ਹਾਂ, ਇਹ ਗੱਲ ਠੀਕ ਹੈ...ਅਸੀਂ ਵੀ ਸੁਣਿਆ ਹੈ ਕਿ ਇੱਥੇ ਅਜਿਹਾ ਹੁੰਦਾ ਹੈ।’ ਇਕ ਤੋਂ ਬਾਅਦ ਇਕ ਆਵਾਜ਼ ਉੱਠਦੀ ਗਈ। ਝੂਠ ਨੂੰ ਬਹੁਮਤ ਮਿਲਦਾ ਗਿਆ ਅਤੇ ਸੱਚ ਇਕੱਲਾ ਪੈਂਦਾ ਗਿਆ। ਅਖ਼ੀਰ ਪੰਚਾਇਤ ਨੇ ਫ਼ੈਸਲਾ ਸੁਣਾ ਦਿੱਤਾ ਕਿ ਘੋੜੀ ਦਾ ਬੱਚਾ ਅਸਲ ’ਚ ਗਾਂ ਦਾ ਹੀ ਹੈ। ਮੁਸਾਫ਼ਰ ਨਿਰਾਸ਼ ਹੋ ਕੇ ਆਪਣੀ ਘੋੜੀ ਲੈ ਕੇ ਤੁਰ ਪਿਆ। ਅਜੇ ਉਹ ਬਸਤੀ ਤੋਂ ਥੋੜ੍ਹੀ ਦੂਰ ਹੀ ਗਿਆ ਸੀ ਕਿ ਘਰ ਦੇ ਮਾਲਕ ਨੇ ਪਿੱਛੋਂ ਆਵਾਜ਼ ਮਾਰੀ। ਉਸ ਨੇ ਘੋੜੀ ਦਾ ਬੱਚਾ ਮੁਸਾਫ਼ਰ ਦੇ ਹਵਾਲੇ ਕਰਦਿਆਂ ਕਿਹਾ, ‘ਹੁਣ ਸਮਝ ਆਈ ਕਿ ਇਹ ਬਸਤੀ ਉੱਜੜੀ-ਉੱਜੜੀ ਕਿਉਂ ਹੈ?’ ਮੁਸਾਫ਼ਰ ਨੇ ਪੁੱਛਿਆ, ‘ਕਿਉਂ?’ ਘਰ ਦਾ ਮਾਲਕ ਬੋਲਿਆ, ‘ਕਿਉਂਕਿ ਇੱਥੇ ਨਿਆਂ ਕਰਨ ਵਾਲੇ ਗ਼ਲਤ ਫ਼ੈਸਲੇ ਕਰਦੇ ਹਨ ਤੇ ਲੋਕ ਆਪਣੇ ਸਵਾਰਥ ਕਰ ਕੇ ਉਨ੍ਹਾਂ ਗ਼ਲਤ ਫ਼ੈਸਲਿਆਂ ਦੇ ਹੱਕ ’ਚ ਖੜ੍ਹੇ ਹੋ ਜਾਂਦੇ ਹਨ। ਮੈਂ ਤੈਨੂੰ ਸਿਰਫ਼ ਇਹ ਸਮਝਾਉਣਾ ਚਾਹੁੰਦਾ ਸੀ ਕਿ ਬਸਤੀਆਂ ਕਿਵੇਂ ਉੱਜੜਦੀਆਂ ਹਨ।’ ਤਾਇਆ ਬਾਬੂ ਰਾਮ ਜੀ ਦੀ ਇਹ ਲੋਕ-ਕਥਾ ਅੱਜ ਦੇ ਵਿਸ਼ਵ-ਦ੍ਰਿਸ਼ ਸਾਹਮਣੇ ਰੱਖ ਕੇ ਦੇਖੀਏ ਤਾਂ ਇਸ ਦਾ ਵਿਅੰਗ ਹੋਰ ਵੀ ਤਿੱਖਾ ਹੋ ਜਾਂਦਾ ਹੈ। ਫ਼ਰਾਂਸ ਤੋਂ ਭਾਰਤ ਤੱਕ, ਬੰਗਲਾਦੇਸ਼ ਤੋਂ ਨੇਪਾਲ ਤੱਕ ਤੇ ਦੁਨੀਆ ਦੇ ਹੋਰ ਕਈ ਹਿੱਸਿਆਂ ’ਚ ਵਾਪਰਦੀਆਂ ਘਟਨਾਵਾਂ ਦੇ ਆਪਣੇ ਇਤਿਹਾਸਕ, ਆਰਥਿਕ ਅਤੇ ਰਾਜਨੀਤਿਕ ਕਾਰਨ ਹਨ ਪਰ ਇਕ ਸਵਾਲ ਹਰ ਸਮਾਜ ਦੇ ਸਾਹਮਣੇ ਖੜ੍ਹਾ ਹੈ ਕਿ ਜਦੋਂ ਸੱਤਾ ਦੇ ਫ਼ੈਸਲਿਆਂ ਅਤੇ ਲੋਕਾਂ ਦੀਆਂ ਉਮੀਦਾਂ ਵਿਚਕਾਰ ਪਾੜਾ ਵਧਦਾ ਜਾਂਦਾ ਹੈ ਤਾਂ ਸਮਾਜ ਦਾ ਭਵਿੱਖ ਕੀ ਬਣਦਾ ਹੈ? ਪਿੰਡ ਦਾ ਸਰਪੰਚ ਹੋਵੇ ਜਾਂ ਸ਼ਹਿਰ ਦਾ ਪ੍ਰਸ਼ਾਸਕ, ਸੂਬੇ ਦਾ ਮੁਖੀ ਜਾਂ ਕਿਸੇ ਦੇਸ਼ ਦਾ ਰਾਸ਼ਟਰਪਤੀ। ਅਹੁਦਾ ਵੱਡਾ ਹੋਣ ਨਾਲ ਜ਼ਿੰਮੇਵਾਰੀ ਘਟਦੀ ਨਹੀਂ ਸਗੋਂ ਵਧਦੀ ਹੈ ਪਰ ਜਦੋਂ ਨਿਆਂ ਦੀ ਥਾਂ ਹੰਕਾਰ, ਸੰਵਾਦ ਦੀ ਥਾਂ ਜ਼ਿੱਦ ਤੇ ਲੋਕ-ਹਿੱਤ ਦੀ ਥਾਂ ਸਿਆਸੀ ਸਵਾਰਥ ਲੈ ਲੈਣ ਤਾਂ ਸੰਕਟ ਸਿਰਫ਼ ਹਕੂਮਤ ਦਾ ਨਹੀਂ ਰਹਿੰਦਾ ਸਗੋਂ ਉਹ ਸਮਾਜ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਵੀ ਵੱਧ ਖ਼ਤਰਨਾਕ ਉਹ ਪਲ ਹੁੰਦਾ ਹੈ, ਜਦੋਂ ਲੋਕ ਆਪਣੇ ਆਗੂਆਂ ਦੇ ਹਰ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ ਤਰਕ ਘੜਨ ਲੱਗ ਪੈਂਦੇ ਹਨ। ਫਿਰ ਗਾਂ ਘੋੜੀ ਦੇ ਬੱਚੇ ਜੰਮਣ ਲੱਗਦੀ ਹੈ, ਝੂਠ ਨੂੰ ਸੱਚ ਦਾ ਪ੍ਰਮਾਣ-ਪੱਤਰ ਮਿਲ ਜਾਂਦਾ ਹੈ ਤੇ ਬਹੁਮਤ ਨੂੰ ਹੀ ਨਿਆਂ ਸਮਝ ਲਿਆ ਜਾਂਦਾ ਹੈ। ਅਸੀਂ ਅਕਸਰ ਉੱਜੜੀਆਂ ਬਸਤੀਆਂ ਦੇਖ ਕੇ ਹੈਰਾਨ ਹੁੰਦੇ ਹਾਂ ਪਰ ਉਨ੍ਹਾਂ ਨੂੰ ਉਜਾੜਨ ਵਾਲੇ ਫ਼ੈਸਲਿਆਂ ’ਤੇ ਤਾੜੀਆਂ ਮਾਰਨ ਵਾਲਿਆਂ ਨੂੰ ਭੁੱਲ ਜਾਂਦੇ ਹਾਂ। ਅਸੀਂ ਸੱਤਾਧਾਰੀਆਂ ਨੂੰ ਸਵਾਲ ਕਰਦੇ ਹਾਂ ਪਰ ਆਪਣੇ ਅੰਨ੍ਹੇ ਸਮਰਥਨ ਦੀ ਜ਼ਿੰਮੇਵਾਰੀ ਤੋਂ ਬਚ ਨਿਕਲਦੇ ਹਾਂ। ਕਿਸੇ ਬਸਤੀ ਨੂੰ ਉਜਾੜਨ ਲਈ ਹਰ ਵਾਰ ਬੰਬਾਂ ਜਾਂ ਬਾਹਰੀ ਦੁਸ਼ਮਣਾਂ ਦੀ ਲੋੜ ਨਹੀਂ ਹੁੰਦੀ।
ਕਈ ਵਾਰ ਇਕ ਗ਼ਲਤ ਫ਼ੈਸਲਾ, ਉਸ ਦੇ ਹੱਕ ’ਚ ਉੱਠੀਆਂ ਹਜ਼ਾਰਾਂ ਆਵਾਜ਼ਾਂ ਤੇ ਸੱਚ ਦੇ ਹੱਕ ’ਚ ਛਾਈ ਚੁੱਪ ਹੀ ਕਾਫ਼ੀ ਹੁੰਦੀ ਹੈ। ਬਸਤੀਆਂ ਪਹਿਲਾਂ ਇਨਸਾਫ਼ ਤੋਂ ਉੱਜੜਦੀਆਂ ਹਨ, ਫਿਰ ਇਨਸਾਨਾਂ ਤੋਂ। ਜਦੋਂ ਲੋਕ ਇਹ ਸਾਬਤ ਕਰਨ ’ਚ ਜੁਟ ਜਾਣ ਕਿ ਗਾਂ ਘੋੜੀ ਦੇ ਬੱਚੇ ਜੰਮ ਸਕਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉੱਥੇ ਸਿਰਫ਼ ਨਿਆਂ ਹੀ ਨਹੀਂ ਮਰਿਆ ਸਗੋਂ ਉੱਥੇ ਸੱਚ ਨੂੰ ਪਛਾਣਨ ਦੀ ਸਮੂਹਿਕ ਸਮਰੱਥਾ ਵੀ ਦਮ ਤੋੜ ਚੁੱਕੀ ਹੈ। ਖੰਡਰ ਤਾਂ ਬਾਅਦ ’ਚ ਦਿਸਦੇ ਹਨ ਪਰ ਬਸਤੀ ਦਾ ਉਜਾੜਾ ਅਜਿਹੇ ਫ਼ੈਸਲਿਆਂ ਵਾਲੇ ਦਿਨ ਹੀ ਸ਼ੁਰੂ ਹੋ ਜਾਂਦਾ ਹੈ।
-ਸੰਪਰਕ : 9417173700