- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦਾ ਇਹ ਵੀ ਨਤੀਜਾ ਸੀ ਕਿ ਉਹ ਕਰਾਚੀ ’ਚ ਲੁਕਿਆ ਹੋਇਆ ਹੈ। ਭਾਰਤ ਵੀ ਲਗਾਤਾਰ ਇਹੀ ਕਹਿੰਦਾ ਰਿਹਾ ਹੈ। ਦਾਊਦ ਇਬਰਾਹਿਮ ਦੇ ਗਿਰੋਹ ਨੂੰ ਭਾਰਤ ਆਧਾਰਿਤ ਦੱਸਣ ਵਾਲੀ ਰਿਪੋਰਟ ਆਸਟ੍ਰੇਲੀਆ ਦੇ ਪ੍ਰੋਫੈਸਰ ਬੇਨ ਸਾਲ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ। ਸੰਭਵ ਹੈ ਕਿ ਇਸ ਨੂੰ ਤਿਆਰ ਕਰਨ ’ਚ ਉਨ੍ਹਾਂ ਲੋਕਾਂ ਦਾ ਵੀ ਹੱਥ ਹੋਵੇ, ਜਿਹੜੇ ਭਾਰਤ ਪ੍ਰਤੀ ਗ਼ਲਤ ਭਾਵਨਾ ਰੱਖਦੇ ਹਨ।

ਸੰਯੁਕਤ ਰਾਸ਼ਟਰ ਆਪਣਾ ਮਹੱਤਵ ਅਤੇ ਭਰੋਸੇਯੋਗਤਾ ਨੂੰ ਕਿਸ ਤਰੀਕੇ ਨਾਲ ਗੁਆ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਨ ਹੈ, ਉਸ ਦੇ ਮਨੁੱਖੀ ਅਧਿਕਾਰ ਅਤੇ ਅੱਤਵਾਦ-ਰੋਕੂ ਮਾਮਲਿਆਂ ਦੀ ਖ਼ਾਸ ਰਿਪੋਰਟਰ ਬੇਨ ਸਾਲ ਦੀ ਰਿਪੋਰਟ ’ਚ ਇਹ ਕਿਹਾ ਜਾਣਾ ਕਿ ਅੱਤਵਾਦੀ ਸਰਗਨਾ ਦਾਊਦ ਇਬਰਾਹਿਮ ਦਾ ਗਿਰੋਹ ਭਾਰਤ ਆਧਾਰਿਤ ਹੈ, ਹੈਰਾਨੀ ਦੀ ਗੱਲ ਨਹੀਂ ਕਿ ਇਸ ਕਾਰਨ ਉਸ ਨੂੰ ਭਾਰਤ ਦੀ ਝਾੜ ਸੁਣਨੀ ਪਈ ਹੈ। ਆਪਣੀ ਇਸ ਫ਼ਜ਼ੀਹਤ ਲਈ ਸੰਯੁਕਤ ਰਾਸ਼ਟਰ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਦਾਊਦ ਇਬਰਾਹਿਮ ਬਾਰੇ ਅਜਿਹੀ ਗੁੰਮਰਾਹਕੁੰਨ ਤੇ ਬਿਲਕੁਲ ਝੂਠੀ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਕੰਮਕਾਜ ਦੇ ਢੰਗ-ਤਰੀਕਿਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਹ ਸਮਝਣਾ ਮੁਸ਼ਕਲ ਹੈ ਕਿ ਦੁਨੀਆ ਭਰ ’ਚ ਅੱਤਵਾਦੀ ਸਰਗਨਾ ਵਜੋਂ ਬਦਨਾਮ ਦਾਊਦ ਬਾਰੇ ਸੰਯੁਕਤ ਰਾਸ਼ਟਰ ਦੇ ਰਿਪੋਰਟਰ ਇਸ ਨਤੀਜੇ ’ਤੇ ਕਿਵੇਂ ਪਹੁੰਚ ਗਏ ਕਿ ਉਹ ਭਾਰਤ ’ਚ ਸਰਗਰਮ ਹੈ, ਜਦਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ’ਚ ਰਹਿ ਰਿਹਾ ਹੈ। ਭਾਰਤ ਸਮੇਂ-ਸਮੇਂ ’ਤੇ ਇਸ ਦੇ ਸਬੂਤ ਵੀ ਮੁਹੱਈਆ ਕਰਵਾਉਂਦਾ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕਾ ਨੇ 2023 ’ਚ ਦਾਊਦ ਨੂੰ ਵਿਸ਼ਵਵਿਆਪੀ ਅੱਤਵਾਦੀ ਐਲਾਨਿਆ ਸੀ ਅਤੇ ਉਸ ’ਤੇ ਇਨਾਮ ਵੀ ਰੱਖਿਆ ਸੀ। ਅਮਰੀਕਾ ਦਾ ਇਹ ਵੀ ਨਤੀਜਾ ਸੀ ਕਿ ਉਹ ਕਰਾਚੀ ’ਚ ਲੁਕਿਆ ਹੋਇਆ ਹੈ। ਭਾਰਤ ਵੀ ਲਗਾਤਾਰ ਇਹੀ ਕਹਿੰਦਾ ਰਿਹਾ ਹੈ। ਦਾਊਦ ਇਬਰਾਹਿਮ ਦੇ ਗਿਰੋਹ ਨੂੰ ਭਾਰਤ ਆਧਾਰਿਤ ਦੱਸਣ ਵਾਲੀ ਰਿਪੋਰਟ ਆਸਟ੍ਰੇਲੀਆ ਦੇ ਪ੍ਰੋਫੈਸਰ ਬੇਨ ਸਾਲ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ। ਸੰਭਵ ਹੈ ਕਿ ਇਸ ਨੂੰ ਤਿਆਰ ਕਰਨ ’ਚ ਉਨ੍ਹਾਂ ਲੋਕਾਂ ਦਾ ਵੀ ਹੱਥ ਹੋਵੇ, ਜਿਹੜੇ ਭਾਰਤ ਪ੍ਰਤੀ ਗ਼ਲਤ ਭਾਵਨਾ ਰੱਖਦੇ ਹਨ। ਉਂਝ, ਖ਼ੁਦ ਬੇਨ ਸਾਲ ਦੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ’ਚ ਹੈ। ਇਕ ਰਿਪੋਰਟ ਅਨੁਸਾਰ, ਉਨ੍ਹਾਂ ਦੇ ਦਫ਼ਤਰ ਨੂੰ ਚੀਨ ਤੋਂ ਵੱਡੀ ਰਕਮ ਮਿਲੀ ਸੀ। ਇਸ ਤੋਂ ਬਾਅਦ ਬੇਨ ਸਾਲ ਨੇ ਚੀਨ ’ਚ ਉਇਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਬਾਰੇ ਬਿਆਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਦੇ ਅੱਤਵਾਦ-ਵਿਰੋਧੀ ਮਾਮਲਿਆਂ ਨੂੰ ਦੇਖਣ ਵਾਲਿਆਂ ਵੱਲੋਂ ਦਾਊਦ ਬਾਰੇ ਸ਼ਰਾਰਤ ਨਾਲ ਭਰਪੂਰ ਰਿਪੋਰਟ ਤਿਆਰ ਕੀਤੇ ਜਾਣ ਤੋਂ ਇਹੀ ਲੱਗਦਾ ਹੈ ਕਿ ਉਨ੍ਹਾਂ ਨੇ ਅੱਤਵਾਦ ਦੇ ਮਾਮਲੇ ’ਚ ਲਾਪਰਵਾਹੀ ਵਾਲਾ ਤੇ ਕੰਮਚਲਾਊ ਰਵੱਈਆ ਅਪਣਾਇਆ ਹੋਇਆ ਹੈ। ਸ਼ਾਇਦ ਇਸ ਦਾ ਕਾਰਨ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ’ਚ ਪਾਕਿਸਤਾਨ ਵਰਗੇ ਕਈ ਅਜਿਹੇ ਦੇਸ਼ਾਂ ਦੀ ਸਰਗਰਮ ਭੂਮਿਕਾ ਵੀ ਹੈ, ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਅੱਤਵਾਦ ਦੀ ਹਮਾਇਤ ਕਰਦੇ ਹਨ। ਇਹ ਗੱਲ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਚੀਨ ਕਿਸ ਤਰ੍ਹਾਂ ਪਾਕਿਸਤਾਨ ਨੂੰ ਭਾਰਤ ਵਿਰੁੱਧ ਆਪਣੇ ਮੋਹਰੇ ਵਜੋਂ ਵਰਤ ਰਿਹਾ ਹੈ। ਹਾਲਾਂਕਿ ਇਹ ਵੀ ਚੰਗਾ ਹੋਇਆ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਯਾਦ ਕਰਵਾਇਆ ਕਿ ਦਾਊਦ ਉਸੇ ਪਾਕਿਸਤਾਨ ’ਚ ਰਹਿੰਦਾ ਹੈ, ਜਿੱਥੇ ਓਸਾਮਾ ਬਿਨ ਲਾਦੇਨ ਮਿਲਿਆ ਸੀ। ਇਹ ਚਿੰਤਾ ਦੀ ਗੱਲ ਹੈ ਕਿ ਹਾਲ ਹੀ ’ਚ ਸੰਯੁਕਤ ਰਾਸ਼ਟਰ ਨੇ ਭਾਰਤ ’ਚ ਹੋ ਰਹੇ ਪ੍ਰਦਰਸ਼ਨਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵੀ ਚਿੰਤਾ ਪ੍ਰਗਟਾਈ ਸੀ। ਇਹ ਬੇਲੋੜੀ ਚਿੰਤਾ ਸੀ ਤੇ ਇਸ ਮਾਮਲੇ ’ਚ ਵੀ ਉਸ ਨੂੰ ਭਾਰਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਭਾਰਤ ਦੇ ਇਸ ਵਿਰੋਧ ਨਾਲ ਸਹਿਮਤੀ ਪ੍ਰਗਟਾਈ ਸੀ। ਜੇਕਰ ਸੰਯੁਕਤ ਰਾਸ਼ਟਰ ਆਪਣੀ ਸਾਖ਼ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਕੰਮ ਕਰਨ ਦਾ ਰਵੱਈਆ ਵੀ ਸੁਧਾਰਨਾ ਹੀ ਪਵੇਗਾ।