- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨਕ ਸਿਧਾਂਤਾਂ ’ਤੇ ਖੜ੍ਹੇ ਕਿਸੇ ਸਮਾਜ ਨੂੰ ‘ਡੰਡੇ ਦੇ ਜ਼ੋਰ’ ਨਾਲ ਕਿੰਨਾ ਕੁ ਸਮਾਂ ਸੂਤ ਰੱਖਿਆ ਜਾ ਸਕਦਾ ਹੈ। ਵਿਦਿਆਰਥੀਆਂ ’ਤੇ ਤਸ਼ੱਦਦ ਨਾਲ ਜੁੜੀ ਇਹ ਇਕ ਉਦਾਹਰਨ ਹੈ। ਇਸ ਮੁਲਕ ’ਚ ਪਿਛਲੇ ਲੰਬੇ ਸਮੇਂ ਤੋਂ ਸਿਹਤ, ਸਿੱਖਿਆ, ਸੜਕੀ ਢਾਂਚੇ, ਕਾਨੂੰਨੀ ਸੋਧਾਂ, ਸੰਵਿਧਾਨਕ ਹੱਕਾਂ ਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਤੰਦਰੁਸਤ ਬਹਾਲੀ ਲਈ ਲੜਾਈਆਂ ਲੜੀਆਂ ਜਾ ਰਹੀਆਂ ਹਨ।

.jpeg)
-ਜਗਜੀਵਨ ਮੀਤ
ਜ਼ਿੰਦਗੀ ਦੀਆਂ ਭੜਕਾਹਟਾਂ, ਬੇਯਕੀਨੀਆਂ-ਬੇਭਰੋਸਗੀਆਂ ਤੇ ਖ਼ਹਿਬਾਜ਼ੀਆਂ ਇਸ ਵੇਲੇ ਸਮਾਜਿਕ ਸਰੋਕਾਰਾਂ ਦੀ ਨੀਂਹ ਨੂੰ ਬੁਰੇ ਤਰੀਕੇ ਨਾਲ ਹਲੂਣਾ ਦੇ ਰਹੀਆਂ ਹਨ। ਇਹ ਅਜੀਬ ਜਿਹਾ ਵਰਤਾਰਾ ਨਿਰੰਤਰ ਸਮਾਜ ਦੇ ਕਿਸੇ ਨਾ ਕਿਸੇ ਕੋਨੇ ’ਚ ਚੱਲ ਰਿਹਾ ਹੈ। ਕਿਸੇ ਵੇਲੇ ਸਮਾਜ ਦਾ ਮੁਲਾਂਕਣ ਸਮਾਜਿਕ, ਆਰਥਿਕ ਤੇ ਧਾਰਮਿਕ ਪੱਧਰਾਂ ’ਤੇ ਕੀਤਾ ਜਾਂਦਾ ਸੀ ਪਰ ਇਸ ਵੇਲੇ ਮਿੰਟ-ਮਿੰਟ ਇਸ ਦੇ ਸਮੀਕਰਣ ਬਦਲ ਰਹੇ ਹਨ। ਹੁਣ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਦੀ ਵਿੱਥ ਨਵੇਂ ਅਰਥ ਸਿਰਜ ਰਹੀ ਹੈ। ਮਾਪਿਆਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਆਪਣੇ ਬੱਚਿਆਂ ਦੇ ਵਿਚਕਾਰ ਹੀ ਲੰਬੇ ਚੌੜੇ ਵਿਚਾਰਕ ਮਤਭੇਦ ਪੈਦਾ ਹੋ ਰਹੇ ਹਨ। ਪਿਛਾਂਹ ਤੱਕਦੇ ਹਾਂ ਤਾਂ ਇੰਝ ਲੱਗਦਾ ਹੈ ਕਿ ਇਹ ਦਹਾਕਿਆਂ ਤੋਂ ਨਹੀਂ ਕੁਝ ਕੁ ਸਾਲਾਂ ਤੋਂ ਜ਼ਿਆਦਾ ਗਤੀ ਫੜ ਰਿਹਾ ਹੈ। ਨਵੀਂ ਪੀੜ੍ਹੀ ਨਵੇਂ ਨਾਵਾਂ ਨਾਲ ਆਪਣਾ ਵੱਖਰਾ ਸਮਾਜ ਤਿਆਰ ਕਰ ਰਹੀ ਹੈ। ਜੇਕਰ ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ’ਚੋਂ ਇਕ ਹੈ, ਜੋ ਅੰਦਾਜਨ 5,000 ਤੋਂ 8,000 ਸਾਲ ਪੁਰਾਣੀ ਹੈ। ਇਸ ਦੀਆਂ ਜੜ੍ਹਾਂ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਵੈਦਿਕ ਕਾਲ ਤੱਕ ਹਨ।ਭਾਰਤੀ ਸੰਸਕ੍ਰਿਤ ਸੰਸਾਰ ਦੀਆਂ ਸਭ ਤੋਂ ਵੱਧ ਪੁਰਾਣੀਆਂ ਲਿਖਤੀ ਭਾਸ਼ਾਵਾਂ ’ਚੋਂ ਇਕ ਹੈ। ਧਾਰਮਿਕ ਤੌਰ ’ਤੇ ਭਾਰਤ ਆਪਣੇ ਆਪ ਨੂੰ ਦੁਨੀਆ ਦੇ ਬਾਕੀ ਮੁਲਕਾਂ ਨਾਲੋਂ ਵੱਧ ਅਮੀਰ ਗਰਦਾਨਦਾ ਹੈ। ਧਾਰਮਿਕ ਅਤੇ ਸਮਾਜਿਕ ਪੱਖੋਂ ਸਾਡੀਆਂ ਦੂਜੇ ਮੁਲਕਾਂ ਨੂੰ ਦਲੀਲਾਂ ਵੀ ਬਾ-ਕਮਾਲ ਹਨ। ਸਾਂਝੀਵਾਲਤਾ ਤੇ ਭਾਈਚਾਰੇ ਦਾ ਸਭ ਤੋਂ ਵੱਧ ਸੁਨੇਹਾ ਵੀ ਅਸੀਂ ਹੀ ਦਿੰਦੇ ਹਾਂ। ਬੇਸ਼ੱਕ ਨਵੀਂ ਪੀੜ੍ਹੀ ਇਨ੍ਹਾਂ ਪੁਰਾਣੀਆਂ ਰਹੁ-ਰੀਤਾਂ ਨਾਲ ਆਪਣੇ ਪੱਧਰ ’ਤੇ ਭਿੰਨਤਾ ਵਾਲੇ ਸਰੋਕਾਰ ਰੱਖਦੀਆਂ ਹਨ ਪਰ ਪੁਰਾਣੀ ਪੀੜ੍ਹੀ ਇਸ ਵੇਲੇ ਸਭ ਤੋਂ ਵੱਧ ਦੁਚਿੱਤੀ ’ਚ ਦਿਨ ਕੱਟ ਰਹੀ ਹੈ। ਇਸ ਨੂੰ ਭੂਤਕਾਲ ’ਚ ਸਿਵਾਏ ਭਰਮ-ਭੁਲੇਖਿਆਂ ਦੇ ਕੁਝ ਨਹੀਂ ਦਿਸਦਾ, ਵਰਤਮਾਨ ’ਚ ਸਮਾਜਿਕ, ਆਰਥਿਕ ਤੇ ਧਾਰਮਿਕ ਉਣਤਾਈਆਂ ਉਪਜ ਰਹੀਆਂ ਹਨ ਤੇ ਭਵਿੱਖ ਜੜ੍ਹ ਤੋਂ ਹੀ ਨਵਾਂ ਰੂਪ ਲੈਂਦਾ ਦਿਸ ਰਿਹਾ ਹੈ।
ਇੱਥੇ ਭਾਰਤ ਦੀਆਂ ਇਤਿਹਾਸਕ ਪੈੜਾਂ ਸਮਝਾਉਣ ਦਾ ਮਕਸਦ ਸਿਰਫ਼ ਇੰਨਾ ਕੁ ਹੈ ਕਿ ਅਸੀਂ ਸਮਝ ਸਕੀਏ ਕਿ ਭਾਰਤੀ ਸਮਾਜਿਕ, ਆਰਥਿਕ, ਧਾਰਮਿਕ ਤੇ ਢਾਂਚਾਗਤ ਪ੍ਰਬੰਧ ਕਿੱਥੋਂ ਤੁਰਿਆ ਸੀ ਤੇ ਕਿੱਥੇ ਆ ਗਿਆ ਹੈ। ਇਹ ਹੁਣ ਜ਼ਿਆਦਾ ਅਹਿਮ ਹੋ ਰਿਹਾ ਹੈ ਕਿ ਜਿੱਥੇ ਅਸੀਂ ਪੁੱਜ ਗਏ ਹਾਂ, ਉੱਥੇ ਖੜ੍ਹ ਕੇ ਦੇਖੀਏ ਕਿ ਕਿੱਥੋਂ ਤੁਰੇ ਸੀ। ਤਾਂ ਹੀ ਸਵਾਲ ਉੱਠੇਗਾ ਕਿ ਜੇ ਅਸੀਂ ਧਰਮ, ਸੰਸਕ੍ਰਿਤੀ, ਭਾਸ਼ਾ, ਗਿਆਨ, ਸੱਭਿਆਚਾਰ, ਵਿਰਸੇ ਤੇ ਏਕਤਾ-ਅਖੰਡਤਾ ਦੇ ਇੰਨੇ ਪਰਪੱਕ ਹਾਂ ਤਾਂ ਫਿਰ ਮੌਜੂਦਾ ਦੌਰ ’ਚ ਭਾਰਤੀ ਸਮਾਜਿਕ ਪ੍ਰਬੰਧ ’ਚ ਇਹ ਬੇਯਕਨੀਆਂ ਤੇ ਬੇਚੈਨੀਆਂ ਕਿਉਂ ਦਿਮਾਗ਼ੀ ਪ੍ਰਬੰਧ ਵਿਗਾੜ ਰਹੀਆਂ ਹਨ? ਸਮਾਜਿਕ ਸੁਰੱਖਿਆ, ਭਵਿੱਖ ਦੀਆਂ ਯੋਜਨਾਵਾਂ, ਸਿਆਸੀ ਸਮੀਕਰਨ ਤੇ ਨੈਤਿਕ ਕਦਰਾਂ-ਕੀਮਤਾਂ ’ਚ ਇਸ ਪੱਧਰ ਦਾ ਅਸਾਵਾਂਪਣ ਕਿਉਂ ਪੈਦਾ ਹੋ ਰਿਹਾ ਹੈ? ਜੇ ਧਾਰਮਿਕ ਤੌਰ ’ਤੇ ਅਸੀਂ ਇੰਨੇ ਡੂੰਘੇ ਹਾਂ ਤਾਂ ਫਿਰ ਬੁੱਧੀ-ਵਿਵੇਕ ਤੇ ਵਿਚਾਰਕ ਤੌਰ ’ਤੇ ਸਾਡੀ ਸੋਚ ਅੰਦਰ ਇਹ ਹਲਕਾਪਣ ਕਿਉਂ ਫੈਲ ਰਿਹਾ ਹੈ? ਜੇ ਦੁਨੀਆ ਨੂੰ ਅਸੀਂ ਸਿਆਸਤ ਦੇ ਜ਼ਰੀਏ ਸਲਾਹਾਂ ਦੇਣ ਵਾਲੇ ਤੇ ਵਿਕਾਸ ਦੇ ਪੱਧਰ ’ਤੇ ‘ਵਿਸ਼ਵ-ਗੁਰੂ’ ਹੋਣ ਦਾ ਦਮ ਭਰਦੇ ਹਾਂ ਤਾਂ ਸਾਡੇ ਆਪਣੇ ਮੁਲਕ ’ਚ ਹਰੇਕ ਮੋੜ ’ਤੇ ਨਿਘਾਰ ਕਿਉਂ ਪੈਦਾ ਹੋ ਰਹੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਕਿਤੇ ਨਾ ਕਿਤੇ ਸਾਡੇ ਆਪਣੇ ਹੀ ਸਮਾਜਿਕ, ਸਿਆਸੀ ਤੇ ਕਾਨੂੰਨੀ ਪ੍ਰਬੰਧ ’ਚ ਖਿੱਲਰੇ ਪਏ ਹਨ।
ਕਿਸੇ ਵੀ ਮੁਲਕ ਦੇ ਵਿਕਾਸ ਦਾ ਅੰਦਾਜ਼ਾ ਉਸ ਦੇ ਸਿੱਖਿਆ ਤੇ ਸਿਹਤ ਪ੍ਰਬੰਧ ਤੋਂ ਲਾਇਆ ਜਾ ਸਕਦਾ ਹੈ। ਸਿਹਤਮੰਦ ਤੇ ਸਿੱਖਿਅਕ ਨਾਗਰਿਕ ਮੁੱਢਲੇ ਰੂਪ ’ਚ ਕਿਸੇ ਮੁਲਕ ਦੇ ਵਿਕਾਸ ਨੂੰ ਮਜ਼ਬੂਤੀ ਦੇਣ ਲਈ ਕਾਫੀ ਹੈ। ਪਿਛਲੇ ਦਿਨੀਂ ਦੁਨੀਆ ਦੇ ਦੂਜੇ ਮੁਲਕਾਂ ਨੇ ਉਹ ਸਾਰਾ ਨਜ਼ਾਰਾ ਦੇਖਿਆ ਹੈ, ਜਿਸ ਨਾਲ ਮੌਜੂਦਾ ਭਾਰਤੀ ਸਿੱਖਿਆ ਪ੍ਰਬੰਧ ਦੀਆਂ ਨਾਕਾਮੀਆਂ ਉਘੜ ਕੇ ਸਾਹਮਣੇ ਆਈਆਂ ਹਨ। ਪੇਪਰ ਲੀਕ ਹੋਣ ਦੀ ਬੇਭਰੋਸਗੀ ਨੇ ਵਿਦਿਆਰਥੀਆਂ ਮਨਾਂ ਨੂੰ ਇੰਨਾ ਝੰਜੋੜਿਆ ਕਿ ਕਈ ਖ਼ੁਦਕੁਸ਼ੀ ਕਰ ਗਏ। ਇਸ ਦੁਖਾਂਤ ਤੋਂ ਬਾਅਦ ਸ਼ੁਰੂ ਹੋਏ ਰੋਸ-ਪ੍ਰਦਰਸ਼ਨਾਂ ’ਚ ਕਾਨੂੰਨ ਬਹਾਲੀ ਲਈ ਵਿਦਿਆਰਥੀਆਂ ’ਤੇ ਜੋ ਤਸ਼ੱਦਦ ਹੋਇਆ, ਉਹ ਸਿੱਖਿਆ ਪ੍ਰਬੰਧ ਨਾਲੋਂ ਕਾਨੂੰਨ ਵਿਵਸਥਾ ਦੇ ਮੱਖੇ ’ਤੇ ਵੱਧ ਕਲੰਕ ਵਾਲਾ ਸਾਬਤ ਹੋਇਆ। ਕੀ ਅਸੀਂ ਸੋਚਿਆ ਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਦੀ ਮਨੋਦਸ਼ਾ ’ਤੇ ਕੀ ਪ੍ਰਭਾਵ ਪਵੇਗਾ, ਜਿਹੜੇ ਇਸ ਮੁਲਕ ਦੇ ਨਾਗਰਿਕ ਵੀ ਹਨ। ਇਹ ਡਰ-ਤਮਾਸ਼ੇ ਹੀ ਉਨ੍ਹਾਂ ਦਾ ਮੁਲਕ ਪ੍ਰਤੀ ਨਜ਼ਰੀਆ ਸਥਾਪਿਤ ਕਰਨਗੇ। ਸੰਵਿਧਾਨਕ ਸਿਧਾਂਤਾਂ ’ਤੇ ਖੜ੍ਹੇ ਕਿਸੇ ਸਮਾਜ ਨੂੰ ‘ਡੰਡੇ ਦੇ ਜ਼ੋਰ’ ਨਾਲ ਕਿੰਨਾ ਕੁ ਸਮਾਂ ਸੂਤ ਰੱਖਿਆ ਜਾ ਸਕਦਾ ਹੈ। ਵਿਦਿਆਰਥੀਆਂ ’ਤੇ ਤਸ਼ੱਦਦ ਨਾਲ ਜੁੜੀ ਇਹ ਇਕ ਉਦਾਹਰਨ ਹੈ। ਇਸ ਮੁਲਕ ’ਚ ਪਿਛਲੇ ਲੰਬੇ ਸਮੇਂ ਤੋਂ ਸਿਹਤ, ਸਿੱਖਿਆ, ਸੜਕੀ ਢਾਂਚੇ, ਕਾਨੂੰਨੀ ਸੋਧਾਂ, ਸੰਵਿਧਾਨਕ ਹੱਕਾਂ ਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਤੰਦਰੁਸਤ ਬਹਾਲੀ ਲਈ ਲੜਾਈਆਂ ਲੜੀਆਂ ਜਾ ਰਹੀਆਂ ਹਨ। ਪਿਛਲੇ 70-75 ਸਾਲਾਂ ’ਚ ਇਸ ਮੁਲਕ ਨੇ ਨਾਗਰਿਕਾਂ ਦੀਆਂ ਸਹੂਲਤਾਂ, ਰੁਜ਼ਗਾਰ ਦੇ ਮੌਕਿਆਂ, ਸੂਬਿਆਂ ਦੀਆਂ ਲੜਾਈਆਂ ਤੇ ਸਿਆਸਤ ਦੀ ਉਥਲ ਪੁਥਲ ਦੇ ਕਈ ਰੂਪ ਦੇਖੇ ਹਨ। ਜਦੋਂ ਇਕ ਨਾਗਰਿਕ ਦੀ ਜ਼ਿੰਦਗੀ ਨੂੰ ਮੁੱਖ ਰੱਖ ਕੇ ਇਨ੍ਹਾਂ ਗੱਲਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਦੇਸ਼ ਹਾਲੇ ਉੱਥੇ ਹੀ ਖੜ੍ਹਾ ਹੈ, ਜਿੱਥੇ 70-75 ਸਾਲ ਪਹਿਲਾਂ ਖੜ੍ਹਾ ਸੀ।
ਲੋਕਾਂ ਦੀ ‘ਕੁੱਲੀ, ਗੁੱਲੀ ਤੇ ਜੁਲੀ’ ਦੀ ਜੱਦੋਜਹਿਦ ਹਾਲੇ ਵੀ ਬਰਕਾਰ ਹੈ। ਆਰਥਿਕ ਅਸਾਵੇਂਪਣ ਸਾਡੇ ਪੈਰ ਨਹੀਂ ਛੱਡ ਰਹੇ। ਸਿਹਤ ਪੱਖੋਂ ਭਾਰਤ ਦੁਨੀਆ ਦੀ ਸੂਚੀ ’ਚ 45ਵੇਂ ਸਥਾਨ ’ਤੇ ਹੈ। ਰੁਜ਼ਗਾਰ ਦੀ ਸਥਿਤੀ ਬੇਹੱਦ ਚੁਣੌਤੀਪੂਰਨ ਹੈ। ਇਹ ਸੂਚੀਆਂ ਦੇਖ ਕੇ ਵਿਦੇਸ਼ਾਂ ਵੱਲ ਲੱਖਾਂ ਭੱਜਣ ਵਾਲੇ ਨੌਜਵਾਨ ‘ਮਰਦੀ ਨੇ ਅੱਕ ਚੱਬਿਆ...’ ਵਾਲੀ ਕਹਾਵਤ ਸੱਚ ਕਰ ਰਹੇ ਹਨ। ਦੇਸ਼ ਦਾ ਸੜਕੀ ਢਾਂਚਾ ਜਿੰਨੀ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ, ਉਸੇ ਰਫ਼ਤਾਰ ਨਾਲ ਇਸ ਦਾ ਜੰਗਲੀ ਤੇ ਹਰਿਆਲੀ ਦਾ ਖੇਤਰ ਘਟਦਾ ਜਾ ਰਿਹਾ ਹੈ। ਢਾਂਚਾਗਤ ਵਿਕਾਸ ’ਚ ਕੁਦਰਤੀ ਤੇ ਗ਼ੈਰ-ਕੁਦਰਤੀ ਸਾਧਨਾਂ ਦੀ ਸਥਿਤੀ ਚਿੰਤਾਜਨਕ ਪੱਧਰ ’ਤੇ ਹੈ। ਸੜਕੀ ਵਿਕਾਸ ਦੇ ਅੰਦਾਜ਼ੇ ਸ਼ਹਿਰਾਂ ’ਚੋਂ ਲੰਘਦੇ ਵੱਡੇ-ਵੱਡੇ ਹਾਈਵੇਅਜ਼ ਤੋਂ ਨਾ ਲਗਾਓ, ਇਸ ਦੀ ਅਸਲੀ ਤਸਵੀਰ ਦੇਖਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਵੱਲ ਵੀ ਕਰਨਾ ਪਵੇਗਾ। ਇਸ ਦੇ ਨਾਲ ਹੀ ਆਵਾਜਾਈ ਦੇ ਬੇਢੰਗੇ ਪ੍ਰਬੰਧ ਤੇ ਬੇਰੋਕ-ਟੋਕ ਸੜਕਾਂ ’ਤੇ ਵਧਦੀ ਵਾਹਨਾਂ ਦੀ ਸੰਖਿਆਂ ਨੇ ਲੋਕਾਂ ਨੂੰ ਆਪਸ ’ਚ ਉਲਝਾ ਕੇ ਰੱਖ ਦਿੱਤਾ ਹੈ। ਲੋਕ ਸਰਕਾਰ ਨੂੰ ਸਿਰਫ਼ ਟੈਕਸ ਦੇ ਸਕਦੇ ਹਨ, ਉਸ ਦੀ ਸੁਚੱਜੀ ਵਰਤੋਂ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਸਿਹਤ ਸਹੂਲਤਾਂ ’ਚ ਅਸੀਂ ਕਿੱਥੇ ਖੜ੍ਹੇ ਹਾਂ ਇਸ ਦਾ ਸਹੀ ਮੁਲਾਂਕਣ ਉਹ ਵਿਅਕਤੀ ਦੱਸ ਸਕਦਾ ਹੈ ਜੋ ਮਹਿੰਗੇ ਇਲਾਜ ਕਰਵਾ ਨਹੀਂ ਸਕਦਾ, ਸਸਤੇ ਦੀ ਗੁਣਵੱਤਾ ’ਤੇ ਉਸ ਦਾ ਸ਼ੱਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਹੀ ਹਾਲ ਸਿੱਖਿਆ ਪ੍ਰਬੰਧ ਦਾ ਹੈ। ਸਮਾਜ ਦੀਆਂ ਇਨ੍ਹਾਂ ਉੱਘੜ-ਦੁੱਗੜ ਸਥਿਤੀਆਂ ਨਾਲ ਲੜਦੇ ਵਿਅਕਤੀ ਅਨੇਕਾਂ ਤਰ੍ਹਾਂ ਦੇ ਲਾਵਿਆਂ ਨਾਲ ਭਰੇ ਹੋਏ ਹਨ। ਜਦੋਂ ਮੁਲਕ ਤੋਂ ਆਸਾਂ ਮੁਤਾਬਕ ਪ੍ਰਾਪਤੀਆਂ ਨਹੀਂ ਹੁੰਦੀਆਂ ਤਾਂ ‘ਮੇਰਾ ਮੁਲਕ ਮਹਾਨ ਵਾਲੇ’ ਨਾਅਰੇ ਹੌਲੀ-ਹੌਲੀ ਬਗ਼ਾਵਤੀ ਸੁਰਾਂ ’ਚ ਬਦਲ ਜਾਂਦਾ ਹੈ। ਇਹ ਉਹ ਲਾਵੇ ਹਨ, ਜਿਨ੍ਹਾਂ ਨੂੰ ਸਰਕਾਰਾਂ ਚਾਹੁੰਣ ਤਾ ਸਹੀ ਊਰਜਾ ’ਚ ਬਦਲ ਸਕਦੀਆਂ ਹਨ। ਇਸ ਲਈ ਪੰਜ ਸਾਲ ਰਾਜ ਕਰਨ ਦੀ ਮਾਨਸਿਕਤਾ ਛੱਡਣੀ ਪਵੇਗੀ। ਬਾਕੀ, ਲੋਕਾਂ ਨੂੰ ਮੁਲਕ ਦਾ ਵਿੱਤੀ ‘ਅੰਕੜਾ-ਵਿਗਿਆਨ’ ਸਮਝਣ ਪੈਣਾ ਹੈ, ਨਹੀਂ ਤਾਂ ਸਿਆਸੀ ਮੁਫ਼ਾਦ ਵਾਲੇ ‘ਸਿਰ’ ਤਾਂ ਵਰਤਦੇ ਹੀ ਰਹਿਣਗੇ।
(ਸੰਪਰਕ : 91157-10139)।