
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰੋ. ਔਲਖ ਪੰਜਾਬੀ ਦੇ ਅਜਿਹੇ ਨਾਟਕਾਰ; ਜਿਹਨਾਂ ਨੂੰ ਇੱਕੋ ਵੇਲੇ ਆਮ ਦਰਸ਼ਕਾਂ ਅਤੇ ਬੁੱਧੀਜੀਵੀ ਵਰਗ ਨੇ ਸਵੀਕਾਰਿਆ। ਇਨ੍ਹਾਂ ਦੇ ਨਾਟਕਾਂ ਅਤੇ ਰੰਗਮੰਚ ਨੂੰ ਜਿੱਥੇ ਯੂਨੀਵਰਸਿਟੀਆਂ ਅਤੇ ਕਲਾ ਅਕਾਦਮੀਆਂ ਨੇ ਮਾਨਤਾ ਦਿੱਤੀ, ਉੱਥੇ ਪੇਂਡੂ ਦਰਸ਼ਕਾਂ ਨੇ ਵੀ ਰੱਜ ਕੇ ਸਲਾਹਿਆ। ਹਜ਼ਾਰਾਂ ਦਰਸ਼ਕਾਂ ਸਾਹਮਣੇ ਪ੍ਰੋ. ਔਲਖ ਨੇ ਆਪਣੇ ਨਾਟਕਾਂ ਦੀ ਹਜ਼ਾਰਾਂ ਦੀ ਗਿਣਤੀ ’ਚ ਪੇਸ਼ਕਾਰੀ ਕੀਤੀ ਤੇ ਹੁਣ ਲੋਕ ਕਲਾ ਮੰਚ ਦੀ ਟੀਮ ਕਰ ਰਹੀ ਹੈ।

ਗੁਰਪ੍ਰੀਤ
ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਸਨ, ਦੋਸਤ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ ਸੋਹਣੇ ਘਰ ਮੂਹਰਦੀ ਲੰਘਦਾ ਤਾਂ ਉਹ ਕਿਸੇ ਵੇਲੇ ਸਾਹਮਣੇ ਵਰਾਂਡੇ ’ਚ ਬੈਠੇ ਕੋਈ ਕਿਤਾਬ/ਰਸਾਲਾ ਪੜ੍ਹਦੇ ਦਿਸਦੇ ਤੇ ਕਿਸੇ ਵੇਲ਼ੇ ਨਾਟਕ ਦੀ ਰੀਹਰਸਲ ਕਰਵਾਉਂਦੇ। ਕਲਾ ਅਤੇ ਆਪਣੇ ਕੰਮ ਦੀ ਇਕਮਿਕਤਾ ਕਰਕੇ ਉਹ ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਭੁਲਾ ਕੇ ਪਹਿਲਾਂ ਨਾਲ਼ੋਂ ਵੀ ਵੱਧ ਨਾਟਕ-ਕਲਾ ਦੇ ਖੇਤਰ ’ਚ ਸਰਗਰਮ ਰਹੇ। ਉਹ ਬਿਸਾਖੀਆਂ ਇਨ੍ਹਾਂ ਨੇ ਕਦੋਂ ਦੀਆਂ ਕਿਸੇ ਲੋੜਵੰਦ ਨੂੰ ਦੇ ਦਿੱਤੀਆਂ ਸਨ; ਜਿਹੜੀਆਂ ਦਿੱਲੀ ਦੇ ਡਾਕਟਰਾਂ ਨੇ ਤੁਰਨ ’ਚ ਸਹਾਇਤਾ ਕਰਨ ਲਈ ਦਿੱਤੀਆਂ ਸਨ। ਪ੍ਰੋਫੈਸਰ ਸਾਹਬ ਕੋਲ਼ ਤਾਂ ਇੱਛਾ ਦੀਆਂ ਲੱਤਾਂ ਤੇ ਨਾਟਕ ਕਲਾ ਦਾ ਉਤਸ਼ਾਹ ਸੀ। ਉਹ ਤਾਂ ਇਕ ਪਲ ਵੀ ਟਿਕ ਕੇ ਨਹੀਂ ਬੈਠੇ। ਬਸ ਕਦੇ-ਕਦਾਈਂ ਸਟੀਲ-ਸਟਿੱਕ ਦੀ ਵਰਤੋਂ ਕਰਦੇ। ਆਖ਼ਰੀ ਦਿਨਾਂ ’ਚ ਦੋਵੇਂ ਲੱਤਾਂ ਦੇ ਦਰਦ ਨੇ ਉਨ੍ਹਾਂ ਨੂੰ ਮੁੜ ਘੇਰ ਲਿਆ। ਲੱਤਾਂ ’ਤੇ ਭਾਰ ਨਹੀਂ ਆ ਰਿਹਾ ਸੀ। ਮਨੋਂ ਅਜੇ ਵੀ ਬੁਲੰਦ, ਕਹਿੰਦੇ-‘ਲੱਤਾਂ ਭਾਵੇਂ ਨਾ ਹੀ ਹੋਣ ਪਰ ਆਹ ਦਰਦ ਬਹੁਤ ਭੈੜੈ, ਝੱਲਿਆ ਨਹੀਂ ਜਾਂਦਾ। ਇਹ ਹਟ ਜੇ।’ ਜੇਕਰ ਦੋਸਤ ਮਿੱਤਰ ਮਿਲਣ ਆ ਜਾਂਦੇ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਤੇ ਦਰਦ ਭੁੱਲ ਜਾਂਦਾ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਸਾਦਾ ਤੇ ਮਿਲਨਸਾਰ ਸੁਭਾਉ ਕਾਰਨ ਦੂਰੋਂ ਨੇੜਿਉਂ ਸਾਹਿਤਕਾਰ ਮਿਲਣ ਲਈ ਆਉਂਦੇ ਹੀ ਰਹਿੰਦੇ। ਪੂਰਾ ਔਲਖ-ਪਰਵਾਰ ਹੀ ਸਾਦਾ ਤੇ ਸਹਿਜ ਹੈ, ਇਸੇ ਕਰਕੇ ‘ਲੋਕ ਕਲਾ ਮੰਚ’ ਦੇ ਬਹੁਤੇ ਕਲਾਕਾਰ ਪ੍ਰੋਫੈਸਰ ਸਾਹਬ ਤੇ ਉਨ੍ਹਾਂ ਦੀ ਸੁਪਤਨੀ ਨੂੰ ਡੈਡੀ/ਮੰਮੀ ਜਾਂ ਅੰਕਲ/ਅੰਟੀ ਕਹਿ ਕੇ ਹੀ ਬਲਾਉਂਦੇ। ਲੰਘਦਾ ਟੱਪਦਾ ਆਥਣ ਉੱਗਣ ਮੈਂ ਉਹਨਾਂ ਦੀ ਖ਼ੈਰ ਸੁਖ ਪੁੱਛਦਾ। ਪ੍ਰੋਫੈਸਰ ਸਾਹਬ ਕੋਲ ਗੱਲਾਂ ਕਰਨ ਲਈ ਆਉਣਾ-ਜਾਣਾ ਸੌਖਾ ਸੀ, ਤੁਸੀਂ ਤਾਂ ਸਿਰਫ ਸ਼ੁਰੂਆਤ ਕਰਨੀ ਹੁੰਦੀ ਤੇ ਫਿਰ ਹੁੰਗਾਰਾ ਭਰਨਾ ਹੁੰਦਾ। ਇਨ੍ਹਾਂ ਕੋਲ਼ ਤੁਹਾਡੇ ਲਈ ਆਪਣੇ ਨਾਟਕਾਂ, ਰੰਗਮੰਚ ਅਤੇ ਜ਼ਿੰਦਗੀ ਦੀਆਂ ਢੇਰਾਂ ਗੱਲਾਂ, ਸੁਣਦੇ ਰਹਿੰਦੇ ਉਹ ਦੱਸਦੇ ਰਹਿੰਦੇ। ਪਿਛਲੇ ਲੰਮੇ ਸਮੇਂ ਦੇ ਵਾਹ ਕਰਕੇ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਅਤੇ ਸਾਹਿਤ ਦੀਆਂ ਲਗਭਗ ਸਾਰੀਆਂ ਗੱਲਾਂ ਸਾਨੂੰ ਦੋਸਤਾਂ ਨੂੰ ਵੀ ਰਟ ਗਈਆਂ ਸਨ ਪਰ ਫਿਰ ਵੀ ਜੀਵਨ ਦੇ ਬਹੁਤੇ ਖੱਲ-ਖੁੰਝੇ ਬੰਦਾ ਆਪ ਵੀ ਫਰੋਲਣੋ ਰਹਿ ਜਾਂਦਾ ਹੈ। ਮੈਨੂੰ ਇਹ ਨਹੀਂ ਸੀ ਪਤਾ ਕਿ ਪ੍ਰੋ. ਔਲਖ ਹੁਰਾਂ ਦੇ ਪਰਿਵਾਰ ਨੂੰ ਤਾਂ ਆਪਣੀ ਜ਼ਮੀਨ ਵੀ ਆਪਣੇ ਸੀਰੀ ਕੋਲ਼ ਗਹਿਣੇ ਕਰਨੀ ਪਈ ਸੀ। ਸੀਰੀ ਕੋਲ਼ ਇਸ ਲਈ ਕਿ ਪਰਦਾ ਬਣਿਆ ਰਹੇ। ਪ੍ਰੋ. ਔਲਖ ਪੰਜਾਬੀ ਦੇ ਅਜਿਹੇ ਨਾਟਕਾਰ; ਜਿਹਨਾਂ ਨੂੰ ਇੱਕੋ ਵੇਲੇ ਆਮ ਦਰਸ਼ਕਾਂ ਅਤੇ ਬੁੱਧੀਜੀਵੀ ਵਰਗ ਨੇ ਸਵੀਕਾਰਿਆ। ਇਨ੍ਹਾਂ ਦੇ ਨਾਟਕਾਂ ਅਤੇ ਰੰਗਮੰਚ ਨੂੰ ਜਿੱਥੇ ਯੂਨੀਵਰਸਿਟੀਆਂ ਅਤੇ ਕਲਾ ਅਕਾਦਮੀਆਂ ਨੇ ਮਾਨਤਾ ਦਿੱਤੀ, ਉੱਥੇ ਪੇਂਡੂ ਦਰਸ਼ਕਾਂ ਨੇ ਵੀ ਰੱਜ ਕੇ ਸਲਾਹਿਆ। ਹਜ਼ਾਰਾਂ ਦਰਸ਼ਕਾਂ ਸਾਹਮਣੇ ਪ੍ਰੋ. ਔਲਖ ਨੇ ਆਪਣੇ ਨਾਟਕਾਂ ਦੀ ਹਜ਼ਾਰਾਂ ਦੀ ਗਿਣਤੀ ’ਚ ਪੇਸ਼ਕਾਰੀ ਕੀਤੀ ਤੇ ਹੁਣ ਲੋਕ ਕਲਾ ਮੰਚ ਦੀ ਟੀਮ ਕਰ ਰਹੀ ਹੈ। ਇਹਨਾਂ ਦੇ ਨਾਟਕਾਂ ਅਤੇ ਰੰਗਮੰਚ ਉਪਰ ਅਨੇਕ ਵਿਦਿਆਰਥੀ ਖੋਜ-ਕਾਰਜ ਕਰ ਚੁੱਕੇ ਹਨ। ਇਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਾਣਹਿਤ ਡਾਕਟਰੇਟ ਡਿਗਰੀ ਪ੍ਰਦਾਨ ਕੀਤੀ ਸੀ। ਡਾਕਟਰ ਔਲਖ ਕਹਿਣਾ ਸਾਡੇ ਮੂੰਹਾਂ ’ਤੇ ਕਦੇ ਨਹੀਂ ਚੜ੍ਹਿਆ। ਇਹਨਾਂ ਦੀ ਪਛਾਣ ਸਦਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਵਜੋਂ ਹੀ ਰਹੇਗੀ। ਨਹਿਰੂ ਕਾਲਜ ਮਾਨਸਾ ਦੇ ਸੱਭਿਆਚਾਰ ਵਿੰਗ ’ਚ ਯੁਵਕ ਮੇਲਿਆਂ ਲਈ ਨਾਟਕ ਤਿਆਰ ਕਰਵਾਉਂਦਿਆਂ ਨਾਟਕ ਵਿਧਾ ਨਾਲ਼ ਜੁੜ ਗਏ ਤੇ ‘ਬਿਗਾਨੇ ਬੋਹੜ ਦੀ ਛਾਂ’ ਨਾਲ਼ ਸਾਹਿਤ ਸੰਸਾਰ ’ਚ ਜਾਣੇ ਜਾਣਨ ਲੱਗੇ। ਇਕ ਵਾਰ ਮੈਂ ਇਹਨਾਂ ਦੇ ਜੁਆਈ ਅਦਾਕਾਰ ਬਿੱਟੂ ਮਾਨਸਾ ਨਾਲ਼ ਰਲ ਕੇ ਪ੍ਰੋਫੈਸਰ ਸਾਹਿਬ ਨਾਲ਼ ਫੇਸਬੁਕ ਲਾਈਵ ਗੱਲਬਾਤ ਕਰਨ ਦਾ ਪ੍ਰੋਗਰਾਮ ਬਣਾ ਲਿਆ। ਸਾਨੂੰ ਦੋਹਾਂ ਨੂੰ ਹੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਫੋਨ ਬੈਟਰੀ ਬਹੁਤ ਪੀਂਦਾ ਹੈ। ਸੋ ਗੱਲਾਂ ਕਰਦਿਆਂ ਹੀ ਫੋਨ ਬੰਦ ਹੋ ਗਿਆ। ਫਿਰ ਵੀ ਅਸੀਂ ਆਪਣੀ ਗੱਲ ਦੋਸਤਾਂ ’ਚ ਪਹੁੰਚਾਉਣ ਲਈ ਕਾਫੀ ਕਾਮਯਾਬ ਰਹੇ ਸਾਂ। ਇੱਕ ਦਿਨ ਮੈਂ ਪ੍ਰੋਫੈਸਰ ਹੁਰਾਂ ਕੋਲ਼ ਗਿਆ ਤਾਂ ਉਹ ਗੁਲਜ਼ਾਰ ਸੰਧੂ ਦਾ ਲਿਖਿਆ ‘ਮੰਟੋ’ ਬਾਰੇ ਲੇਖ ਪੜ੍ਹ ਰਹੇ ਸਨ। ਮੈਂ ਗੋਡੀ ਹੱਥ ਲਾਉਂਦਿਆਂ ਸਤਿ ਸ੍ਰੀ ਅਕਾਲ ਬੁਲਾਈ ਤਾਂ ਆਪਣੇ ਅੰਦਾਜ਼ ’ਚ ਕਿਹਾ, ‘ਸਾਸਰੀ ਕਾਲ, ਕੀ ਹੈ ਹਾਲ ?’ ਗੱਲ ਲੱਤਾਂ ਦੇ ਦਰਦ ਤੋਂ ਸ਼ੁਰੂ ਹੋਈ ਤਾਂ ਪ੍ਰੋਫੈਸਰ ਸਾਹਿਬ ਨੇ ਤੁਰੰਤ ਇਰਾਕੀ ਸ਼ਾਇਰਾ ਦੁਨਯਾ ਮਿਖਾਇਲ ਦੀ ਯੁੱਧ ਬਾਰੇ ਲਿਖੀ ਕਵਿਤਾ ਚੁੱਕ ਲਈ ਜੋ ਉਹਨਾਂ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਅਨੁਵਾਦ ਕੀਤੀ ਸੀ। ਪ੍ਰੋਫੈਸਰ ਸਾਹਿਬ ਦੀ ਉਸ ਵੇਲੇ ਆਖੀ ਗੱਲ ਕਦੇ ਵੀ ਭੁੱਲਣੀ ਨਹੀਂ, ‘ਅੱਜ ਕੱਲ੍ਹ ਦਰਦ ਦੀ ਗੋਲੀ ਤੋਂ ਬਾਅਦ ਸਾਹਿਤ ਹੀ ਦਰਦ ਨੂੰ ਭੁਲਾਉਣ ਦਾ ਜ਼ਰੀਆ ਬਣਦਾ ਹੈ।’ ਕਵਿਤਾ ਨੇ ਯੁੱਧ ਦੇ ਦੁਖਾਂਤ ਨੂੰ ਬਹੁਤ ਬਾਰੀਕੀ ਨਾਲ਼ ਪੇਸ਼ ਕੀਤਾ ਸੀ : ਯੁੱਧ/ਇਸਤਰੀਆਂ ਦੀਆਂ ਅੱਖਾਂ ਰਾਹੀਂ ਹੁੰਦੀ/ਬਰਸਾਤ ਨੂੰ ਦਿਖਾਉਂਦਾ ਹੈ। ਕਿੰਨਾ ਚਿਰ ਅਸੀਂ ਕਵਿਤਾ ਦੀ ਇਸ ਬਰਸਾਤ ’ਚ ਚੁੱਪ ਰਹੇ। ਆਖ਼ਰੀ ਦਿਨਾਂ ’ਚ ਪ੍ਰੋਫੈਸਰ ਸਾਹਿਬ ਭਾਵੇਂ ਬਹਿ ਵੀ ਨਹੀਂ ਸਕਦੇ ਸਨ ਪਰ ਫਿਰ ਵੀ ਸਾਹਿਤ ਪੜ੍ਹਨ ਲਿਖਣ ਨਾਲ਼ ਲਗਾਤਾਰ ਜੁੜੇ ਰਹੇ। ਉਹ ਪੰਚਾਇਤੀ ਜ਼ਮੀਨਾਂ ਤੇ ਦਲਿਤਾਂ ਦੇ ਹੱਕਾਂ ਨੂੰ ਲੈ ਕੇ ਇਕ ਨਾਟਕ ਲਿਖ ਰਹੇ ਸਨ ‘ਓੜਕ ਸੱਚ ਰਹੇ’। ਨਾਟਕ ਦੀ ਪਹਿਲੀ ਰੂਪ-ਰੇਖਾ ਦਿਖਾਉਂਦਿਆਂ ਉਨ੍ਹਾਂ ਦੱਸਿਆ ਸੀ, ‘ਇਹਦੇ ਇਕ ਪਾਤਰ ਦਾ ਨਾਂ ਮੈਂ ਸਤਗੁਰ ਸਿੰਘ ਰੱਖਿਆ ਸੀ ਪਰ ਅੱਜ ਬਦਲ ਕੇ ਗੁਰਸਾਗਰ ਸਿੰਘ ਰੱਖ ਦਿੱਤਾ। ਇਹ ਨਾਂ ਮੈਨੂੰ ਜ਼ਿਆਦਾ ਢੁਕਵਾਂ ਲੱਗਿਆ।’ ਪਾਸ਼ ਦੇ ਮੈਗਜ਼ੀਨ ‘ਸਿਆੜ’ ਦੀ ਗੱਲ ਤੁਰੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹਦੇ ’ਚ ਉਨ੍ਹਾਂ ਦੀਆਂ ਕਵਿਤਾਵਾਂ ਵੀ ਛਪਦੀਆਂ ਰਹੀਆਂ ਹਨ। ਉਦੋਂ ਉਹ ‘ਅਜੈਮਨ’ ਦੇ ਨਾਂ ਹੇਠ ਲਿਖਦੇ ਹੁੰਦੇ ਸਨ। ਮਨ ਉਨ੍ਹਾਂ ਨੇ ਆਪਣੀ ਸੁਪਤਨੀ ਮਨਜੀਤ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਜੋੜਿਆ ਸੀ। ਇੱਥੋਂ ਹੀ ਗੱਲ ਸ਼ਿਵ ਬਟਾਲਵੀ ’ਤੇ ਪਹੁੰਚ ਗਈ। ਪ੍ਰੋਫੈਸਰ ਸਾਹਿਬ ਦੱਸਣ ਲੱਗੇ, ‘ਕਾਲਜ ਮੈਂ ਬਹੁਤ ਕਵੀ-ਦਰਬਾਰ ਕਰਵਾਏ, ਪਾਸ਼ ਤੇ ਸ਼ਿਵ ਨੂੰ ਅਸੀਂ ਸੱਦਦੇ ਹੁੰਦੇ। ਇਕ ਵਾਰ ਸ਼ਿਵ ਆਪਣੀ ਕਵਿਤਾ ਪੜ੍ਹ ਰਿਹਾ ਸੀ ਤਾਂ ਮੁੰਡਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ-‘ਕੋਈ ਅਗਾਂਹ ਦੀ ਗੱਲ ਕਰ, ਰੋਣਾ-ਧੋਣਾ ਬਹੁਤ ਹੋ ਗਿਆ’। ਕਮਾਲ ਦੀ ਗੱਲ ਗੁਰਪ੍ਰੀਤ, ਸ਼ਿਵ ਨੇ ਪਤਾ ਨਹੀਂ ਤੁਰੰਤ ਹੀ ਕਵਿਤਾ ਲਿਖ ਦਿੱਤੀ, ਪਤਾ ਨਹੀਂ ਉਹਨੇ ਪਹਿਲਾਂ ਹੀ ਲਿਖੀ ਸੀ, ਉਹ ਤਾਂ ਉਦੋਂ ਹੀ ਬਾਬਾ ਬੂਝਾ ਸਿੰਘ ਉੱਤੇ ਕਵਿਤਾ ਸੁਣਾਉਣ ਲੱਗ ਪਿਆ। ~ਇਹ ਗੱਲ ਤੁਹਾਡੇ ਨਾਲ਼ ਪਹਿਲਾਂ ਵੀ ਕੀਤੀ ਹੈ ਕਿ ਤੁਸੀਂ ਬਣਨਾ ਤਾਂ ਰਾਜਨੀਤੀਵਾਨ ਚਾਹੁੰਦੇ ਸੀ ਪਰ ਸਾਹਿਤਕਾਰ ਬਣੇ?’ ਮੈਂ ਗੱਲ ਤੋਰੀ। ‘ਆਹੋ , ਇੱਛਾ ਤਾਂ ਮੇਰੀ ਰਾਜਨੀਤੀਵਾਨ ਬਣਨ ਦੀ ਹੀ ਸੀ, ਉਹ ਵੀ ਕੋਈ ਕ੍ਰਾਂਤੀਕਾਰੀ ਰਾਜਨੀਤੀਵਾਨ ਪਰ ਨਿੱਜੀ ਕਮਜ਼ੋਰੀਆਂ ਤੇ ਮਜ਼ਬੂਰੀਆਂ ਕਾਰਨ ਰਾਜਨੀਤੀ |ਚ ਕੁੱਦਣ ਦਾ ਹੀਆ ਨਾ ਪਿਆ।
ਉਹ ਨਾਉਂ ਕਮਾ ਕੇ ਜਾਂਵਦੇ ਜਿਹੜੇ ਦੁਖੀਆਂ ਦੇ ਨੇ ਮਿੱਤ। ਇਹ ਪੜ੍ਹਦਿਆਂ ਮੈਂ ਸੋਚ ਰਿਹਾ ਸਾਂ ਕਿ ਪ੍ਰੋਫੈਸਰ ਸਾਹਿਬ ਦੁਖੀਆਂ ਦੇ ਅਸਲ ਮਿੱਤ ਨੇ, ਜਿਨ੍ਹਾਂ ਨੇ ਨਾਟ-ਕਲਾ ਰਾਹੀਂ ਲੋਕਾਈ ਦੇ ਦਰਦ ਨੂੰ ਰੂਪਮਾਨ ਕੀਤਾ। ਇਹ ਅਜਮੇਰ ਸਿੰਘ ਔਲਖ ਹੋਣ ਦਾ ਅਰਥ ਵੀ ਹੈ, ਜਿਹੜਾ ਕਿਰਤੀਆਂ ਤੇ ਮਿਹਨਤਕਸ਼ ਲੋਕਾਂ ਦੇ ਜਿਉਣ ਦੀ ਕਲਮ ਰਾਹੀਂ ਅਸਲ ਤਾਕਤ ਬਣਿਆ।
(ਸੰਪਰਕ :9872375898)।