- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਪਨ ਜੇਲ੍ਹ ਪ੍ਰਣਾਲੀ ਅਜਿਹਾ ਮਾਡਲ ਹੈ, ਜਿੱਥੇ ਕੈਦੀਆਂ ਨੂੰ ਉੱਚੀਆਂ ਦੀਵਾਰਾਂ, ਸ਼ਸਤਰਬੱਧ ਪੁਲਿਸ ਪਹਿਰੇ ਜਾਂ ਲੋਹੇ ਦੀਆਂ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ। ਇੱਥੇ ਭਰੋਸੇ, ਸਵੈ-ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਸਿਧਾਂਤ ’ਤੇ ਕੰਮ ਹੁੰਦਾ ਹੈ। ਨਾਭਾ ਸ਼ਹਿਰ ਇਤਿਹਾਸਕ ਤੌਰ ’ਤੇ ਰਿਆਸਤੀ ਦੌਰ ਤੋਂ ਹੀ ਅਹਿਮ ਰਿਹਾ ਹੈ।

ਪੰਡਿਤ ਭਰਤ ਵਿਆਸ ਦੇ ਲਿਖੇ ਤੇ ਲਤਾ ਮੰਗੇਸ਼ਕਰ ਦੇ ਗਾਏ ਬੋਲ ‘ਏ ਮਾਲਿਕ ਤੇਰੇ ਬੰਦੇ ਹਮ...’ ਅੱਜ ਵੀ ਜਦੋਂ ਕੰਨਾਂ ’ਚ ਪੈਂਦੇ ਹਨ ਤਾਂ ਮਨ ਅੰਦਰ ਅਜੀਬ ਜਿਹੀ ਸ਼ਾਂਤੀ ਤੇ ਰੂਹਾਨੀ ਸੰਵੇਦਨਾ ਜਗਦੀ ਹੈ। ਇਹ ਸਿਰਫ਼ ਇਕ ਧਾਰਮਿਕ ਜਾਂ ਪ੍ਰਾਰਥਨਾ ਗੀਤ ਨਹੀਂ ਹੈ ਸਗੋਂ ਇਹ ਮਨੁੱਖੀ ਮਨ ’ਚ ਛੁਪੀ ਸੁਧਾਰ ਦੀ ਉਸ ਚਿਣਗ਼ ਦਾ ਪ੍ਰਤੀਕ ਹੈ, ਜੋ ਗੁੰਮਰਾਹ ਹੋ ਚੁੱਕੇ ਇਨਸਾਨ ਨੂੰ ਵੀ ਮੁੜ ਚੰਗਿਆਈ ਦੇ ਰਾਹ ’ਤੇ ਲਿਆ ਸਕਦਾ ਹੈ। ਇਸ ਅਮਰ ਗੀਤ ਦੀਆਂ ਜੜ੍ਹਾਂ 1957 ਵਿਚ ਆਈ ਬਾਲੀਵੁੱਡ ਦੀ ਮਹਾਨ ਫਿਲਮ ‘ਦੋ ਆਂਖੇਂ ਬਾਰਾਂ ਹਾਥ’ ਨਾਲ ਜੁੜੀਆਂ ਹੋਈਆਂ ਹਨ। ਮਹਾਨ ਨਿਰਦੇਸ਼ਕ ਤੇ ਅਦਾਕਾਰ ਵੀ. ਸ਼ਾਂਤਾਰਾਮ ਦੀ ਇਹ ਫਿਲਮ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਮੀਲ ਦਾ ਪੱਥਰ ਮੰਨੀ ਜਾਂਦੀ ਹੈ। ਫਿਲਮ ਦੀ ਕਹਾਣੀ ਇਕ ਆਦਰਸ਼ਵਾਦੀ ਜੇਲ੍ਹ ਵਾਰਡਨ (ਜਿਸ ਦੀ ਭੂਮਿਕਾ ਵੀ. ਸ਼ਾਂਤਾਰਾਮ ਨੇ ਆਪ ਨਿਭਾਈ ਸੀ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਛੇ ਖੂੰਖਾਰ ਤੇ ਕਤਲ ਦੇ ਦੋਸ਼ੀ ਕੈਦੀਆਂ ਨੂੰ ਬੰਦ ਜੇਲ੍ਹ ਦੀਆਂ ਸੀਖਾਂ ਵਿੱਚੋਂ ਕੱਢ ਕੇ ਵੀਰਾਨ ਖੁੱਲ੍ਹੇ ਫਾਰਮ (ਓਪਨ ਜੇਲ੍ਹ) ਵਿਚ ਲੈ ਜਾਂਦਾ ਹੈ। ਉਸ ਦਾ ਮੰਨਣਾ ਸੀ ਕਿ ਹਰ ਅਪਰਾਧੀ ਅੰਦਰ ਇਕ ਇਨਸਾਨ ਹੁੰਦਾ ਹੈ, ਜਿਸ ਨੂੰ ਸਜ਼ਾ ਨਾਲ ਨਹੀਂ ਸਗੋਂ ਪਿਆਰ, ਵਿਸ਼ਵਾਸ, ਅਨੁਸ਼ਾਸਨ ਤੇ ਹੱਥੀਂ ਮਿਹਨਤ ਨਾਲ ਜਗਾਇਆ ਜਾ ਸਕਦਾ ਹੈ। ਫਿਲਮ ਵਿਚ ਸਖ਼ਤ ਮੁਸ਼ਕਲਾਂ, ਸ਼ੱਕ ਤੇ ਚੁਣੌਤੀਆਂ ਦੇ ਬਾਵਜੂਦ ਉਹ ਵਾਰਡਨ ਉਨ੍ਹਾਂ ਖੂੰਖਾਰ ਕੈਦੀਆਂ ਨੂੰ ਮਿਹਨਤੀ ਤੇ ਜ਼ਿੰਮੇਵਾਰ ਨਾਗਰਿਕ ਬਣਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ’ਚ ਕਾਮਯਾਬ ਹੁੰਦਾ ਹੈ।
ਪ੍ਰਸ਼ਾਸਨ ਤੇ ਸਮਾਜ ਵਿਗਿਆਨੀਆਂ ਨੂੰ ਕੀਤਾ ਪ੍ਰੇਰਿਤ
ਫਿਲਮ ‘ਦੋ ਆਂਖੇਂ ਬਾਰਾਂ ਹਾਥ’ ਨੇ ਦੁਨੀਆ ਨੂੰ ਦਿਖਾਇਆ ਸੀ ਕਿ ਜੇ ਅਪਰਾਧੀ ਨੂੰ ਬਦਲੇ ਦੀ ਭਾਵਨਾ ਨਾਲ ਸਜ਼ਾ ਦੇਣ ਦੀ ਬਜਾਏ ਭਰੋਸਾ ਦਿੱਤਾ ਜਾਵੇ ਤਾਂ ਇਕ ਵੱਡਾ ਪਰਿਵਰਤਨ ਸੰਭਵ ਹੈ। ਸਿਨੇਮਾ ਦੇ ਇਸ ਸੁਪਨੇ ਨੇ ਅਸਲ ਜ਼ਿੰਦਗੀ ’ਚ ਵੀ ਪ੍ਰਸ਼ਾਸਨ ਤੇ ਸਮਾਜ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ। ਇਸੇ ਫਿਲਮ ਦੀ ਤਰਜ਼ ’ਤੇ ਅਤੇ ਇਸ ਦੇ ਰਿਲੀਜ਼ ਹੋਣ ਤੋਂ ਕਰੀਬ 13 ਸਾਲ ਬਾਅਦ ਪੰਜਾਬ ਦੇ ਇਤਿਹਾਸਕ ਜ਼ਿਲ੍ਹੇ ਪਟਿਆਲਾ ਦੇ ਨਾਭਾ ਸ਼ਹਿਰ ’ਚ ਅਜਿਹਾ ਹੀ ਪ੍ਰਯੋਗ ਹਕੀਕਤ ਦੇ ਰੂਪ ਵਿਚ ਸਾਹਮਣੇ ਆਇਆ। 1970 ਦੇ ਦਹਾਕੇ ’ਚ ਪੰਜਾਬ ਪ੍ਰਸ਼ਾਸਨ ਨੇ ਨਾਭਾ ਵਿਖੇ ‘ਓਪਨ ਏਅਰ ਜੇਲ੍ਹ’ (ਖੁੱਲ੍ਹੀ ਖੇਤੀਬਾੜੀ ਜੇਲ੍ਹ) ਦੀ ਨੀਂਹ ਰੱਖੀ। ਇਹ ਕੋਈ ਕਲਪਨਾ ਨਹੀਂ ਸੀ ਸਗੋਂ ਫਿਲਮ ਦੀ ਤਰਜ਼ ’ਤੇ ਕੈਦੀਆਂ ਦੇ ਮਨਾਂ ਵਿੱਚੋਂ ਨਫ਼ਰਤ ਤੇ ਅਪਰਾਧ ਦੀ ਭਾਵਨਾ ਨੂੰ ਕੱਢ ਕੇ ਮਨੁੱਖੀ ਕਦਰਾਂ-ਕੀਮਤਾਂ ਤੇ ਹੱਥੀਂ ਕਿਰਤ ਕਰਨ ਦੀ ਰੂਹ ਫੂਕਣ ਦਾ ਜਿਉਂਦਾ-ਜਾਗਦਾ ਉਪਰਾਲਾ ਸੀ।
ਸਮੇਂ ਨਾਲ ਆਏ ਵੱਡੇ ਪਰਿਵਰਤਨ
ਭਾਰਤੀ ਦੰਡ ਪ੍ਰਣਾਲੀ ਤੇ ਜੇਲ੍ਹ ਪ੍ਰਸ਼ਾਸਨ ’ਚ ਸਮੇਂ ਦੇ ਨਾਲ-ਨਾਲ ਵੱਡੇ ਪਰਿਵਰਤਨ ਆਏ ਹਨ। ਪੁਰਾਣੇ ਸਮਿਆਂ ਵਿਚ ਜੇਲ੍ਹ ਨੂੰ ਸਿਰਫ਼ ਇਕ ਅਜਿਹੀ ਜਗ੍ਹਾ ਮੰਨਿਆ ਜਾਂਦਾ ਸੀ, ਜਿੱਥੇ ਅਪਰਾਧੀ ਨੂੰ ਸਜ਼ਾ ਦੇ ਕੇ ਉਸ ਤੋਂ ਬਦਲਾ ਲਿਆ ਜਾਂਦਾ ਸੀ ਜਾਂ ਉਸ ਨੂੰ ਸਮਾਜ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਰੱਖਿਆ ਜਾਂਦਾ ਸੀ। ਇਸ ਪੁਰਾਤਨ ਪ੍ਰਣਾਲੀ ਦਾ ਮੰਨਣਾ ਸੀ ਕਿ ਡਰ ਤੇ ਯਾਤਨਾ ਨਾਲ ਹੀ ਅਪਰਾਧ ਨੂੰ ਰੋਕਿਆ ਜਾ ਸਕਦਾ ਹੈ ਪਰ ਆਧੁਨਿਕ ਸੁਧਾਰਵਾਦੀ ਮਨੋਵਿਗਿਆਨ ਤੇ ਕਾਨੂੰਨ ਸਿਧਾਂਤ ਅਨੁਸਾਰ ਜੇਲ੍ਹ ਦਾ ਮੁੱਖ ਮਕਸਦ ‘ਬਦਲਾ’ ਨਹੀਂ ਸਗੋਂ ‘ਸੁਧਾਰ’ ਹੈ।
ਇਸੇ ਸੁਧਾਰਵਾਦੀ ਸੋਚ ਦੀ ਉੱਤਮ ਤੇ ਅਮਲੀ ਉਦਾਹਰਨ ਹੈ ਓਪਨ ਜੇਲ੍ਹ ਜਾਂ ਖੁੱਲ੍ਹੀ ਜੇਲ੍ਹ ਦਾ ਸੰਕਲਪ। ਪੰਜਾਬ ਦੇ ਇਤਿਹਾਸਕ ਸ਼ਹਿਰ ਨਾਭਾ (ਜ਼ਿਲ੍ਹਾ ਪਟਿਆਲਾ) ਵਿਚ ਸਥਿਤ ਨਾਭਾ ਓਪਨ ਜੇਲ੍ਹ, ਜਿਸ ਨੂੰ 'ਓਪਨ ਏਅਰ ਜੇਲ੍ਹ' ਜਾਂ 'ਖੇਤੀਬਾੜੀ ਜੇਲ੍ਹ' ਵੀ ਕਿਹਾ ਜਾਂਦਾ ਹੈ, ਸੂਬੇ ਦੇ ਜੇਲ੍ਹ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਅਜਿਹਾ ਅਨੋਖਾ ਸੁਧਾਰ ਘਰ ਹੈ। ਇਹ ਜੇਲ੍ਹ ਕੈਦੀਆਂ ਨੂੰ ਸਜ਼ਾ ਪੂਰੀ ਕਰਨ ਦੇ ਨਾਲ-ਨਾਲ ਬਿਹਤਰ ਮਨੁੱਖ ਬਣਾਉਣ ਤੇ ਸਮਾਜ ਦੀ ਮੁੱਖ ਧਾਰਾ ਨਾਲ ਦੁਬਾਰਾ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਓਪਨ ਜੇਲ੍ਹ ਦਾ ਸੰਕਲਪ ਤੇ ਨਾਭਾ ਜੇਲ੍ਹ ਦਾ ਇਤਿਹਾਸਕ ਪਿਛੋਕੜ
ਓਪਨ ਜੇਲ੍ਹ ਪ੍ਰਣਾਲੀ ਅਜਿਹਾ ਮਾਡਲ ਹੈ, ਜਿੱਥੇ ਕੈਦੀਆਂ ਨੂੰ ਉੱਚੀਆਂ ਦੀਵਾਰਾਂ, ਸ਼ਸਤਰਬੱਧ ਪੁਲਿਸ ਪਹਿਰੇ ਜਾਂ ਲੋਹੇ ਦੀਆਂ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ। ਇੱਥੇ ਭਰੋਸੇ, ਸਵੈ-ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਸਿਧਾਂਤ ’ਤੇ ਕੰਮ ਹੁੰਦਾ ਹੈ। ਨਾਭਾ ਸ਼ਹਿਰ ਇਤਿਹਾਸਕ ਤੌਰ ’ਤੇ ਰਿਆਸਤੀ ਦੌਰ ਤੋਂ ਹੀ ਅਹਿਮ ਰਿਹਾ ਹੈ। ਇੱਥੇ ਪ੍ਰਸ਼ਾਸਨਿਕ ਤੇ ਜੇਲ੍ਹ ਵਿਵਸਥਾ ਦੇ ਵੱਖ-ਵੱਖ ਢਾਂਚੇ ਵਿਕਸਤ ਕੀਤੇ ਗਏ ਹਨ। ਨਾਭਾ ਓਪਨ ਜੇਲ੍ਹ ਦੀ ਸਥਾਪਨਾ ਦਾ ਮੁੱਖ ਉਦੇਸ਼ ਉਨ੍ਹਾਂ ਕੈਦੀਆਂ ਨੂੰ ਆਜ਼ਾਦ ਤੇ ਅਨੁਸ਼ਾਸਿਤ ਵਾਤਾਵਰਣ ਦੇਣਾ ਸੀ, ਜਿਨ੍ਹਾਂ ਨੇ ਆਪਣੀ ਸਜ਼ਾ ਦਾ ਵੱਡਾ ਹਿੱਸਾ ਆਮ ਬੰਦ ਜੇਲ੍ਹਾਂ ਵਿਚ ਬਿਤਾ ਲਿਆ ਹੈ ਅਤੇ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਸ਼ਾਂਤ ਤੇ ਸੁਧਾਰਵਾਦੀ ਰਿਹਾ ਹੈ।
ਸਥਾਪਨਾ, ਜ਼ਮੀਨ ਤੇ ਵਿਕਾਸ ਦਾ ਲੇਖਾ-ਜੋਖਾ
ਨਾਭਾ ਦੀ ਖੁੱਲ੍ਹੀ ਖੇਤੀਬਾੜੀ ਜੇਲ੍ਹ ਬਣਾਉਣ ਦੀ ਪ੍ਰਕਿਰਿਆ 1970 ਵਿਚ ਸ਼ੁਰੂ ਹੋਈ ਸੀ, ਜਿਸ ਦਾ ਉਦਘਾਟਨ ਤੱਤਕਾਲੀ ਜੇਲ੍ਹ ਮੰਤਰੀ ਸਤਨਾਮ ਸਿੰਘ ਬਾਜਵਾ ਵੱਲੋਂ ਕੀਤਾ ਗਿਆ ਸੀ। ਇਹ ਜੇਲ੍ਹ ਪੂਰੀ ਤਰ੍ਹਾਂ 1976 ਵਿਚ ਚਾਲੂ ਹੋਈ। ਸ਼ੁਰੂਆਤੀ ਦੌਰ ’ਚ ਇਸ ਜੇਲ੍ਹ ਕੋਲ ਕਰੀਬ 900 ਕਿੱਲੇ ਜ਼ਮੀਨ ਦਾ ਵਿਸ਼ਾਲ ਰਕਬਾ ਸੀ। ਸਮੇਂ ਦੇ ਨਾਲ-ਨਾਲ ਸਰਕਾਰੀ ਲੋੜਾਂ ਅਨੁਸਾਰ ਇਸ ਜ਼ਮੀਨ ਦੀ ਵੰਡ ਵੱਖ-ਵੱਖ ਵਿਭਾਗਾਂ ’ਚ ਹੁੰਦੀ ਗਈ। ਕੁਝ ਜ਼ਮੀਨ ਬਿਜਲੀ ਮਹਿਕਮੇ ਨੇ ਗਰਿੱਡ ਲਗਾਉਣ, ਕੁਝ ਰਕਬਾ ਉਦਯੋਗਿਕ ਵਿਭਾਗ ਤੇ ਪੁੱਡਾ ਦੁਆਰਾ ਲਿਆ ਗਿਆ। 539 ਕਿੱਲੇ ਜ਼ਮੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਸੌਂਪ ਦਿੱਤੇ ਗਏ। ਕੁਝ ਜ਼ਮੀਨ ਗੈਸ ਪਲਾਂਟ ਦੀ ਸਥਾਪਨਾ ਲਈ ਵਰਤੀ ਗਈ। ਅੱਜ ਦੇ ਸਮੇਂ ’ਚ ਜੇਲ੍ਹ ਕੋਲ ਕਰੀਬ 70 ਕਿੱਲੇ ਜ਼ਮੀਨ ਬਚੀ ਹੈ, ਜਿਸ ਵਿੱਚੋਂ 60 ਕਿੱਲੇ ਰਕਬੇ ’ਚ ਖੇਤੀਬਾੜੀ ਹੁੰਦੀ ਹੈ।
ਰਹਿਣ ਦੀ ਵਿਵਸਥਾ
ਸ਼ੁਰੂਆਤੀ ਦੌਰ ਵਿੱਚ ਇਸ ਖੁੱਲ੍ਹੀ ਜੇਲ੍ਹ ’ਚ 200 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਸੀ। ਜਿਵੇਂ ਆਮ ਜ਼ਿਲ੍ਹਾ ਜੇਲ੍ਹਾਂ ਦੇ ਅੰਦਰ ਬਣੇ ਛੋਟੇ ਕਮਰਿਆਂ ਨੂੰ ‘ਚੱਕੀ’ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਇਸ ਖੇਤੀਬਾੜੀ ਓਪਨ ਜੇਲ੍ਹ ਵਿਚ ਕੈਦੀਆਂ ਦੇ ਰਹਿਣ ਵਾਲੇ ਕਮਰਿਆਂ/ਬੈਰਕਾਂ ਅੰਦਰ ਬਣੀਆਂ ਥਾਵਾਂ ਨੂੰ ‘ਖੱਡਾ’ ਕਿਹਾ ਜਾਂਦਾ ਹੈ। ਜੇਲ੍ਹ ਅੰਦਰ ਅਜਿਹੀਆਂ 200 ਖੱਡਾਂ ਬਣੀਆਂ ਹੋਈਆਂ ਸਨ। ਬਾਅਦ ਵਿਚ ਇਹ ਖੱਡਾਂ ਵਾਲਾ ਹਿੱਸਾ ਖੇਤੀਬਾੜੀ ਯੂਨੀਵਰਸਿਟੀ ਕੋਲ ਚਲੀ ਗਈ ਜ਼ਮੀਨ ਦੇ ਰਕਬੇ ’ਚ ਆ ਗਿਆ ਸੀ। ਜੇਲ੍ਹ ਦੀ ਸ਼ੁਰੂਆਤ ਦੇ ਸਮੇਂ ਇੱਥੇ ਇਕ ਸਰਕਾਰੀ ਡਾਇਰੀ ਫਾਰਮ ਅਤੇ ਮੱਛੀ ਫਾਰਮ ਵੀ ਹੁੰਦਾ ਸੀ। ਕੈਦੀਆਂ ਲਈ ਦੁੱਧ ਦੀ ਸਪਲਾਈ ਇਸੇ ਡਾਇਰੀ ਫਾਰਮ ਤੋਂ ਹੁੰਦੀ ਸੀ। ਜੋ ਦੁੱਧ ਬਚ ਜਾਂਦਾ ਸੀ, ਉਸ ਨੂੰ ਨਾਭਾ ਵਿਖੇ ਸਥਿਤ ਮਸ਼ਹੂਰ ਐੱਚਐੱਮਐੱਮ ਦੁੱਧ ਵਾਲੀ ਫੈਕਟਰੀ, ਜਿਸ ਨੂੰ ਅੱਜ ਯੂਨੀਲੀਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਚ ਵੇਚਣ ਲਈ ਭੇਜਿਆ ਜਾਂਦਾ ਸੀ।
60 ਕਿੱਲੇ ’ਚ ਕੀਤੀ ਜਾਂਦੀ ਕਣਕ ਤੇ ਜੀਰੀ ਦੀ ਖੇਤੀ
ਅੱਜ ਵੀ ਕੈਦੀਆਂ ਦੁਆਰਾ 60 ਕਿੱਲੇ ਜ਼ਮੀਨ ਵਿੱਚ ਕਣਕ, ਜੀਰੀ ਅਤੇ ਪਸ਼ੂਆਂ ਲਈ ਹਰਾ ਚਾਰਾ ਬੜੇ ਉਤਸ਼ਾਹ ਨਾਲ ਬੀਜਿਆ ਜਾਂਦਾ ਹੈ। ਇੱਥੇ ਪੈਦਾ ਹੁੰਦਾ ਹਰਾ ਚਾਰਾ ਪਟਿਆਲਾ ਸਥਿਤ ਪਸ਼ੂ ਪਾਲਣ ਵਿਭਾਗ ਨੂੰ ਭੇਜਿਆ ਜਾਂਦਾ ਹੈ। ਕਣਕ ਤੇ ਜੀਰੀ ਦੀ ਫ਼ਸਲ ਮੰਡੀ ਵਿਚ ਕੋ-ਆਪਰੇਟਿਵ ਮਹਿਕਮੇ (ਸਹਿਕਾਰੀ ਸਭਾਵਾਂ) ਰਾਹੀਂ ਵੇਚੀ ਜਾਂਦੀ ਹੈ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਸਿੱਧੀ ਸਰਕਾਰੀ ਖਾਤੇ ਵਿਚ ਜਮ੍ਹਾ ਹੁੰਦੀ ਹੈ। ਇਸ ਤੋਂ ਇਲਾਵਾ ਕੈਦੀਆਂ ਦੀ ਰੋਜ਼ਾਨਾ ਖ਼ੁਰਾਕ ਦੀ ਲੋੜ ਅਨੁਸਾਰ ਤਾਜ਼ੀਆਂ ਸਬਜ਼ੀਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ, ਜੋ ਸਿਰਫ਼ ਇੱਥੇ ਰਹਿੰਦੇ ਕੈਦੀਆਂ ਦੇ ਖਾਣ ਲਈ ਵਰਤੀ ਜਾਂਦੀ ਹੈ।
ਹੋਰ ਜੇਲ੍ਹਾਂ ਨਾਲੋਂ ਵੱਖਰਤਾ
ਅਕਸਰ ਆਮ ਲੋਕਾਂ ’ਚ ਨਾਭਾ ਦੀਆਂ ਜੇਲ੍ਹਾਂ ਨੂੰ ਲੈ ਕੇ ਭੁਲੇਖਾ ਪੈ ਜਾਂਦਾ ਹੈ। ਨਾਭਾ ਵਿਚ ਤਿੰਨ ਵੱਖ-ਵੱਖ ਤਰ੍ਹਾਂ ਦੀਆਂ ਜੇਲ੍ਹਾਂ ਦਾ ਜ਼ਿਕਰ ਮਿਲਦਾ ਹੈ। ਮੈਕਸੀਮਮ ਸੁਰੱਖਿਆ ਜੇਲ੍ਹ ਉਹ ਜੇਲ੍ਹ ਹੈ, ਜਿੱਥੇ ਖ਼ਤਰਨਾਕ, ਦੇਸ਼-ਵਿਰੋਧੀ ਜਾਂ ਵੱਡੇ ਗੈਂਗਸਟਰਾਂ ਨੂੰ ਸਖ਼ਤ ਪਹਿਰੇ ਹੇਠ ਰੱਖਿਆ ਜਾਂਦਾ ਹੈ। (2016 ਦਾ ਚਰਚਿਤ 'ਨਾਭਾ ਜੇਲ੍ਹ ਬ੍ਰੇਕ' ਕਾਂਡ ਇਸੇ ਹਾਈ ਸਕਿਓਰਿਟੀ ਜੇਲ੍ਹ ਨਾਲ ਸਬੰਧਤ ਸੀ, ਨਾ ਕਿ ਓਪਨ ਜੇਲ੍ਹ ਨਾਲ)। ਜ਼ਿਲ੍ਹਾ ਜੇਲ੍ਹ/ਸੁਧਾਰ ਘਰ ਜਿੱਥੇ ਆਮ ਹਵਾਲਾਤੀ ਤੇ ਸਜ਼ਾਯਾਫ਼ਤਾ ਕੈਦੀ ਰੱਖੇ ਜਾਂਦੇ ਹਨ। ਓਪਨ ਏਅਰ ਜੇਲ੍ਹ ਇਹ ਉਹ ਥਾਂ ਹੈ, ਜਿੱਥੇ ਕੋਈ ਉੱਚੀ ਦੀਵਾਰ ਜਾਂ ਹਥਿਆਰਬੰਦ ਗਾਰਡਾਂ ਦੀ ਸਖ਼ਤ ਪਾਬੰਦੀ ਨਹੀਂ ਹੁੰਦੀ। ਇੱਥੇ ਖੁੱਲ੍ਹੇ ਵਾਤਾਵਰਣ ਵਿਚ ਕੈਦੀ ਖੇਤੀਬਾੜੀ ਤੇ ਹੋਰ ਰੁਜ਼ਗਾਰ ਨਾਲ ਜੁੜੇ ਕੰਮ ਕਰਦੇ ਹਨ।
ਕੈਦੀਆਂ ਦੀ ਚੋਣ ਦੇ ਨਿਯਮ
ਨਾਭਾ ਓਪਨ ਜੇਲ੍ਹ ਵਿਚ ਹਰੇਕ ਅਪਰਾਧੀ ਨੂੰ ਨਹੀਂ ਭੇਜਿਆ ਜਾ ਸਕਦਾ। ਕਿਸੇ ਕੈਦੀ ਨੂੰ ਇੱਥੇ ਤਬਦੀਲ ਕਰਨ ਲਈ ਇਕ ਬਹੁਤ ਹੀ ਸਖ਼ਤ, ਨਿਯਮਿਤ ਤੇ ਪਾਰਦਰਸ਼ੀ ਪ੍ਰਕਿਰਿਆ ਹੁੰਦੀ ਹੈ। ਕੈਦੀ ਦਾ ਪੁਰਾਣੀ ਬੰਦ ਜੇਲ੍ਹ (ਜਿਵੇਂ ਪਟਿਆਲਾ ਕੇਂਦਰੀ ਜੇਲ੍ਹ ਜਾਂ ਹੋਰ ਜੇਲ੍ਹਾਂ) ਵਿਚ ਅਨੁਸ਼ਾਸਨੀ ਰਿਕਾਰਡ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ। ਆਮ ਤੌਰ ’ਤੇ ਉਮਰ ਕੈਦ ਜਾਂ ਲੰਮੀ ਸਜ਼ਾ ਕੱਟ ਰਹੇ ਕੈਦੀ, ਜਿਨ੍ਹਾਂ ਨੇ ਆਪਣੀ ਸਜ਼ਾ ਦੇ 5 ਤੋਂ 7 ਸਾਲ (ਜਾਂ ਨਿਯਮਾਂ ਅਨੁਸਾਰ ਮਿਥਿਆ ਸਮਾਂ) ਸ਼ਾਂਤੀਪੂਰਵਕ ਅਤੇ ਬਿਨਾਂ ਕਿਸੇ ਉਲੰਘਣਾ ਦੇ ਬਿਤਾ ਲਏ ਹੋਣ, ਉਨ੍ਹਾਂ ’ਤੇ ਹੀ ਵਿਚਾਰ ਕੀਤਾ ਜਾਂਦਾ ਹੈ। ਨਸ਼ਾ ਤਸਕਰੀ (ਐਨਡੀਪੀਐੱਸ), ਜਬਰ-ਜਨਾਹ, ਦੇਸ਼ ਧ੍ਰੋਹ, ਅੱਤਵਾਦੀ ਗਤੀਵਿਧੀਆਂ ਜਾਂ ਗੈਂਗਸਟਰ ਕਲਚਰ ਨਾਲ ਜੁੜੇ ਕੈਦੀਆਂ ਨੂੰ ਓਪਨ ਜੇਲ੍ਹ ਵਿਚ ਭੇਜਣ ਦੀ ਮਨਾਹੀ ਹੁੰਦੀ ਹੈ। ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਕਮੇਟੀ ਕੈਦੀ ਦੇ ਮਾਨਸਿਕ ਸੰਤੁਲਨ, ਪਰਿਵਾਰਕ ਪਿਛੋਕੜ, ਸਮਾਜਿਕ ਵਿਵਹਾਰ ਤੇ ਸੁਧਾਰ ਦੀ ਗੁੰਜਾਇਸ਼ ਦਾ ਗੰਭੀਰਤਾ ਨਾਲ ਮੁਲਾਂਕਣ ਕਰਦੀ ਹੈ। ਇਸ ਤੋਂ ਬਾਅਦ ਹੀ ਉਸ ਨੂੰ ਓਪਨ ਜੇਲ੍ਹ ਵਿਚ ਭੇਜਣ ਦਾ ਫ਼ੈਸਲਾ ਲਿਆ ਜਾਂਦਾ ਹੈ।
ਰਹਿਣ-ਸਹਿਣ ਤੇ ਰੋਜ਼ਾਨਾ ਦੀ ਜ਼ਿੰਮੇਵਾਰੀ
ਓਪਨ ਜੇਲ੍ਹ ਵਿਚ ਰਹਿੰਦੇ ਕੈਦੀਆਂ ਦਾ ਜੀਵਨ ਆਮ ਨਾਗਰਿਕ ਵਰਗਾ ਹੁੰਦਾ ਹੈ ਪਰ ਇਕ ਨਿਯਮਿਤ ਅਨੁਸ਼ਾਸਿਤ ਦਾਇਰੇ ਦੇ ਅੰਦਰ। ਕੈਦੀ ਲੋਹੇ ਦੀਆਂ ਸੀਖਾਂ ਵਾਲੀਆਂ ਬੈਰਕਾਂ ਦੀ ਬਜਾਏ ਆਮ ਕਮਰੇਨੁਮਾ ਮਾਹੌਲ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਵਿਹੜੇ ਦੇ ਅੰਦਰ ਘੁੰਮਣ-ਫਿਰਨ ਅਤੇ ਖੁੱਲ੍ਹੀ ਹਵਾ ਵਿਚ ਸਾਹ ਲੈਣ ਦੀ ਪੂਰੀ ਆਜ਼ਾਦੀ ਹੁੰਦੀ ਹੈ। ਇੱਥੇ ਹਰ ਵੇਲੇ ਪੁਲਿਸ ਵਾਲੇ ਸਿਰ ’ਤੇ ਨਹੀਂ ਖੜ੍ਹੇ ਹੁੰਦੇ। ਕੈਦੀਆਂ ਦੀ ਗਿਣਤੀ ਦਿਨ ਵਿਚ ਸਿਰਫ਼ ਇਕ-ਦੋ ਵਾਰ ਹੀ ਹੁੰਦੀ ਹੈ। ਬਾਕੀ ਸਮਾਂ ਉਹ ਖੇਤਾਂ ਵਿਚ ਕੰਮ ਕਰਨ, ਫ਼ਸਲਾਂ ਦੀ ਦੇਖਭਾਲ ਕਰਨ ਜਾਂ ਹੋਰ ਰੁਜ਼ਗਾਰਮੁਖੀ ਕੰਮਾਂ ਵਿਚ ਮਸਰੂਫ਼ ਰਹਿੰਦੇ ਹਨ। ਆਮ ਜੇਲ੍ਹਾਂ ਦੀ ਤੁਲਨਾ ’ਚ ਇੱਥੇ ਪਰਿਵਾਰਕ ਮੈਂਬਰਾਂ ਨਾਲ ਮਿਲਣ (ਮੁਲਾਕਾਤ) ਦੇ ਨਿਯਮ ਥੋੜ੍ਹੇ ਨਰਮ ਹੁੰਦੇ ਹਨ।
ਸੁਧਾਰਵਾਦੀ ਚਿਹਰੇ ਦੀ ਉੱਤਮ ਮਿਸਾਲ
ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਦਮਨਜੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਬੰਦ ਜੇਲ੍ਹਾਂ ਵਿਚ ਲੰਮਾ ਸਮਾਂ ਰਹਿਣ ਨਾਲ ਕੈਦੀ ਡਿਪਰੈਸ਼ਨ ਤੇ ਹਿੰਸਕ ਪ੍ਰਵਿਰਤੀ ਦਾ ਸ਼ਿਕਾਰ ਹੋ ਜਾਂਦੇ ਹਨ। ਖੁੱਲ੍ਹੇ ਵਾਤਾਵਰਣ ’ਚ ਰਹਿਣ ਨਾਲ ਉਨ੍ਹਾਂ ਦਾ ਮਾਨਸਿਕ ਤਣਾਅ ਘਟਦਾ ਹੈ। ਜਦੋਂ ਕੈਦੀ ਰਿਹਾਅ ਹੋ ਕੇ ਬਾਹਰ ਜਾਂਦਾ ਹੈ ਤਾਂ ਉਸ ਕੋਲ ਖੇਤੀਬਾੜੀ ਜਾਂ ਹੋਰ ਕੰਮਾਂ ਦਾ ਤਜਰਬਾ ਹੁੰਦਾ ਹੈ, ਜਿਸ ਨਾਲ ਉਹ ਸਮਾਜ ਵਿਚ ਦੁਬਾਰਾ ਕੋਈ ਅਪਰਾਧ ਕਰਨ ਦੀ ਬਜਾਏ ਇੱਜ਼ਤ ਦੀ ਰੋਟੀ ਕਮਾ ਸਕਦਾ ਹੈ। ਨਾਭਾ ਓਪਨ ਜੇਲ੍ਹ ਭਾਰਤੀ ਜੇਲ੍ਹ ਪ੍ਰਣਾਲੀ ਦੇ ਸੁਧਾਰਵਾਦੀ ਚਿਹਰੇ ਦੀ ਉੱਤਮ ਮਿਸਾਲ ਹੈ। ਇਹ ਸੰਸਥਾ ਸਾਬਿਤ ਕਰਦੀ ਹੈ ਕਿ ਜੇ ਅਪਰਾਧੀ ਨੂੰ ਸਜ਼ਾ ਦੇ ਨਾਲ-ਨਾਲ ਭਰੋਸਾ, ਇੱਜ਼ਤ ਤੇ ਕੰਮ ਦਿੱਤਾ ਜਾਵੇ ਤਾਂ ਉਹ ਇਕ ਬਿਹਤਰ ਨਾਗਰਿਕ ਬਣ ਸਕਦਾ ਹੈ। ਮਹਾਤਮਾ ਗਾਂਧੀ ਦੇ ਕਥਨ ‘ਅਪਰਾਧ ਨਾਲ ਨਫ਼ਰਤ ਕਰੋ, ਅਪਰਾਧੀ ਨਾਲ ਨਹੀਂ’ ਨੂੰ ਨਾਭਾ ਓਪਨ ਜੇਲ੍ਹ ਸਹੀ ਮਾਅਨਿਆਂ ਵਿਚ ਅਮਲੀ ਰੂਪ ਦਿੰਦੀ ਹੈ।
- ਨਵਦੀਪ ਢੀਂਗਰਾ