- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਨੂੰ ਯਾਦ ਹੈ ਚੰਡੀਗੜ੍ਹ ਦੂਰਦਰਸ਼ਨ ਦੀ ਇਕ ਮੁਲਾਕਾਤ ’ਚ ਰਿਕਾਰਡਿੰਗ ਵੇਲੇ ਉਹਨਾਂ ਨੇ ਪੂਰੇ ਦੇ ਪੂਰੇ ਸਟੂਡੀਓ ਨੂੰ ਹਸਾ-ਹਸਾ ਆ ਕੇ ਲੋਟ ਪੋਟ ਕਰ ਦਿੱਤਾ ਸੀ। ਗਰਗ ਨੂੰ ਸਾਹਿਤਕ ਖੇਤਰ ’ਚ ਕਈ ਸਨਮਾਨ ਮਿਲੇ। ਉਹਨਾਂ ’ਚ ਨਾਗਮਣੀ ਪੁਰਸਕਾਰ, ਲਾਭ ਸਿੰਘ ਚਾਤ੍ਰਿਕ ਪੁਰਸਕਾਰ, ਪਿਆਰਾ ਸਿੰਘ ਦਾਤਾ ਐਵਾਰਡ, ਅੰਮ੍ਰਿਤਾ-ਇਮਰੋਜ਼ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦਾ ਕਹਾਣੀਕਾਰ ਸੁਜਾਨ ਸਿੰਘ ਪੁਰਸਕਾਰ ਸ਼ਾਮਿਲ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਸ਼੍ਰੋਮਣੀ ਪੁਰਸਕਾਰਾਂ ਦੀ ਸੂਚੀ ਅਨੁਸਾਰ ਉਨ੍ਹਾਂ ਨੂੰ 2017 ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਵੀ ਦਿੱਤਾ ਗਿਆ ਸੀ ਪਰ ਗਰਗ ਦੀ ਸਭ ਤੋਂ ਵੱਡੀ ਪਛਾਣ ਕੋਈ ਪੁਰਸਕਾਰ ਨਹੀਂ ਸ

-ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਪੰਜਾਬੀ ਸਾਹਿਤ ਹਾਸ-ਵਿਅੰਗ ਦੇ ਚਮਕਦੇ ਹੋਏ ਸਿਤਾਰੇ ਕੇਐੱਲ ਗਰਗ ਵਿਦਾ ਹੋ ਗਏ ਹਨ। ਪਹਿਲੀ ਵਾਰ ਕੇਐੱਲ ਗਰਗ ਨੂੰ ਮੈਂ ਉਸ ਉਮਰ ’ਚ ਅੰਮ੍ਰਿਤਸਰ ਵਿਖੇ ਮਿਲਿਆ ਜਦੋਂ ਸਾਹਿਤ ਦੇ ਅੱਖਰਾਂ ਨਾਲ ਸਾਂਝ ਸ਼ੁਰੂ ਹੋਈ ਸੀ। ਇਹ ਸਾਡੀ ਪਹਿਲੀ ਮੁਲਾਕਾਤ ਸੀ। ਕੇਐੱਲ ਗਰਗ ਦੀ ਪਹਿਲੀ ਕਿਤਾਬ ਵਾਟ 69 ਤੇ ਮੇਰੇ ਪਹਿਲੀ ਕਿਤਾਬ ‘ਕੱਚ ਦੇ ਤਾਜ ਮਹੱਲ’ ਅੰਮ੍ਰਿਤਸਰ ਦੇ ਉਸ ਵੇਲੇ ਦੇ ਰਘੁਬੀਰ ਰਚਨਾ ਪ੍ਰਕਾਸ਼ਨ ਦੇ ਰਘਬੀਰ ਸਿੰਘ ਨੇ ਪ੍ਰਕਾਸ਼ਿਤ ਕੀਤੀ ਸੀ ਤੇ ਇਹ ਕਿਤਾਬਾਂ ਇੱਕੋ ਦਿਨ ਹੀ ਪੰਜਾਬੀ ਸਾਹਿਤ ਜਗਤ ’ਚ ਦਾਖਲ ਹੋਈਆਂ ਸਨ। 1974 ਦੀ ਇਹ ਦੋਸਤੀ ਕੇਐੱਲ ਗਰਗ ਦੇ ਆਖ਼ਰੀ ਦਿਨਾਂ ਤੱਕ ਉਸੇ ਅੰਦਾਜ਼ ’ਚ ਜਿੰਦਾ ਰਹੀ। ਅਸਲ ’ਚ ਉਹ ਹੱਸਾਸ ਮਨ ਲੇਖਕ ਦੇ ਨਾਲ ਇਕ ਖ਼ੂਬਸੂਰਤ ਯਾਰਾਂ ਦਾ ਯਾਰ ਅਲਬੇਲਾ ਇਨਸਾਨ ਸੀ।
ਉਹ ਐਨੀ ਜਲਦੀ ਚਲਾ ਜਾਵੇਗਾ, ਇਹ ਸੋਚ ਵੀ ਨਹੀਂ ਸਕਦੇ। ਹਾਲੇ ਕੁਝ ਦਿਨ ਪਹਿਲਾਂ ਹੀ ਉਸ ਨਾਲ ਗੱਲ ਹੋਈ ਸੀ। ਅੱਜ ਪੰਜਾਬੀ ਸਾਹਿਤ ਜਗਤ ਉਦਾਸ ਹੈ। ਗਰਗ ਇਕ ਅਜਿਹੀ ਸ਼ਖਸ਼ੀਅਤ, ਇਕ ਮਿਹਨਤੀ ਲੇਖਕ ਤੇ ਅਜਿਹਾ ਇਨਸਾਨ, ਜਿਸ ਨੇ ਹਾਸਿਆਂ ਦਾ ਤੇ ਵਿਅੰਗ ਦੀ ਧਾਰਦਾਰ ਭਾਸ਼ਾ ਦਾ ਰੁਝਾਨ ਪੰਜਾਬੀ ’ਚ ਲਿਆਂਦਾ। ਅਸਲ ’ਚ ਗਰਗ ਪੰਜਾਬੀ ਸਾਹਿਤ ਦੇ ਕੁਝ ਸਾਹਿਤਕਾਰਾਂ ਦੀ ਸ਼੍ਰੇਣੀ ’ਚ ਆਉਂਦੇ ਹਨ, ਜਿਨ੍ਹਾਂ ਨੇ ਜ਼ਿੰਦਗੀ ਦੇ ਸੰਘਰਸ਼ ’ਚੋਂ ਨਿਕਲ ਕੇ ਜ਼ਿੰਦਗੀ ਨੂੰ ਮਾਣਿਆ ਤੇ ਉਸ ਦੀ ਅੱਖਰਾਂ ਨਾਲ ਮੁਹੱਬਤ ਦੀ ਸਾਂਝ ਉਸ ਨੂੰ ਇਕ ਸਿਤਾਰਾ ਬਣਾ ਗਈ। ਕੇਐੱਲ ਗਰਗ ਨੂੰ ਸਿਰਫ਼ ਹਾਸ-ਵਿਅੰਗਕਾਰ ਆਖ ਦੇਣਾ ਉਨ੍ਹਾਂ ਦੀ ਵਿਸ਼ਾਲ ਸਾਹਿਤਕ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਹੋਵੇਗਾ। ਉਹ ਕਹਾਣੀਕਾਰ, ਨਾਵਲਕਾਰ, ਵਿਅੰਗਕਾਰ ਤੇ ਅਨੁਵਾਦਕ ਸਨ। ਉਹ ਸਭ ਤੋਂ ਵੱਧ, ਉਹ ਜੀਵਨ ਨੂੰ ਬਹੁਤ ਨੇੜਿਓਂ ਦੇਖਣ ਵਾਲੇ ਮਨੁੱਖ ਸਨ। ਗਰਗ ਦਾ ਜਨਮ 1943 ਨੂੰ ਵਿਸਾਖੀ ਵਾਲੇ ਦਿਨ ਧੂਰੀ ਦੀ ਧਰਤੀ ’ਤੇ ਹੋਇਆ। ਉਨ੍ਹਾਂ ਦਾ ਨਾਨਕਾ ਪਿੰਡ ਦੌਧਰ ਸੀ। ਉਨ੍ਹਾਂ ਦੇ ਬਚਪਨ ਨੇ ਜ਼ਿੰਦਗੀ ਦੇ ਕਈ ਉਤਰਾਅ-ਚੜ੍ਹਾਅ ਵੇਖੇ। ਪਰਿਵਾਰ ਨੇ ਚੰਗਾ ਕਾਰੋਬਾਰ ਵੀ ਵੇਖਿਆ ਅਤੇ ਉਸ ਕਾਰੋਬਾਰ ਨੂੰ ਖ਼ਤਮ ਹੁੰਦੇ ਵੀ ਵੇਖਿਆ। ਇਹੋ ਜੀਵਨ-ਅਨੁਭਵ ਅੱਗੇ ਜਾ ਕੇ ਗਰਗ ਦੀ ਸਮਾਜਿਕ ਨਜ਼ਰ ਦਾ ਹਿੱਸਾ ਬਣੇ। ਗਰਗ ਨਾਲ ਸੈਂਕੜੇ ਮੁਲਾਕਾਤਾਂ ’ਚ ਜਦੋਂ ਵੀ ਜੀਵਨ ਦੀ ਗੱਲ ਹੁੰਦੀ ਸੀ ਤਾਂ ਉਸ ਦਾ ਗੋਰਾ ਰੰਗ ਮਖ਼ਮਲੀ ਹੋ ਜਾਂਦਾ ਸੀ ਇਹ ਉਸ ਨੂੰ ਸਮਝਣ ਵਾਲੇ ਦੋਸਤ ਹੀ ਸਮਝਦੇ ਸਨ ਕਿ ਹਾਸ ਵਿਅੰਗ ਦਾ ਚਿਤੇਰਾ ਚਮਕਦਾ ਹੋਇਆ ਲੇਖਕ ਅੰਦਰੋਂ ਕਿਸ ਤਰ੍ਹਾਂ ਜੀਵਨ ਨੂੰ ਜਿਉਂਦਾ ਸੀ। ਉਨ੍ਹਾਂ ਦੀ ਜੀਵਨੀ ਦਾ ਸਭ ਤੋਂ ਮਹੱਤਵਪੂਰਨ ਪੱਖ ਸ਼ਾਇਦ ਇਹ ਹੈ ਕਿ ਉਹ ਜੀਵਨ ਦੇ ਔਖੇ ਰਾਹਾਂ ’ਚੋਂ ਨਿਕਲ ਕੇ ਬਣਿਆ ਹੋਇਆ ਲੇਖਕ ਸੀ। ਗਰਗ ਹਮੇਸ਼ਾ ਦੱਸਦਾ ਸੀ ਕਿ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਨ੍ਹਾਂ ਦੀ ਜਵਾਨੀ ਦਾ ਵੱਡਾ ਹਿੱਸਾ ਆਪਣੇ ਕਬਜ਼ੇ ’ਚ ਰੱਖਿਆ। ਉਨ੍ਹਾਂ ਨੇ ਛੋਟੇ ਭਰਾਵਾਂ ਦੀ ਦੇਖਭਾਲ ਕੀਤੀ, ਉਨ੍ਹਾਂ ਨੂੰ ਪਾਲਿਆ ਤੇ ਉਨ੍ਹਾਂ ਦੇ ਵਿਆਹ ਕੀਤੇ। ਆਪਣੀ ਪੜ੍ਹਾਈ ਤੇ ਨੌਕਰੀ ਦੀਆਂ ਸੰਭਾਵਨਾਵਾਂ ਵੀ ਇਸੇ ਕਾਰਨ ਕਈ ਵਾਰ ਪਿੱਛੇ ਰਹਿ ਗਈਆਂ। ਅਧਿਆਪਨ ਨਾਲ ਜੁੜੇ ਅਤੇ ਬੀਐੱਡ ਕਰਨ ਤੋਂ ਬਾਅਦ ਫਿਰੋਜ਼ਪੁਰ ਦੇ ਡੀਸੀ ਮਾਡਲ ਸਕੂਲ ’ਚ ਨੌਕਰੀ ਕੀਤੀ। ਇਸ ਸੰਘਰਸ਼ ਦੀ ਇਕ ਬਹੁਤ ਮਾਰਮਿਕ ਤਸਵੀਰ ਗਰਗ ਜੀ ਦੀ ਆਪਣੀ ਗੱਲ ’ਚ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਉਹ ਉਸੇ ਨੌਕਰੀ ’ਚ ਰਹਿੰਦੇ ਤਾਂ ਸ਼ਾਇਦ ਸਾਰੀ ਉਮਰ ਕਿਸੇ ਹੋਰ ਆਮ ਪੇਸ਼ੇ ’ਚੋਂ ਲੰਘ ਜਾਂਦੀ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਇਕ ਸਮੇਂ ਨਹਿਰ ਦੀ ਉਸਾਰੀ ਦੌਰਾਨ ਦਿਹਾੜੀ ਕਰਦਿਆਂ ਸਿਰ ’ਤੇ ਭਾਰੀ ਬੱਜਰੀ ਚੁੱਕੀ ਸੀ। ਮੋਗੇ ਦੀ ਸਾਹਿਤਕ ਫ਼ਿਜ਼ਾ, ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ ਦੀ ਸੰਗਤ ਅਤੇ ਸ਼ੇਰ ਜੰਗ ਜਾਂਗਲੀ ਵਰਗੇ ਸਾਹਿਤਕ ਸਾਥੀਆਂ ਨੇ ਗਰਗ ਦੀ ਵਿਚਾਰਧਾਰਕ ਅਤੇ ਸਾਹਿਤਕ ਧਾਰ ਨੂੰ ਹੋਰ ਤਿੱਖਾ ਕੀਤਾ। ਗਰਗ ਦੀਆਂ ਕਿਤਾਬਾਂ ਦੇ ਸਾਹਿਤਕ ਚਿਹਰੇ ’ਚ ਉਨ੍ਹਾਂ ਦੇ ਵਿਸ਼ਾਲ ਰਚਨਾ-ਸੰਸਾਰ ’ਚ ਉਨ੍ਹਾਂ ਦੀਆਂ ਰਚਨਾਵਾਂ ਵਾਂਗ ਵਿਸ਼ਾਲ ਹਨ। ਪੰਜਾਬੀ ਕਹਾਣੀ, ਵਿਅੰਗ ਅਤੇ ਅਨੁਵਾਦ ਦੀਆਂ ਸੰਪਾਦਿਤ ਕਿਤਾਬਾਂ ਦੀ ਗਿਣਤੀ 80 ਦੇ ਨੇੜੇ ਹੈ। ਆਪਣੇ ਸੁਭਾਅ ਤੇ ਮਿੱਤਰਤਾ ਦੇ ਦਾਇਰੇ ਵਾਂਗ ਉਹ ਇਕ ਬਹੂ-ਵਿਧਾਈ ਲੇਖਕ ਰਹੇ ਸਨ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ’ਚ ‘ਹੁੰਮਸ’, ‘ਅੱਗ ਦੇ ਦਾਇਰੇ’, ‘ਦਰਅਸਲ’, ‘ਆਖਰੀ ਪੱਤਾ’, ‘ਵਾਟ-69’, ‘ਤਮਾਸ਼ਾ’, ‘ਦੂਜਾ ਪਾਸਾ’, ‘ਤਲਾਸ਼’ ਤੇ ‘ਹਿਲਦੇ ਦੰਦ’ ਵਰਗੀਆਂ ਰਚਨਾਵਾਂ ਦਾ ਜ਼ਿਕਰ ਮਿਲਦਾ ਹੈ। ‘ਹਿਲਦੇ ਦੰਦ’ ਉਨ੍ਹਾਂ ਦਾ ਚਰਚਿਤ ਨਾਵਲ ਦੱਸਿਆ ਗਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ’ਚ ‘ਸ਼ਹੀਦ’, ‘ਪਲ ਦੋ ਪਲ’, ‘ਨੋ ਟਾਈਮ’, ‘ਵਾਪਸੀ’, ‘ਬਦਲਾ’, ‘ਯਾਦਾਂ ਦੀ ਲਕੀਰ’, ‘ਦੀਵਾਨ ਜੀ’, ‘ਉਡਾਰੀ’, ‘ਡਰ’, ‘ਤਾਲੇ’, ‘ਖੁੱਲ੍ਹੀ ਮੁੱਠੀ’, ‘ਠੰਢਾ ਲੋਹਾ’, ‘ਥਾਣੇ ’ਚ ਸ਼ਰੀਫ਼ ਆਦਮੀ’ ਆਦਿ ਦਾ ਜ਼ਿਕਰ ਮਿਲਦਾ ਹੈ। ਉਨ੍ਹਾਂ ਦੀਆਂ ਵਿਅੰਗ ਰਚਨਾਵਾਂ ’ਚ ‘ਵਿਅੰਗ ਦੀ ਧਾਰ’, ‘ਜਿਉਂਦੇ ਹੋਣ ਦਾ ਸਰਟੀਫਿਕੇਟ’, ‘ਸਭ ਤੋਂ ਵੱਡੀ ਖ਼ਬਰ’, ‘ਡਿੱਗਦਾ ਹੋਇਆ ਗ੍ਰਾਫ਼’, ‘ਹਾਸ-ਵਿਅੰਗ ਦੀ ਤੀਰਅੰਦਾਜ਼ੀ’, ‘ਕੀ ਪੁੱਛਦੇ ਓ ਹਾਲ ਬੀਮਾਰਾਂ ਦਾ’, ‘ਗੋਲੀਆਂ ਹੀ ਗੋਲੀਆਂ’, ‘ਝੂਠ ਬੋਲਣ ’ਚ ਸ਼ਰਮ ਕਾਹਦੀ’, ‘ਹਿੰਦੀ ਚੀਨੀ ਬਾਈ-ਬਾਈ’, ‘ਬੰਦ ਦਰਵਾਜ਼ੇ ’ਤੇ ਠਕੋਰ’, ‘ਵਿਅੰਗ ਦੇ ਦੁਸ਼ਮਣ’, ‘ਕਤਾਰ ਵਿਚ ਲੱਗੇ ਬੰਦੇ ਦੀ ਦੇਸ਼ ਭਗਤੀ’, ‘ਚਪੇੜਾਂ ਖਾਣ ਵਾਲੇ ਨੇਤਾ ਜੀ’ ਅਤੇ ‘ਸ਼ੀਸ਼ੇ ’ਚੋਂ ਝਾਕਦੀ ਆਤਮ-ਗਿਲਾਨੀ’ ਵਰਗੇ ਸਿਰਲੇਖ ਦਰਜ ਹਨ। ਅਨੁਵਾਦ ’ਚ ‘ਪਹੁ ਫੁਟਾਲਾ’ ਦਾ ਵੀ ਜ਼ਿਕਰ ਮਿਲਦਾ ਹੈ, ਜੋ ਐਲੀ ਵਾਈਜ਼ਲ ਦੀ ਰਚਨਾ ਦਾ ਅਨੁਵਾਦ ਹੈ।
ਮੈਨੂੰ ਯਾਦ ਹੈ ਚੰਡੀਗੜ੍ਹ ਦੂਰਦਰਸ਼ਨ ਦੀ ਇਕ ਮੁਲਾਕਾਤ ’ਚ ਰਿਕਾਰਡਿੰਗ ਵੇਲੇ ਉਹਨਾਂ ਨੇ ਪੂਰੇ ਦੇ ਪੂਰੇ ਸਟੂਡੀਓ ਨੂੰ ਹਸਾ-ਹਸਾ ਆ ਕੇ ਲੋਟ ਪੋਟ ਕਰ ਦਿੱਤਾ ਸੀ। ਗਰਗ ਨੂੰ ਸਾਹਿਤਕ ਖੇਤਰ ’ਚ ਕਈ ਸਨਮਾਨ ਮਿਲੇ। ਉਹਨਾਂ ’ਚ ਨਾਗਮਣੀ ਪੁਰਸਕਾਰ, ਲਾਭ ਸਿੰਘ ਚਾਤ੍ਰਿਕ ਪੁਰਸਕਾਰ, ਪਿਆਰਾ ਸਿੰਘ ਦਾਤਾ ਐਵਾਰਡ, ਅੰਮ੍ਰਿਤਾ-ਇਮਰੋਜ਼ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਦਾ ਕਹਾਣੀਕਾਰ ਸੁਜਾਨ ਸਿੰਘ ਪੁਰਸਕਾਰ ਸ਼ਾਮਿਲ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਸ਼੍ਰੋਮਣੀ ਪੁਰਸਕਾਰਾਂ ਦੀ ਸੂਚੀ ਅਨੁਸਾਰ ਉਨ੍ਹਾਂ ਨੂੰ 2017 ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਵੀ ਦਿੱਤਾ ਗਿਆ ਸੀ ਪਰ ਗਰਗ ਦੀ ਸਭ ਤੋਂ ਵੱਡੀ ਪਛਾਣ ਕੋਈ ਪੁਰਸਕਾਰ ਨਹੀਂ ਸੀ। ਉਹ ਸੀ-ਪਾਠਕਾਂ ਨਾਲ ਬਣਿਆ ਲੰਮਾ ਰਿਸ਼ਤਾ ਹੈ। ਉਹ ਅਖ਼ਬਾਰਾਂ ਤੇ ਰਸਾਲਿਆਂ ’ਚ ਨਿਰੰਤਰ ਲਿਖਦੇ ਰਹੇ ਤੇ ਸ਼ਾਇਦ ਇਹੀ ਕੇਐੱਲ ਗਰਗ ਦੀ ਸਭ ਤੋਂ ਵੱਡੀ ਸਾਹਿਤਕ ਵਿਰਾਸਤ ਹੈ-ਉਨ੍ਹਾਂ ਨੇ ਸਾਹਿਤ ਨੂੰ ਸਿਰਫ਼ ਕਿਤਾਬਾਂ ਦੀ ਅਲਮਾਰੀ ’ਚ ਨਹੀਂ ਰੱਖਿਆ। ਉਹ ਉਸ ਨੂੰ ਅਖ਼ਬਾਰ ਦੇ ਪੰਨੇ, ਰਸਾਲੇ, ਮੰਚ, ਰੇਡੀਓ, ਟੈਲੀਵਿਜ਼ਨ ਤੇ ਆਮ ਪਾਠਕ ਦੀ ਰੋਜ਼ਾਨਾ ਜ਼ਿੰਦਗੀ ਤੱਕ ਲੈ ਕੇ ਗਏ। ਗਰਗ ਦੀ ਜ਼ਿੰਦਗੀ ਦਾ ਸਿਤਾਰਾ ਅਸਤ ਹੋ ਗਿਆ ਹੈ ਪਰ ਉਨ੍ਹਾਂ ਦੀ ਕਲਮ ਦਾ ਸੂਰਜ ਅਜੇ ਡੁੱਬਿਆ ਨਹੀਂ। ਉਹ ਆਪਣੇ ਵਿਅੰਗ ਤੇ ਆਪਣੇ ਪਾਠਕਾਂ ਦੀ ਮੁਸਕਾਨ ’ਚ ਹਨ ਅਤੇ ਸਭ ਤੋਂ ਵੱਧ-ਉਹ ਉਸ ਪੰਜਾਬੀ ਸਾਹਿਤਕ ਪਰੰਪਰਾ ’ਚ ਹਨ, ਜਿਸ ਨੇ ਹੱਸਦਿਆਂ-ਹੱਸਦਿਆਂ ਸਮਾਜ ਨੂੰ ਆਪਣਾ ਸੱਚ ਦੱਸਣਾ ਸਿਖਾਇਆ। ਅਲਵਿਦਾ ਪਿਆਰੇ ਮਿੱਤਰ।
(ਲੇਖਕ ਉੱਘੇ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹਨ)।