- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਤਿੰਨ ਵਜੇ ਘਰੋਂ ਚੱਲ ਕੇ ਤੇ ਐਨਾਂ ਹਵਾਈ ਸਫ਼ਰ ਤੈਅ ਕਰ ਕੇ, ਸਾਡਾ ਸਰੀਰ ਥੱਕ ਚੁੱਕਾ ਸੀ। ਭਾਵੇਂ ਆਸੇ-ਪਾਸੇ ਦੀ ਹਰਿਆਲੀ, ਪੰਜਾਬੀ ਗਾਣੇ ਤੇ ਡਰਾਈਵਰ ਦੀਆਂ ਸਵਾਦਲੀਆਂ ਗੱਲਾਂ ਨਾਲ਼ ਮਨ ਬਾਗ਼ੋਂ-ਬਾਗ ਹੋ ਰਿਹਾ ਸੀ ਪਰ ਆਦਤ ਅਨੁਸਾਰ ਸਰੀਰ ਨੂੰ ਚਾਹ ਦੀ ਤਲਬ ਲੱਗੀ ਹੋਈ ਸੀ। ਸਾਡੀ ਇੱਛਾ ਅਨੁਸਾਰ ਬਾਗਡੋਗਰਾ ਤੋਂ ਤੀਹ-ਪੈਂਤੀ ਕਿਲੋਮੀਟਰ ਅੱਗੇ ਜਾ ਕੇ ਇਕ ਦੇਸੀ ਜਿਹੇ ਢਾਬੇ ਉੱਤੇ ਉਸ ਨੇ ਗੱਡੀ ਰੋਕ ਲਈ।

ਪ੍ਰਦੀਪ ਦੌਧਰੀਆ
ਕੁਝ ਦਿਨ ਪਹਿਲਾਂ ਪਰਿਵਾਰ ਸਮੇਤ ਮੇਰਾ ਭੂਟਾਨ ਜਾਣ ਦਾ ਪ੍ਰੋਗਰਾਮ ਸੀ। ਪੱਛਮੀ ਬੰਗਾਲ ਦੀ ਇਕ ਟੂਰ ਐਂਡ ਟਰੈਵਲ ਏਜੰਸੀ ਦੇ ਰਾਹੀਂ ਇਸ ਦੀ ਬੁਕਿੰਗ ਕਰਵਾਈ ਸੀ, ਜਿਸ ’ਚ ਹਵਾਈ ਯਾਤਰਾ ਸਮੇਤ ਸਾਰਾ ਪ੍ਰਬੰਧ ਸ਼ਾਮਲ ਸੀ। ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਚੱਲ ਕੇ ਵਾਇਆ ਦਿੱਲੀ ਹੁੰਦੇ ਹੋਏ ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ ’ਤੇ ਪਹੁੰਚ ਗਏ। ਇਥੋਂ ਇਕ ਸੌ ਸੱਠ ਕਿਲੋਮੀਟਰ ਦਾ ਸੜਕੀ ਸਫ਼ਰ ਤੈਅ ਕਰਕੇ ਭੂਟਾਨ ਦੇ ਬਿਲਕੁਲ ਨਾਲ ਲੱਗਦੇ ਪੱਛਮੀ ਬੰਗਾਲ ਦੇ ਆਖ਼ਰੀ ਸ਼ਹਿਰ ਜੈਗਾਉਂ ਪਹੁੰਚਣਾ ਸੀ। ਇਹਦੇ ਲਈ ਏਜੰਸੀ ਦੀ ਟੈਕਸੀ ’ਤੇ ਸਵਾਰ ਹੋ ਕੇ ਚਾਰ, ਸਾਢੇ ਚਾਰ ਘੰਟਿਆਂ ਦਾ ਸਫ਼ਰ ਸ਼ੁਰੂ ਕਰ ਦਿੱਤਾ। ਟੈਕਸੀ ਡਰਾਈਵਰ ਨੇ ਟੁੱਟੀ-ਫੁੱਟੀ ਹਿੰਦੀ ਨਾਲ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ਼ ਸ਼ੁਰੂਆਤ ਕੀਤੀ। ਸਾਡੇ ਬਾਰੇ ਪਹਿਲਾਂ ਹੀ ਜਾਣੂ ਹੋਣ ਕਰ ਕੇ ਉਸ ਨੇ ਸਟੀਰੀਓ ’ਤੇ ਪੰਜਾਬੀ ਗੀਤ ਲਗਾ ਦਿੱਤੇ। ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਇਹ ਸਭ ਸਮਝ ਆਉਂਦੈ ਤਾਂ ਉਸ ਦਾ ਜਵਾਬ ਸੁਣ ਕੇ ਮੈਨੂੰ ਆਪਣੇ ਆਪ ਦੇ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਹੋਇਆ। ਉਸ ਨੇ ਕਿਹਾ ਕਿ ਇੱਥੋਂ ਦਾ ਕੋਈ ਹੀ ਟੈਕਸੀ ਡਰਾਈਵਰ ਹੋਵੇਗਾ, ਜਿਸ ਨੂੰ ਪੰਜਾਬੀ ਗਾਣਿਆਂ ਦੀ ਸਮਝ ਨਾ ਹੋਵੇ ਤੇ ਜਿਸ ਦੀ ਗੱਡੀ ’ਚ ਪੰਜਾਬੀ ਗਾਣੇ ਨਾ ਵੱਜਦੇ ਹੋਣ।
ਸਵੇਰੇ ਤਿੰਨ ਵਜੇ ਘਰੋਂ ਚੱਲ ਕੇ ਤੇ ਐਨਾਂ ਹਵਾਈ ਸਫ਼ਰ ਤੈਅ ਕਰ ਕੇ, ਸਾਡਾ ਸਰੀਰ ਥੱਕ ਚੁੱਕਾ ਸੀ। ਭਾਵੇਂ ਆਸੇ-ਪਾਸੇ ਦੀ ਹਰਿਆਲੀ, ਪੰਜਾਬੀ ਗਾਣੇ ਤੇ ਡਰਾਈਵਰ ਦੀਆਂ ਸਵਾਦਲੀਆਂ ਗੱਲਾਂ ਨਾਲ਼ ਮਨ ਬਾਗ਼ੋਂ-ਬਾਗ ਹੋ ਰਿਹਾ ਸੀ ਪਰ ਆਦਤ ਅਨੁਸਾਰ ਸਰੀਰ ਨੂੰ ਚਾਹ ਦੀ ਤਲਬ ਲੱਗੀ ਹੋਈ ਸੀ। ਸਾਡੀ ਇੱਛਾ ਅਨੁਸਾਰ ਬਾਗਡੋਗਰਾ ਤੋਂ ਤੀਹ-ਪੈਂਤੀ ਕਿਲੋਮੀਟਰ ਅੱਗੇ ਜਾ ਕੇ ਇਕ ਦੇਸੀ ਜਿਹੇ ਢਾਬੇ ਉੱਤੇ ਉਸ ਨੇ ਗੱਡੀ ਰੋਕ ਲਈ। ਸਧਾਰਨ ਜਿਹੇ ਢਾਬੇ ’ਤੇ ਲਿਬੜੇ ਜਿਹੇ ਕਰਮਚਾਰੀ ਵੇਖ ਕੇ ਲੱਗਦਾ ਨਹੀਂ ਸੀ ਕਿ ਇੱਥੇ ਸਾਡੇ ਪਸੰਦ ਦੀ ਚਾਹ ਮਿਲ ਜਾਵੇਗੀ ਪਰ ਸਾਡੀ ਉਮੀਦ ਤੋਂ ਉਲਟ ਉੱਥੋਂ ਦੀ ਸਵਾਦਲੀ ਚਾਹ ਨੇ ਸਾਰੀ ਥਕਾਵਟ ਲਾਹ ਦਿੱਤੀ। ਆਦਤ ਅਨੁਸਾਰ ਢਾਬੇ ਵਾਲੇ ਦੀ ਤਾਰੀਫ਼ ਦੇ ਨਾਲ ਨਾਲ ਧੰਨਵਾਦ ਕਰਦੇ ਹੋਏ ਓਥੇ ਮੋਬਾਇਲ ਦੇ ਕੈਮਰੇ ਨਾਲ ਦੋ ਤਿੰਨ ਫੋਟੋਆਂ ਲਈਆਂ। ਮੇਰੇ ਹੱਥ ’ਚ ਦੋ ਮੋਬਾਇਲ ਸਨ, ਇਕ ਕਾਲ ਕਰਨ ਤੇ ਸੁਣਨ ਲਈ ਤੇ ਦੂਜਾ ਸਿਮ ਤੋਂ ਵਗੈਰ ਸਿਰਫ਼ ਫੋਟੋਗ੍ਰਾਫੀ ਲਈ।
ਚਾਹ ਪੀ ਕੇ ਅਗਲੇ ਸਫ਼ਰ ਲਈ ਚੱਲ ਪਏ। ਹਾਲੇ ਤੀਹ ਪੈਂਤੀ ਕਿਲੋਮੀਟਰ ਹੀ ਅੱਗੇ ਗਏ ਸਾਂ ਕਿ ਮੇਰਾ ਧਿਆਨ ਫੋਟੋਗ੍ਰਾਫੀ ਵਾਲੇ ਮੋਬਾਇਲ ’ਤੇ ਗਿਆ। ਉਹ ਮੇਰੇ ਹੱਥ ’ਚ ਨਹੀਂ ਸੀ। ਚੱਲਦੀ ਗੱਡੀ ’ਚ ਆਸੇ-ਪਾਸੇ ਫਰੋਲਾ-ਫਰਾਲੀ ਕੀਤੀ ਪਰ ਮੋਬਾਇਲ ਨਾ ਮਿਲਿਆ। ਮੈਨੂੰ ਸ਼ੱਕ ਪੈ ਗਿਆ ਕਿ ਮੋਬਾਇਲ ਉਸ ਢਾਬੇ ’ਤੇ ਹੀ ਰਹਿ ਗਿਆ ਏ। ਮੋਬਾਇਲ ’ਚ ਸਿਮ ਨਾ ਹੋਣ ਕਰ ਕੇ ਕਾਲ ਵੀ ਨਹੀਂ ਕਰ ਸਕਦੇ ਸਾਂ, ਸੋ ਡਰਾਈਵਰ ਨੂੰ ਗੱਡੀ ਵਾਪਸ ਮੋੜਨ ਲਈ ਲਈ ਕਿਹਾ ਪਰ ਹੁਣ ਤੱਕ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲਾ ਵਿਅਕਤੀ ਮੇਰੀ ਮਦਦ ਕਰਨ ਦੀ ਥਾਂ ਕੌੜੀ ਜਹੀ ਭਾਸ਼ਾ ’ਚ ਗੱਡੀ ਮੋੜਨ ਤੋਂ ਇਨਕਾਰ ਕਰਦਿਆਂ ਕਹਿੰਦਾ ਕਿ ਇਹ ਗੱਡੀ ਨਹੀਂ ਜਾਵੇਗੀ, ਤੁਸੀਂ ਇੱਥੋਂ ਹੋਰ ਟੈਕਸੀ ਲੈ ਕੇ ਪਿੱਛੇ ਚਲੇ ਜਾਓ ਮੈਂ ਤੁਹਾਡੀ ਇੱਥੇ ਉਡੀਕ ਕਰਾਂਗਾ। ਮੈਨੂੰ ਗੁੱਸਾ ਬਹੁਤ ਆਇਆ, ਖ਼ੈਰ ਵਕ਼ਤ ਦੀ ਨਜ਼ਾਕਤ ਸਮਝਦਿਆਂ ਉਸ ਦਾ ਹੀ ਤਰਲਾ ਕਰਨ ਲੱਗਿਆ। ਮੇਰੇ ਵਾਰ-ਵਾਰ ਬੇਨਤੀ ਕਰਨ ’ਤੇ ਉਸ ਨੇ ਆਪਣੇ ਮੋਬਾਇਲ ਤੋਂ ਕਿਸੇ ਨੂੰ ਫੋਨ ਮਿਲਾਇਆ ਤੇ ਬੰਗਾਲੀ ’ਚ ਗੱਲ ਕਰ ਕੇ ਮੈਨੂੰ ਕਹਿਦਾ ਕਿ ਇਸ ਦਾ ਵਾਧੂ ਖ਼ਰਚਾ ਲੱਗੇਗਾ। ਮੈਂ ਇੰਨਾ ਦੁਖੀ ਹੋ ਚੁੱਕਾ ਸੀ ਕਿ ਉਹਨੂੰ ਕਿਹਾ ਚੱਲ ਯਾਰ ਜੋ ਖ਼ਰਚਾ ਲੈਣਾ ਲੈ ਲਵੀਂ। ਹੁਣ ਮਨ ’ਚ ਇਹ ਧੜਕੂ ਕਿ ਢਾਬੇ ’ਤੇ ਮੋਬਾਇਲ ਹੋਵੇਗਾ ਵੀ ਕਿ ਨਹੀਂ? ਕਿਉਂਕਿ ਓਥੇ ਹੋਰ ਵੀ ਬਹੁਤ ਗਾਹਕ ਬੈਠੇ ਸਨ, ਖ਼ੌਰੇ ਕਿਸੇ ਨੇ ਚੁੱਕ ਨਾ ਲਿਆ ਹੋਵੇ? ਤੇਜ਼ ਚੱਲਦੀ ਹੋਈ ਗੱਡੀ ਵੀ ਹੌਲੀ ਲੱਗ ਰਹੀ ਸੀ। ਖ਼ੈਰ ਪੰਦਰਾਂ ਵੀਹਾਂ ਮਿੰਟਾਂ ’ਚ ਢਾਬੇ ’ਤੇ ਪਹੁੰਚ ਗਏ। ਮੈਂ ਗੱਡੀ ’ਚੋਂ ਭੱਜ ਕੇ ਨਿਕਲਿਆ। ਉਸ ਵੇਲੇ ਢਾਬੇ ’ਚ ਕੋਈ ਗਾਹਕ ਨਹੀਂ ਸੀ। ਢਾਬੇ ਵਾਲਾ ਮੈਨੂੰ ਵੇਖਦੇ ਹੀ ਬਾਹਰ ਨੂੰ ਆ ਗਿਆ ਤੇ ਹੱਸ ਕੇ ਪੁੱਛਣ ਲੱਗਿਆ ਕਿ ਮੋਬਾਇਲ ਭੁੱਲ ਗਏ ਸੀ? ਮੇਰੇ ਮਨ ਤੇ ਚਿਹਰੇ ਦੀ ਖੁਸ਼ੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੇ ਆਪਣੇ ਕਾਉਂਟਰ ਮੇਜ਼ ਦੇ ਦਰਾਜ਼ ’ਚ ਸੰਭਾਲ ਕੇ ਰੱਖਿਆ ਮੋਬਾਇਲ ਮੇਰੇ ਹਵਾਲੇ ਕਰ ਦਿੱਤਾ ਤੇ ਨਾਲ ਹੀ ਕਹਿਣ ਲੱਗਿਆ ਕਿ ਅਸੀਂ ਸੀਸੀਟੀਵੀ ਕੈਮਰੇ ਇਸੇ ਕਰ ਕੇ ਲਗਵਾ ਕੇ ਰੱਖੇ ਹੋਏ ਨੇ ਕਿ ਹਰ ਇਕ ਹਰਕਤ ਨੋਟ ਹੁੰਦੀ ਰਹੇ। ਉਸ ਦਾ ਧੰਨਵਾਦ ਕਰਦਿਆਂ ਮੈਂ ਉਸ ਨੂੰ ਘੁੱਟ ਕੇ ਜੱਫੀ ’ਚ ਲੈ ਲਿਆ ਤੇ ਆਪਣੇ ਪਰਸ ’ਚੋਂ ਪੰਜ ਸੌ ਰੁਪਏ ਕੱਢ ਕੇ ਉਸ ਨੂੰ ਇਨਾਮ ਵਜੋਂ ਦੇਣ ਲੱਗਾ ਪਰ ਉਸ ਨੇ ਇਹ ਕਹਿੰਦਿਆਂ ਵਾਪਸ ਕਰ ਦਿੱਤੇ ਕਿ ਨਹੀਂ ਬਾਬੂ ਜੀ, ਤੁਸੀਂ ਸਾਡੇ ਮਹਿਮਾਨ ਹੋ ਤੇ ਮਹਿਮਾਨ ਦੀ ਜਾਨਮਾਲ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਮਾਤੜ ਜਿਹੇ ਇਸ ਬੰਦੇ ਦੀ ਗੱਲ ਸਿੱਧਾ ਦਿਲ ’ਤੇ ਜਾ ਕੇ ਲੱਗੀ। ਫਿਰ ਤੋਂ ਉਸ ਨੂੰ ਜੱਫੀ ’ਚ ਲੈਂਦਿਆਂ ਤੇ ਧੰਨਵਾਦ ਕਰਦਿਆਂ, ਬਾਕੀ ਰਹਿੰਦਾ ਸਫ਼ਰ ਪੂਰਾ ਕਰਨ ਲਈ ਗੱਡੀ ’ਚ ਬਹਿ ਗਏ। ਹੁਣ ਤਿੰਨ ਕੁ ਘੰਟਿਆਂ ਦਾ ਜੈਗਾਉਂ ਤੱਕ ਦਾ ਸਫ਼ਰ ਚੁੱਪ-ਚਪੀਤੇ ਪੂਰਾ ਕੀਤਾ, ਇਸ ਦੌਰਾਨ ਨਾ ਡਰਾਈਵਰ ਨਾਲ ਮੈਂ ਗੱਲ ਕੀਤੀ ਤੇ ਨਾ ਹੀ ਉਸ ਨੇ, ਇਥੋਂ ਤੱਕ ਕਿ ਕੋਈ ਗਾਣਾ ਵੀ ਨਹੀਂ ਵਜਾਇਆ। ਮੁੰਹ ’ਨੇਰੇ ਜਿਹੇ ਜੈਗਾਉਂ ਪਹੁੰਚ ਗਏ। ਟੈਕਸੀ ਦਾ ਭਾੜਾ ਪਹਿਲਾਂ ਹੀ ਅਦਾ ਸੀ। ਗੱਡੀ ’ਚੋਂ ਉਤਰਣ ਲੱਗੇ ਮੈਂ ਡਰਾਈਵਰ ਨੂੰ ਉਸ ਦੇ ਵਾਧੂ ਡਰਾਇਵਿੰਗ ਖ਼ਰਚੇ ਬਾਰੇ ਪੁੱਛਿਆ ਕਿ ਕੀ ਸੇਵਾ ਕਰਾਂ? ਮੈਂ ਹਾਲੇ ਸੋਚ ਹੀ ਰਿਹਾ ਸਾਂ ਕਿ ਇਹ ਵੀ ਢਾਬੇ ਵਾਲੇ ਵਾਂਗੂੰ ਹੀ ਕਹੇਗਾ ਕਿ ਤੁਸੀਂ ਸਾਡੇ ਮਹਿਮਾਨ ਹੋ ਤੇ ਮਹਿਮਾਨ ਦੀ ਹਿਫ਼ਾਜ਼ਤ ਕਰਨਾ ਸਾਡਾ ਫਰਜ਼ ਹੈ ਪਰ ਉਸ ਨੇ ਇੱਕੋ ਦਮ ਬੇਸ਼ਰਮਾਂ ਵਾਂਗ ਕਿਹਾ, ‘ਦੋ ਹਜ਼ਾਰ।’ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਕਿਹਾ ਕਿ ਐਨੇ ਪੈਸੇ ਕਾਹਦੇ? ਪਰ ਉਹ ਆਪਣੀ ਨਾ ਮਾਨੂੰ ਜ਼ਿੱਦ ’ਤੇ ਅੜਿਆ ਰਿਹਾ। ਇੰਨੇ ਨੂੰ ਸਾਨੂੰ ਰਸੀਵ ਕਰਨ ਲਈ ਇਕ ਜਵਾਨ ਮੁੰਡਾ ਅੱਗੇ ਆਇਆ ਤੇ ਬੜੇ ਪਿਆਰ ਨਾਲ ਪੁੱਛਣ ਲੱਗਿਆ ਕਿ ਸਫ਼ਰ ਕੈਸਾ ਰਿਹਾ, ਉਸ ਨੂੰ ਹਮਦਰਦ ਸਮਝ ਕੇ ਮੈਂ ਡਰਾਈਵਰ ਵਾਲ਼ੀ ਸਾਰੀ ਗੱਲ ਦੱਸੀ ਪਰ ਉਸ ਨੇ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਕਿ ਹਾਂ ਜੀ ਐਨੇ ਤਾਂ ਬਣਦੇ ਨੇ। ਇੱਥੋਂ ਸਾਨੂੰ ਨਾਲ ਹੀ ਟਰੈਵਲ ਏਜੰਸੀ ਦੇ ਦਫ਼ਤਰ ਲੈ ਗਏ। ਟੂਰ ਦੀ ਰਹਿੰਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ, ਏਜੰਸੀ ਦੇ ਮਾਲਕ ਕੋਲ ਡਰਾਈਵਰ ਵਾਲ਼ੀ ਸਾਰੀ ਗੱਲ ਦੁਹਰਾਈ ਤਾਂ ਉਸ ਦੀ ਬੋਲੀ ਸੁਣ ਕੇ ਤਾਂ ਦਿਲ ਕਰੇ ਇਸ ਦਾ ਸਿਰ ਪਾੜ ਦਿਆਂ। ਕਹਿੰਦਾ ਫਿਰ ਮੈਂ ਕੀ ਕਰਾਂ, ਗ਼ਲਤੀ ਥੋਡੀ ਆ, ਭੁਗਤੋ। ਮੈਂ ਕਿਹਾ ਭੁਗਤਣ ਨੂੰ ਤਾਂ ਤਿਆਰ ਆਂ ਪਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਏ, ਇਹੋ ਜਿਹੀ ਘਟਨਾ ਅਗਰ ਪੰਜਾਬ ’ਚ ਹੁੰਦੀ ਤਾਂ ਪੰਜਾਬੀ ਡਰਾਈਵਰ ਨੇ ਇਸ ਤਰ੍ਹਾਂ ਨਹੀਂ ਸੀ ਕਰਨਾ ਬਲਕਿ ਹੱਸ ਕੇ ਹਮਦਰਦੀ ਵਿਖਾਉਣੀ ਸੀ। ਅੱਗਿਓਂ ਫਿਰ ਮਾਲਕ ਬੋਲਿਆ ਕਿ ਇੱਥੇ ਕੋਈ ਇਨਸਾਨੀਅਤ ਨਹੀਂ ਜੀ, ਡਰਾਈਵਰ ਦਾ ਬਣਦਾ ਖ਼ਰਚਾ ਅਦਾ ਕਰੋ, ਬਾਕੀ ਸਾਡੀ ਹੋਰ ਕੋਈ ਜ਼ਿਮੇਵਾਰੀ ਨਹੀਂ। ਮੈਂ ਸਮਝ ਗਿਆ ਸਾਂ ਕਿ ਇਹ ਸਾਰੇ ਇਕ ਹੀ ਨੇ। ਗੱਲ ਦੋ ਹਜ਼ਾਰ ਰੁਪਏ ਦੀ ਨਹੀਂ ਸੀ ਸਿਰਫ਼ ਏਨਾਂ ਲੋਕਾਂ ਦੇ ਕਿਰਦਾਰ ਦੀ ਸੀ। ਮੈਂ ਚੁੱਪ-ਚਾਪ ਦੋ ਹਜ਼ਾਰ ਡਰਾਈਵਰ ਦੇ ਹੱਥ ਫ਼ੜਾ ਦਿੱਤੇ। ਹਾਲਾਂਕਿ ਮੋਬਾਇਲ ਗੁੰਮ ਹੋ ਜਾਣ ਤੋਂ ਪਹਿਲਾਂ ਮੈਂ ਰਾਹ ’ਚ ਸੋਚਦਾ ਆ ਰਿਹਾ ਸੀ ਕਿ ਡਰਾਈਵਰ ਵਧੀਆ ਏ, ਟਿਕਾਣੇ ’ਤੇ ਪਹੁੰਚ ਕੇ ਇਸ ਨੂੰ ਖੁਸ਼ੀ ਨਾਮੇ ਪੰਜ ਸੌ ਰੁਪਏ ਦੇ ਦੇਵਾਂਗਾ ਪਰ ਹੁਣ ਦਿਲ ਕਰਦਾ ਸੀ ਇਸ ਦੇ ਜੁੱਤੀ ਫੇਰਾਂ। -ਸੰਪਰਕ : 9780027943