- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੀ ਜੈੱਨ-ਜ਼ੀ ਇੱਕ ਆਜ਼ਾਦ, ਖੁਦਮੁਖਤਾਰ, ਨਿਸ਼ਚਿਤ ਵਿੱਤੀ ਆਮਦਨ ਵਾਲਾ ਜੀਵਨ ਚਾਹੁੰਦੀ ਹੈ, ਜਿਸ ’ਚ ਉਹ ਆਪਣੇ ਨਿੱਤ-ਪ੍ਰਤੀ ਜੀਵਨ ਦੀਆਂ ਲੋੜਾਂ ਦੀ ਪੂਰਤੀ ਭਰਿਆ ਸੰਤੁਸ਼ਟ ਜੀਵਨ ਬਿਤਾ ਸਕੇ ਪਰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਸਿਹਤ, ਸਿੱਖਿਆ, ਆਵਾਜਾਈ, ਸਨਅਤ, ਲਘੂ ਉਦਯੋਗ ਕਾਰੋਬਾਰ ਲਗਭਗ ਠੱਪ ਹੋ ਚੁੱਕੇ ਹਨ। ਸਰਮਾਏਦਾਰੀ ਅਤੇ ਲੋਕਤੰਤਰ ਦੇ ਨਕਾਬ ਹੇਠ ਤਾਨਾਸ਼ਾਹੀ ਦੇ ਇਸ ਜੁਗ ’ਚ ਜਨਤਕ ਭਾਵਨਾਵਾਂ ਨੂੰ ਬਰਬਰਤਾ ਪੂਰਵਕ ਕੁਚਲੇ ਜਾਣ ਦਾ ਅਮਾਨਵੀ ਢੰਗ ਤਰੀਕਾ ਜਾਰੀ ਹੈ।

ਦਰਬਾਰਾ ਸਿੰਘ ਕਾਹਲੋਂ
ਚਿੱਟੇ ਦਿਨ ਵਾਂਗ ਸਾਫ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਇਸ ਵਿਸ਼ਵ ਦੇ ਅਜੋਕੇ ਸ਼ਾਸਕਾਂ ਦੇ ਮਨਮਰਜ਼ੀ ਵਾਲੇ ਢੰਗ ਨਾਲ ਜਾਂ ਰਾਜਕੀ ਸ਼ਕਤੀ ਦੇ ਸਹਾਰੇ ਲੋਕਤੰਤਰ ਦੇ ਨਕਾਬ ਹੇਠ ਸ਼ਾਸਨ ਕਰਨ ਦੇ ਦਿਨ ਲੱਦ ਚੁੱਕੇ ਹਨ। ਲੋਕਾਂ ਨੂੰ ਨਸਲੀ, ਜਾਤੀ, ਇਲਾਕਾ, ਭਾਸ਼ਾਈ, ਧਾਰਮਿਕ ਫਿਰਕਾਪ੍ਰਸਤੀ, ਵਰਗ, ਰਿਓੜੀ ਵੰਡ ਰਾਹੀਂ ਅਸਲ ਜਨਤਕ ਮੁੱਦਿਆਂ ਤੋਂ ਭਟਕਾ ਕੇ, ਵਿਚਾਰਧਾਰਕ, ਆਰਥਿਕ ਜਾਂ ਆਧੁਨਿਕ ਤਕਨੀਕ ਆਧਾਰਤ ਚੁਣੌਤੀ ਬਣੇ ਰਾਜਾਂ ਨਾਲ ਟਕਰਾਅ ਜਾਂ ਗੁਆਂਢੀ ਰਾਜਾਂ ਨਾਲ ਦੁਸ਼ਮਣੀ ਭਰਿਆ ਵਾਤਾਵਰਨ ਤਿਆਰ ਕਰਕੇ ਜਾਂ ਸਰਕਾਰੀ ਸਿਵਲ, ਪੁਲਿਸ ਅਤੇ ਫੌ਼ਜੀ ਮਸ਼ੀਨਰੀ ਸਹਾਰੇ ਸ਼ਾਸਨ ਕਰਨ ਦੇ ਦਿਨ ਖਤਮ ਹੋ ਚੁੱਕੇ ਹਨ।
ਨਵੀਂ ਜੈੱਨ-ਜ਼ੀ ਪੀੜ੍ਹੀ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਜਿੰਨੇ ਛੇਤੀ ਅਜੋਕੇ ਜਨਤਕ ਲੀਡਰ ਅਤੇ ਸਾਸਕ ਸਮਝ ਜਾਣ ਚੰਗਾ ਹੈ ਨਹੀਂ ਤਾਂ ਫੈਜ਼ ਅਹਿਮਦ ਫੈਜ਼ ਦੀ ਇਨਕਲਾਬੀ ਕਵਿਤਾ ਦੇ ਇਹ ਸ਼ਬਦ ਯਾਦ ਰੱਖਣ : ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ, ਜਬ ਅਰਜ ਏ ਖ਼ੁਦਾ ਕਿ ਕਾਬੇ ਸੇ, ਸਭ ਬੁੱਤ ਉਠਵਾਏ ਜਾਏਂਗੇ, ਹਮ ਅਹਲ ਏ ਸਫਾ ਮਰਦੂਦ ਏ ਹਰਮ, ਮਸਨਦ ਪੇ ਬਿਠਾਏ ਜਾਏਂਗੇ, ਸਭ ਤਾਜ ਉਛਾਲੇ ਜਾਏਂਗੇ, ਸਭ ਤਖ਼ਤ ਗਿਰਾਏ ਜਾਏਂਗੇ।
ਅਜੋਕੇ ਯੁੱਗ ’ਚ ਜੈੱਨ-ਜ਼ੀ ਉਹ ਪੀੜ੍ਹੀ ਹੈ, ਜੋ ਸਨ 1997 ਅਤੇ 2012 ਦੇ ਦਰਮਿਆਨ ਪੈਦਾ ਹੋਈ। ਇਹ ਇਕ ਐਸੀ ਪਹਿਲੀ ਪੀੜ੍ਹੀ ਹੈ, ਜੋ ਡਿਜੀਟਲ ਕਾਲ ’ਚ ਸੋਸ਼ਲ ਮੀਡੀਏ ਅੰਦਰ ਪੂਰੀ ਤਰਹਾਂ ਸਰਾਬੋਰ ਹੁੰਦੀ ਜਵਾਨ ਹੋਈ ਹੈ। ਇਸ ਪੀੜ੍ਹੀ ਨੂੰ ਅਜੋਕੀਆਂ ਸ਼ਾਸਕ ਜਮਾਤਾਂ ਅਤੇ ਸ਼ਾਸਨ ਵਿਵਸਥਾ ਤੇ ਸਭ ਤੋਂ ਵੱਡਾ ਰੰਜ ਹੈ ਕਿ ਨੰਬਰ ਇਕ ਉਹ ਉਹਨਾਂ ਨੂੰ ਰੁਜ਼ਗਾਰ ਦੇਣ ਤੋਂ ਬਿਲਕੁਲ ਅਸਮਰੱਥ ਹਨ। ਨੰਬਰ ਦੋ ਵੱਧਦੀ ਮਹਿੰਗਾਈ ਨਥਣ ਪ੍ਰਤੀ ਨਾਕਾਮ ਹਨ, ਨੰਬਰ ਤਿੰਨ ਉਹਨਾਂ ਲਈ ਲੋੜੀਂਦਾ ਰੈਣ ਬਸੇਰਾ ਉਪਲਬਧ ਨਹੀਂ ਅਤੇ ਨੰਬਰ ਚਾਰ ਉਹਨਾਂ ਦੇ ਹਰ ਸੈਕਟਰ ’ਚ ਰੁਜ਼ਗਾਰ ਏਆਈ (ਬਨਾਵਟੀ ਗਿਆਨ) ਰਾਹੀਂ ਨਿਗਲੇ ਜਾ ਰਹੇ ਹਨ। ਚੜ੍ਹਦੀ ਜਵਾਨੀ ’ਚ ਉਹਨਾਂ ਦਾ ਜਿਉਣਾ ਮਹਾਲ ਹੋ ਰਿਹਾ ਹੈ। ਉਹਨਾਂ ਨੂੰ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਆਰਬੀਸੀ ਦੀ ਰਿਪੋਰਟ ਅਨੁਸਾਰ ਸਨ 2025-26 ’ਚ 18 ਤੋਂ 34 ਸਾਲ ਦੀ ਉਮਰ ਦੇ ਕੰਮ ਕਾਜੀ ਨੌਜਵਾਨਾ ਦੇ ਰੁਜ਼ਗਾਰ ’ਚ ਤੇਜ਼ੀ ਨਾਲ ਕਮੀ ਦਰਪੇਸ਼ ਹੈ। ਗਲੋਬਲ ਯੂਥ ਬੇਰੁਜ਼ਗਾਰੀ ਸਨ 2026 ਦੇਸ਼ ਸ਼ੁਰੂ ’ਚ 12 ਪ੍ਰਤੀਸ਼ਤ ਤੋਂ ਟੱਪ ਚੁੱਕੀ ਹੈ। ਵਿਸ਼ਵ ਅੰਦਰ 300 ਮਿਲੀਅਨ ਕਾਮੇ ਰੋਜ਼ਾਨਾ ਤਿੰਨ ਡਾਲਰ ਉਜਰਤ ਨਾਲ ਦਿਨ ਕਟੀ ਕਰਨ ਲਈ ਮਜਬੂਰ ਹਨ।
2.1 ਬਿਲੀਅਨ ਲੋਕ ਰੁਜ਼ਗਾਰ ਦੀ ਕਮੀ ਕਰਕੇ ਅਤੀ ਗੁਰਬਤ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਸਿਰਫ ਵਿਸ਼ਵ ਦੇ 24 ਫ਼ੀਸਦ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਣ ਕਰਕੇ ਸਥਿਤੀ ਵਿਸਫੋਟਕ ਰੂਪ ਧਾਰਨ ਕਰ ਰਹੀ ਹੈ। ਅਜੋਕੀ ਜੈੱਨ-ਜ਼ੀ ਇੱਕ ਆਜ਼ਾਦ, ਖੁਦਮੁਖਤਾਰ, ਨਿਸ਼ਚਿਤ ਵਿੱਤੀ ਆਮਦਨ ਵਾਲਾ ਜੀਵਨ ਚਾਹੁੰਦੀ ਹੈ, ਜਿਸ ’ਚ ਉਹ ਆਪਣੇ ਨਿੱਤ-ਪ੍ਰਤੀ ਜੀਵਨ ਦੀਆਂ ਲੋੜਾਂ ਦੀ ਪੂਰਤੀ ਭਰਿਆ ਸੰਤੁਸ਼ਟ ਜੀਵਨ ਬਿਤਾ ਸਕੇ ਪਰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਸਿਹਤ, ਸਿੱਖਿਆ, ਆਵਾਜਾਈ, ਸਨਅਤ, ਲਘੂ ਉਦਯੋਗ ਕਾਰੋਬਾਰ ਲਗਭਗ ਠੱਪ ਹੋ ਚੁੱਕੇ ਹਨ। ਸਰਮਾਏਦਾਰੀ ਅਤੇ ਲੋਕਤੰਤਰ ਦੇ ਨਕਾਬ ਹੇਠ ਤਾਨਾਸ਼ਾਹੀ ਦੇ ਇਸ ਜੁਗ ’ਚ ਜਨਤਕ ਭਾਵਨਾਵਾਂ ਨੂੰ ਬਰਬਰਤਾ ਪੂਰਵਕ ਕੁਚਲੇ ਜਾਣ ਦਾ ਅਮਾਨਵੀ ਢੰਗ ਤਰੀਕਾ ਜਾਰੀ ਹੈ।
ਕਾਰਪੋਰੇਟ ਘਰਾਣਿਆਂ ਅਧਾਰਤ ਸਥਾਪਤ ਸਰਮਾਏਦਾਰੀ ਦੇ ਬੇਰਹਿਮ ਅਤੇ ਨਿਰਦਈ ਸਾਸਨ ਅਤੇ ਸ਼ਾਸਕਾ ਵਿਰੁੱਧ ਝੰਡਾ ਬੁਲੰਦ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਪੁਲਿਸ, ਅਰਧ ਫੌਜੀ ਬਲਾਂ ਅਤੇ ਫੌਜ ਰਾਹੀਂ ਕੁਚਲਣ ਦਾ 19ਵੀਂ ਅਤੇ 20ਵੀਂ ਸਦੀ ਦਾ ਵਰਤਾਰਾ ਜਾਰੀ ਹੈ, ਜੋ ਅਜੋਕੀ ਜੈੱਨ-ਜ਼ੀ ਪੀੜ੍ਹੀ ਨੂੰ ਬਿਲਕੁਲ ਮਨਜੂਰ ਨਹੀਂ। ਅਜੋਕੀ ਜੈੱਨ-ਜ਼ੀ ਦੌੜ ਭੱਜ, ਮੁਕਾਬਲੇਬਾਜ਼ੀ, ਮਾਨਸਿਕ ਪਰੇਸ਼ਾਨੀ, ਸਰੀਰਕ ਪੇਚੀਦਗੀਆਂ ਨਾਲੋਂ ਇਕ ਥਾਂ ’ਤੇ ਟਿਕ ਕੇ ਕੰਮ ਕਰਨਾ ਚਾਹੁੰਦੇ ਹਨ। ਉਹ ਪਿਛਲੀ ਪੀੜੀ ਦੇ ‘ਹਸਲ ਕਲਚਰ’ ਭਾਵ ਦੌੜ ਭੱਜ ਕਲਚਰ ਦੀ ਥਾਂ ਟਿਕ ਕੇ ਕੰਮ ਕਰਨਾ ਚਾਹੁੰਦੇ ਹਨ। ਉਹ ਸਮਝਦੇ ਹਨ ਕਿ ‘ਹਸਲ ਕਲਚਰ’ ਉਹਨਾਂ ਦਾ ਮਾਨਸਿਕ ਸਕੂਨ ਬਰਬਾਦ ਕਰ ਦੇਵੇਗਾ। ਉਨ੍ਹਾਂ ਦੀਆਂ ਵਿਸ਼ੇਸ਼ ਰੁਚੀਆਂ ਅਤੇ ਸ਼ੌਕ ਖਤਮ ਕਰ ਦੇਵੇਗਾ।
ਓਲਗਾ ਮੋਰਾ ਵਜਨਸਕੀ, ਸੰਸਥਾਪਕ ਹੀਲ-3ਕੰਪਨੀ ਅਨੁਸਾਰ ਜੈੱਨ-ਜ਼ੀ ਇਕ ਉਦੇਸ਼ ਮੁਖੀ ਭਾਵ ਮਕਸਦ ਪੂਰਤੀ ਕੰਮਾਂ ਨੂੰ ਪਹਿਲ ਦਿੰਦੇ ਹਨ ਤਾਂ ਕਿ ਲੰਮੇ ਸਮੇਂ ਲਈ ਇੱਕ ਸਥਾਈਤਵ ਭਰਿਆ ਵਧੀਆ ਜੀਵਨ ਬਸਰ ਕਰ ਸਕਣ, ਜਿਸ ਵੀ ਰਾਜ ਤੇ ਸਮਾਜ ’ਚ ਉਨ੍ਹਾਂ ਦੇ ਅਜਿਹੇ ਮਕਸਦ ਦੀ ਪੂਰਤੀ ਨਹੀਂ ਹੁੰਦੀ, ਉਹ ਤੀਬਰ ਅੰਦੋਲਨ ਵੱਲ ਰੁਚਿਤ ਹੋ ਜਾਂਦੇ ਹਨ। ਧਾਰਮਿਕ ਫਿਰਕਾਪ੍ਰਸਤੀ, ਜਾਤੀਵਾਦ, ਨਸਲਵਾਦ, ਇਲਾਕਾਵਾਦ, ਰੰਗ ਭੇਦ, ਨਫ਼ਰਤਵਾਦ ਤੋਂ ਆਜ਼ਾਦ ਇਹ ਜੈੱਨ-ਜ਼ੀ ਕੰਮਕਾਜੀ ਥਾਵਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵਰਕਰਸ ਯੂਨੀਅਨਾ ਆਦਿ ਵਿਖੇ ਸਮੂਹਿਕ ਏਕਤਾ, ਦਲੇਰੀ ਅਤੇ ਦ੍ਰਿੜਤਾ ਨਾਲ ਮੁਜ਼ਾਹਰਾ ਕਰ ਰਹੇ ਹਨ। ਇੰਜ ਭਾਸਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਕਾਰਪੋਰੇਟਵਾਦੀ ਸਰਮਾਏਦਾਰ ਗਲੀਆਂ ਸੜੀਆਂ ਸਰਕਾਰਾਂ, ਧਾਰਮਿਕ ਫਿਰਕਾਪ੍ਰਸਤ, ਜੰਗਬਾਜ ਸ਼ਾਸਕ ਅਤੇ ਮਨੁੱਖਤਾ ਵਿਰੋਧੀ ਸ਼ਕਤੀਆਂ ਇਹਨਾਂ ਦੇ ਅੰਦੋਲਨਾਂ ਅੱਗੇ ਢਹਿ-ਢੇਰੀ ਹੋ ਜਾਣਗੀਆਂ। ਇਸ ਪੀੜ੍ਹੀ ਦਾ ਵਿਦਰੋਹ ਅਜੋਕੇ ਇੰਟਰਨੈਟ ਕਾਲ ’ਚ ਤੀਬਰ ਭੜਕਾਹਟ ’ਚ ਉਭਰਦਾ ਪਾਇਆ ਜਾਂਦਾ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ’ਚ ਲੈ ਰੱਖਿਆ ਹੈ। ਇਹ ਸੰਸਥਾਤਮਕ ਭਰਿਸ਼ਟਾਚਾਰ, ਬੇਰੁਜ਼ਗਾਰੀ, ਭਾਈ ਭਤੀਜਾਵਾਦ, ਜਾਤੀਵਾਦ, ਨਸਲਵਾਦ ਅਤੇ ਫਿਰਕੂ ਨਫ਼ਰਤ ਦਾ ਸਖ਼ਤ ਵਿਰੋਧੀ ਹੈ। ਇਹ ਆਪਣੇ ਅੰਦੋਲਨ ਨੂੰ ਟਿਕਟਾਕ, ਰੈਡਿਟ, ਡਿਸਕਾਰਡ ਐਕਸ ਜਾਂ ਹੋਰ ਆਧਨਿਕ ਇੰਟਰਨੈਟ ਤਕਨੀਕਾਂ ਰਾਹੀਂ ਬੁਲੰਦ ਕਰਦਾ ਹੈ। ਇਸ ਦੇ ਅੰਦੋਲਨ ਲਈ ਕਿਸੇ ਵੀ ਦੇਸ਼, ਸਥਾਨ ਜਾਂ ਇਲਾਕੇ ’ਚ ਇਕ ਠੋਸ ਕਾਰਨ ਦਾ ਹੋਣਾ ਹੀ ਕਾਫੀ ਹੁੰਦਾ ਹੈ। ਮੈਡਗਾਸਕਰ ’ਚ ਬਿਜਲੀ ਕੱਟਾਂ ਕਰਕੇ, ਮਰੋਕੋ ’ਚ ਸਿਹਤ ਅਤੇ ਸਿੱਖਿਆ ਬਜਟ ਨੂੰ ਸਨ 2030 ਦੇ ਵਿਸ਼ਵ ਕੱਪ ਦੇ ਆਯੋਜਨ ’ਚ ਖ਼ਰਚ ਕਰਨ, ਪੀਰੂ ’ਚ ਆਰਥਿਕ ਨਾ-ਬਰਾਬਰੀ, ਕੀਨੀਆ ’ਚ ਟੈਕਸਾਂ ਵਾਧੇ, ਨੇਪਾਲ ਅਤੇ ਫਿਲਪਾਈਨਸ ਵਿਚ ਭ੍ਰਿਸ਼ਟਾਚਾਰ, ਭਾਰਤ ’ਚ ਨੀਟ ਪੇਪਰ ਲੀਕ ਅਤੇ ਸੀਬੀਐੱਸਈ ਆਨ ਸਕਰੀਨ ਮਾਰਕਿੰਗ ਬੇਨਿਯਮੀਆ ਕਰਕੇ ਜੈਨ-ਜ਼ੀ ਅੰਦੋਲਨ ਬੜੀ ਤੀਬਰਤਾ ਨਾਲ ਭੜਕਦਾ ਵੇਖਿਆ ਗਿਆ। ਅਮਰੀਕਾ ਤੇ ਆਪਹੁਦਰੇ, ਨਾਰਸਿਸਟ ਅਤੇ ਜੰਗਬਾਜ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਦੇਸ਼ ਅੰਦਰ ਵੱਧਦੀ ਮਹਿੰਗਾਈ ਅਤੇ ਲਗਾਤਾਰ ਨਿਰੰਕੁਸ਼ਤਾ ਭਰੀਆਂ ਆਪਹੁਦਰੀਆਂ ਅਤੇ ਬੇਨਿਯਮੀਆ ਵਿਰੁੱਧ ਦੇਸ਼ ਦੇ 50 ਰਾਜਾਂ ’ਚ ਲੱਖਾਂ ਜੈੱਨ-ਜੀ ਅਤੇ ਲੋਕ ਦੋ ਵਾਰ ਮੁਜ਼ਾਹਰੇ ਕਰ ਚੁੱਕੇ ਹਨ। ਮੈਡਗੌਸਕਰ ’ਚ ਤਾਨਾਸ਼ਾਹ ਰਾਸ਼ਟਰਪਤੀ ਨੇ ਨੌਜਵਾਨਾਂ ਦੇ ਵਿਦਰੋਹ ਨੂੰ ਦਬਾਉਣ ਲਈ 22 ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਅਤੇ 100 ਤੋਂ ਵੱਧ ਜ਼ਖਮੀ ਕਰ ਦਿੱਤੇ।
ਵੈਸੇ ਵੀ ਇਹ ਬਹੁਤ ਗਰੀਬ ਦੇਸ਼ ਹੈ, ਜਿੱਥੇ ਪ੍ਰਤੀ ਵਿਅਕਤੀ ਜੀਡੀਪੀ ਸਿਰਫ 545 ਡਾਲਰ ਸਲਾਨਾ ਹੈ। ਜੈੱਨ-ਜ਼ੀ ਅੰਦੋਲਨ ਦੀ ਤਾਬ ਨਾ ਝੱਲਦਾ ਰਾਸ਼ਟਰਪਤੀ ਐਂਡਰੀਆ ਰਾਜੋਲੀਨਾ ਪਤਨੀ ਸਮੇਤ ਦੇਸ਼ ਛੱਡ ਕੇ ਭੱਜ ਗਿਆ। ਮਰਾਕੋ ਅੰਦਰ 3000 ਵਿਦਰੋਹੀ ਨੌਜਵਾਨਾਂ ਦੀ ਸਿਹਤ ਸੇਵਾਵਾਂ ਦੀ ਅਣਹੋਦ ਕਰਕੇ ਗਰਭਵਤੀ ਔਰਤਾਂ ਦੀਆਂ ਜਣੇਪੇ ਦੌਰਾਨ ਮੌਤਾਂ ਵਿਰੁੱਧ ਡਿਸਕਾਰਡ ਰਾਹੀਂ ਜਾਣਕਾਰੀ ਨੇ ਇੱਕ ਦਿਨ ਵਿੱਚ ਹੀ ਲੱਖਾਂ ਲੋਕਾਂ ਨੂੰ ਸਰਕਾਰ ਵਿਰੁੱਧ ਸੜਕਾਂ ’ਤੇ ਉਤਾਰ ਦਿੱਤਾ। ਪੀਰੂ ’ਚ ਪੈਨਸ਼ਨ ਸੁਧਾਰ ਬਿੱਲ ਦੇ ਨਕਾਬ ਹੇਠ 60-70 ਫ਼ੀਸਦ ਐਡਹਾਕ ਨੌਕਰੀ ਕਰ ਰਹੇ ਨੌਜਵਾਨਾਂ ਨੂੰ ਹਰ ਮਹੀਨੇ ਪੈਨਸ਼ਨ ’ਚ ਹਿੱਸਾ ਪਾਉਣ ਦੇ ਵਿਰੋਧ ਨੇ ਭੁਚਾਲ ਲੈ ਆਂਦਾ। ਕੀਨੀਆਂ ’ਚ ਟੈਕਸ ਵਾਧਾ ਬਿੱਲ ਜਿਸ ਅਧੀਨ ਡਾਇਪਰਾਂ ਅਤੇ ਬਰੈੱਡ ਵਰਗੀਆਂ ਵਸਤਾਂ ’ਤੇ ਵੀ ਟੈਕਸ ਦੇ ਵਿਰੋਧ ’ਚ ਐਕਸ ਅਤੇ ਟਿੱਕ-ਟਾਕ ਰਾਹੀਂ ਜਾਣਕਾਰੀ ’ਤੇ ਹਜ਼ਾਰਾਂ ਲੋਕ ਜੂਨ 2024 ’ਚ ਗਲੀਆਂ ਬਾਜ਼ਾਰਾਂ ’ਚ ਉੱਤਰ ਆਏ। ਸਰਕਾਰ ਨੂੰ ਫ਼ੈਸਲਾ ਵਾਪਸ ਲੈਣਾ ਪਿਆ। ਫਿਲਪਾਈਨਸ ’ਚ ‘ਨੈਪੋ ਕਿਡਜ ‘ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚ 21 ਸਤੰਬਰ, 2024 ਨੂੰ ‘ਟਰੀਲੀਅਨ ਪੈਸੋ ਮਾਰਚ ’ਚ 130000 ਲੋਕ ਜੈੱਨ-ਜ਼ੀ ਕਾਲ ਤੇ ਮਨੀਲਾ ਦੀਆਂ ਗਲੀਆਂ-ਬਾਜ਼ਾਰਾਂ ’ਚ ਉਤਰ ਪਏ। ਭ੍ਰਿਸ਼ਟਾਚਾਰੀ ਸਪੀਕਰ ਮਾਰਟਿਨ ਰੋਮਾਲਡਸ ਨੂੰ ਜੇਲ੍ਹ ’ਚ ਸੁੱਟਿਆ ਗਿਆ। ਭਾਰਤ ਅੰਦਰ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ’ਚ ਜੈੱਨ-ਜ਼ੀ ਅੰਦੋਲਨ ਅੱਗੇ ਝੁਕਦਿਆਂ ਨਰਿੰਦਰ ਮੋਦੀ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਦਰਅਸਲ ਪੂਰੇ ਵਿਸ਼ਵ ’ਚ ਅਜੋਕੀ ਜੈੱਨ-ਜੀ ਇਸ ਕਦਰ ਜਾਗਰੂਕ ਅਤੇ ਇਕਜੁੱਟ ਹੋ ਚੁੱਕੇ ਹਨ ਕਿ ਜਿੱਥੇ ਵੀ ਜਿਸ ਵੀ ਸਰਕਾਰ ਜਾਂ ਸ਼ਾਸਕ ਨੇ ਕੁਤਾਹੀ ਕੀਤੀ ਤਾਂ ਉਸਦੀ ਖ਼ੈਰ ਨਹੀਂ।
(ਲੇਖਕ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਨ, ਸੰਪਰਕ : +12898292929)