- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿੱਥੇ ਬਹੁਤ ਸਾਰੀਆਂ ਰਿਆਸਤਾਂ ਨੇ ਗੱਲਬਾਤ ਰਾਹੀਂ ਭਾਰਤ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ, ਉੱਥੇ ਜੂਨਾਗੜ੍ਹ ਤੇ ਹੈਦਰਾਬਾਦ ਵਰਗੇ ਮਾਮਲਿਆਂ ’ਚ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੂਨਾਗੜ੍ਹ ਦੇ ਨਵਾਬ ਵੱਲੋਂ ਪਾਕਿਸਤਾਨ ’ਚ ਸ਼ਾਮਲ ਹੋਣ ਦੇ ਫ਼ੈਸਲੇ ਤੇ ਹੈਦਰਾਬਾਦ ਦੇ ਨਿਜ਼ਾਮ ਦੀ ਆਜ਼ਾਦ ਰਹਿਣ ਦੀ ਇੱਛਾ ਨੇ ਸਥਿਤੀ ਨੂੰ ਗੁੰਝਲਦਾਰ ਬਣਾਇਆ। ਸਤੰਬਰ 1948 ’ਚ ਹੈਦਰਾਬਾਦ ’ਚ ‘ਆਪਰੇਸ਼ਨ ਪੋਲੋ’ ਰਾਹੀਂ ਰਿਆਸਤ ਦਾ ਭਾਰਤ ’ਚ ਰਲੇਵਾਂ ਹੋਇਆ। ਜੰਮੂ-ਕਸ਼ਮੀਰ ਦਾ ਭਾਰਤ ’ਚ ਰਲੇਵਾਂ ਵੀ ਕਬਾਇਲੀ ਹਮਲੇ ਤੋਂ ਬਾਅਦ ਵਿਸ਼ੇਸ਼ ਹਾਲਾਤਾਂ ’ਚ ਹੋਇਆ।

ਆਦਿਲ ਆਜ਼ਮੀ
ਕਿਸੇ ਵੀ ਦੇਸ਼ ਦੀ ਆਜ਼ਾਦੀ ਸਿਰਫ਼ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਹਾਸਲ ਕਰਨ ਨਾਲ ਪੂਰੀ ਨਹੀਂ ਹੁੰਦੀ। ਅਸਲ ਚੁਣੌਤੀ ਆਜ਼ਾਦੀ ਨੂੰ ਮਜ਼ਬੂਤ, ਸਥਿਰ ਤੇ ਇਕਜੁੱਟ ਰਾਸ਼ਟਰ ’ਚ ਬਦਲਣ ਦੀ ਹੁੰਦੀ ਹੈ। 15 ਅਗਸਤ 1947 ਨੂੰ ਭਾਰਤ ਨੇ ਆਜ਼ਾਦੀ ਤਾਂ ਹਾਸਲ ਕਰ ਲਈ ਸੀ ਪਰ ਉਸ ਸਮੇਂ ਦੇਸ਼ ਸਾਹਮਣੇ ਅਜਿਹਾ ਸੰਕਟ ਸੀ, ਜੋ ਨਵੇਂ ਬਣੇ ਰਾਸ਼ਟਰ ਦੀ ਹੋਂਦ ਤੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦਾ ਸੀ। ਸੈਂਕੜੇ ਰਿਆਸਤਾਂ ’ਚ ਵੰਡਿਆ ਭਾਰਤ ਰਾਜਨੀਤਿਕ ਤੌਰ ’ਤੇ ਖਿੰਡਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਸੀ। ਅਜਿਹੇ ਨਾਜ਼ੁਕ ਦੌਰ ’ਚ ਸਰਦਾਰ ਵੱਲਭਭਾਈ ਪਟੇਲ ਨੇ ਆਪਣੀ ਦੂਰਦਰਸ਼ਤਾ, ਦ੍ਰਿੜ੍ਹ ਇੱਛਾ-ਸ਼ਕਤੀ ਤੇ ਅਸਾਧਾਰਨ ਪ੍ਰਸ਼ਾਸਨਿਕ ਸਮਰੱਥਾ ਨਾਲ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ। ਉਨ੍ਹਾਂ ਨੇ ਸਿਰਫ਼ ਰਿਆਸਤਾਂ ਦਾ ਰਲੇਵਾਂ ਨਹੀਂ ਕਰਵਾਇਆ, ਸਗੋਂ ਅਜਿਹੇ ਭਾਰਤ ਦੀ ਨੀਂਹ ਰੱਖੀ, ਜਿਸ ਦੀ ਏਕਤਾ ਅੱਜ ਵੀ ਕਾਇਮ ਹੈ।
31 ਅਕਤੂਬਰ 2026 ਨੂੰ ਉਨ੍ਹਾਂ ਦੀ 151ਵੀਂ ਜਯੰਤੀ ਮੌਕੇ ਦੇਸ਼ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ। ਇਹ ਦਿਨ ਸਿਰਫ਼ ਇਕ ਮਹਾਨ ਨੇਤਾ ਨੂੰ ਯਾਦ ਕਰਨ ਦਾ ਨਹੀਂ, ਸਗੋਂ ਇਹ ਸੋਚਣ ਦਾ ਵੀ ਸਮਾਂ ਹੈ ਕਿ ਅੱਜ ਦੇ ਭਾਰਤ ’ਚ ਕੌਮੀ ਏਕਤਾ ਦਾ ਅਸਲ ਅਰਥ ਕੀ ਹੈ। ਕੀ ਏਕਤਾ ਸਿਰਫ਼ ਭੂਗੋਲਿਕ ਸਰਹੱਦਾਂ ਦੀ ਅਖੰਡਤਾ ਤੱਕ ਸੀਮਤ ਹੈ ਜਾਂ ਇਸ ਦਾ ਸਬੰਧ ਸਮਾਜਿਕ ਸਦਭਾਵਨਾ, ਸੰਵਿਧਾਨਕ ਭਰੋਸੇ, ਸੱਭਿਆਚਾਰਕ ਸਤਿਕਾਰ ਤੇ ਸਾਂਝੀ ਤਰੱਕੀ ਨਾਲ ਵੀ ਹੈ?
31 ਅਕਤੂਬਰ 1875 ਨੂੰ ਗੁਜਰਾਤ ਦੇ ਨਡਿਆਦ ’ਚ ਜਨਮੇ ਵੱਲਭਭਾਈ ਪਟੇਲ ਦਾ ਜੀਵਨ ਸੰਘਰਸ਼ ਤੇ ਦ੍ਰਿੜ੍ਹ ਸੰਕਲਪ ਦੀ ਮਿਸਾਲ ਹੈ। ਕਿਸਾਨ ਪਰਿਵਾਰ ’ਚ ਜਨਮ ਲੈਣ ਤੋਂ ਲੈ ਕੇ ਬੈਰਿਸਟਰ ਬਣਨ ਤੇ ਫਿਰ ਆਜ਼ਾਦੀ ਅੰਦੋਲਨ ਦੇ ਪ੍ਰਮੁੱਖ ਆਗੂ ਵਜੋਂ ਉੱਭਰਨ ਤੱਕ ਉਨ੍ਹਾਂ ਨੇ ਆਪਣੀ ਯੋਗਤਾ ਤੇ ਮਿਹਨਤ ਨਾਲ ਵੱਖਰੀ ਪਛਾਣ ਬਣਾਈ। ਮਹਾਤਮਾ ਗਾਂਧੀ ਦੇ ਨਜ਼ਦੀਕੀ ਸਹਿਯੋਗੀ ਵਜੋਂ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਅਹਿਮ ਭੂਮਿਕਾ ਨਿਭਾਈ।
1928 ਦੇ ਬਾਰਡੋਲੀ ਸੱਤਿਆਗ੍ਰਹਿ ’ਚ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੀ ਅਗਵਾਈ ਨੇ ਉਨ੍ਹਾਂ ਨੂੰ ‘ਸਰਦਾਰ’ ਦੀ ਉਪਾਧੀ ਦਿਵਾਈ। ਉਨ੍ਹਾਂ ਦੀ ਰਾਜਨੀਤੀ ਦਾ ਆਧਾਰ ਸਿਰਫ਼ ਭਾਸ਼ਣ ਨਹੀਂ, ਸਗੋਂ ਜ਼ਮੀਨੀ ਸੰਘਰਸ਼, ਸੰਗਠਨ ਤੇ ਨਤੀਜੇ ਪ੍ਰਾਪਤ ਕਰਨ ਦੀ ਸਮਰੱਥਾ ਸੀ। ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਨੂੰ ਮਜ਼ਬੂਤ ਰਾਜਨੀਤਿਕ ਢਾਂਚੇ ਦੀ ਲੋੜ ਸੀ, ਤਾਂ ਇਹੀ ਗੁਣ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣੇ। 1947 ’ਚ ਬ੍ਰਿਟਿਸ਼ ਸ਼ਾਸਨ ਦੇ ਖ਼ਤਮ ਹੋਣ ਨਾਲ ਦੇਸ਼ ਦੀਆਂ 500 ਤੋਂ ਵੱਧ ਰਿਆਸਤਾਂ ਸਾਹਮਣੇ ਭਾਰਤ ਜਾਂ ਪਾਕਿਸਤਾਨ ’ਚ ਸ਼ਾਮਲ ਹੋਣ ਜਾਂ ਆਜ਼ਾਦ ਰਹਿਣ ਦੇ ਬਦਲ ਸਨ। ਇਹ ਸਥਿਤੀ ਨਵੇਂ ਭਾਰਤ ਲਈ ਗੰਭੀਰ ਚੁਣੌਤੀ ਸੀ। ਜੇਕਰ ਰਿਆਸਤਾਂ ਦਾ ਸਮੇਂ ਸਿਰ ਏਕੀਕਰਨ ਨਾ ਹੁੰਦਾ ਤਾਂ ਭਾਰਤ ਦਾ ਭੂਗੋਲਿਕ ਤੇ ਰਾਜਨੀਤਿਕ ਸਰੂਪ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਸੀ। ਸਰਦਾਰ ਪਟੇਲ ਨੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਦੇ ਨਾਲ-ਨਾਲ ਰਾਜ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੇ ਸਹਿਯੋਗੀ ਵੀਪੀ ਮੈਨਨ ਨੇ ਇਸ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਈ। ਦੋਵਾਂ ਨੇ ਰਿਆਸਤਾਂ ਦੇ ਸ਼ਾਸਕਾਂ ਨਾਲ ਗੱਲਬਾਤ, ਕੂਟਨੀਤੀ ਤੇ ਵਿਹਾਰਕ ਸਮਝ ਰਾਹੀਂ ਭਾਰਤ ’ਚ ਸ਼ਾਮਲ ਹੋਣ ਲਈ ਸਹਿਮਤੀ ਬਣਾਈ। ਵਿਲੀਨਤਾ ਦੇ ਦਸਤਾਵੇਜ਼ਾਂ ਰਾਹੀਂ ਰੱਖਿਆ, ਵਿਦੇਸ਼ ਮਾਮਲਿਆਂ ਤੇ ਸੰਚਾਰ ਵਰਗੇ ਮਹੱਤਵਪੂਰਨ ਵਿਸ਼ੇ ਕੇਂਦਰ ਸਰਕਾਰ ਦੇ ਅਧੀਨ ਲਿਆਂਦੇ ਗਏ।
ਜਿੱਥੇ ਬਹੁਤ ਸਾਰੀਆਂ ਰਿਆਸਤਾਂ ਨੇ ਗੱਲਬਾਤ ਰਾਹੀਂ ਭਾਰਤ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ, ਉੱਥੇ ਜੂਨਾਗੜ੍ਹ ਤੇ ਹੈਦਰਾਬਾਦ ਵਰਗੇ ਮਾਮਲਿਆਂ ’ਚ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੂਨਾਗੜ੍ਹ ਦੇ ਨਵਾਬ ਵੱਲੋਂ ਪਾਕਿਸਤਾਨ ’ਚ ਸ਼ਾਮਲ ਹੋਣ ਦੇ ਫ਼ੈਸਲੇ ਤੇ ਹੈਦਰਾਬਾਦ ਦੇ ਨਿਜ਼ਾਮ ਦੀ ਆਜ਼ਾਦ ਰਹਿਣ ਦੀ ਇੱਛਾ ਨੇ ਸਥਿਤੀ ਨੂੰ ਗੁੰਝਲਦਾਰ ਬਣਾਇਆ। ਸਤੰਬਰ 1948 ’ਚ ਹੈਦਰਾਬਾਦ ’ਚ ‘ਆਪਰੇਸ਼ਨ ਪੋਲੋ’ ਰਾਹੀਂ ਰਿਆਸਤ ਦਾ ਭਾਰਤ ’ਚ ਰਲੇਵਾਂ ਹੋਇਆ। ਜੰਮੂ-ਕਸ਼ਮੀਰ ਦਾ ਭਾਰਤ ’ਚ ਰਲੇਵਾਂ ਵੀ ਕਬਾਇਲੀ ਹਮਲੇ ਤੋਂ ਬਾਅਦ ਵਿਸ਼ੇਸ਼ ਹਾਲਾਤਾਂ ’ਚ ਹੋਇਆ। ਇਨ੍ਹਾਂ ਘਟਨਾਵਾਂ ਦੇ ਨਤੀਜੇ ਵਜੋਂ ਭਾਰਤ ਦਾ ਰਾਜਨੀਤਿਕ ਏਕੀਕਰਨ ਸੰਭਵ ਹੋਇਆ। ਇਹ ਦੁਨੀਆ ਦੇ ਇਤਿਹਾਸ ’ਚ ਰਾਸ਼ਟਰ ਨਿਰਮਾਣ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ’ਚੋਂ ਇਕ ਸੀ। ਸਰਦਾਰ ਪਟੇਲ ਨੇ ਸਾਬਤ ਕੀਤਾ ਕਿ ਦ੍ਰਿੜ੍ਹ ਲੀਡਰਸ਼ਿਪ, ਰਾਜਨੀਤਿਕ ਇੱਛਾ-ਸ਼ਕਤੀ ਤੇ ਵਿਹਾਰਕ ਕੂਟਨੀਤੀ ਨਾਲ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਸਰਦਾਰ ਪਟੇਲ ਨੇ ਜਿਸ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕੀਤੇ, ਉਸ ਦੀ ਤਾਕਤ ਸਿਰਫ਼ ਭੂਗੋਲਿਕ ਏਕਤਾ ’ਚ ਨਹੀਂ, ਸਗੋਂ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਧਰਮਾਂ ਤੇ ਖੇਤਰੀ ਪਛਾਣਾਂ ਨੂੰ ਸਾਂਝੇ ਕੌਮੀ ਢਾਂਚੇ ’ਚ ਜੋੜਨ ’ਚ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ’ਚ ਸਰਦਾਰ ਪਟੇਲ ਦੀ 140ਵੀਂ ਜਯੰਤੀ ਮੌਕੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ, ਆਪਸੀ ਸਮਝ ਤੇ ਭਾਵਨਾਤਮਕ ਸਾਂਝ ਨੂੰ ਮਜ਼ਬੂਤ ਕਰਨਾ ਹੈ।
ਇਸ ਮੁਹਿੰਮ ਦਾ ਮਹੱਤਵ ਅੱਜ ਹੋਰ ਵੀ ਵਧ ਜਾਂਦਾ ਹੈ, ਕਿਉਂਕਿ ਭਾਰਤ ਦੀ ਵਿਸ਼ੇਸ਼ਤਾ ਉਸ ਦੀਆਂ ਵਿਭਿੰਨਤਾਵਾਂ ’ਚ ਹੈ। ਪੰਜਾਬ ਦੀ ਪੰਜਾਬੀ ਭਾਸ਼ਾ ਤੇ ਸਿੱਖ ਵਿਰਾਸਤ, ਤਾਮਿਲਨਾਡੂ ਦੀ ਸੱਭਿਆਚਾਰਕ ਪਰੰਪਰਾ, ਬੰਗਾਲ ਦੀ ਸਾਹਿਤਕ ਵਿਰਾਸਤ, ਉੱਤਰ-ਪੂਰਬ ਦੀਆਂ ਕਬਾਇਲੀ ਪਛਾਣਾਂ ਤੇ ਗੁਜਰਾਤ ਦੀ ਇਤਿਹਾਸਕ ਵਿਰਾਸਤ—ਇਹ ਸਾਰੇ ਮਿਲ ਕੇ ਭਾਰਤ ਦੀ ਵਿਲੱਖਣ ਪਛਾਣ ਬਣਾਉਂਦੇ ਹਨ। ਇਕ ਮਜ਼ਬੂਤ ਰਾਸ਼ਟਰ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਖੇਤਰੀ ਪਛਾਣਾਂ ਇਕੋ ਜਿਹੀਆਂ ਹੋ ਜਾਣ। ਅਸਲ ਏਕਤਾ ਤਾਂ ਉਦੋਂ ਬਣਦੀ ਹੈ ਜਦੋਂ ਹਰ ਖੇਤਰ ਨੂੰ ਆਪਣੀ ਭਾਸ਼ਾ, ਸੱਭਿਆਚਾਰ ਤੇ ਰਵਾਇਤਾਂ ਨੂੰ ਸੰਭਾਲਣ ਦਾ ਪੂਰਾ ਮੌਕਾ ਮਿਲੇ।
ਪੰਜਾਬ ਦਾ ਭਾਰਤ ਦੀ ਏਕਤਾ ਤੇ ਅਖੰਡਤਾ ’ਚ ਯੋਗਦਾਨ ਇਤਿਹਾਸਕ ਰਿਹਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਤੋਂ ਲੈ ਕੇ ਅਨਾਜ ਸੁਰੱਖਿਆ ਤੇ ਆਰਥਿਕ ਵਿਕਾਸ ਤੱਕ ਪੰਜਾਬ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਭਾਸ਼ਾ, ਗੁਰਬਾਣੀ ਦੀ ਵਿਚਾਰਧਾਰਾ, ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਪੰਜਾਬ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਭਾਰਤੀ ਸਮਾਜ ਨੂੰ ਮਨੁੱਖਤਾ, ਸੇਵਾ, ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ। ਇਸ ਲਈ ਕੌਮੀ ਏਕਤਾ ਦੀ ਗੱਲ ਕਰਦਿਆਂ ਪੰਜਾਬ ਦੀਆਂ ਖੇਤਰੀ ਇੱਛਾਵਾਂ, ਭਾਸ਼ਾਈ ਪਛਾਣ ਤੇ ਆਰਥਿਕ ਚੁਣੌਤੀਆਂ ਨੂੰ ਸਮਝਣਾ ਵੀ ਜ਼ਰੂਰੀ ਹੈ। ਸੰਘੀ ਢਾਂਚੇ ਦੀ ਮਜ਼ਬੂਤੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕੇਂਦਰ ਤੇ ਰਾਜਾਂ ਵਿਚਕਾਰ ਭਰੋਸਾ ਤੇ ਸਹਿਯੋਗ ਬਣਿਆ ਰਹੇ। ਰਾਜਾਂ ਦੀਆਂ ਮੰਗਾਂ ਤੇ ਚਿੰਤਾਵਾਂ ਨੂੰ ਸੰਵਿਧਾਨਕ ਦਾਇਰੇ ’ਚ ਗੱਲਬਾਤ ਰਾਹੀਂ ਹੱਲ ਕਰਨਾ ਹੀ ਸਹਿਕਾਰੀ ਸੰਘਵਾਦ ਦੀ ਅਸਲ ਭਾਵਨਾ ਹੈ। ਸਰਦਾਰ ਪਟੇਲ ਮਜ਼ਬੂਤ ਕੇਂਦਰ ਦੇ ਹਮਾਇਤੀ ਸਨ ਪਰ ਭਾਰਤ ਵਰਗੇ ਵਿਸ਼ਾਲ ਦੇਸ਼ ’ਚ ਸਥਾਈ ਏਕਤਾ ਲਈ ਖੇਤਰੀ ਪਛਾਣਾਂ ਦਾ ਸਤਿਕਾਰ ਕਰਨਾ ਵੀ ਲਾਜ਼ਮੀ ਹੈ। 1947 ’ਚ ਭਾਰਤ ਸਾਹਮਣੇ ਰਾਜਨੀਤਿਕ ਵਿਖੰਡਨ ਦੀ ਚੁਣੌਤੀ ਸੀ। ਅੱਜ ਦੀਆਂ ਚੁਣੌਤੀਆਂ ਵੱਖਰੀਆਂ ਹਨ। ਲੋਕਤੰਤਰ ’ਚ ਵਿਚਾਰਾਂ ਦਾ ਵਖਰੇਵਾਂ ਸੁਭਾਵਿਕ ਹੈ। ਸਰਕਾਰਾਂ ਦੀ ਆਲੋਚਨਾ ਕਰਨਾ, ਨੀਤੀਆਂ ’ਤੇ ਸਵਾਲ ਉਠਾਉਣਾ ਤੇ ਆਪਣੇ ਅਧਿਕਾਰਾਂ ਦੀ ਮੰਗ ਕਰਨਾ ਲੋਕਤੰਤਰ ਦਾ ਅਟੁੱਟ ਹਿੱਸਾ ਹੈ ਪਰ ਇਨ੍ਹਾਂ ਮਤਭੇਦਾਂ ਨੂੰ ਸਮਾਜਿਕ ਜਾਂ ਧਾਰਮਿਕ ਦੁਸ਼ਮਣੀ ’ਚ ਬਦਲਣ ਤੋਂ ਰੋਕਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਕੌਮੀ ਏਕਤਾ ਸਿਰਫ਼ ਨਾਅਰਿਆਂ ਨਾਲ ਨਹੀਂ ਬਣਦੀ। ਇਸ ਲਈ ਨਿਆਂਪਾਲਿਕਾ, ਪ੍ਰਸ਼ਾਸਨ, ਪੁਲਿਸ, ਚੋਣ ਕਮਿਸ਼ਨ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਦਾ ਨਿਰਪੱਖ ਤੇ ਜਵਾਬਦੇਹ ਹੋਣਾ ਜ਼ਰੂਰੀ ਹੈ।
ਸਰਦਾਰ ਪਟੇਲ ਨੂੰ 1991 ਚ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਗੁਜਰਾਤ ’ਚ ਨਰਮਦਾ ਨਦੀ ਦੇ ਕੰਢੇ ਬਣੀ 182 ਮੀਟਰ ਉੱਚੀ ‘ਸਟੈਚੂ ਆਫ਼ ਯੂਨਿਟੀ’ ਦਾ ਉਦਘਾਟਨ 31 ਅਕਤੂਬਰ 2018 ਨੂੰ ਉਨ੍ਹਾਂ ਦੀ 143ਵੀਂ ਜਯੰਤੀ ਮੌਕੇ ਕੀਤਾ ਗਿਆ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ ਅਤੇ ਉਨ੍ਹਾਂ ਦੇ ਇਤਿਹਾਸਕ ਯੋਗਦਾਨ ਦਾ ਪ੍ਰਤੀਕ ਹੈ।
ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਏਕਤਾ, ਦ੍ਰਿੜ੍ਹਤਾ, ਪ੍ਰਸ਼ਾਸਨਿਕ ਇਮਾਨਦਾਰੀ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੇ ਸਿਧਾਂਤਾਂ ਨੂੰ ਆਪਣੇ ਜਨਤਕ ਜੀਵਨ ਦਾ ਹਿੱਸਾ ਬਣਾਈਏ। ਸਰਦਾਰ ਪਟੇਲ ਨੇ ਰਿਆਸਤਾਂ ਨੂੰ ਜੋੜ ਕੇ ਭਾਰਤ ਦਾ ਨਕਸ਼ਾ ਤਾਂ ਅਖੰਡ ਬਣਾਇਆ ਸੀ, ਪਰ ਉਸ ਨਕਸ਼ੇ ਨੂੰ ਭਰੋਸੇ, ਸਦਭਾਵਨਾ, ਨਿਆਂ ਅਤੇ ਸਾਂਝੀ ਤਰੱਕੀ ਨਾਲ ਭਰਨਾ ਸਾਡੀ ਜ਼ਿੰਮੇਵਾਰੀ ਹੈ।