ਹਰ ਸਾਲ 1 ਮਈ ਨੂੰ ਮਜ਼ਦੂਰ ਦਿਹਾੜਾ (ਲੇਬਰ ਡੇਅ) ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ’ਚ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾ ‘ਮਈ ਦਿਹਾੜਾ’ ਸੰਨ 1886 ਵਿਚ ਸ਼ਿਕਾਗੋ ਵਿਚ ਮਨਾਇਆ ਗਿਆ ਸੀ। ਦੱਸਣਯੋਗ ਹੈ ਕਿ 1877 ਵਿਚ ਵੈਸਟ ਵਰਜੀਨੀਆ ਦੇ ਮਾਰਟਿਨਸਬਰਗ ਵਿਚ ਰੇਲਵੇ ਹੜਤਾਲ ਸ਼ੁਰੂ ਹੋਈ ਸੀ। ਹਥਿਆਰਬੰਦ ਪੁਲਿਸ ਬੁਲਾ ਲਈ ਗਈ ਅਤੇ ਮਜ਼ਦੂਰਾਂ ਨਾਲ ਇਕ ਛੋਟੀ ਲੜਾਈ ਤੋਂ ਬਾਅਦ ਹੜਤਾਲ ਕੁਚਲ ਦਿੱਤੀ ਗਈ। ਇਸ ਕਾਰਨ ਜੋ ਚੰਗਿਆੜੀ ਸਿਰਫ਼ ਸਥਾਨਕ ਤੌਰ ’ਤੇ ਭੜਕੀ ਸੀ, ਉਹ ਜਵਾਲਾ ਬਣ ਗਈ। ‘ਬਾਲਟੀਮੋਰ ਅਤੇ ਓਹਾਯੋ’ ਰੇਲ ਮਾਰਗ ਬੰਦ ਹੋਇਆ ਅਤੇ ਫਿਰ ਇਕ ਤੋਂ ਬਾਅਦ ਇਕ ਹੋਰ ਰੇਲ ਕੰਪਨੀਆਂ ਦਾ ਵੀ ਚੱਕਾ ਜਾਮ ਹੁੰਦਾ ਗਿਆ। ਦੂਜੀਆਂ ਸਨਅਤਾਂ ਵੀ ਉਸ ਅੰਦੋਲਨ ਵਿਚ ਸ਼ਾਮਲ ਹੋ ਗਈਆਂ। ਸਰਕਾਰ ਤੇ ਮਾਲਕਾਂ ਨੇ ਪੁਲਿਸ ਅਤੇ ਫ਼ੌਜ ਬੁਲਾਈ, ਜਗ੍ਹਾ-ਜਗ੍ਹਾ ਜਾਸੂਸ ਤਾਇਨਾਤ ਕੀਤੇ। ਕਈ ਥਾਵਾਂ ’ਤੇ ਗਹਿਗੱਚ ਲੜਾਈਆਂ ਹੋਈਆਂ। ਸੇਂਟ ਲੂਈ ਵਿਚ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਸ਼ਹਿਰ ਮਜ਼ਦੂਰ ਜਮਾਤ ਦੇ ਹਵਾਲੇ ਕਰ ਦਿੱਤਾ। ਅਣਗਿਣਤ ਲੋਕ ਸ਼ਹੀਦ ਹੋਏ। ਸਰਕਾਰ ਨੇ 1877 ਨੂੰ ਸੌਖਿਆਂ ਨਹੀਂ ਭੁਲਾਇਆ। ਇਕ ਮਜ਼ਦੂਰ ਵਿਰੋਧੀ ਪ੍ਰਾਈਵੇਟ ਪੁਲਿਸ ਜੱਥੇਬੰਦੀ ‘ਪਿੰਕਰਟਨ ਏਜੰਸੀ’ ਬਣਾਈ ਗਈ। ਮਜ਼ਦੂਰਾਂ ਨੇ ਵੀ ਆਪਣੀਆਂ ਗੁਪਤ ਜਥੇਬੰਦੀਆਂ ਬਣਾਈਆਂ। ਗੁਪਤ ਸ਼ੁਰੂ ਹੋਈ ਜਥੇਬੰਦੀ ‘ਨਾਈਟਸ ਆਫ ਲੇਬਰ’ ਦੇ ਮੈਂਬਰਾਂ ਦੀ ਗਿਣਤੀ 1886 ਤਕ 7 ਲੱਖ ਤੋਂ ਵੀ ਜ਼ਿਆਦਾ ਹੋ ਗਈ ਸੀ। ਅਮਰੀਕਨ ਫੈੱਡਰੇਸ਼ਨ ਆਫ ਲੇਬਰ ਦਾ ਮਜ਼ਦੂਰ ਜਥੇਬੰਦੀਆਂ ਦੀ ਖੁਦ-ਮੁਖਤਾਰ ਸੰਸਥਾ ਦੇ ਰੂਪ ਵਿਚ ਗਠਨ ਕੀਤਾ ਗਿਆ। ਸੰਨ 1886 ਤਕ ਅਮਰੀਕੀ ਮਜ਼ਦੂਰ ਨੌਜਵਾਨ ਯੋਧਾ ਬਣ ਚੁੱਕਾ ਸੀ। ਸ਼ਿਕਾਗੋ ’ਚ ਸਾਂਝੇ ਮਜ਼ਦੂਰ ਮੁਜ਼ਾਹਰੇ ਦੇ ਵਿਚਾਰ ਨੇ ਜਨਮ ਲਿਆ। ‘ਮਈ ਦਿਵਸ’ ਤੋਂ ਪਹਿਲਾਂ ਇਕਜੁੱਟਤਾ ਲਈ ਸਭਾ ’ਚ 25000 ਮਜ਼ਦੂਰ ਆਏ। ਜਦ ‘ਮਈ ਦਿਵਸ’ ਆਇਆ ਤਾਂ ਉਸ ਵਿਚ ਭਾਗ ਲੈਣ ਲਈ ਸ਼ਿਕਾਗੋ ਦੇ ਹਜ਼ਾਰਾਂ ਮਜ਼ਦੂਰ ਫੈਕਟਰੀਆਂ ’ਚੋਂ ਨਿਕਲ ਕੇ ਜਨ ਸਭਾਵਾਂ ਵਿਚ ਸ਼ਾਮਲ ਹੋਣ ਲਈ ਪਹੁੰਚਣ ਲੱਗੇ। ਜਿੱਥੇ ਹੜਤਾਲ ਚੱਲ ਰਹੀ ਸੀ, ਉੱਥੇ ਇਕ ਆਮ ਸਭਾ ’ਤੇ ਪੁਲਿਸ ਨੇ ਹਮਲਾ ਕੀਤਾ। ਉਸ ਵਿਚ ਛੇ ਮਜ਼ਦੂਰਾਂ ਦੀ ਹੱਤਿਆ ਹੋਈ। ਅਗਲੇ ਦਿਨ ਉਸ ਗੰਭੀਰ ਕਾਰਵਾਈ ਖ਼ਿਲਾਫ਼ ਹੇਅ ਮਾਰਕੀਟ ਚੌਕ ’ਤੇ ਜਦ ਮਜ਼ਦੂਰਾਂ ਨੇ ਮੁਜ਼ਾਹਰਾ ਕੀਤਾ ਤਾਂ ਪੁਲਿਸ ਨੇ ਉਨ੍ਹਾਂ ’ਤੇ ਫਿਰ ਹਮਲਾ ਕੀਤਾ। ਕਿਤੋਂ ਇਕ ਬੰਬ ਸੁੱਟਿਆ ਗਿਆ ਜਿਸ ਦੇ ਫਟਣ ਨਾਲ਼ ਕਈ ਮਜ਼ਦੂਰ ਤੇ ਪੁਲਿਸ ਵਾਲ਼ੇ ਮਾਰੇ ਗਏ। ਇਸ ਗੱਲ ਦਾ ਕਦੇ ਪਤਾ ਨਹੀਂ ਲੱਗ ਸਕਿਆ ਕਿ ਬੰਬ ਕਿਸ ਨੇ ਸੁੱਟਿਆ ਸੀ। ਫਿਰ ਵੀ ਚਾਰ ਅਮਰੀਕੀ ਮਜ਼ਦੂਰ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ ਉਸ ਜੁਰਮ ਲਈ, ਜੋ ਉਨ੍ਹਾਂ ਨੇ ਕਦੇ ਕੀਤਾ ਹੀ ਨਹੀਂ ਸੀ। ਇੰਜ ਸ਼ਿਕਾਗੋ ਨੇ ਦੁਨੀਆ ਨੂੰ ‘ਮਈ ਦਿਵਸ’ ਦਿੱਤਾ ਤੇ ਇਹ ਪੂਰੇ ਸੰਸਾਰ ਦੀ ਵਿਰਾਸਤ ਬਣ ਗਿਆ।

-ਲੈਕਚਰਾਰ ਅਜੀਤ ਖੰਨਾ।

ਸੰਪਰਕ : 70095-29004

Posted By: Susheel Khanna