- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਧਾਰਮਿਕ ਦਾਇਰਿਆਂ ’ਚ ਸਾਡੇ ਕਰਮ ਪਰਮਾਤਮਾ ਨੂੰ ਨਜ਼ਰ ਆਉਂਦੇ ਹਨ ਤਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵੀ ਪਰਮਾਤਮਾ ਦੀ ਨਜ਼ਰ ’ਚ ਹੈ, ਕਿਉਂਕਿ ਪਰਮਾਤਮਾ ਸੰਸਾਰ ਦੇ ਕਣ-ਕਣ ’ਚ ਮੌਜੂਦ ਹੈ। ਜਦੋਂ ਇਹ ਡਰ ਕਿਰਦਾਰ ਤੇ ਦ੍ਰਿਸ਼ਟੀ ’ਚ ਘੁਲ਼ ਜਾਦਾ ਹੈ ਤਾਂ ਸਾਰਾ ਸੰਸਾਰ ਹੀ ਰੱਬ ਦਾ ਘਰ ਲੱਗਣ ਜਾਂਦਾ ਹੈ।

-ਜਗਜੀਵਨ ਮੀਤ
ਮਨੁੱਖ ਦੀ ਜ਼ਿੰਦਗੀ ’ਚ ਕਰਮ ਦੀ ਪ੍ਰਧਾਨਤਾ ਹੈ। ਇੱਥੋਂ ਤੱਕ ਕਿ ਪਰਮਾਤਮਾ ਦੀ ਉਸਤਤ ਵੀ ‘ਕਰਤਾ-ਪੁਰਖ’ ਤੋਂ ਹੋਈ ਹੈ। ਕਰਮਾਂ ਦੁਆਲੇ ਹੀ ਇਸ ਧਰਤੀ ’ਤੇ ਜੀਵ-ਜੰਤੂਆਂ ਦੀ ਜ਼ਿੰਦਗੀ ਘੁੰਮਦੀ ਹੈ। ਕੋਈ ਵੀ ਇਸ ਤੋਂ ਅਛੂਤਾ ਨਹੀਂ। ਸੌਖੇ ਸ਼ਬਦਾਂ ’ਚ ਸਾਰਾ ਜੀਵਨ ਚੱਕਰ ਹੀ ਕਰਮ-ਭੂਮੀ ਹੈ। ਮੁਸ਼ਕਲ ਉਦੋਂ ਹੁੰਦੀ ਹੈ, ਜਦੋਂ ਅਸੀਂ ਧਰਮ ਤੇ ਸਮਾਜ ਦੇ ਖੇਤਰ ’ਚ ਵਿਚਰਦੇ ਹੋਏ ਕਰਮਾਂ ਨੂੰ ਵੱਖ ਕਰ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਧਰਮ ’ਚ ਜਿਸ ਤਰੀਕੇ ਕਰਮਾਂ ਨੂੰ ਪਵਿੱਤਰ ਰੱਖਣ ਦਾ ਨੁਕਤਾ ਸਮਝਾਇਆ ਗਿਆ ਹੈ, ਉਹ ਸਮਾਜ ਦੇ ਸੁਚੱਜੇ ਰੂਪ ਲਈ ਹੀ ਹੈ। ਸਮਾਜ ’ਚ ਅਸੀਂ ਜੋ ਵੀ ਕਰਮ ਕਰਦੇ ਹਾਂ, ਜੇ ਉਹ ਧਰਮ ਦੇ ਹਵਾਲਿਆਂ ਮੁਤਾਬਕ ਕੀਤੇ ਜਾਣ ਤਾਂ ਹੋ ਸਕਦਾ ਹੈ, ਸਮਾਜਿਕ ਗੜਬੜੀਆਂ ਖ਼ਤਮ ਹੋ ਜਾਣ। ਧਰਮ ਸਾਰੇ ਜੀਵਾਂ ਨੂੰ ਇਕ ਨਜ਼ਰ ਨਾਲ ਦੇਖਣ ਦੀ ਸਿੱਖਿਆ ਦਿੰਦਾ ਹੈ। ਇਕ ਨਜ਼ਰ ਨਾਲ ਦੇਖਣਾ ਵੀ ਕਰਮ ਹੀ ਹੈ। ਕਰਮ ਤੋਂ ਪਹਿਲਾਂ ਭਾਵ ਪੈਦਾ ਹੁੰਦਾ ਤੇ ਜੇ ਇਹ ਭਾਵ ਸ਼ੁੱਧ ਹੈ ਤਾਂ ਕਰਮ ਆਪਣੇ ਆਪ ਇਸ ਮੁਤਾਬਕ ਢਲ ਜਾਵੇਗਾ। ਧਰਮ ਮੁਤਾਬਕ ਧਾਰਮਿਕ ਥਾਵਾਂ ਅੰਦਰ ਸ਼ੁੱਧਤਾ ਜ਼ਰੂਰੀ ਹੈ। ਇਸ ਹਵਾਲੇ ਨਾਲ ਸਮਝੀਏ ਤਾਂ ਅਸੀਂ ਧਾਰਮਿਕ ਥਾਵਾਂ ਦੀ ਸਫ਼ਾਈ ਕਰਦੇ ਹੋਏ, ਬਰਤਨ ਧੋਂਦੇ ਹੋਏ ਤੇ ਸਾਫ਼-ਸਫ਼ਾਈ ਕਰਦੇ ਹੋਏ ਹੱਦੋਂ ਵੱਧ ਮਰਿਆਦਾ ਤੇ ਸਤਿਕਾਰ ਨਾਲ ਪੇਸ਼ ਆਉਂਦੇ ਹਾਂ ਤੇ ਜੇ ਕਿਤੇ ਅਸੀਂ ਸਮਾਜ ਤੇ ਘਰਾਂ ’ਚ ਵੀ ਇਹੀ ਸਤਿਕਾਰ ਲੈ ਆਈਏ ਤਾਂ ਅੱਧੇ ਕਲੇਸ਼ ਮੁੱਕ ਜਾਣਗੇ। ਧਾਰਮਿਕ ਥਾਵਾਂ ’ਚ ਜਿਸ ਨਿਮਰਤਾ ਤੇ ਅਪਣੱਤ ਨਾਲ ਅਸੀਂ ਇਕ ਦੂਜੇ ਨਾਲ ਪੇਸ਼ ਆਉਂਦੇ ਹਾਂ, ਜੇ ਉਹੀ ਭਾਵ ਆਪਣੇ ਸਮਾਜ ’ਚ ਲੈ ਆਈਏ ਤਾਂ ਹੋ ਸਕਦਾ ਹੈ ਕਿ ਈਰਖਾ ਤੇ ਨਫ਼ਰਤ ਦੀ ਭਾਵਨਾ ਖ਼ਤਮ ਹੋ ਜਾਵੇ। ਧਾਰਮਿਕ ਥਾਵਾਂ ਅੰਦਰ ਜਿਸ ਤਰੀਕੇ ਅਸੀਂ ਆਪਣੀ ਦ੍ਰਿਸ਼ਟੀ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਸੱਚੇ ਮਨੋਂ ਇਹ ਸੰਸਾਰ ਪ੍ਰਤੀ ਵੀ ਰੱਖੀਏ ਤਾਂ ਅਪਰਾਧ ਮੁੱਕ ਸਕਦਾ ਹੈ। ਜੇ ਧਾਰਮਿਕ ਦਾਇਰਿਆਂ ’ਚ ਸਾਡੇ ਕਰਮ ਪਰਮਾਤਮਾ ਨੂੰ ਨਜ਼ਰ ਆਉਂਦੇ ਹਨ ਤਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵੀ ਪਰਮਾਤਮਾ ਦੀ ਨਜ਼ਰ ’ਚ ਹੈ, ਕਿਉਂਕਿ ਪਰਮਾਤਮਾ ਸੰਸਾਰ ਦੇ ਕਣ-ਕਣ ’ਚ ਮੌਜੂਦ ਹੈ। ਜਦੋਂ ਇਹ ਡਰ ਕਿਰਦਾਰ ਤੇ ਦ੍ਰਿਸ਼ਟੀ ’ਚ ਘੁਲ਼ ਜਾਦਾ ਹੈ ਤਾਂ ਸਾਰਾ ਸੰਸਾਰ ਹੀ ਰੱਬ ਦਾ ਘਰ ਲੱਗਣ ਜਾਂਦਾ ਹੈ।