
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਅੰਦਰ ਜ਼ਿਆਦਾਤਰ ਯੂਨੀਵਰਸਿਟੀਆਂ ਬਗੈਰ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੀਆਂ ਹਨ। ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਉਕਤ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਅਸ਼ਾਂਤੀ ਦੀ ਦਲਦਲ ’ਚ ਧੱਕਿਆ ਹੈ। ਆਲਮੀ ਪੱਧਰ ’ਤੇ ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੇ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।

ਡਾ. ਹਰਲੀਨ ਕੌਰ
‘ਮੰਮੀ-ਪਾਪਾ (ਆਈ ਅਤੇ ਅੱਪਾ) ਮੁਆਫ਼ ਕਰਨਾ, ਅਗਲੇ ਜਨਮ ’ਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ।’ 19 ਸਾਲਾ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਧੁਰ ਅੰਦਰ ਤੱਕ ਹਿਲਾ ਗਏ। ਅੰਡਰ ਗ੍ਰੈਜੁਏਸ਼ਨ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਿਹਾ ਉਕਤ ਵਿਦਿਆਰਥੀ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਵੈਜਾਪੁਰ ਤਹਿਸੀਲ ’ਚ ਸਥਿਤ ਪਿੰਡ ਖੰਡਾਲਾ ਵਿਖੇ ਆਪਣੇ ਘਰ ’ਚ ਉਪਰੋਕਤ ਸੁਸਾਈਡ ਨੋਟਿਸ ਨਾਲ ਮ੍ਰਿਤਕ ਮਿਲਿਆ। ਭਾਰਤ ’ਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ 1.32 ਲੱਖ ਖੁਦਕੁਸ਼ੀ ਕਰਨ ਵਾਲੇ ਲੋਕ 14-30 ਸਾਲ ਉਮਰ ਦੇ ਹਨ। ਇਸ ’ਚ ਵਿਦਿਆਰਥੀ ਵਰਗ ਮੁੱਖ ਤੌਰ ’ਤੇ ਸ਼ਾਮਿਲ ਹੈ। ਦੇਸ਼ ਅੰਦਰ ਹੋਈਆਂ ਖੁਦਕੁਸ਼ੀਆਂ ’ਚ 12.1 ਫ਼ੀਸਦੀ ਵਿਦਿਆਰਥੀਆਂ ਦੀਆਂ ਹਨ।
ਭਾਰਤੀ ਤਕਨਾਲੋਜੀ ਸੰਸਥਾਨਾਂ ਨੇ 2021 ਤੋਂ 2025 ਦਰਮਿਆਨ 65 ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਹੈ, ਜਿਸ ਨਾਲ ਲਗਾਤਾਰ ਅਕਾਦਮਿਕ ਮੁਕਾਬਲੇ ਅਤੇ ਹੋਰ ਸਮਾਜਿਕ ਕਾਰਨਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ’ਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਜਾਨ ਦਿੱਤੀ ਅਤੇ ਔਸਤਨ ਰੋਜ਼ਾਨਾ ਲਗਭਗ 40 ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਬਣਦੀਆਂ ਹਨ। ਪਿਛਲੇ ਦਸ ਸਾਲਾਂ ’ਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ’ਚ 80 ਫ਼ੀਸਦੀ ਵਾਧਾ ਹੋਇਆ ਹੈ। ਹਰ ਸਾਲ 2,000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ’ਚ ਫੇਲ੍ਹ ਹੋਣ ਕਾਰਨ ਖੁਦਕੁਸ਼ੀ ਕਰ ਕੇ ਜਾਨ ਦੇ ਦਿੰਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਵਿਦਿਆਰਥੀਆਂ ’ਚ ਆਤਮਹੱਤਿਆ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ, ਜੋ ਸਾਡੇ ਸਿੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ’ਚ ਮੈਡੀਕਲ ਅਤੇ ਇੰਜਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਰ ਬੱਚਿਆਂ ਨੇ 24 ਘੰਟਿਆਂ ’ਚ ਇਕ ਤੋਂ ਬਾਅਦ ਇਕ ਨੇ ਆਤਮਹੱਤਿਆ ਕੀਤੀ ਹੈ। ਇਹ ਦੁਖਦਾਈ ਘਟਨਾ 2022 ਦੇ ਦਸੰਬਰ ਮਹੀਨੇ ਦੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ 2020 ’ਚ ਮੱਧ ਪ੍ਰਦੇਸ਼ ’ਚ ਇਕ ਲੜਕੀ ਨੇ ਨੀਟ ਯੂਜੀ (ਐੱਨਈਈਟੀ ਅੰਡਰ ਗ੍ਰੈਜੂਏਸ਼ਨ) ਦੇ ਨਤੀਜੇ ਤੋਂ ਬਾਅਦ ਖੁਦਕੁਸ਼ੀ ਕੀਤੀ ਸੀ। ਉਸ ਨੇ ਬਹੁਤ ਮਿਹਨਤ ਕਰ ਕੇ ਇਹ ਇਮਤਿਹਾਨ ਦਿੱਤਾ ਸੀ ਪਰ ਨਤੀਜੇ ’ਚ ਉਸ ਨੂੰ ਆਪਣੇ 6 ਅੰਕ ਦੇਖ ਕੇ ਬੜਾ ਧੱਕਾ ਲੱਗਾ। ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਨੇ ਜਦ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸ ਦੇ ਅੰਕ 560 ਸਨ। ਇਸ ਤਕਨੀਕੀ ਗ਼ਲਤੀ ਦਾ ਖ਼ਮਿਆਜ਼ਾ ਉਸ ਲੜਕੀ ਨੇ ਜ਼ਿੰਦਗੀ ਦੀ ਜੰਗ ਹਾਰ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਵਿਦਿਆਰਥੀਆਂ ’ਚ ਪ੍ਰਵੇਸ਼ ਪ੍ਰੀਖਿਆ ਦੇ ਮੁਕਾਬਲੇ ਕਾਰਨ ਵਧ ਰਹੇ ਦਬਾਅ ਅਤੇ ਤਣਾਅ ਨੇ ਬੁੱਧੀਜੀਵੀਆਂ ’ਚ ਬਹਿਸ ਛੇੜ ਦਿੱਤੀ ਹੈ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਿਹਰੇ ’ਚ ਖੜ੍ਹਾ ਕੀਤਾ ਹੈ। ਵਿਦਿਆਰਥੀਆਂ ’ਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨ ’ਚ ਫੇਲ੍ਹ ਹੋਣਾ ਪਾਇਆ ਗਿਆ ਹੈ। ਪ੍ਰਵੇਸ਼ ਪ੍ਰੀਖਿਆ ਟੈਸਟ ਦੀ ਤਿਆਰੀ ਕਰਾਉਣ ਵਾਲੇ ਕੋਚਿੰਗ ਕੇਦਰਾਂ ’ਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵਧ ਰਹੀ ਹੈ ਪਰ ਕੋਰਸਾਂ ਦੀਆਂ ਸੀਟਾਂ ਸੀਮਤ ਹਨ। ਮੈਡੀਕਲ ਦੀ ਇਕ ਲੱਖ ਸੀਟ ਲਈ 2022 ’ਚ 18 ਲੱਖ, ਸਾਲ 2026 ਵਿੱਚ 25 ਲੱਖ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ।
ਯੂਪੀਐੱਸਸੀ ਦੀਆਂ ਇੱਕ ਹਜ਼ਾਰ ਤੋਂ ਘੱਟ ਸੀਟਾਂ ਲਈ ਲੱਖਾਂ ਲੋਕ ਹਰ ਸਾਲ ਪ੍ਰੀਖਿਆ ਦਿੰਦੇ ਹਨ। ਆਤਮ-ਹੱਤਿਆ ਕਰਨ ’ਚ ਗ਼ਰੀਬ ਬੱਚਿਆਂ ਦੀ ਸ਼ਮੂਲੀਅਤ ਕਾਫੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਅੰਦਰ 2017-19 ਤੱਕ 14-18 ਸਾਲ ਉਮਰ ਦੇ 24588 ਬੱਚਿਆਂ ਨੇ ਆਤਮ-ਹੱਤਿਆ ਕੀਤੀ, ਜਿਨ੍ਹਾਂ ’ਚੋਂ 13325 ਲੜਕੀਆਂ ਹਨ। 2017 ’ਚ 8029, 2018 ’ਚ 8162 ਤੇ 2019 ’ਚ ਇਹ ਅੰਕੜਾ ਵਧ ਕੇ 8377 ਹੋ ਗਿਆ। ਵਿਆਹ ਆਦਿ ਨਾਲ ਸਬੰਧਿਤ ਮਾਮਲਿਆਂ ਕਾਰਨ 3954 ਬੱਚਿਆਂ ਨੇ ਖੁਦਕੁਸ਼ੀ ਕੀਤੀ; ਕਿਸੇ ਬਿਮਾਰੀ, ਨਸ਼ਿਆਂ ਤੋਂ ਗ੍ਰਸਤ, ਜਿਨਸੀ ਛੇੜਛਾੜ ਤੋਂ ਤੰਗ ਆ ਕੇ 2648 ਬੱਚਿਆਂ ਨੇ ਖੁਦਕੁਸ਼ੀ ਕੀਤੀ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਅਨੁਸਾਰ ਆਲਮੀ ਪੱਧਰ ’ਤੇ ਦਸ ਵਿਦਿਆਰਥੀਆਂ ’ਚੋਂ ਇਕ ਗੰਭੀਰ ਰੂਪ ’ਚ ਤਣਾਅ ਦਾ ਸ਼ਿਕਾਰ ਹੈ। ਨਤੀਜਾ ਐਲਾਨਣ ਤੋਂ ਬਾਅਦ ਅਕਸਰ ਬੱਚੇ ਖੁਦਕੁਸ਼ੀ ਕਰਦੇ ਹਨ। ਲਾਂਸੇਟ ਮੈਡੀਕਲ ਰਸਾਲੇ ’ਚ ਛਪੀ ਰਿਪੋਰਟ ਅਨੁਸਾਰ ਸੰਸਾਰ ਅੰਦਰ 15-29 ਸਾਲ ਉਮਰ ਵਰਗ ਦੇ ਲੋਕਾਂ ’ਚ ਆਤਮਹੱਤਿਆ ਦਰ ਹੋਰਨਾਂ ਨਾਲੋਂ ਸਭ ਤੋਂ ਉੱਚੀ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਸੰਸਾਰ ਅੰਦਰ ਜੰਗਾਂ ਅਤੇ ਮਹਾਮਾਰੀਆਂ ਦੇ ਮੁਕਾਬਲੇ ਆਤਮਹੱਤਿਆ ਨਾਲ ਜ਼ਿਆਦਾ ਲੋਕ ਮਰਦੇ ਹਨ; ਤਣਾਅ ਨੰਬਰ ਇੱਕ ’ਤੇ ਹੈ। ਸੰਸਾਰ ਦੀ 69 ਫ਼ੀਸਦੀ ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਵਿਆਪੀ ਤੌਰ ’ਤੇ ਡਾਕਟਰ ਕੋਲ ਜਾਣ ਵਾਲੇ ਪੰਜ ਲੋਕਾਂ ’ਚੋਂ ਤਿੰਨ ਤਣਾਅ ਦੇ ਸ਼ਿਕਾਰ ਪਾਏ ਗਏ ਹਨ। ਖੁਦਕੁਸ਼ੀ ਦੀਆਂ ਮੰਦਭਾਗੀ ਘਟਨਾਵਾਂ ਬੇਰੋਕ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜੋ ਨਰੋਏ ਸਮਾਜ ਦੇ ਹਿੱਤ ਵਿੱਚ ਨਹੀਂ ਹਨ। ਜ਼ਿੰਦਗੀ ਦੀ ਭੱਜਦੌੜ ਦੀ ਆਖ਼ਰੀ ਮੰਜ਼ਿਲ ਸਫ਼ਲਤਾ ਸਰ ਕਰਨਾ ਹੁੰਦੀ ਹੈ। ਹਰ ਇਨਸਾਨ ਦੀ ਇੱਛਾ ਕਾਮਯਾਬ ਮਨੁੱਖ ਬਣਨ ਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਤੇ ਧਾਰਮਿਕ ਬਲਕਿ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਤਾਂਘ ਉਸ ਨੂੰ ਦੁਨੀਆ ਤੋਂ ਵੱਖਰਾ ਕਰ ਗੁਜ਼ਰਨ ਲਈ ਪ੍ਰੇਰਦੀ ਹੈ। ਮੰਜ਼ਿਲ ’ਤੇ ਪਹੁੰਚਣ ਲਈ ਰਾਹੀ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੋਕੇ ਅਗਾਂਹਵਧੂ ਅਤੇ ਤਕਨਾਲੋਜੀ ਦੇ ਸਮੇਂ ’ਚ ਖੁਦਕੁਸ਼ੀਆਂ ਦਾ ਮੰਦਭਾਗਾ ਰੁਝਾਨ ਆਲਮੀ ਪੱਧਰ ’ਤੇ ਵਧ ਰਿਹਾ ਹੈ। ਮੁਕਾਬਲੇ ਦੇ ਇਸ ਯੁੱਗ ’ਚ ਇਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਸ਼ੀਨ ਬਣਾ ਦਿੱਤਾ ਹੈ। ਇਹ ਵਰਤਾਰਾ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਅਜੋਕੇ ਮਾਪੇ ਬੱਚੇ ਤੋਂ ਬਿਨਾਂ ਪੁੱਛੇ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਬੱਚੇ ਲਈ ਕਮਾਈ ਦਾ ਚੰਗਾ ਖ਼ੇਤਰ ਕਿਹੜਾ ਰਹੇਗਾ। ਬੱਚੇ ਨੂੰ ਸਿਰਫ਼ ਪੈਸੇ ਦੀ ਮਸ਼ੀਨ ਬਣਾਉਣਾ ਹੀ ਜ਼ਿਆਦਾਤਰ ਮਾਪਿਆਂ ਦਾ ਖ਼ਿਆਲ ਹੈ। ਜਦੋਂ ਕੋਈ ਦੁਨੀਆ ਦੀ ਦੌੜ ’ਚੋਂ ਪਛੜਦਾ ਹੈ ਤਾਂ ਉਹ ਆਤਮਹੱਤਿਆ ਨੂੰ ਗਲੇ ਲਗਾ ਲੈਂਦਾ ਹੈ। ਦੇਸ਼ ਅੰਦਰ ਜ਼ਿਆਦਾਤਰ ਯੂਨੀਵਰਸਿਟੀਆਂ ਬਗੈਰ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੀਆਂ ਹਨ। ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਉਕਤ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਅਸ਼ਾਂਤੀ ਦੀ ਦਲਦਲ ’ਚ ਧੱਕਿਆ ਹੈ। ਆਲਮੀ ਪੱਧਰ ’ਤੇ ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੇ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਹਰ ਵਰਗ ਦੇ ਲੋਕ ਇਸ ਮੰਦਭਾਗੇ ਰੁਝਾਨ ’ਚ ਸ਼ਾਮਲ ਹੋ ਰਹੇ ਹਨ। ਇਸ ਦੇ ਕਾਰਨ ਤਾਂ ਹੋਰ ਬਹੁਤ ਸਾਰੇ ਹੋ ਸਕਦੇ ਹਨ ਪਰ ਜਦੋਂ ਤੱਕ ਮਨੁੱਖ ਆਪਣੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਵਧਾਉਂਦਾ ਉਦੋਂ ਤੱਕ ਖ਼ੁਦਕੁਸ਼ੀਆਂ ਦੇ ਰਾਹ ਪੈਂਦਾ ਰਹੇਗਾ। ਜ਼ਿੰਦਗੀ ਦੇ ਉਤਾਰ ਚੜ੍ਹਾਅ ਨੂੰ ਸਹਿਜਤਾ ਨਾਲ ਲਿਆ ਜਾਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਮਨੁੱਖ ਦੂਜੇ ਸਫ਼ਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਜਲਦੀ ਉਨ੍ਹਾਂ ਵਾਂਗ ਸਫ਼ਲ ਹੋਣਾ ਲੋਚਦਾ ਹੈ ਪਰ ਉਨ੍ਹਾਂ ਲੋਕਾਂ ਦਾ ਸੰਘਰਸ਼, ਅਸਫ਼ਲਤਾ ਦੇ ਬਹੁਤ ਸਾਰੇ ਝਟਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਉਦਾਸੀ ਤੋਂ ਬਚਣ ਲਈ ਆਸਵੰਦ ਹੋਣਾ ਚਾਹੀਦਾ ਹੈ। ਆਸਵੰਦ ਹੋਣ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ ਹੈ; ਆਪਣੇ ਆਪ ਨੂੰ ਰੁੱਝੇ ਰੱਖਣਾ ਚਾਹੀਦਾ ਹੈ। ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ਼ ਜਿਊਣ ਦਾ ਨਾਂ ਨਹੀਂ ਸਗੋਂ ਹੰਢਾਉਣ ਦਾ ਨਾਮ ਹੈ।