- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰੀ ਜਮਾਤ ’ਚ ਸੁਭਾਸ਼ ਨਾਂ ਦਾ ਇਕ ਵਿਦਿਆਰਥੀ ਵੀ ਹੁੰਦਾ ਸੀ। ਉਸ ਦੇ ਪਾਪਾ ਬੀਬੀਐੱਮਬੀ ’ਚ ਐੱਸਡੀਓ ਵਜੋਂ ਨੌਕਰੀ ਕਰਦੇ ਸਨ। ਘਰ ਤੋਂ ਖੁੱਲ੍ਹਾ ਖਾਣ-ਪੀਣ ਨੂੰ ਮਿਲਣ ਕਾਰਨ ਮੁੰਡੇ ਦੀ ਸਿਹਤ ਅਤੇ ਕੱਦਕਾਠ ਕਾਫ਼ੀ ਚੰਗੇ ਸਨ। ਮੁੰਡਾ ਪੜ੍ਹਾਈ ’ਚ ਵੀ ਕਾਫ਼ੀ ਹੁਸ਼ਿਆਰ ਸੀ ਪਰ ਮਾੜੀ ਸੰਗਤ ’ਚ ਪੈ ਕੇ ਉਹ ਵਿਗੜਦਾ ਜਾ ਰਿਹਾ ਸੀ।

ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਉਨ੍ਹਾਂ ਅਧਿਆਪਕਾਂ ਕੋਲ ਪੜ੍ਹਿਆ ਜਿਹੜੇ ਆਪਣੇ ਪੇਸ਼ੇ ਪ੍ਰਤੀ ਬਹੁਤ ਸਮਰਪਿਤ ਅਤੇ ਅਨੁਸ਼ਾਸਨ ਪਸੰਦ ਸਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਵਿਦਿਆਰਥੀਆਂ ਦੇ ਭਵਿੱਖ ਦਾ ਹੀ ਫ਼ਿਕਰ ਹੁੰਦਾ ਸੀ। ਉਨ੍ਹਾਂ ਅਧਿਆਪਕਾਂ ਦੀ ਕਾਰਜਸ਼ੈਲੀ ਨੇ ਮੈਨੂੰ ਅਧਿਆਪਕ ਬਣਾ ਦਿੱਤਾ।
ਮੇਰੇ ਜੀਵਨ ਉੱਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਰਿਹਾ। ਅਧਿਆਪਕ ਤੋਂ ਲੈ ਕੇ ਪ੍ਰਿੰਸੀਪਲ ਦੇ ਅਹੁਦੇ ਤੱਕ ਮੈਂ ਸਦਾ ਵਿਦਿਆਰਥੀ ਹਿੱਤਾਂ ਲਈ ਕਾਫ਼ੀ ਹੱਦ ਤੱਕ ਫ਼ਿਕਰਮੰਦ ਰਿਹਾ। ਜਿਸ ਘਟਨਾ ਦਾ ਜ਼ਿਕਰ ਮੈਂ ਇਸ ਲੇਖ ਵਿਚ ਕਰ ਰਿਹਾ ਹਾਂ, ਇਹ ਉਸ ਫ਼ਿਕਰਮੰਦੀ ਦਾ ਹੀ ਹਿੱਸਾ ਹੈ। ਭਾਖੜਾ ਡੈਮ ਹੋਣ ਕਰਕੇ ਸਾਡੇ ਸਕੂਲ ਵਿਚ ਹਰਿਆਣਾ, ਹਿਮਾਚਲ, ਪੰਜਾਬ ਤੇ ਹੋਰ ਪ੍ਰਾਂਤਾਂ ਦੇ ਬੱਚੇ ਵੀ ਪੜ੍ਹਦੇ ਹੁੰਦੇ ਸਨ। ਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਅਧਿਆਪਕ ਹੁੰਦਾ ਸਾਂ।
ਮੈਂ ਬੱਚਿਆਂ ਦੀ ਹਾਜ਼ਰੀ ਨੂੰ ਲੈ ਕੇ ਬਹੁਤ ਸਖ਼ਤ ਹੁੰਦਾ ਸਾਂ। ਮੇਰੀ ਜਮਾਤ ਦਾ ਇਹ ਨਿਯਮ ਹੁੰਦਾ ਸੀ ਕਿ ਮੈਂ ਬਿਨਾਂ ਅਰਜ਼ੀ ਤੋਂ ਛੁੱਟੀ ਨਹੀਂ ਦਿੰਦਾ ਸੀ ਕਿਉਂਕਿ ਬੱਚੇ ਕਾਫ਼ੀ ਝੂਠ-ਸੱਚ ਬੋਲ ਕੇ ਜਮਾਤ ’ਚੋਂ ਗ਼ੈਰ-ਹਾਜ਼ਰ ਹੋ ਜਾਂਦੇ ਸਨ। ਮੈਂ ਜ਼ਿਆਦਾ ਗ਼ੈਰ-ਹਾਜ਼ਰ ਰਹਿਣ ਵਾਲੇ ਅਤੇ ਬਿਨਾਂ ਅਰਜ਼ੀ ਤੋਂ ਛੁੱਟੀ ਕਰਨ ਵਾਲੇ ਬੱਚੇ ਦੇ ਮਾਂ-ਬਾਪ ਨੂੰ ਸਕੂਲ ਬੁਲਾ ਲੈਂਦਾ ਸੀ। ਜੇਕਰ ਕੋਈ ਬੱਚਾ ਆਪਣੇ ਮਾਂ-ਬਾਪ ਨੂੰ ਸਕੂਲ ਬੁਲਾ ਕੇ ਨਹੀਂ ਲਿਆਉਂਦਾ ਸੀ ਤਾਂ ਮੈਂ ਉਸ ਨੂੰ ਉਦੋਂ ਤੱਕ ਜਮਾਤ ਵਿਚ ਨਹੀਂ ਬੈਠਣ ਦਿੰਦਾ ਸੀ ਜਦੋਂ ਤੱਕ ਉਹ ਆਪਣੇ ਮਾਂ-ਬਾਪ ਨੂੰ ਸਕੂਲ ਬੁਲਾ ਕੇ ਨਹੀਂ ਲਿਆਉਂਦਾ ਸੀ।
ਮੇਰੀ ਜਮਾਤ ’ਚ ਸੁਭਾਸ਼ ਨਾਂ ਦਾ ਇਕ ਵਿਦਿਆਰਥੀ ਵੀ ਹੁੰਦਾ ਸੀ। ਉਸ ਦੇ ਪਾਪਾ ਬੀਬੀਐੱਮਬੀ ’ਚ ਐੱਸਡੀਓ ਵਜੋਂ ਨੌਕਰੀ ਕਰਦੇ ਸਨ। ਘਰ ਤੋਂ ਖੁੱਲ੍ਹਾ ਖਾਣ-ਪੀਣ ਨੂੰ ਮਿਲਣ ਕਾਰਨ ਮੁੰਡੇ ਦੀ ਸਿਹਤ ਅਤੇ ਕੱਦਕਾਠ ਕਾਫ਼ੀ ਚੰਗੇ ਸਨ। ਮੁੰਡਾ ਪੜ੍ਹਾਈ ’ਚ ਵੀ ਕਾਫ਼ੀ ਹੁਸ਼ਿਆਰ ਸੀ ਪਰ ਮਾੜੀ ਸੰਗਤ ’ਚ ਪੈ ਕੇ ਉਹ ਵਿਗੜਦਾ ਜਾ ਰਿਹਾ ਸੀ। ਉਹ ਜਮਾਤ ’ਚੋਂ ਜ਼ਿਆਦਾ ਹੀ ਗ਼ੈਰ-ਹਾਜ਼ਰ ਰਹਿਣ ਲੱਗ ਪਿਆ ਸੀ ਅਤੇ ਪੜ੍ਹਾਈ ’ਚ ਵੀ ਪੱਛੜਨ ਲੱਗ ਪਿਆ ਸੀ।
ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵੀ ਕਾਫ਼ੀ ਨੇੜੇ ਆਉਂਦੀ ਜਾ ਰਹੀ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਉਸ ਬੱਚੇ ਦੀ ਅਣਗਹਿਲੀ ਕਾਰਨ ਉਹ ਪ੍ਰੀਖਿਆ ਵਿੱਚੋਂ ਚੰਗੇ ਅੰਕ ਲੈਣ ਤੋਂ ਖੁੰਝ ਜਾਵੇ। ਮੈਂ ਉਸ ਨੂੰ ਕਈ ਵਾਰ ਸਖ਼ਤੀ ਨਾਲ ਸਮਝਾਇਆ ਪਰ ਉਸ ਉੱਤੇ ਕੋਈ ਅਸਰ ਨਹੀਂ ਹੋਇਆ। ਇਕ ਦਿਨ ਮੈਂ ਗੁੱਸੇ ਵਿਚ ਆ ਕੇ ਉਸ ਨੂੰ ਕਿਹਾ ਕਿ ਜਦੋਂ ਤੱਕ ਤੂੰ ਆਪਣੇ ਪਾਪਾ ਨੂੰ ਸਕੂਲ ਲੈ ਕੇ ਨਹੀਂ ਆਵੇਂਗਾ, ਉਦੋਂ ਤੱਕ ਨਾ ਤਾਂ ਤੇਰੀ ਹਾਜ਼ਰੀ ਲੱਗੇਗੀ, ਨਾ ਹੀ ਤੈਨੂੰ ਜਮਾਤ ਵਿਚ ਬੈਠਣ ਦਿੱਤਾ ਜਾਵੇਗਾ। ਉਸ ਮੁੰਡੇ ਨੇ ਮੈਨੂੰ ਕਈ ਵਾਰ ਮਾਫ਼ ਕਰਨ ਤੇ ਜਮਾਤ ’ਚ ਬਿਠਾਉਣ ਲਈ ਕਿਹਾ ਪਰ ਮੈਂ ਉਸ ਦੀ ਗੱਲ ਨਹੀਂ ਮੰਨੀ। ਇਕ ਦਿਨ ਉਹ ਬਹੁਤ ਨਿੰਮੋਝੂਣਾ ਜਿਹਾ ਹੋ ਕੇ ਮੈਨੂੰ ਕਹਿਣ ਲੱਗ, ‘‘ਸਰ! ਮੇਰੇ ਮੰਮੀ ਹਸਪਤਾਲ ’ਚ ਦਾਖ਼ਲ ਸਨ।
ਇਸ ਲਈ ਮੈਨੂੰ ਸਕੂਲ ਤੋਂ ਛੁੱਟੀਆਂ ਕਰਨੀਆਂ ਪਈਆਂ।’’ ਮੈਨੂੰ ਪਤਾ ਸੀ ਕਿ ਉਹ ਮੁੰਡਾ ਝੂਠ ਬੋਲ ਰਿਹਾ ਹੈ ਪਰ ਫਿਰ ਵੀ ਮੈਂ ਉਸ ਨੂੰ ਜਮਾਤ ਵਿਚ ਬੈਠਣ ਦੀ ਆਗਿਆ ਦੇ ਦਿੱਤੀ। ਮੈਂ ਸਕੂਲ ਦੇ ਦਰਜਾ ਚਾਰ ਕਰਮਚਾਰੀ ਨੂੰ ਉਸ ਦੇ ਘਰ ਭੇਜ ਕੇ ਉਸ ਦੇ ਪਾਪਾ ਨੂੰ ਸਕੂਲ ਬੁਲਾ ਲਿਆ। ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਆਪਣੀ ਪਤਨੀ ਦੇ ਹਸਪਤਾਲ ਵਿਚ ਦਾਖ਼ਲ ਹੋਣ ਦਾ ਆਪਣੇ ਪੁੱਤਰ ਦਾ ਝੂਠ ਸੁਣ ਕੇ ਦੁਖੀ ਵੀ ਹੋਏ ਤੇ ਹੈਰਾਨ ਵੀ। ਉਸ ਦੇ ਪਾਪਾ ਨੇ ਉਸ ਦੇ ਸਾਹਮਣੇ ਤਾਂ ਕੁਝ ਨਹੀਂ ਕਿਹਾ ਪਰ ਜਾਂਦੇ ਹੋਏ ਇਹ ਕਹਿ ਗਏ ਕਿ ਸਾਡੇ ਤਿੰਨਾਂ ਭਰਾਵਾਂ ਦੇ ਇਕ ਹੀ ਪੁੱਤਰ ਹੈ, ਇਸ ਨਾਲ ਬਹੁਤੀ ਸਖ਼ਤੀ ਨਾ ਕਰਿਓ।
ਹੁਣ ਮੈਂ ਉਸ ਮੁੰਡੇ ਨੂੰ ਕੁਝ ਕਹਿਣ ਜੋਗਾ ਵੀ ਨਹੀਂ ਰਿਹਾ ਸੀ ਪਰ ਮੁੰਡੇ ਦੇ ਪਾਪਾ ਨੇ ਆਪਣੇ ਹਿਸਾਬ ਨਾਲ ਆਪਣੇ ਪੁੱਤਰ ਨੂੰ ਸਮਝਾ ਲਿਆ। ਉਸ ਨੇ ਬੁਰੀ ਸੰਗਤ ਕਰਨੀ ਵੀ ਛੱਡ ਦਿੱਤੀ ਤੇ ਮਿਹਨਤ ਵੀ ਕਰਨ ਲੱਗ ਪਿਆ। ਉਹ ਬਾਰ੍ਹਵੀਂ ਜਮਾਤ ’ਚੋਂ ਬਹੁਤ ਚੰਗੇ ਅੰਕ ਲੈ ਕੇ ਪਾਸ ਹੋ ਗਿਆ। ਉਸ ਦੇ ਪਾਪਾ ਮੇਰੇ ਘਰ ਬਰਫੀ ਦਾ ਡੱਬਾ ਲੈ ਕੇ ਆਏ। ਉਨ੍ਹਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਸੀਂ ਮੇਰੇ ਬੱਚੇ ਨੂੰ ਵਿਗੜਨ ਤੋਂ ਬਚਾ ਲਿਆ।
ਮੈਂ ਉਨ੍ਹਾਂ ਨੂੰ ਇੰਨਾ ਹੀ ਕਹਿ ਸਕਿਆ ਕਿ ਇਕ ਅਧਿਆਪਕ ਹੋਣ ਨਾਤੇ ਇਹ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਬੱਚਿਆਂ ਨੂੰ ਗ਼ਲਤ ਰਾਹ ਉੱਤੇ ਨਾ ਪੈਣ ਦਿਆਂ। ਉਸ ਤੋਂ ਬਾਅਦ ਮੈਂ ਉਸ ਘਟਨਾ ਨੂੰ ਭੁੱਲ-ਭਲਾ ਗਿਆ। ਮੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਸੁਭਾਸ਼ ਨਾਂ ਦਾ ਕੋਈ ਬੱਚਾ ਮੇਰਾ ਵਿਦਿਆਰਥੀ ਰਿਹਾ ਹੈ। ਇਕ ਵਾਰ ਮੈਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਅੰਬਾਲੇ ਜਾਣਾ ਪੈ ਗਿਆ। ਮੇਰੇ ਨਾਲ ਮੇਰੀ ਪਤਨੀ ਅਤੇ ਦੋਵੇਂ ਪੁੱਤਰ ਵੀ ਸਨ।
ਸਾਡੀ ਗੱਡੀ ਸਾਡੇ ਸ਼ਹਿਰ ਦਾ ਇਕ ਮੁੰਡਾ ਚਲਾ ਰਿਹਾ ਸੀ। ਉਹ ਨਗਰ ਕੌਂਸਲ ਵਿਚ ਫਾਇਰ ਬ੍ਰਿਗੇਡ ਵਿਭਾਗ ਵਿਚ ਨੌਕਰੀ ਕਰਦਾ ਸੀ ਅਤੇ ਛੁੱਟੀ ਵਾਲੇ ਦਿਨ ਕਿਸੇ ਨਾ ਕਿਸੇ ਦੀ ਗੱਡੀ ਚਲਾ ਕੇ ਪੈਸੇ ਕਮਾ ਲੈਂਦਾ ਸੀ। ਅੰਬਾਲੇ ਤੋਂ 20 ਕੁ ਕਿੱਲੋਮੀਟਰ ਪਿੱਛੇ ਹਰਿਆਣੇ ਦੀ ਟਰੈਫਿਕ ਪੁਲਿਸ ਨੇ ਸਾਡੀ ਗੱਡੀ ਇਹ ਕਹਿ ਕੇ ਘੇਰ ਲਈ ਕਿ ਡਰਾਈਵਰ ਨੇ ਸਪੀਡ ਲਿਮਿਟ ਤੋੜੀ ਹੈ। ਸਾਡੇ ਡਰਾਈਵਰ ਨੇ ਫਾਇਰ ਬ੍ਰਿਗੇਡ ਵਾਲੀ ਖਾਕੀ ਵਰਦੀ ਪਾਈ ਹੋਈ ਸੀ ਤੇ ਬੈਲਟ ਲਗਾਈ ਹੋਈ ਸੀ। ਡਰਾਈਵਰ ਨੇ ਪੁਲਿਸ ਨੂੰ ਝੂਠ ਬੋਲ ਦਿੱਤਾ ਕਿ ਉਹ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ।
ਪੁੱਛਗਿੱਛ ਕਰਨ ਤੇ ਉਸ ਦਾ ਝੂਠ ਫੜਿਆ ਗਿਆ। ਝੂਠ ਬੋਲਣ ਦੇ ਜੁਰਮ ਵਿਚ ਪੁਲਿਸ ਸਾਡੀ ਗੱਡੀ ਨੂੰ ਥਾਣੇ ਲਿਜਾਉਣ ਦੀ ਗੱਲ ਕਹਿਣ ਲੱਗ ਪਈ। ਰੌਲਾ ਸੁਣ ਕੇ ਪਤਨੀ ਮੈਨੂੰ ਕਹਿਣ ਲੱਗੀ, ਤੁਸੀਂ ਜਾ ਕੇ ਦੇਖੋ। ਮੈਂ ਅਜੇ ਪੁਲਿਸ ਨਾਕੇ ਕੋਲ ਪਹੁੰਚਿਆ ਹੀ ਸੀ ਕਿ ਇਕ ਸਿਹਤਮੰਦ ਉੱਚੇ-ਲੰਬੇ ਕੱਦ ਵਾਲੇ ਮੁੰਡੇ ਨੇ ਆ ਕੇ ਮੇਰੇ ਪੈਰੀਂ ਹੱਥ ਲਾ ਕੇ ਪੁੱਛਿਆ, ‘‘ਸਰ, ਤੁਸੀਂ ਇੱਧਰ ਕਿੱਧਰ ਘੁੰਮ ਰਹੇ ਹੋ?’’ ਮੈਂ ਉਸ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਦੀ ਗੱਲ ਕਹਿ ਕੇ ਕਿਹਾ ਕਿ ਮੈਂ ਤੈਨੂੰ ਪਛਾਣਿਆ ਨਹੀਂ। ਉਸ ਮੁੰਡੇ ਨੇ ਬਹੁਤ ਹੀ ਹਲੀਮੀ ਨਾਲ ਕਿਹਾ, ‘‘ਸਰ, ਮੇਰਾ ਨਾਂ ਸੁਭਾਸ਼ ਹੈ।
ਮੈਂ ਹਰਿਆਣਾ ਪੁਲਿਸ ’ਚ ਇੰਸਪੈਕਟਰ ਹਾਂ। ਥੋੜ੍ਹੇ ਦਿਨਾਂ ਵਿਚ ਡੀਐੱਸਪੀ ਬਣਨ ਵਾਲਾ ਹਾਂ। ਮੇਰੇ ਮੋਢੇ ਉੱਤੇ ਲੱਗੇ ਸਟਾਰ ਤੁਹਾਡੀ ਹੀ ਬਦੌਲਤ ਹਨ। ਜੇਕਰ ਤੁਸੀਂ ਮੇਰੇ ਨਾਲ ਸਖ਼ਤੀ ਨਾ ਕੀਤੀ ਹੁੰਦੀ ਤਾਂ ਮੈਂ ਇੱਥੇ ਤੱਕ ਨਹੀਂ ਪਹੁੰਚਣਾ ਸੀ। ਮੈਂ ਉਸ ਨੂੰ ਪਛਾਣ ਕੇ ਕਿਹਾ, ‘‘ਵਾਹ ਪੁੱਤਰਾ! ਤੂੰ ਤਾਂ ਬਹੁਤ ਤਰੱਕੀ ਕੀਤੀ ਹੈ।’’ ਉਹ ਅੱਗੋਂ ਬੋਲਿਆ, ‘‘ਸਰ, ਮੇਰੇ ਪਾਪਾ ਤੁਹਾਨੂੰ ਬਹੁਤ ਯਾਦ ਕਰਦੇ ਹੁੰਦੇ ਸਨ।’’ ਮੈਂ ਉਸ ਨੂੰ ਸਵਾਲ ਕੀਤਾ, ‘‘ਬੇਟਾ, ਤੂੰ ਆਪਣੇ ਪਾਪਾ ਨੂੰ ‘ਸਨ’ ਕਿਉਂ ਕਹਿ ਰਿਹਾ ਏਂ?’’ ਉਹ ਅੱਖਾਂ ਭਰ ਕੇ ਬੋਲਿਆ, ‘‘ਪਾਪਾ ਨੂੰ ਕੈਂਸਰ ਹੋ ਗਿਆ ਸੀ। ਹੁਣ ਉਹ ਇਸ ਦੁਨੀਆ ਵਿਚ ਨਹੀਂ ਹਨ।’’ ਮੈਂ ਉਸ ਨੂੰ ਉਸ ਦੀ ਮੰਮੀ ਦਾ ਹਾਲ ਪੁੱਛਿਆ। ਉਹ ਬੋਲਿਆ, ‘‘ਰੱਬ ਦੀ ਕਿਰਪਾ ਨਾਲ ਮੰਮੀ ਠੀਕ ਹਨ।’’ ਮੈਂ ਉਸ ਨੂੰ ਮਾਂ ਦਾ ਧਿਆਨ ਰੱਖਣ ਲਈ ਕਿਹਾ। ਉਸ ਦੇ ਮੋਢੇ ਉੱਤੇ ਲੱਗੇ ਸਟਾਰ ਮੈਨੂੰ ਇੰਜ ਲੱਗ ਰਹੇ ਸਨ ਕਿ ਜਿਵੇਂ ਉਹ ਸਟਾਰ ਮੇਰੇ ਮੋਢੇ ਉੱਤੇ ਲੱਗੇ ਹੋਏ ਹੋਣ। ਸਾਡੀ ਗੱਡੀ ਦਾ ਚਲਾਨ ਤਾਂ ਕੀ ਹੋਣਾ ਸੀ, ਉਸ ਨੇ ਚਾਹ-ਪਾਣੀ ਪਿਲਾ ਕੇ ਸਾਨੂੰ ਤੋਰਿਆ।
-ਪ੍ਰਿੰਸੀਪਲ ਵਿਜੈ ਕੁਮਾਰ
-ਮੋਬਾਈਲ : 98726-27136