‘ਠੱਪਿਆਂ’ ਤੇ ‘ਤਮਗ਼ਿਆਂ’ ਦੀ ਸਿਆਸਤ ਦਿੱਲੀ ’ਚ ਜੰਤਰਮੰਤਰ ਤੇ ਉਨ੍ਹਾਂ ਦੀ ਵੱਡੇ ਪੱਧਰ ’ਤੇ ਮੌਜੂਦਗੀ ਦੌਰਾਨ ਹੋਈਆਂ ਘਟਨਾਵਾਂ ਮਗਰੋਂ ਉਨ੍ਹਾਂ ਦੀ ‘ਅਗਲੀ ਪੀੜ੍ਹੀ’ ਜੈਨ ਐਲਫਾ ਵੀ ਵੱਖ-ਵੱਖ ਥਾਵਾਂ ’ਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਸੜਕਾਂ ’ਤੇ ਉਤਰਦੀ ਹੋਈ ਨਜ਼ਰ ਆਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਭਾਸ਼ਣ ਦੌਰਾਨ ਵਰਤੇ ਗਏ ਸ਼ਬਦ ‘ਦਿਮਾਗੀ ਨਕਸਲ’ ਦੇ 24 ਘੰਟਿਆਂ ਅੰਦਰ ਹੀਂ ਸੋਸ਼ਲ ਮੀਡੀਆ ਤੇ ਇਕ ਨਵਾਂ ਅਕਾਊਂਟ ਚਰਚਾ ’ਚ ਆ ਗਿਆ ‘ਦਿਮਾਗੀ ਨਕਸਲ ਪਾਰਟੀ’।
Publish Date: Tue, 25 Aug 2026 10:00 PM (IST)
Updated Date: Wed, 26 Aug 2026 08:08 AM (IST)
ਗੁਰ ਕ੍ਰਿਪਾਲ ਸਿੰਘ ਅਸ਼ਕ ਸ਼ਬਦਾਂ ਦੀ ਖੇਡ ਬਹੁਤ ਅਨੋਖੀ ਹੈ। ਅੱਜ ਰਾਜਨੀਤੀ ’ਚ ਕਿਸੇ ਨੂੰ ਸ਼ਬਦਾਂ ਦੀ ਬਦੌਲਤ ਨਾਇਕ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਖ਼ਲਨਾਇਕ ਦੇ ਤੌਰ ’ਤੇ। ਗੱਲ ਇਸ ਤੋਂ ਵੀ ਅੱਗੇ ਵਧ ਗਈ ਹੈ। ਜੇਕਰ ਅੱਜ ਕਿਸੇ ਨੂੰ ਸ਼ਬਦਾਂ ਰਾਹੀਂ ਖ਼ਲਨਾਇਕ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਉਸ ਨੂੰ ਸੁਣ ਕੇ ਦੌੜਦਾ ਨਹੀਂ ਬਲਕਿ ਆਪਣੀ ਹਿੱਕ ’ਤੇ ਤਮਗ਼ੇ ਵਾਂਗ ਸਜਾ ਕੇ ਖੜ੍ਹ ਜਾਂਦਾ ਹੈ। ਅਜਿਹੇ ਸ਼ਬਦਾਂ ਨਾਲ ਦੂਜੇ ਨੂੰ ਨਿਵਾਜਣ ਵਾਲਾ ਸੋਚਦਾ ਹੀ ਰਹਿ ਜਾਂਦਾ ਹੈ ਕਿ ਇਸ ਦੇ ਅਰਥ ਕਿਉਂ ਬਦਲ ਗਏ ਹਨ? ਮਈ 2026 ’ਚ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀਆਂ ਇਕ ਸੁਣਵਾਈ ਦੌਰਾਨ ਜ਼ੁਬਾਨੀ ਟਿੱਪਣੀਆਂ ’ਚ ਕਾਕਰੋਚ ਸ਼ਬਦ ਆਇਆ, ਜਿਸ ਨੂੰ ਕੁਝ ਮੀਡੀਆ ਰਿਪੋਰਟਾਂ ’ਚ ਬੇਰੋਜ਼ਗਾਰ ਨੌਜਵਾਨਾਂ ਨਾਲ ਜੋੜ ਕੇ ਪੇਸ਼ ਕੀਤਾ। ਉਸ ਸਮੇਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੋਣਾ ਕਿ ਸਾਡੀ ਨਵੀਂ ਨੌਜਵਾਨ ਨਸਲ ਇਸ ਸ਼ਬਦ ਨੂੰ ਆਪਣੀ ਤਾਕਤ ਬਣਾ ਲਵੇਗੀ। ਸੋਸ਼ਲ ਮੀਡੀਆ ’ਤੇ ਇਸ ਨਾਂ ਨੂੰ ਆਧਾਰ ਬਣਾ ਕੇ ਖੋਲ੍ਹੇ ਗਏ ਖ਼ਾਤੇ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਕੁਝ ਹੀ ਦਿਨਾਂ ’ਚ ਇਕ ਕਰੋੜ ਤੋਂ ਉਪਰ ਦਿਖਾਈ ਦੇਣ ਲੱਗੀ। ਹਾਲਾਂਕਿ ਬਾਅਦ ’ਚ ਚੀਫ਼ ਜਸਟਿਸ ਸਪੱਸ਼ਟ ਕੀਤਾ ਕਿ ਟਿੱਪਣੀ ਨੌਜਵਾਨਾਂ ਲਈ ਨਹੀਂ, ਸਗੋਂ ਕਾਨੂੰਨ ਦੀਆਂ ਨਕਲੀ ਡਿਗਰੀਆਂ ਰਾਹੀਂ ਪੇਸ਼ੇ ’ਚ ਆਉਣ ਵਾਲੇ ਲੋਕਾਂ ਦੇ ਸੰਦਰਭ ’ਚ ਸੀ।
ਉਸ ਅਕਾਊਂਟ ਨਾਲ ਜਿੰਨੇ ਲੋਕ ਦਿਨਾਂ ’ਚ ਨਹੀਂ, ਸਗੋਂ ਘੰਟਿਆਂ ’ਚ ਜੁੜੇ, ਉਸ ਨੇ ਇਸ ਸ਼ਬਦ ਨੂੰ ਇਕ ਵੱਡੇ ਡਿਜ਼ੀਟਲ ਪ੍ਰਤੀਕ ’ਚ ਬਦਲ ਦਿੱਤਾ। ਨੌਜਵਾਨਾਂ ਦੇ ਇਕ ਹਿੱਸੇ ਦੀਆਂ ਆਨਲਾਈਨ ਪ੍ਰਤੀਕਿਰਿਆਵਾਂ ਕਾਕਰੋਚ ਜਨਤਾ ਪਾਰਟੀ ਦੇ ਰੂਪ ’ਚ ਸਾਹਮਣੇ ਆਈਆਂ। ਦਿੱਲੀ ’ਚ ਜੰਤਰਮੰਤਰ ਤੇ ਉਨ੍ਹਾਂ ਦੀ ਵੱਡੇ ਪੱਧਰ ’ਤੇ ਮੌਜੂਦਗੀ ਦੌਰਾਨ ਹੋਈਆਂ ਘਟਨਾਵਾਂ ਮਗਰੋਂ ਉਨ੍ਹਾਂ ਦੀ ‘ਅਗਲੀ ਪੀੜ੍ਹੀ’ ਜੈਨ ਐਲਫਾ ਵੀ ਵੱਖ-ਵੱਖ ਥਾਵਾਂ ’ਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਸੜਕਾਂ ’ਤੇ ਉਤਰਦੀ ਹੋਈ ਨਜ਼ਰ ਆਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਭਾਸ਼ਣ ਦੌਰਾਨ ਵਰਤੇ ਗਏ ਸ਼ਬਦ ‘ਦਿਮਾਗੀ ਨਕਸਲ’ ਦੇ 24 ਘੰਟਿਆਂ ਅੰਦਰ ਹੀਂ ਸੋਸ਼ਲ ਮੀਡੀਆ ਤੇ ਇਕ ਨਵਾਂ ਅਕਾਊਂਟ ਚਰਚਾ ’ਚ ਆ ਗਿਆ ‘ਦਿਮਾਗੀ ਨਕਸਲ ਪਾਰਟੀ’। ਅਗਲੇ ਇਕ-ਦੋ ਦਿਨਾਂ ’ਚ ਇਸ ਦੇ ਫਾਲੋਅਰਜ਼ ਦੋ ਲੱਖ ਦੇ ਨੇੜੇ ਪੁੱਜ ਗਏ। ਹਾਲਾਂਕਿ ਇਹ ਸਪਸ਼ਟ ਨਹੀਂ ਸੀ ਹੋਇਆ ਕਿ ਇਹ ਅਕਾਊਂਟ ਬਣਾਇਆ ਕਿਸ ਨੇ ਸੀ। ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਹਥਿਆਰਬੰਦ ਨਕਸਲਵਾਦ ਦਾ ਪ੍ਰਭਾਵ ਘਟਿਆ ਹੈ ਪਰ ਵਿਚਾਰਧਾਰਕ ਚੁਣੌਤੀ ਵਜੋਂ ਮੌਜੂਦ ਹੈ। ਵਿਰੋਧੀ ਧਿਰਾਂ ਦੀਆਂ ਟਿੱਪਣੀਆਂ ਮਗਰੋਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਦੀ ਵਿਆਖਿਆ ਕਰਦਿਆਂ ਇਸ ਨੂੰ ਮਾਉਵਾਦੀ/ਨਕਸਲੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੇ ਸੰਦਰਭ ’ਚ ਦੱਸਿਆ। ਇਸ ਮਗਰੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖ਼ੁਦ ਤੇ ‘ਦਿਮਾਗੀ ਨਕਸਲ’ ਹੋਣ ’ਤੇ ਮਾਣ ਪ੍ਰਗਟਾਇਆ ਸੀ। ਭਾਰਤ ਤੇ ਦੁਨੀਆ ਭਰ ਦੀ ਸਿਆਸਤ ’ਚ ਵਿਰੋਧੀਆਂ ਜਾਂ ਅਸਹਿਮਤੀ ਜਤਾਉਣ ਵਾਲਿਆਂ ਨੂੰ ਘੇਰਨ ਲਈ ਅਜਿਹੇ ਤਿੱਖੇ ਲੇਬਲ ਤੇ ਸ਼ਬਦ ਲਗਾਤਾਰ ਵਰਤੇ ਜਾਂਦੇ ਰਹੇ ਹਨ। ਸਮੇਂ-ਸਮੇਂ ’ਤੇ ਮਾਹੌਲ ਅਤੇ ਸਿਆਸੀ ਹਾਲਾਤਾਂ ਮੁਤਾਬਕ ਨਵੇਂ ਸ਼ਬਦ ਸਾਹਮਣੇ ਆਉਂਦੇ ਰਹੇ ਹਨ।
1960 ਤੋਂ ਬਾਅਦ ਸ਼ੀਤ ਯੁੱਧ ਦੇ ਦੌਰ ’ਚ ਭਾਰਤੀ ਰਾਜਨੀਤੀ ’ਚ ਖੱਬੇਪੱਖੀ ਧਿਰਾਂ ਅਤੇ ਕਾਂਗਰਸ ਦੇ ਕੁਝ ਧੜੇ ਅਮਰੀਕਾ-ਪੱਖੀ ਜਾਂ ਪੂੰਜੀਵਾਦੀ ਰੁਖ਼ ਰੱਖਣ ਵਾਲੇ ਨੇਤਾਵਾਂ ਅਤੇ ਪੱਤਰਕਾਰਾਂ ਨੂੰ ‘ਸੀ.ਆਈ.ਏ. ਦਾ ਏਜੰਟ’ ਜਾਂ ‘ਸੀ.ਆਈ.ਏ. ਦਾ ਹੱਥ’ ਕਹਿ ਕੇ ਨਿਸ਼ਾਨਾ ਬਣਾਉਂਦੇ ਰਹੇ। 1970 ਅਤੇ 1980 ਦੇ ਦਹਾਕੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ, ਕਈ ਮਹੱਤਵਪੂਰਨ ਵਿਰੋਧਾਂ ਅਤੇ ਅੰਦਰੂਨੀ ਅਸ਼ਾਂਤੀ ਦੇ ਮੌਕਿਆਂ ਨੂੰ ਅਕਸਰ "ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਵਿਦੇਸ਼ੀ ਹੱਥ" ਦਾ ਨਾਂ ਦੇ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। 1980 ਦੇ ਅਖ਼ੀਰ ਅਤੇ 1990 ਦੇ ਦਹਾਕੇ ਵਿੱਚ ਭਾਜਪਾ ਅਤੇ ਖਾਸ ਕਰਕੇ ਐਲ ਕੇ ਅਡਵਾਨੀ ਦੀ ਰਾਜਨੀਤਿਕ ਭਾਸ਼ਾ ’ਚ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਵਿਰੁੱਧ ‘ਸੂਡੋ ਸੈਕੂਲਰ’ ਸ਼ਬਦ ਪ੍ਰਭਾਵਸ਼ਾਲੀ ਲੇਬਲ ਵਜੋਂ ਬਹੁਤ ਵਰਤਿਆ ਗਿਆ। 2016 ਤੋਂ ਬਾਅਦ ਜੇ.ਐੱਨ.ਯੂ. ਵਿਵਾਦ ਮਗਰੋਂ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ‘ਐਂਟੀ-ਨੈਸ਼ਨਲ’ ਅਤੇ ‘ਟੁਕੜੇ-ਟੁਕੜੇ ਗੈਂਗ’ ਸ਼ਬਦ ਜ਼ਿਆਦਾ ਵਰਤੋਂ ’ਚ ਆਇਆ। ਕਿਸਾਨ ਅੰਦੋਲਨ ਸਮੇਂ 8 ਫਰਵਰੀ 2021 ਨੂੰ ਰਾਜ ਸਭਾ ’ਚ ਪ੍ਰਧਾਨ ਮੰਤਰੀ ਨੇ ਅੰਦੋਲਨਾਂ ’ਚ ਹਰ ਵਾਰ ਨਜ਼ਰ ਆਉਣ ਵਾਲੇ ਲੋਕਾਂ ਲਈ ‘ਅੰਦੋਲਨਜੀਵੀ’ ਸ਼ਬਦ ਵਰਤਿਆ ਅਤੇ ਉਨ੍ਹਾਂ ਨੂੰ ‘ਪਰਜੀਵੀ’ ਵੀ ਕਿਹਾ।’ ਹੁਣ ਤੋਂ ਪਹਿਲਾਂ ‘ਅਰਬਨ ਨਕਸਲ’ ਵਰਗੇ ਸ਼ਬਦ ਵੀ ਸਾਹਮਣੇ ਆਏ। ਇਨ੍ਹਾਂ ਉਦਾਹਰਨਾਂ ’ਚ ਸਾਂਝਾ ਤੱਤ ਇਹ ਹੈ ਕਿ ਰਾਜਨੀਤਿਕ ਭਾਸ਼ਾ ’ਚ ਕਿਸੇ ਵਿਅਕਤੀ ਜਾਂ ਸਮੂਹ ਨੂੰ ਇਕ ਸੰਖੇਪ ਲੇਬਲ ਦੇ ਕੇ ਉਸ ਦੀਆਂ ਦਲੀਲਾਂ ਦੀ ਥਾਂ ਉਸ ਦੀ ਪਛਾਣ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਲੇਬਲਾਂ ਦੀ ਗੰਭੀਰਤਾ, ਇਤਿਹਾਸਕ ਸੰਦਰਭ ਅਤੇ ਨਤੀਜੇ ਇੱਕੋ ਜਿਹੇ ਨਹੀਂ ਹਨ। ਅਜਿਹਾ ਸਿਰਫ਼ ਇੱਥੇ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਹੁੰਦਾ ਹੈ। ਅਮਰੀਕਾ ’ਚ 1950 ਦੇ ਦਹਾਕੇ ਦੌਰਾਨ ਮੈਕਾਰਥੀਵਾਦ ਦੇ ਦੌਰ ’ਚ ਲੇਖਕਾਂ, ਫ਼ਿਲਮਸਾਜ਼ਾਂ, ਅਦਾਕਾਰਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਕਮਿਊਨਿਸਟ ਜਾਂ ਕਮਿਊਨਿਸਟ-ਹਮਦਰਦ ਹੋਣ ਦੇ ਦੋਸ਼ਾਂ ਨਾਲ ਨਿਸ਼ਾਨਾ ਬਣਾਇਆ ਗਿਆ। 1960 ਦੇ ਦਹਾਕੇ ਦੌਰਾਨ ਚੀਨ ਅੰਦਰ ਮਾਓ ਜ਼ੇਦੋਂਗ ਦੇ ਦੌਰ ’ਚ ਸੱਭਿਆਚਾਰਕ ਕ੍ਰਾਂਤੀ ਸਮੇਂ ਬੁੱਧੀਜੀਵੀ, ਅਧਿਆਪਕ ਆਦਿ ‘ਇਨਕਲਾਬ ਦੇ ਦੁਸ਼ਮਣ’ ਵਜੋਂ ਨਿਸ਼ਾਨੇ ਤੇ ਲਏ ਗਏ। 1966 ’ਚ ਯੂਨੀਵਰਸਿਟੀਆਂ ਬੰਦ ਹੋਈਆਂ ਤੇ ਪ੍ਰੋਫ਼ੈਸਰਾਂ ਨੂੰ ਰੈੱਡ ਗਾਰਡਜ਼ ਵੱਲੋਂ ਵੱਡੇ ਪੱਧਰ ’ਤੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। 1994 ’ਚ ਰਵਾਂਡਾ ਨਸਲਕੁਸ਼ੀ ਤੋਂ ਪਹਿਲਾਂ ਰੇਡੀਓ ਅਤੇ ਮੀਡੀਆ ਰਾਹੀਂ ਟੂਟਸੀ ਭਾਈਚਾਰੇ ਨੂੰ ‘ਗੱਦਾਰ’ ਜਾਂ ‘ਕਾਕਰੋਚ’ ਕਹਿ ਕੇ ਪ੍ਰਚਾਰਿਆ ਗਿਆ ਸੀ, ਜਿਸ ਨੇ ਨਸਲਕੁਸ਼ੀ ਦੇ ਮਾਹੌਲ ਨੂੰ ਹੋਰ ਭੜਕਾਉਣ ’ਚ ਭੂਮਿਕਾ ਨਿਭਾਈ। ਸ਼ਬਦਾਂ ਦੀ ਵਰਤੋ ਉਨ੍ਹਾਂ ਦੇ ਅਸਲੀ ਸੰਦਰਭ ’ਚ ਹੀ ਹੋਣੀ ਚਾਹੀਦੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਡਿਜ਼ੀਟਲ ਮੀਡੀਆ ਮਾਹੌਲ ’ਚ ਸਨਸਨੀ ਅਤੇ ‘ਕਲਿੱਕਬੇਟ’ ਨੂੰ ਮਿਲਣ ਵਾਲੀ ਤਰਜੀਹ ਗੰਭੀਰ ਅਤੇ ਸੰਤੁਲਿਤ ਬਹਿਸ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ।
ਸੋਸ਼ਲ ਮੀਡੀਆ ਤੇ ਅਜਿਹਾ ਹੋ ਸਕਦਾ ਹੈ ਕਿ ਜਦੋਂ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਜਾਂ ਵਿਕਾਸ ਵਰਗੇ ਬੁਨਿਆਦੀ ਮੁੱਦਿਆਂ ’ਤੇ ਸਵਾਲ ਉੱਠਦੇ ਹਨ, ਤਾਂ ਅਜਿਹੇ ਵਿਵਾਦਪੂਰਨ ਸ਼ਬਦ ਬਹਿਸ ਦਾ ਧੁਰਾ ਬਦਲ ਦਿੰਦੇ ਹਨ। ਲੋਕ ਮੁੱਦਿਆਂ ਦੀ ਬਜਾਏ ਨਾਵਾਂ ਤੇ ਬਿਆਨਬਾਜ਼ੀ ’ਤੇ ਆਪਸ ’ਚ ਉਲਝ ਜਾਂਦੇ ਹਨ। ਕੁੱਲ ਮਿਲਾ ਕੇ ਇਹ ਰੁਝਾਨ ਸਿਹਤਮੰਦ ਜਮਹੂਰੀਅਤ ਲਈ ਚਿੰਤਾਜਨਕ ਹੈ। ਟੀਵੀ ਨਿਊਜ਼ ਅਤੇ ਸੋਸ਼ਲ ਮੀਡੀਆ ਦੇ ਰੌਲੇ-ਰੱਪੇ ਤੋਂ ਪਰ੍ਹੇ ਵੀ ਜ਼ਮੀਨੀ ਪੱਧਰ ’ਤੇ ਰੋਜ਼ਗਾਰ, ਸਿੱਖਿਆ, ਸਿਹਤ ਤੇ ਰੋਜ਼ੀ-ਰੋਟੀ ਵਰਗੇ ਮੁੱਦੇ ਜ਼ਮੀਨੀ ਰਾਜਨੀਤੀ ’ਚ ਕੇਂਦਰੀ ਮਹੱਤਵ ਰੱਖਦੇ ਹਨ। ਲੋਕ ਅਸਲ ਮੁੱਦਿਆਂ ’ਤੇ ਸੋਚ-ਸਮਝ ਕੇ ਗੱਲ ਕਰਨਾ ਚਾਹੁੰਦੇ ਹਨ। ਤਰਕਪੂਰਨ ਸੰਵਾਦ ਦੀ ਥਾਂ, ਬਹਿਸ ਹੁਣ ਦੂਜੇ ਨੂੰ ਸਮਝਣ ਜਾਂ ਵਿਚਾਰ ਵਟਾਂਦਰੇ ਲਈ ਨਹੀਂ, ਸਗੋਂ ਸਾਹਮਣੇ ਵਾਲੇ ਨੂੰ ਹਰਾਉਣ ਅਤੇ ਚੁੱਪ ਕਰਾਉਣ ਲਈ ਹੁੰਦੀ ਹੈ। ਲੋਕ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਵਿਰੋਧੀ ਪੱਖ ਗ਼ਲਤ ਹੀ ਹੈ। ‘ਵਿਚਾਰਾਂ ਦਾ ਵਖਰੇਵਾਂ’ ਹੀ ਜਮਹੂਰੀਅਤ ਦੀ ਰੂਹ ਹੈ; ਜੇਕਰ ਅਸੀਂ ਸਿਰਫ਼ ਇਸ ਤਰਾਂ ਦੇ ਠੱਪੇ ਲਗਾ ਕੇ ਅਸਹਿਮਤੀ ਨੂੰ ਦੁਸ਼ਮਣੀ ਮੰਨਣ ਲੱਗ ਪਏ, ਤਾਂ ਇਹ ਨੁਕਸਾਨ ਕਿਸੇ ਇਕ ਧਿਰ ਦਾ ਨਹੀਂ ਸਗੋਂ ਪੂਰੇ ਸਮਾਜ ਦਾ ਹੋਵੇਗਾ।