- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਿਰਫ਼ ਕਲਪਨਾ ਨਹੀਂ, ਸਗੋਂ ਮਨੁੱਖ ਅਤੇ ਕੁਦਰਤ ਵਿਚਕਾਰ ਉਸ ਅਟੁੱਟ ਰਿਸ਼ਤੇ ਦੀ ਨਿਸ਼ਾਨੀ ਹੈ ਜਿਸ ਨੂੰ ਪੰਜਾਬੀ ਲੋਕਧਾਰਾ ਨੇ ਸਦੀਆਂ ਤੱਕ ਸਾਂਭਿਆ ਹੈ। ਅੱਜ ਵਿਗਿਆਨ ਚੰਦਰਮਾ ਦੀ ਮਿੱਟੀ ਦੀ ਪਰਖ ਕਰ ਰਿਹਾ ਹੈ, ਉਸ ਦੇ ਸਰੋਤਾਂ ਦਾ ਅਧਿਐਨ ਕਰ ਰਿਹਾ ਹੈ ਅਤੇ ਭਵਿੱਖ ਦੀਆਂ ਪੁਲਾੜ ਯਾਤਰਾਵਾਂ ਦੀ ਵਿਉਂਤ ਬਣਾ ਰਿਹਾ ਹੈ, ਪਰ ਮਨੁੱਖ ਦਾ ਦਿਲ ਅੱਜ ਵੀ ਚੰਨ ਨੂੰ ਉਸੇ ਮੋਹ ਨਾਲ ਵੇਖਦਾ ਹੈ ਜਿਵੇਂ ਸਦੀਆਂ ਪਹਿਲਾਂ ਵੇਖਦਾ ਸੀ।

ਜੇ ਧਰਤੀ ਮਨੁੱਖ ਦਾ ਘਰ ਹੈ ਤਾਂ ਚੰਨ ਉਸ ਦਾ ਪੁਰਾਣਾ ਗੁਆਂਢੀ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਨੇ ਰਾਤ ਦੇ ਅਸਮਾਨ ਵੱਲ ਵੇਖ ਕੇ ਸਭ ਤੋਂ ਪਹਿਲਾਂ ਜਿਸ ਆਕਾਸ਼ੀ ਪਿੰਡ ਨਾਲ ਆਪਣਾ ਭਾਵਨਾਤਮਕ ਰਿਸ਼ਤਾ ਜੋੜਿਆ, ਉਹ ਚੰਦਰਮਾ ਹੀ ਸੀ। ਕਦੇ ਉਸ ਨੂੰ ਦੇਵਤਾ ਮੰਨਿਆ ਗਿਆ, ਕਦੇ ਪ੍ਰੇਮੀ ਦਾ ਚਿਹਰਾ, ਕਦੇ ਮਾਂ ਦੀ ਲੋਰੀ ਦਾ ਸਾਥੀ ਅਤੇ ਅੱਜ ਉਹੀ ਚੰਨ ਵਿਗਿਆਨੀਆਂ ਦੀ ਪ੍ਰਯੋਗਸ਼ਾਲਾ ਅਤੇ ਮਨੁੱਖੀ ਖੋਜ ਦਾ ਇਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਇਸੇ ਇਤਿਹਾਸਕ ਅਤੇ ਵਿਗਿਆਨਕ ਮਹੱਤਤਾ ਨੂੰ ਸਨਮਾਨ ਦੇਣ ਲਈ ਹਰ ਸਾਲ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2021 ਵਿੱਚ ਇਸ ਦਿਵਸ ਨੂੰ ਅਧਿਕਾਰਤ ਮਾਨਤਾ ਦਿੱਤੀ। ਇਹ ਦਿਨ ਸਿਰਫ਼ 20 ਜੁਲਾਈ 1969 ਨੂੰ ਅਪੋਲੋ-11 ਮਿਸ਼ਨ ਰਾਹੀਂ ਮਨੁੱਖ ਦੇ ਪਹਿਲੀ ਵਾਰ ਚੰਦਰਮਾ 'ਤੇ ਕਦਮ ਰੱਖਣ ਦੀ ਯਾਦ ਨਹੀਂ, ਸਗੋਂ ਉਸ ਵਿਗਿਆਨਕ ਜਿਗਿਆਸਾ ਅਤੇ ਮਨੁੱਖੀ ਹਿੰਮਤ ਦਾ ਸਨਮਾਨ ਵੀ ਹੈ ਜਿਸ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ। ਚੰਦਰਯਾਨ-1 ਨੇ ਚੰਦਰਮਾ 'ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦੇ ਮਹੱਤਵਪੂਰਨ ਸਬੂਤ ਦਿੱਤੇ, ਜਿਸ ਨੇ ਸੰਸਾਰ ਭਰ ਦੇ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਚੰਦਰਯਾਨ-2 ਦਾ ਆਰਬਿਟਰ ਅੱਜ ਵੀ ਮਹੱਤਵਪੂਰਨ ਵਿਗਿਆਨਕ ਜਾਣਕਾਰੀਆਂ ਭੇਜ ਰਿਹਾ ਹੈ, ਜਦਕਿ ਚੰਦਰਯਾਨ-3 ਨੇ ਦੱਖਣੀ ਧਰੁਵ ਦੇ ਨੇੜੇ ਸਫ਼ਲ ਸਾਫ਼ਟ ਲੈਂਡਿੰਗ ਕਰਕੇ ਭਾਰਤ ਨੂੰ ਉਨ੍ਹਾਂ ਚੁਣਿੰਦੇ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਜਿਨ੍ਹਾਂ ਨੇ ਇਹ ਵਿਲੱਖਣ ਉਪਲਬਧੀ ਹਾਸਲ ਕੀਤੀ ਹੈ। ਅੱਜ ਅਮਰੀਕਾ ਦੇ ਆਰਟੇਮਿਸ ਪ੍ਰੋਗਰਾਮ ਸਮੇਤ ਕਈ ਦੇਸ਼ਾਂ ਦੀਆਂ ਭਵਿੱਖੀ ਯੋਜਨਾਵਾਂ ਇਸ ਗੱਲ ਦਾ ਸੰਕੇਤ ਦਿੰਦੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਚੰਦਰਮਾ ਸਿਰਫ਼ ਖੋਜ ਦਾ ਵਿਸ਼ਾ ਹੀ ਨਹੀਂ ਰਹੇਗਾ, ਸਗੋਂ ਮਨੁੱਖੀ ਮੌਜੂਦਗੀ ਅਤੇ ਪੁਲਾੜ ਖੋਜ ਦਾ ਇੱਕ ਨਵਾਂ ਕੇਂਦਰ ਵੀ ਬਣ ਸਕਦਾ ਹੈ। ਪੰਜਾਬੀ ਮਨ ਦਾ ਚੰਨ ਤਾਂ ਵਿਗਿਆਨ ਤੋਂ ਕਈ ਸਦੀਆਂ ਪਹਿਲਾਂ ਹੀ ਲੋਕ-ਚੇਤਨਾ ਵਿੱਚ ਵੱਸ ਚੁੱਕਾ ਸੀ। ਪੰਜਾਬੀ ਲੋਕ-ਗੀਤਾਂ, ਟੱਪਿਆਂ, ਮਾਹੀਆਂ, ਬੋਲੀਆਂ, ਸੁਹਾਗਾਂ ਅਤੇ ਲੋਰੀਆਂ ਵਿੱਚ ਚੰਨ ਸਿਰਫ਼ ਇੱਕ ਆਕਾਸ਼ੀ ਪਿੰਡ ਨਹੀਂ, ਸਗੋਂ ਤਾਂਘਾਂ, ਵਲਵਲਿਆਂ ਅਤੇ ਮੋਹ ਦੀ ਬੋਲੀ ਹੈ। ਸਾਡੀ ਲੋਕਧਾਰਾ ਵਿੱਚ ਚੰਨ ਨਾਲ ਗੱਲਾਂ ਕਰਨ ਦੀ ਰੀਤ ਬਹੁਤ ਪੁਰਾਣੀ ਹੈ। ਲੋਕ-ਗੀਤਾਂ ਵਿੱਚ ਚੰਨ ਨੂੰ ਆਪਣੇ ਦੁੱਖ-ਸੁੱਖ ਦਾ ਸਾਥੀ ਬਣਾਇਆ ਗਿਆ ਹੈ: "ਚੜ੍ਹ-ਚੜ੍ਹ ਚੰਦਾ ਸੋਹਣਿਆ, ਤੂੰ ਕਰ ਰੁਸ਼ਨਾਈਆਂ ਓਏ।" ਵਿਛੋੜੇ ਦੀ ਅੱਗ ਵਿੱਚ ਸੜਦੀ ਮੁਟਿਆਰ ਚੰਨ ਨੂੰ ਆਪਣਾ ਹਮਰਾਜ਼ ਬਣਾਉਂਦੀ ਹੈ: ‘ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ’ ਪ੍ਰੇਮ ਵਿੱਚ ਡੁੱਬਿਆ ਮਨ ਚਾਨਣੀ ਰਾਤ ਨੂੰ ਆਪਣੇ ਸੱਜਣ ਦੀ ਯਾਦ ਨਾਲ ਜੋੜ ਲੈਂਦਾ ਹੈ, ਤਾਂ ਕਦੇ ਚਾਨਣੀ ਰਾਤ ਇਕੱਲੇ ਰਾਹੀ ਦਾ ਹੌਸਲਾ ਬਣ ਜਾਂਦੀ ਹੈ। ਇੱਥੇ ਚੰਨ ਕਦੇ ਮਿਲਾਪ ਦੀ ਆਸ ਹੈ, ਕਦੇ ਵਿਛੋੜੇ ਦਾ ਸਾਕੀ ਅਤੇ ਕਦੇ ਪ੍ਰੇਮ ਦਾ ਨਿਸ਼ਬਦ ਗਵਾਹ। ਕਿਸਾਨ ਖੇਤਾਂ ਦੀਆਂ ਵੱਟਾਂ ਉੱਤੇ ਚਾਨਣੀ ਦਾ ਆਸਰਾ ਲੈ ਕੇ ਤੁਰਦੇ ਅਤੇ ਪਿੰਡ ਦੀ ਜ਼ਿੰਦਗੀ ਚੰਨ ਦੀ ਠੰਢੀ ਚਾਨਣੀ ਨਾਲ ਸਾਹ ਲੈਂਦੀ ਸੀ। ਇਸੇ ਲਈ ਚੰਨ ਪੰਜਾਬੀ ਲੋਕ-ਮਨ ਲਈ ਸਿਰਫ਼ ਅਸਮਾਨ ਦਾ ਤਾਰਾ ਨਹੀਂ, ਸਗੋਂ ਜੀਵਨ ਦਾ ਸਾਥੀ ਰਿਹਾ ਹੈ। ਪੰਜਾਬੀ ਸਮਾਜ ਵਿੱਚ ਖ਼ੁਸ਼ੀ ਦੇ ਮੌਕਿਆਂ 'ਤੇ ਵੀ ਚੰਨ ਦੀ ਉਪਮਾ ਦਿੱਤੀ ਜਾਂਦੀ ਹੈ। ਪੁੱਤਰ ਦੇ ਜਨਮ ਦੀ ਖ਼ੁਸ਼ੀ ਹੋਵੇ ਜਾਂ ਧੀ ਦੀ ਸੋਹਣੀ ਸੂਰਤ, ਲੋਕ-ਬੋਲੀ ਵਿੱਚ ਚੰਨ ਹੀ ਸਭ ਤੋਂ ਵੱਡੀ ਉਪਮਾ ਬਣਦਾ ਹੈ: "ਵੀਰ ਘਰ ਪੁੱਤ ਜੰਮਿਆ, ਚੰਨ ਚੜ੍ਹਿਆ ਬਾਪ ਦੇ ਵਿਹੜੇ।" ਮਾਂ ਜਦੋਂ ਬੱਚੇ ਨੂੰ ਲੋਰੀ ਸੁਣਾਉਂਦੀ ਹੈ ਤਾਂ ਉਹ ਚੰਨ ਨੂੰ 'ਚੰਦਾ ਮਾਮਾ' ਆਖ ਕੇ ਬੁਲਾਉਂਦੀ ਹੈ। ਬੱਚੇ ਨੂੰ ਰੋਟੀ ਖੁਆਉਂਦੀ ਮਾਂ ਦੀ ਉਂਗਲ ਅੱਜ ਵੀ ਚੰਨ ਵੱਲ ਹੀ ਉੱਠਦੀ ਹੈ। ਇਹ ਸਿਰਫ਼ ਕਲਪਨਾ ਨਹੀਂ, ਸਗੋਂ ਮਨੁੱਖ ਅਤੇ ਕੁਦਰਤ ਵਿਚਕਾਰ ਉਸ ਅਟੁੱਟ ਰਿਸ਼ਤੇ ਦੀ ਨਿਸ਼ਾਨੀ ਹੈ ਜਿਸ ਨੂੰ ਪੰਜਾਬੀ ਲੋਕਧਾਰਾ ਨੇ ਸਦੀਆਂ ਤੱਕ ਸਾਂਭਿਆ ਹੈ। ਅੱਜ ਵਿਗਿਆਨ ਚੰਦਰਮਾ ਦੀ ਮਿੱਟੀ ਦੀ ਪਰਖ ਕਰ ਰਿਹਾ ਹੈ, ਉਸ ਦੇ ਸਰੋਤਾਂ ਦਾ ਅਧਿਐਨ ਕਰ ਰਿਹਾ ਹੈ ਅਤੇ ਭਵਿੱਖ ਦੀਆਂ ਪੁਲਾੜ ਯਾਤਰਾਵਾਂ ਦੀ ਵਿਉਂਤ ਬਣਾ ਰਿਹਾ ਹੈ, ਪਰ ਮਨੁੱਖ ਦਾ ਦਿਲ ਅੱਜ ਵੀ ਚੰਨ ਨੂੰ ਉਸੇ ਮੋਹ ਨਾਲ ਵੇਖਦਾ ਹੈ ਜਿਵੇਂ ਸਦੀਆਂ ਪਹਿਲਾਂ ਵੇਖਦਾ ਸੀ। ਕਿਸੇ ਵੀ ਕੌਮ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਉਹ ਵਿਗਿਆਨ ਦੀ ਰੌਸ਼ਨੀ ਅਤੇ ਆਪਣੇ ਸਭਿਆਚਾਰ ਦਾ ਨਿੱਘ-ਦੋਹਾਂ ਨੂੰ ਇੱਕੋ ਜਿਹਾ ਮਾਣ ਦੇਵੇ। ਵਿਗਿਆਨ ਨੇ ਮਨੁੱਖ ਨੂੰ ਚੰਨ ਤੱਕ ਪਹੁੰਚਾ ਦਿੱਤਾ ਹੈ, ਪਰ ਪੰਜਾਬੀ ਲੋਕਧਾਰਾ ਨੇ ਚੰਨ ਨੂੰ ਸਦੀਆਂ ਪਹਿਲਾਂ ਹੀ ਮਨੁੱਖ ਦੇ ਦਿਲ ਵਿੱਚ ਵਸਾ ਦਿੱਤਾ ਸੀ।
-ਨਵਦੀਪ ਸਿੰਘ ਝੁਨੀਰ, 876968193।