- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਰਦੂ ਵਿੱਚ-‘ਜਨਾਬ, ਕੱਲ੍ਹ ਤੁਹਾਡੀ ਜ਼ਿਆਰਤ ਤੋਂ ਮਹਰੂਮ ਰਹੇ, ਖ਼ੈਰਿਯਤ ਤਾਂ ਹੈ?’ ਇਹ ਭਾਸ਼ਾ ਸਵਾਲ ਵੀ ਪੁੱਛਦੀ ਹੈ ਤਾਂ ਲੱਗਦਾ ਹੈ ਜਿਵੇਂ ਸਾਹਮਣੇ ਵਾਲੇ ਦੀ ਖ਼ੈਰਿਯਤ ਨਾਲ ਦਿਲ ਵੀ ਜੁੜਿਆ ਹੋਇਆ ਹੈ। ਅਸੀਂ ਪੰਜਾਬੀ ’ਚ ਕਿਸੇ ਨੂੰ ਕਹਿ ਦਿੰਦੇ ਹਾਂ-‘ਝੂਠ ਨਾ ਬੋਲ।’ ਉਰਦੂ ’ਚ ਸ਼ਾਇਦ ਇਹੀ ਗੱਲ ਹੋਵੇ-‘ਜਨਾਬ, ਸੱਚ ਅਰਜ਼ ਕਰਨ ’ਚ ਕੋਈ ਹਰਜ ਨਹੀਂ; ਇਹ ਗੁਸਤਾਖ਼ ਜ਼ਬਾਨ ਝੂਠ ਦੀ ਗਵਾਹੀ ਦੇਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੇ।’ ਪੰਜਾਬੀ ’ਚ ਗੁੱਸਾ ਆਵੇ ਤਾਂ-‘ਬਹੁਤ ਹੋ ਗਿਆ, ਹੁਣ ਮੇਰਾ ਦਿਮਾਗ ਨਾ ਖਾ।’

ਗੁਰਦੀਪ ਸਿੰਘ ਮਾਨ
‘ਜਨਾਬ, ਆਇੰਦਾ ਇਹ ਹਰਕਤ ਕੀਤੀ ਤਾਂ ਸਾਡਾ ਹੱਥ ਤੁਹਾਡੇ ਰੁਖ਼ਸਾਰ ਨੂੰ ਇਸ ਕਦਰ ਸੁਰਖ਼ ਕਰ ਦੇਵੇਗਾ ਕਿ ਆਫ਼ਤਾਬ ਦੀ ਮੌਜੂਦਗੀ ’ਚ ਵੀ ਸਿਤਾਰਿਆਂ ਦਾ ਦੀਦਾਰ ਹੋ ਜਾਵੇਗਾ। ਲਿਹਾਜ਼ਾ, ਹੱਦ ’ਚ ਹੀ ਰਹੋ ਤਾਂ ਬਿਹਤਰ ਹੈ।’ ਇਹ ਗੱਲ ਸੁਣ ਕੇ ਬੰਦਾ ਇਕ ਪਲ ਲਈ ਸਹਿਮ ਜਾਵੇ, ਦੂਜੇ ਪਲ ਆਪਣੇ ਗੱਲ੍ਹ ਨੂੰ ਹੱਥ ਲਾ ਕੇ ਵੇਖੇ ਤੇ ਤੀਜੇ ਪਲ ਹੱਸ ਪਵੇ। ਕਿਉਂਕਿ ਪੰਜਾਬੀ ’ਚ ਅਸੀਂ ਇਸੇ ਗੱਲ ਨੂੰ ਬੜੀ ਸਾਦਗੀ ਨਾਲ ਕਹਿ ਦਿੰਦੇ ਹਾਂ- ‘ਇੱਕ ਥੱਪੜ ਮਾਰੂੰ, ਤਾਰੇ ਦਿਸਣ ਲਾ ਦੂੰ।’ ਗੱਲ ਉਹੀ ਹੈ ਪਰ ਉਰਦੂ ਨੇ ਉਸ ’ਚ ਵੀ ਅਦਬ, ਸ਼ਾਇਰੀ ਤੇ ਥੋੜ੍ਹੀ ਜਿਹੀ ਮੁਹੱਬਤ ਘੋਲ ਦਿੱਤੀ। ਸ਼ਾਇਦ ਇਸੇ ਲਈ ਮੈਨੂੰ ਉਰਦੂ ਹਮੇਸ਼ਾ ਮੁਹੱਬਤ ਦੀ ਜ਼ਬਾਨ ਲੱਗੀ ਹੈ। ਕੁਝ ਸਮਾਂ ਪਹਿਲਾਂ ਉਰਦੂ ਸਿੱਖਣ ਦੀ ਤਾਂਘ ਜਾਗੀ। ਪੜ੍ਹਿਆ, ਲਿਖਿਆ ਤੇ ਆਖ਼ਰਕਾਰ ਉਰਦੂ ਆਮੋਜ਼ ਦਾ ਇਮਤਿਹਾਨ ਵੀ ਪਾਸ ਕਰ ਲਿਆ ਪਰ ਇਮਤਿਹਾਨ ਪਾਸ ਕਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਅੱਖਰ ਤਾਂ ਸਿੱਖ ਲਏ ਪਰ ਅਸਲ ’ਚ ਸਿੱਖਣ ਵਾਲੀ ਚੀਜ਼ ਤਾਂ ਲਹਿਜ਼ਾ ਹੈ। ਉਰਦੂ ਸਿਰਫ਼ ਇਹ ਨਹੀਂ ਸਿਖਾਉਂਦੀ ਕਿ ‘ਤੁਸੀਂ ਕਿੱਥੇ ਜਾ ਰਹੇ ਹੋ?’ ਨੂੰ ਕਿਵੇਂ ਲਿਖਣਾ ਹੈ। ਇਹ ਸਿਖਾਉਂਦੀ ਹੈ ਕਿ ਪੁੱਛਣਾ ਵੀ ਐਸਾ ਹੋਵੇ ਕਿ ਸਾਹਮਣੇ ਵਾਲੇ ਨੂੰ ਲੱਗੇ-ਮੰਜ਼ਿਲ ’ਚ ਉਸਦੀ ਵੀ ਦਿਲਚਸਪੀ ਹੈ।
ਪੰਜਾਬੀ ’ਚ ਅਸੀਂ ਕਹਿੰਦੇ ਹਾਂ ‘ਕਿੱਥੇ ਚੱਲਿਆ ਏਂ?’ ਉਰਦੂ ਵਿੱਚ ਇਹੀ ਸਵਾਲ ਕੁਝ ਇਸ ਤਰ੍ਹਾਂ ਹੋ ਸਕਦਾ ਹੈ—‘ਜਨਾਬ, ਕਿੱਥੇ ਦਾ ਇਰਾਦਾ ਫ਼ਰਮਾ ਰਹੇ ਹਨ?’ ਮੇਰਾ ਇਕ ਕੰਮ ਕਰ ਦੇ।’ ਉਰਦੂ ’ਚ-‘ਜੇ ਤੁਹਾਡੀ ਮਸਰੂਫ਼ੀਅਤ ਇਜਾਜ਼ਤ ਦੇਵੇ ਤਾਂ ਇਕ ਗੁਜ਼ਾਰਿਸ਼ ਸੀ।’ ਇਹ ਸੁਣ ਕੇ ਬੰਦਾ ਮਦਦ ਕਰਨ ਤੋਂ ਪਹਿਲਾਂ ਹੀ ਕਹਿ ਦਿੰਦਾ ਹੈ-‘ਜੀ ਜਨਾਬ, ਹੁਕਮ ਕਰੋ।’ ਪੰਜਾਬੀ ’ਚ ਦੋਸਤ ਨੂੰ ਕਹਾਂਗੇ- ‘ਓਏ, ਕੱਲ੍ਹ ਕਿੱਥੇ ਸੀ?’
ਉਰਦੂ ਵਿੱਚ-‘ਜਨਾਬ, ਕੱਲ੍ਹ ਤੁਹਾਡੀ ਜ਼ਿਆਰਤ ਤੋਂ ਮਹਰੂਮ ਰਹੇ, ਖ਼ੈਰਿਯਤ ਤਾਂ ਹੈ?’ ਇਹ ਭਾਸ਼ਾ ਸਵਾਲ ਵੀ ਪੁੱਛਦੀ ਹੈ ਤਾਂ ਲੱਗਦਾ ਹੈ ਜਿਵੇਂ ਸਾਹਮਣੇ ਵਾਲੇ ਦੀ ਖ਼ੈਰਿਯਤ ਨਾਲ ਦਿਲ ਵੀ ਜੁੜਿਆ ਹੋਇਆ ਹੈ। ਅਸੀਂ ਪੰਜਾਬੀ ’ਚ ਕਿਸੇ ਨੂੰ ਕਹਿ ਦਿੰਦੇ ਹਾਂ-‘ਝੂਠ ਨਾ ਬੋਲ।’ ਉਰਦੂ ’ਚ ਸ਼ਾਇਦ ਇਹੀ ਗੱਲ ਹੋਵੇ-‘ਜਨਾਬ, ਸੱਚ ਅਰਜ਼ ਕਰਨ ’ਚ ਕੋਈ ਹਰਜ ਨਹੀਂ; ਇਹ ਗੁਸਤਾਖ਼ ਜ਼ਬਾਨ ਝੂਠ ਦੀ ਗਵਾਹੀ ਦੇਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੇ।’ ਪੰਜਾਬੀ ’ਚ ਗੁੱਸਾ ਆਵੇ ਤਾਂ-‘ਬਹੁਤ ਹੋ ਗਿਆ, ਹੁਣ ਮੇਰਾ ਦਿਮਾਗ ਨਾ ਖਾ।’ ਉਰਦੂ ’ਚ ਗੁੱਸਾ ਵੀ ਕੁਝ ਸ਼ਾਇਰਾਨਾ ਹੋ ਜਾਂਦਾ ਹੈ-‘ਇਮਤਿਹਾਨ-ਏ-ਸਬਰ ਦੀ ਵੀ ਕੋਈ ਹੱਦ ਹੁੰਦੀ ਹੈ; ਬੰਦਾਨਵਾਜ਼, ਹੁਣ ਸਾਡੀ ਖ਼ਾਮੋਸ਼ੀ ਨੂੰ ਹੋਰ ਨਾ ਅਜ਼ਮਾਓ।’
ਇੱਥੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਸਾਹਮਣੇ ਵਾਲਾ ਗੁੱਸੇ ’ਚ ਹੈ ਜਾਂ ਦਾਅਵਤ ਦੇ ਰਿਹਾ ਹੈ! ਪੰਜਾਬੀ ’ਚ ਕਿਸੇ ਨੂੰ ਕਹਿਣਾ ਹੋਵੇ-‘ਮੈਨੂੰ ਤੇਰੇ ’ਤੇ ਬੜਾ ਗੁੱਸਾ ਆ ਰਿਹਾ।’ ਉਰਦੂ ਇਸ ਨੂੰ ਵੀ ਸੰਵਾਰ ਦਿੰਦੀ ਹੈ-‘ਤੁਹਾਡੀ ਇਸ ਅਦਾ ਨੇ ਸਾਡੇ ਸਬਰ ਨੂੰ ਇੰਤਹਾ ਤੱਕ ਪਹੁੰਚਾ ਦਿੱਤਾ ਹੈ।’ ਗੁੱਸਾ ਉਹੀ, ਪਰ ਕੰਨਾਂ ਨੂੰ ਫਿਰ ਵੀ ਚੰਗਾ ਲੱਗਦਾ ਹੈ। ਇਹੀ ਫ਼ਰਕ ਸ਼ਾਇਦ ਭਾਸ਼ਾ ਦੀ ਰੂਹ ਹੁੰਦਾ ਹੈ। ਅਸੀਂ ਕਹਿੰਦੇ ਹਾਂ-‘ਦੀਵਾਲੀ ਮੁਬਾਰਕ।’ ਉਰਦੂ ਦੇ ਲਹਿਜ਼ੇ ’ਚ ਇਹੀ ਦੁਆ ਬਣ ਜਾਂਦੀ ਹੈ-‘ਦੀਵਾਲੀ ਦੇ ਚਿਰਾਗ਼ ਤੁਹਾਡੀ ਜ਼ਿੰਦਗੀ ਦੇ ਹਰ ਜ਼ੁਲਮਤ-ਕਦੇ ਨੂੰ ਨੂਰ-ਏ-ਮੁਹੱਬਤ ਨਾਲ ਮੁਨੱਵਰ ਕਰ ਦੇਣ। ਇਨ੍ਹਾਂ ਚਿਰਾਗ਼ਾਂ ਦੀ ਰੌਸ਼ਨੀ ਤੁਹਾਡੇ ਦਿਲ ਦੇ ਹਰ ਗੋਸ਼ੇ ਨੂੰ ਨੂਰ-ਏ-ਸੁਕੂਨ ਨਾਲ ਭਰ ਦੇਵੇ। ਇਨ੍ਹਾਂ ਚਿਰਾਗ਼ਾਂ ਦੀ ਲੌ ’ਚ ਬੀਤੀਆਂ ਬਾਤਾਂ ਦਾ ਮਲਾਲ ਪਿਘਲਦਾ ਰਹੇ ਅਤੇ ਆਉਣ ਵਾਲੇ ਦਿਨਾਂ ਦੀ ਆਸ ਜਗਦੀ ਰਹੇ।’
ਹੁਣ ਦੱਸੋ-ਇਸ ਨੂੰ ਸਿਰਫ਼ ‘ਦੀਵਾਲੀ ਮੁਬਾਰਕ’ ਕਹੋਗੇ ਜਾਂ ਥੋੜ੍ਹਾ ਹੋਰ ਸਮਾਂ ਕੱਢ ਕੇ ਇਹ ਦੁਆ ਵੀ ਸੁਣਾਓਗੇ?
ਪੰਜਾਬੀ ’ਚ ਅਸੀਂ ਕਿਸੇ ਨੂੰ ਕਹਿੰਦੇ ਹਾਂ-‘ਧੰਨਵਾਦ।’ ਉਰਦੂ ਕਹਿੰਦੀ ਹੈ-‘ਤੁਹਾਡੀ ਇਸ ਮਿਹਰਬਾਨੀ ਨੂੰ ਦਿਲ ਦੀ ਗਹਿਰਾਈ ਨਾਲ ਮਹਿਸੂਸ ਕੀਤਾ ਹੈ, ਸ਼ੁਕਰੀਆ ਤਾਂ ਬਹੁਤ ਛੋਟਾ ਲਫ਼ਜ਼ ਹੈ।’ ਪੰਜਾਬੀ ’ਚ-‘ਯਾਰ, ਤੂੰ ਬੜਾ ਚੰਗਾ ਬੰਦਾ ਏਂ।’ ਉਰਦੂ ’ਚ-‘ਤੁਹਾਡੀ ਰਫ਼ਾਕਤ ਨੂੰ ਕਿਸੇ ਸਨਦ ਦੀ ਲੋੜ ਨਹੀਂ, ਤੁਹਾਡੀ ਮੌਜੂਦਗੀ ਹੀ ਆਪਣੇ ਆਪ ’ਚ ਇਕ ਨੇਮਤ ਹੈ।’ ਤੇ ਜਦੋਂ ਕਿਸੇ ਨਾਲ ਮਿਲ ਕੇ ਦਿਲ ਖੁਸ਼ ਹੋ ਜਾਵੇ ਤਾਂ ਪੰਜਾਬੀ ’ਚ ਕਹਿ ਦਿੰਦੇ ਹਾਂ-‘ਮਿਲ ਕੇ ਬੜਾ ਚੰਗਾ ਲੱਗਿਆ।’ ਉਰਦੂ ਕਹਿੰਦੀ ਹੈ-‘ਤੁਹਾਡੀ ਸੋਹਬਤ ’ਚ ਕੁਝ ਅਜਿਹਾ ਸੁਕੂਨ ਹੈ ਕਿ ਵਕ਼ਤ ਗੁਜ਼ਰਨ ਦਾ ਅਹਿਸਾਸ ਹੀ ਨਹੀਂ ਹੁੰਦਾ।’ ਇਸੇ ਕਰ ਕੇ ਕਈ ਵਾਰ ਲੱਗਦਾ ਹੈ ਕਿ ਉਰਦੂ ਨੇ ਸ਼ਾਇਦ ਸ਼ਬਦ ਨਹੀਂ, ਅਹਿਸਾਸਾਂ ਦੇ ਕੱਪੜੇ ਬਦਲੇ ਹਨ।
ਪੰਜਾਬੀ ਆਪਣੀ ਥਾਂ ਬੜੀ ਮਿੱਟੀ ਨਾਲ ਜੁੜੀ, ਸਿੱਧੀ ਤੇ ਦਿਲਦਾਰ ਜ਼ਬਾਨ ਹੈ। ਪੰਜਾਬੀ ’ਚ ‘ਆ ਜਾ’ ਵੀ ਪਿਆਰ ਹੈ, ‘ਬਹਿ ਜਾ’ ਵੀ ਪਿਆਰ ਹੈ ਤੇ ‘ਰੋਟੀ ਖਾ ਕੇ ਜਾਈਂ’ ’ਚ ਤਾਂ ਪੂਰਾ ਪੰਜਾਬ ਵੱਸਦਾ ਹੈ। ਉਰਦੂ ਨੇ ਉਸੇ ਪਿਆਰ ਨੂੰ ਇਕ ਹੋਰ ਅੰਦਾਜ਼ ਦੇ ਦਿੱਤਾ-‘ਤਸ਼ਰੀਫ਼ ਲਿਆਓ’, ‘ਬੈਠੀਏ’, ‘ਕੁਝ ਤਨਾਵੁਲ ਫ਼ਰਮਾਈਏ।’ ਦੋਵੇਂ ਭਾਸ਼ਾਵਾਂ ’ਚ ਦਿਲ ਇਕੋ ਹੈ, ਬਸ ਉਸ ਦੀ ਧੜਕਣ ਦਾ ਅੰਦਾਜ਼ ਵੱਖਰਾ ਹੈ। ਸ਼ਾਇਦ ਇਸੇ ਲਈ ਇਕ ਗੱਲ ਬਹੁਤ ਪਸੰਦ ਆਉਂਦੀ ਹੈ-ਇਕ ਨਵੀਂ ਜ਼ਬਾਨ ਸਿੱਖੋ, ਤਾਂ ਸਿਰਫ਼ ਸ਼ਬਦ ਨਹੀਂ ਵਧਦੇ; ਅੰਦਰ ਇਕ ਨਵਾਂ ਇਨਸਾਨ ਜਨਮ ਲੈਂਦਾ ਹੈ।
ਉਰਦੂ ਆਮੋਜ਼ ਪੜ੍ਹਦਿਆਂ ਮੈਨੂੰ ਇਹ ਅਹਿਸਾਸ ਹੋਇਆ ਕਿ ਹੁਣ ਮੇਰੇ ਕੋਲ ਕਿਸੇ ਨੂੰ ਗੁੱਸਾ ਕਰਨ ਦੇ ਵੀ ਦੋ ਤਰੀਕੇ ਹਨ, ਮੁਹੱਬਤ ਕਰਨ ਦੇ ਵੀ ਦੋ ਅੰਦਾਜ਼ ਹਨ, ਦੁਆ ਦੇਣ ਲਈ ਵੀ ਦੋ ਦਰਵਾਜ਼ੇ ਹਨ ਤੇ ਦਿਲ ਦੀ ਗੱਲ ਕਹਿਣ ਲਈ ਵੀ ਦੋ ਜ਼ਬਾਨਾਂ।
ਇਕ ਪੰਜਾਬੀ-ਜੋ ਮੈਨੂੰ ਮਿੱਟੀ ਨੇ ਦਿੱਤੀ। ਦੂਜੀ ਉਰਦੂ-ਜਿਸ ਨੇ ਮੈਨੂੰ ਲਹਿਜ਼ਾ ਦਿੱਤਾ। ਤੇ ਸ਼ਾਇਦ ਕਿਸੇ ਨਵੀਂ ਭਾਸ਼ਾ ਦਾ ਸਭ ਤੋਂ ਵੱਡਾ ਇਨਾਮ ਇਹੀ ਹੁੰਦਾ ਹੈ ਕਿ ਉਹ ਤੁਹਾਨੂੰ ਦੂਜਿਆਂ ਨਾਲ ਗੱਲ ਕਰਨ ਦਾ ਨਵਾਂ ਢੰਗ ਹੀ ਨਹੀਂ ਸਿਖਾਉਂਦੀ, ਤੁਹਾਡੇ ਅੰਦਰ ਗੱਲ ਕਰਨ ਵਾਲਾ ਇਕ ਨਵਾਂ ਬੰਦਾ ਵੀ ਪੈਦਾ ਕਰ ਦਿੰਦੀ ਹੈ। ਇਸ ਲਈ ਹੁਣ ਜੇ ਕੋਈ ਪੁੱਛੇ-‘ਉਰਦੂ ਕਿਉਂ ਸਿੱਖੀ?’ ਮੈਂ ਕਹਾਂਗਾ-‘ਲਫ਼ਜ਼ ਸਿੱਖਣ ਲਈ ਗਿਆ ਸੀ ਜਨਾਬ, ਲਹਿਜ਼ਾ ਲੈ ਕੇ ਵਾਪਸ ਆ ਗਿਆ।’
(ਸੰਪਰਕ : 98157-44451)।