- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਦਰਤ ਸਾਨੂੰ ਸਾਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੀ ਹੈ। ਜੰਗਲ ਵਿੱਚ ਇੱਕ ਨਿੱਕਾ ਜਿਹਾ ਜੰਗਲੀ ਫੁੱਲ ਖਿੜਦਾ ਹੈ, ਉਸਨੂੰ ਇਸ ਗੱਲ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਸਦੀ ਤਾਰੀਫ਼ ਕਰ ਰਿਹਾ ਹੈ ਜਾਂ ਨਹੀਂ, ਕੋਈ ਉਸਦੀ ਫੋਟੋ ਖਿੱਚ ਰਿਹਾ ਹੈ ਜਾਂ ਉਸ ਕੋਲੋਂ ਲੰਘ ਰਿਹਾ ਹੈ। ਉਹ ਆਪਣੀ ਪੂਰੀ ਮਸਤੀ ਵਿੱਚ ਮਹਿਕ ਵੰਡਦਾ ਹੈ ਅਤੇ ਸ਼ਾਮ ਨੂੰ ਚੁੱਪ-ਚਾਪ ਝੜ ਜਾਂਦਾ ਹੈ।

ਅਜੋਕੇ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਸਹਿਜਤਾ ਨਾਲ ਜਿਊਣਾ ਭੁੱਲ ਚੁੱਕੇ ਹਾਂ ਤੇ ਹਰ ਘੜੀ ਇਕ ਅਣਦੱਸੀ, ਬੇਮੁਹਾਰੀ ਦੌੜ ਦਾ ਸ਼ਿਕਾਰ ਹਾਂ। ਹਰ ਸ਼ਖ਼ਸ ਦੀ ਇਹ ਜ਼ਿੱਦ ਬਣ ਗਈ ਹੈ ਕਿ ਉਹ ਭੀੜ ’ਚੋਂ ਵੱਖਰਾ ਦਿਖੇ, ਲੋਕ ਉਸ ਵੱਲ ਉਂਗਲ ਕਰ ਕੇ ਵੇਖਣ ਅਤੇ ਉਸ ਨੂੰ ਕੋਈ ਗ਼ੈਰ-ਮਾਮੂਲੀ ਸ਼ਖ਼ਸੀਅਤ ਸਮਝਿਆ ਜਾਵੇ। ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਇਸੇ ਕੋਸ਼ਿਸ਼ ’ਚ ਖ਼ੁਦ ਨੂੰ ਥਕਾਉਂਦੇ ਰਹਿੰਦੇ ਹਾਂ ਕਿ ਆਪਣੀ ਹੋਂਦ ਨੂੰ ਦੂਜਿਆਂ ਅੱਗੇ ਕਿਵੇਂ ਵੱਡਾ, ਕਾਮਯਾਬ ਤੇ ਅਹਿਮ ਸਾਬਤ ਕਰੀਏ ਪਰ ਜ਼ਿੰਦਗੀ ਦੇ ਤਜਰਬੇ ਤੇ ਅਸਲੀਅਤ ਨੂੰ ਜਦੋਂ ਗਹੁ ਨਾਲ ਵਾਚੀਏ ਤਾਂ ਇਹ ਸੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਾਡੇ ਅੱਧੇ ਤੋਂ ਵੱਧ ਦੁੱਖ, ਚਿੰਤਾਵਾਂ ਤੇ ਅੰਦਰੂਨੀ ਬੇਚੈਨੀ ਸਿਰਫ਼ ਇਸੇ ਭੁਲੇਖੇ ਦੀ ਦੇਣ ਹਨ। ਜਿਸ ਪਲ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਇਸ ਵਿਸ਼ਾਲ ਕਾਇਨਾਤ ਦਾ ਇਕ ਬਹੁਤ ਹੀ ਸਧਾਰਨ ਤੇ ਆਮ ਜੀਵ ਹਾਂ, ਉਸੇ ਪਲ ਸਾਡੇ ਮਨ ਦੀਆਂ ਅਣਸੁਲਝੀਆਂ ਗੰਢਾਂ ਆਪਣੇ ਆਪ ਖੁੱਲ੍ਹਣ ਲੱਗ ਪੈਂਦੀਆਂ ਹਨ। ਉਦਾਹਰਨ ਵਜੋਂ, ਜਦੋਂ ਜੇਠ-ਹਾੜ੍ਹ ਦੇ ਮਹੀਨੇ ਅਸਮਾਨ ’ਚੋਂ ਅੱਗ ਵਰ੍ਹਦੀ ਹੈ, ਤਾਂ ਹਰ ਰਾਹੀ ਸੁੱਕੇ ਤੇ ਕੰਡਿਆਲੇ ਰੁੱਖਾਂ ਨੂੰ ਵੀ ਛੱਡ ਕੇ ਕਿਸੇ ਸੰਘਣੀ ਛਾਂ ਵਾਲੇ ਰੁੱਖ ਵੱਲ ਭੱਜਦਾ ਹੈ ਤੇ ਉਸ ਦੀ ਛਾਂ ਦੀ ਸ਼ਲਾਘਾ ਕਰਦਾ ਨਹੀਂ ਥੱਕਦਾ। ਜਦੋਂ ਤੱਕ ਤੁਹਾਡੇ ਕੋਲ ਕੋਈ ਅਹੁਦਾ ਹੈ, ਸਾਧਨ ਹਨ ਜਾਂ ਤੁਹਾਡੇ ਤੋਂ ਕਿਸੇ ਦਾ ਕੰਮ ਨਿਕਲਦਾ ਹੈ, ਲੋਕ ਤੁਹਾਨੂੰ ਸਿਰ-ਮੱਥੇ ਬਿਠਾਉਂਦੇ ਹਨ ਪਰ ਜਿਉਂ ਹੀ ਉਹ ਲੋੜ ਮੁੱਕ ਜਾਂਦੀ ਹੈ, ਤਿਉਂ ਹੀ ਸਦੀਵੀ ਪਿਆਰ ਦੇ ਦਾਅਵੇ ਪਲਾਂ ’ਚ ਹਵਾ ਹੋ ਜਾਂਦੇ ਹਨ। ਇਹ ਸੰਸਾਰ ਦਾ ਕੁਦਰਤੀ ਨਿਯਮ ਹੈ। ਅਸਲ ਦੁੱਖ ਉਦੋਂ ਜਨਮ ਲੈਂਦਾ ਹੈ ਜਦੋਂ ਅਸੀਂ ਇਹ ਭਰਮ ਪਾਲ ਕੇ ਬੈਠ ਜਾਂਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਦਾ ਧੁਰਾ ਹਾਂ।‘ਖ਼ਾਸ’ ਬਣ ਕੇ ਜਿਊਣਾ ਦਰਅਸਲ ਇਕ ਭਾਰੀ ਮਾਨਸਿਕ ਗੁਲਾਮੀ ਹੈ, ਜਿਸ ਦੀ ਕੀਮਤ ਅਸੀਂ ਆਪਣਾ ਅਸਲ ਸਕੂਨ ਗੁਆ ਕੇ ਚੁਕਾਉਂਦੇ ਹਾਂ। ਅੱਜ ਦੇ ਡਿਜੀਟਲ ਦੌਰ ਦੀ ਉਦਾਹਰਨ ਲਓ, ਸੋਸ਼ਲ ਮੀਡੀਆ ’ਤੇ ਲੋਕ ਖ਼ੁਦ ਨੂੰ ਸੁਖੀ ਤੇ ਖ਼ਾਸ ਦਿਖਾਉਣ ਲਈ ਕਿਸ ਹੱਦ ਤੱਕ ਜਾਂਦੇ ਹਨ। ਕੈਮਰੇ ਅੱਗੇ ਮੁਸਕਰਾਉਣ ਵਾਲਾ ਚਿਹਰਾ ਫੋਨ ਬੰਦ ਹੁੰਦਿਆਂ ਹੀ ਚਿੰਤਾਵਾਂ ਦੇ ਸਮੁੰਦਰ ’ਚ ਡੁੱਬ ਜਾਂਦਾ ਹੈ ਕਿ ਅਗਲੀ ਵਾਰ ਆਪਣੇ ਆਪ ਨੂੰ ਹੋਰ ਵੱਡਾ ਕਿਵੇਂ ਦਿਖਾਇਆ ਜਾਵੇ। ਇਹ ਦੌੜ ਸਾਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੰਦੀ ਹੈ। ਇਸ ਦੇ ਉਲਟ, ‘ਆਮ’ ਹੋ ਜਾਣ ’ਚ ਇਕ ਅਸੀਮ ਆਜ਼ਾਦੀ ਹੈ। ਇਕ ਆਮ ਇਨਸਾਨ ਨੂੰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਈ ਫ਼ਿਕਰ ਨਹੀਂ ਹੁੰਦੀ। ਉਹ ਪੁਰਾਣੇ ਕੁੜਤੇ-ਪਜਾਮੇ ’ਚ ਵੀ ਓਨਾ ਹੀ ਮਾਣ ਮਹਿਸੂਸ ਕਰਦਾ ਹੈ, ਜਿੰਨਾ ਕੋਈ ਸੂਟ-ਬੂਟ ’ਚ। ਉਹ ਕਿਸੇ ਢਾਬੇ ’ਤੇ ਬੈਠ ਕੇ ਕੁੱਲ੍ਹੜ ਵਾਲੀ ਚਾਹ ਦਾ ਆਨੰਦ ਵੀ ਪੂਰੀ ਮੌਜ ਨਾਲ ਲੈਂਦਾ ਹੈ, ਜਦਕਿ ‘ਖ਼ਾਸ’ ਬਣਨ ਦਾ ਭਾਰ ਚੁੱਕੀ ਫਿਰਦਾ ਬੰਦਾ ਪੰਜ ਤਾਰਾ ਹੋਟਲ ’ਚ ਬੈਠ ਕੇ ਵੀ ਸਿਰਫ਼ ਆਪਣੇ ਅਕਸ ਤੇ ਲੋਕਾਂ ਦੇ ਨਜ਼ਰੀਏ ਬਾਰੇ ਸੋਚ ਕੇ ਉਲਝਿਆ ਰਹਿੰਦਾ ਹੈ। ਕੁਦਰਤ ਸਾਨੂੰ ਸਾਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੀ ਹੈ। ਜੰਗਲ ਵਿੱਚ ਇੱਕ ਨਿੱਕਾ ਜਿਹਾ ਜੰਗਲੀ ਫੁੱਲ ਖਿੜਦਾ ਹੈ, ਉਸਨੂੰ ਇਸ ਗੱਲ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਸਦੀ ਤਾਰੀਫ਼ ਕਰ ਰਿਹਾ ਹੈ ਜਾਂ ਨਹੀਂ, ਕੋਈ ਉਸਦੀ ਫੋਟੋ ਖਿੱਚ ਰਿਹਾ ਹੈ ਜਾਂ ਉਸ ਕੋਲੋਂ ਲੰਘ ਰਿਹਾ ਹੈ। ਉਹ ਆਪਣੀ ਪੂਰੀ ਮਸਤੀ ਵਿੱਚ ਮਹਿਕ ਵੰਡਦਾ ਹੈ ਅਤੇ ਸ਼ਾਮ ਨੂੰ ਚੁੱਪ-ਚਾਪ ਝੜ ਜਾਂਦਾ ਹੈ। ਦਰਿਆ ਕਦੇ ਇਹ ਦਾਅਵਾ ਨਹੀਂ ਕਰਦਾ ਕਿ ਉਸਦਾ ਪਾਣੀ ਕਿੰਨਾ ਮਿੱਠਾ ਹੈ, ਉਹ ਬੱਸ ਆਪਣੀ ਮੌਜ ’ਚ ਚੱਲਦਾ ਰਹਿੰਦਾ ਹੈ ਤੇ ਤਿਹਾਇਆਂ ਦੀ ਪਿਆਸ ਬੁਝਾਉਂਦਾ ਹੈ ਪਰ ਇਨਸਾਨ ਥੋੜ੍ਹਾ ਜਿਹਾ ਕੁਝ ਹਾਸਲ ਕਰ ਕੇ ਹੀ ਆਪਣੇ ਆਪ ਨੂੰ ਅਜਿੱਤ ਤੇ ਖ਼ਾਸ ਸਮਝਣ ਲੱਗ ਪੈਂਦਾ ਹੈ। ਜਦੋਂ ਸਾਡੀ ਸੋਚ ਸਾਫ਼ ਤੇ ਸਰਲ ਹੁੰਦੀ ਹੈ, ਤਾਂ ਮਨ ’ਚੋਂ ਮੁਕਾਬਲੇਬਾਜ਼ੀ ਦੀ ਅੱਗ ਬੁੱਝ ਜਾਂਦੀ ਹੈ। ਫਿਰ ਗੁਆਂਢੀ ਦੀ ਨਵੀਂ ਕਾਰ ਵੇਖ ਕੇ ਛਾਤੀ ’ਤੇ ਸੱਪ ਨਹੀਂ ਲੇਟਦਾ, ਸਗੋਂ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਰੁੱਖਾਂ ਦੀਆਂ ਹਰੀਆਂ ਸ਼ਾਖ਼ਾਂ, ਸਵੇਰ ਵੇਲੇ ਪੰਛੀਆਂ ਦੀਆਂ ਚਹਿਕਾਂ ਤੇ ਬੱਚਿਆਂ ਦੇ ਹਾਸੇ ਹੀ ਜੱਗ ਜਿੱਤਣ ਵਰਗਾ ਸਕੂਨ ਦੇ ਦਿੰਦੇ ਹਨ। ਸਰਲ ਰਹਿਣਾ ਕੋਈ ਹਾਰ ਨਹੀਂ, ਸਗੋਂ ਇਹ ਆਪਣੇ ਆਪ ਨੂੰ ਮਾਨਸਿਕ ਜੰਗਾਂ ਤੋਂ ਬਚਾਉਣ ਦੀ ਸਭ ਤੋਂ ਵੱਡੀ ਜਿੱਤ ਹੈ। ਅਸੀਂ ਇਸ ਦੁਨੀਆ ਵਿੱਚ ਕੋਈ ਸਰਟੀਫਿਕੇਟ ਲੈਣ ਨਹੀਂ ਆਏ ਕਿ ਅਸੀਂ ਦੂਜਿਆਂ ਨਾਲੋਂ ਕਿੰਨੇ ਵਧੀਆ ਹਾਂ। ਇਹ ਜੀਵਨ ਇੱਕ ਸੀਮਤ ਸਮੇਂ ਦਾ ਸਫ਼ਰ ਹੈ, ਜਿਸ ’ਚ ਅੰਤ ਸਭ ਦਾ ਇੱਕੋ ਜਿਹਾ ਹੈ। ਚਾਹੇ ਕੋਈ ਮਹਿਲਾਂ ਦਾ ਮਾਲਕ ਹੋਵੇ ਜਾਂ ਕੱਚੀ ਢਾਰੀ ਦਾ ਬਾਸ਼ਿੰਦਾ, ਆਖ਼ਰਕਾਰ ਸਭ ਨੇ ਇਸੇ ਮਿੱਟੀ ਦੀ ਗੋਦ ’ਚ ਸਮਾ ਜਾਣਾ ਹੈ। ਇਸ ਲਈ ‘ਖ਼ਾਸ’ ਬਣਨ ਦਾ ਇਹ ਬੇਲੋੜਾ ਮੁਕਟ ਆਪਣੇ ਸਿਰ ਤੋਂ ਲਾਹ ਕੇ ਪਰ੍ਹਾਂ ਰੱਖ ਦਿਓ। ਖ਼ੁਦ ਨੂੰ ਆਮ ਮੰਨ ਲਓ, ਸਾਦਾ ਜੀਵਨ ਜੀਓ, ਸੱਚੇ ਮਨ ਨਾਲ ਲੋੜਵੰਦਾਂ ਦੇ ਕੰਮ ਆਓ ਅਤੇ ਹਰ ਪਲ ਦਾ ਦਿਲੋਂ ਆਨੰਦ ਮਾਣੋ। ਜਦੋਂ ਤੁਸੀਂ ਸਾਧਾਰਨ ਹੋ ਕੇ ਜਿਊਣਾ ਸਿੱਖ ਲੈਂਦੇ ਹੋ, ਤਾਂ ਜੋ ਸ਼ਾਂਤੀ ਅਤੇ ਸੰਤੁਸ਼ਟੀ ਤੁਸੀਂ ਸਾਰੀ ਦੁਨੀਆ ਵਿੱਚ ਭਾਲ ਰਹੇ ਸੀ, ਉਹ ਤੁਹਾਡੇ ਆਪਣੇ ਅੰਦਰੋਂ ਹੀ ਝਰਨੇ ਵਾਂਗ ਫੁੱਟ ਪੈਂਦੀ ਹੈ। ਆਮ ਬਣ ਕੇ ਜਿਊਣਾ ਹੀ ਇਸ ਦੁਨੀਆ ਵਿੱਚ ਸਭ ਤੋਂ ਵੱਡੀ ਬਾਦਸ਼ਾਹੀ ਹੈ।
-ਇੰਜ ਸੁਖਵੰਤ ਸਿੰਘ, ਸੰਪਰਕ : 94175-50795