- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਤਿਹਾਸ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਜਾਂ ਉਪਲਬਧੀਆਂ ਕਰਕੇ ਨਹੀਂ, ਸਗੋਂ ਉਨ੍ਹਾਂ ਦੇ ਚਰਿੱਤਰ ਅਤੇ ਆਦਰਸ਼ਾਂ ਕਰ ਕੇ ਯਾਦ ਰੱਖਦਾ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਅਜਿਹੇ ਹੀ ਇਕ ਮਹਾਨ ਆਗੂ ਸਨ, ਜਿਨ੍ਹਾਂ ਦਾ ਜੀਵਨ ਇਕ ਸਦੀ ਬਾਅਦ ਵੀ ਪੰਜਾਬ ਅਤੇ ਸਿੱਖ ਕੌਮ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ।

ਪ੍ਰੋ. (ਡਾ.) ਕਰਮਜੀਤ ਸਿੰਘ
ਸਿੱਖ ਇਤਿਹਾਸ ’ਚ ਤੇਜਾ ਸਿੰਘ ਸਮੁੰਦਰੀ ਦਾ ਸਥਾਨ ਉਨ੍ਹਾਂ ਮਹਾਨ ਆਗੂਆਂ ’ਚ ਹੈ, ਜਿਨ੍ਹਾਂ ਨੇ ਆਪਣੇ ਲਈ ਨਹੀਂ, ਸਗੋਂ ਪੰਥ, ਸੰਸਥਾਵਾਂ ਅਤੇ ਸਿਧਾਂਤਾਂ ਲਈ ਜੀਵਨ ਸਮਰਪਿਤ ਕੀਤਾ। 17 ਜੁਲਾਈ 2026 ਨੂੰ ਉਨ੍ਹਾਂ ਦੀ ਸ਼ਹੀਦੀ ਦੇ 100 ਸਾਲ ਪੂਰੇ ਹੋ ਰਹੇ ਹਨ। ਇਹ ਕੇਵਲ ਇੱਕ ਇਤਿਹਾਸਕ ਵਰ੍ਹੇਗੰਢ ਨਹੀਂ, ਸਗੋਂ ਇਹ ਸੋਚਣ ਦਾ ਮੌਕਾ ਵੀ ਹੈ ਕਿ ਕੀ ਅਸੀਂ ਉਨ੍ਹਾਂ ਦੇ ਜੀਵਨ ਤੋਂ ਮਿਲਦੇ ਸਬਕਾਂ ਨੂੰ ਅਪਣਾਇਆ ਹੈ। ਅੱਜ ‘ਤੇਜਾ ਸਿੰਘ ਸਮੁੰਦਰੀ ਹਾਲ’ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਉਸ ਆਗੂ ਦੀ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੇ ਸਾਬਤ ਕੀਤਾ ਕਿ ਸੰਸਥਾਵਾਂ ਵਿਅਕਤੀਆਂ ਨਾਲੋਂ ਵੱਡੀਆਂ ਹੁੰਦੀਆਂ ਹਨ। ਜੇ ਬਾਬਾ ਖੜਕ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੀ ਆਵਾਜ਼ ਸਨ, ਤਾਂ ਤੇਜਾ ਸਿੰਘ ਸਮੁੰਦਰੀ ਉਸ ਲਹਿਰ ਦੀ ਨੈਤਿਕ ਥੰਮ੍ਹ ਅਤੇ ਅਨੁਸ਼ਾਸਿਤ ਰਣਨੀਤੀਕਾਰ ਸਨ।
20 ਫਰਵਰੀ 1882 ਨੂੰ ਬੁਰਜ ਰਾਇ ਕਾ (ਤਰਨ ਤਾਰਨ) ਵਿੱਚ ਜਨਮੇ ਸਮੁੰਦਰੀ ਜੀ ਨੇ ਬਰਤਾਨਵੀ ਫ਼ੌਜ ’ਚੋਂ ਪ੍ਰਾਪਤ ਅਨੁਸ਼ਾਸਨ ਅਤੇ ਸੰਗਠਨ-ਕੌਸ਼ਲ ਨੂੰ ਪੰਥ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕੋਈ ਵੀ ਅੰਦੋਲਨ ਤਦੋਂ ਹੀ ਸਫ਼ਲ ਹੁੰਦਾ ਹੈ, ਜਦੋਂ ਉਹ ਨੈਤਿਕਤਾ, ਅਨੁਸ਼ਾਸਨ ਅਤੇ ਗੁਰਮਤਿ ਦੇ ਸਿਧਾਂਤਾਂ ’ਤੇ ਆਧਾਰਿਤ ਹੋਵੇ। ਗੁਰਦੁਆਰਾ ਸੁਧਾਰ ਲਹਿਰ ਦੇ ਹਰ ਮਹੱਤਵਪੂਰਨ ਪੜਾਅ ਰਕਾਬ ਗੰਜ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ਼, ਜੈਤੋ ਅਤੇ ਨਾਭਾ ਅੰਦੋਲਨ ’ਚ ਉਨ੍ਹਾਂ ਦੀ ਦੂਰਅੰਦੇਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਰਕਾਬ ਗੰਜ ਦੇ ਮਾਮਲੇ ਨੂੰ ਉਨ੍ਹਾਂ ਨੇ ਸਿੱਖ ਸਵੈ-ਮਾਣ ਅਤੇ ਧਾਰਮਿਕ ਅਧਿਕਾਰਾਂ ਦਾ ਪ੍ਰਸ਼ਨ ਬਣਾਇਆ, ਜਦਕਿ 1921 ਦੇ ਚਾਬੀਆਂ ਦੇ ਮੋਰਚੇ ’ਚ ਉਨ੍ਹਾਂ ਦੀ ਸ਼ਾਂਤਮਈ ਅਤੇ ਅਨੁਸ਼ਾਸਿਤ ਅਗਵਾਈ ਨੇ ਸਰਕਾਰ ਨੂੰ ਚਾਬੀਆਂ ਵਾਪਸ ਕਰਨ ਲਈ ਮਜ਼ਬੂਰ ਕੀਤਾ। ਮਹਾਤਮਾ ਗਾਂਧੀ ਨੇ ਇਸ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਪਹਿਲੀ ਇੱਕ ਮਹੱਤਵਪੂਰਨ ਨੈਤਿਕ ਜਿੱਤ ਕਰਾਰ ਦਿੱਤਾ। ਗੁਰੂ ਕਾ ਬਾਗ਼ ਮੋਰਚੇ ਦੌਰਾਨ ਵੀ ਉਨ੍ਹਾਂ ਨੇ ਹਜ਼ਾਰਾਂ ਅਕਾਲੀਆਂ ਨੂੰ ਬ੍ਰਿਟਿਸ਼ ਹਕੂਮਤ ਦੇ ਬੇਤਹਾਸ਼ਾ ਜ਼ੁਲਮ ਦੇ ਬਾਵਜੂਦ ਅਹਿੰਸਕ ਅਤੇ ਅਨੁਸ਼ਾਸਿਤ ਬਣਾਈ ਰੱਖਿਆ। ਜੈਤੋ ਅਤੇ ਨਾਭਾ ਅੰਦੋਲਨਾਂ ’ਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਧਾਂਤਾਂ ਨਾਲ ਸਮਝੌਤਾ ਕਰ ਕੇ ਮਿਲੀ ਜਿੱਤ ਅਸਲ ਜਿੱਤ ਨਹੀਂ ਹੁੰਦੀ।
17 ਜੁਲਾਈ 1926 ਨੂੰ ਲਾਹੌਰ ਜੇਲ੍ਹ ’ਚ ਉਨ੍ਹਾਂ ਦੀ ਮੌਤ ਨੂੰ ਸਿੱਖ ਕੌਮ ਨੇ ਸ਼ਹਾਦਤ ਵਜੋਂ ਸਵੀਕਾਰਿਆ, ਕਿਉਂਕਿ ਉਨ੍ਹਾਂ ਨੇ ਸਰਕਾਰ ਵਲੋਂ ਅਕਾਲੀ ਆਗੂਆਂ ਨੂੰ ਜਲੀਲ ਕਰਨ ਦੀ ਮਨਸ਼ਾ ਤਹਿਤ ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਗੁਰਦੁਆਰਾ ਐਕਟ ਨੂੰ ਲਿਖਤੀ ਰੂਪ ’ਚ ਪ੍ਰਵਾਨ ਕਰਨ ਦਾ ਵਾਅਦਾ ਕਰਨ ਤੋਂ ਇਨਕਾਰ ਕਰਕੇ ਜੇਲ੍ਹ ’ਚ ਰਹਿਣਾ ਬਿਹਤਰ ਸਮਝਿਆ ਸੀ ਅਤੇ ਉੱਥੇ ਹੀ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਜ਼ਿੰਦਗੀ ਦੇ ਅੰਤਿਮ ਸੁਆਸ ਤੱਕ ਪੰਥ ਅਤੇ ਸੱਚ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਪਰਿਵਰਤਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਿਆ।
ਉਨ੍ਹਾਂ ਦੀ ਨਿਸ਼ਕਾਮ ਸੇਵਾ ਦੀ ਸਭ ਤੋਂ ਉੱਚੀ ਉਦਾਹਰਨ, ਉਹ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਕਾਨੂੰਨੀ ਲੜਾਈ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਆਰਥਿਕ ਸਹਾਇਤਾ ਦਿੱਤੀ ਅਤੇ ਬਾਅਦ ’ਚ ਉਹ ਰਕਮ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ। 1923 ’ਚ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਲਈ ਉਨ੍ਹਾਂ ਨੂੰ ਪੰਜ ਪਿਆਰਿਆਂ ’ਚ ਸ਼ਾਮਲ ਕੀਤਾ ਜਾਣਾ ਉਨ੍ਹਾਂ ਦੇ ਚਰਿੱਤਰ ਪ੍ਰਤੀ ਪੰਥ ਦੇ ਵਿਸ਼ਵਾਸ ਦੀ ਮੋਹਰ ਸੀ। ਇਤਿਹਾਸ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਜਾਂ ਉਪਲਬਧੀਆਂ ਕਰਕੇ ਨਹੀਂ, ਸਗੋਂ ਉਨ੍ਹਾਂ ਦੇ ਚਰਿੱਤਰ ਅਤੇ ਆਦਰਸ਼ਾਂ ਕਰ ਕੇ ਯਾਦ ਰੱਖਦਾ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਅਜਿਹੇ ਹੀ ਇਕ ਮਹਾਨ ਆਗੂ ਸਨ, ਜਿਨ੍ਹਾਂ ਦਾ ਜੀਵਨ ਇਕ ਸਦੀ ਬਾਅਦ ਵੀ ਪੰਜਾਬ ਅਤੇ ਸਿੱਖ ਕੌਮ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਗੁਰਦੁਆਰਾ ਸੁਧਾਰ ਲਹਿਰ ਸਿਰਫ਼ ਧਾਰਮਿਕ ਪ੍ਰਬੰਧ ਦੇ ਸੁਧਾਰ ਦੀ ਲਹਿਰ ਨਹੀਂ ਸੀ। ਇਹ ਲੋਕ-ਭਾਗੀਦਾਰੀ, ਸਿਧਾਂਤਕ ਅਗਵਾਈ, ਸੰਸਥਾ-ਨਿਰਮਾਣ ਅਤੇ ਪੰਥਕ-ਅਧਿਕਾਰਾਂ ਦੀ ਲੜਾਈ ਸੀ। ਇਸ ਲਹਿਰ ’ਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜੋ ਭੂਮਿਕਾ ਨਿਭਾਈ, ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਕੇਂਦਰ ’ਚ ਨਹੀਂ ਰੱਖਿਆ। ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਵੀ ਇਹੀ ਹੈ। ਸਾਡੀਆਂ ਬਹੁਤ ਸਾਰੀਆਂ ਜਨਤਕ ਸੰਸਥਾਵਾਂ ਵਿਅਕਤੀ- ਕੇਂਦਰਿਤ ਹੋ ਰਹੀਆਂ ਹਨ। ਜਦੋਂ ਸੰਸਥਾਵਾਂ ਦੀ ਪਹਿਚਾਣ ਕਿਸੇ ਇਕ ਚਿਹਰੇ ਨਾਲ ਜੁੜ ਜਾਂਦੀ ਹੈ, ਤਾਂ ਉਨ੍ਹਾਂ ਦੀ ਸੁਤੰਤਰਤਾ ਅਤੇ ਭਰੋਸੇਯੋਗਤਾ ਕਮਜ਼ੋਰ ਹੋਣ ਲੱਗਦੀ ਹੈ।
ਅੱਜ ਅਗਵਾਈ ਕਰਨ ਵਾਲੇ ਆਗੂ ਦੀ ਸਫ਼ਲਤਾ ਨੂੰ ਅਕਸਰ ਸੱਤਾ ਪ੍ਰਾਪਤੀ, ਪ੍ਰਚਾਰ ਅਤੇ ਪ੍ਰਭਾਵ ਨਾਲ ਮਾਪਿਆ ਜਾਂਦਾ ਹੈ ਪਰ ਇਤਿਹਾਸ ਦੱਸਦਾ ਹੈ ਕਿ ਟਿਕਾਊ ਤੇ ਮਿਸਾਲੀ ਰਹਿਬਰੀ ਦੀ ਨੀਂਹ ਚਰਿੱਤਰ, ਸੱਚਾਈ ਅਤੇ ਲੋਕ-ਭਰੋਸੇ ’ਤੇ ਟਿਕੀ ਹੁੰਦੀ ਹੈ। ਸਿੱਖਿਆ ਪ੍ਰਤੀ ਉਨ੍ਹਾਂ ਦੀ ਦੂਰਅੰਦੇਸ਼ੀ ਵੀ ਅੱਜ ਦੇ ਸਮੇਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਨੇ ਸਮਝ ਲਿਆ ਸੀ ਕਿ ਧਾਰਮਿਕ ਜਾਗਰੂਕਤਾ ਦੇ ਨਾਲ-ਨਾਲ ਗਿਆਨ ਅਤੇ ਸਿੱਖਿਆ ਤੋਂ ਬਿਨਾਂ ਕੋਈ ਵੀ ਕੌਮ ਲੰਬੇ ਸਮੇਂ ਤੱਕ ਅੱਗੇ ਨਹੀਂ ਵਧ ਸਕਦੀ। ਇਸ ਲਈ ਉਨ੍ਹਾਂ ਨੇ ਖ਼ਾਲਸਾ ਸਕੂਲਾਂ ਦੇ ਵਿਕਾਸ, ਇਸਤਰੀ ਸਿੱਖਿਆ ਅਤੇ ਗਿਆਨ ਦੇ ਪ੍ਰਸਾਰ ਨੂੰ ਪੰਥਕ ਸੇਵਾ ਦਾ ਅਟੁੱਟ ਹਿੱਸਾ ਮੰਨਿਆ। ਅੱਜ ਜਦੋਂ ਪੰਜਾਬ ਸਿੱਖਿਆ, ਹੁਨਰ ਅਤੇ ਨੌਜਵਾਨਾਂ ਦੇ ਭਵਿੱਖ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਸਮੁੰਦਰੀ ਜੀ ਦਾ ਇਹ ਸੰਦੇਸ਼ ਹੋਰ ਵੀ ਅਹਿਮ ਬਣ ਜਾਂਦਾ ਹੈ ਕਿ ਸਿੱਖਿਆ ਹੀ ਸਮਾਜ ਦੀ ਸਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਦੇ ਜੀਵਨ ਦਾ ਇੱਕ ਹੋਰ ਪੱਖ ਸਮਾਜਿਕ ਨਿਆਂ ਹੈ। ਦਲਿਤਾਂ ਅਤੇ ਵੰਚਿਤ ਵਰਗਾਂ ਲਈ ਉਨ੍ਹਾਂ ਦੀ ਵਚਨਬੱਧਤਾ ਸਿਰਫ਼ ਸਮਾਜਿਕ ਸੁਧਾਰ ਨਹੀਂ ਸੀ; ਸਗੋਂ ਇਹ ਗੁਰਮਤਿ ਦੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਦਾ ਵਿਹਾਰਕ ਰੂਪ ਸੀ। ਉਹ ਜਾਣਦੇ ਸਨ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਮਾਪਦੰਡ ਉਸ ਦੇ ਸਭ ਤੋਂ ਕਮਜ਼ੋਰ ਵਰਗ ਦੀ ਸਥਿਤੀ ਹੁੰਦੀ ਹੈ।
ਅਸਲ ਸਵਾਲ ਇਹ ਹੈ ਕਿ ਕੀ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜਨਤਕ ਜੀਵਨ ’ਚ ਥਾਂ ਦਿੰਦੇ ਹਾਂ? ਕੀ ਸਾਡੀਆਂ ਸੰਸਥਾਵਾਂ ਵਿਅਕਤੀਆਂ ਤੋਂ ਉੱਪਰ ਹਨ? ਕੀ ਸਾਡਾ ਰਾਜਨੀਤਕ ਢਾਂਚਾ ਨੈਤਿਕਤਾ ’ਤੇ ਆਧਾਰਿਤ ਹੈ? ਕੀ ਸਿੱਖਿਆ ਅਤੇ ਸਮਾਜਿਕ ਨਿਆਂ ਸਾਡੀਆਂ ਤਰਜ਼ੀਹਾਂ ਹਨ? ਅਤੇ ਕੀ ਸੇਵਾ ਅਜੇ ਵੀ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਂਦੀ ਹੈ? ਉਨ੍ਹਾਂ ਦੀ 100ਵੀਂ ਸ਼ਹੀਦੀ ਵਰ੍ਹੇਗੰਢ ’ਤੇ ਸੱਚੀ ਸ਼ਰਧਾਂਜਲੀ ਸਮਾਰਕ ਬਣਾਉਣ ਜਾਂ ਸਮਾਗਮ ਕਰਨ ਨਾਲ ਨਹੀਂ, ਸਗੋਂ ਉਨ੍ਹਾਂ ਦੇ ਜੀਵਨ-ਸੰਦੇਸ਼ ਨੂੰ ਅਮਲ ’ਚ ਲਿਆਉਣ ਨਾਲ ਹੋਵੇਗੀ। ਇਕ ਸਦੀ ਬਾਅਦ ਵੀ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਨੂੰ ਇਹੀ ਸਿਖਾਉਂਦਾ ਹੈ ਕਿ ਕੌਮਾਂ ਦੀ ਅਸਲ ਤਾਕਤ ਨਾ ਧਨ ’ਚ ਹੁੰਦੀ ਹੈ, ਨਾ ਸੱਤਾ ’ਚ; ਉਹ ਉਨ੍ਹਾਂ ਦੇ ਚਰਿੱਤਰ, ਉਨ੍ਹਾਂ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੀ ਨੈਤਿਕ ਅਗਵਾਈ ’ਚ ਹੁੰਦੀ ਹੈ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਰਾਸਤ ਹੈ ਅਤੇ ਇਹੀ ਅੱਜ ਦੇ ਪੰਜਾਬ ਲਈ ਸਭ ਤੋਂ ਵੱਡਾ ਸੰਦੇਸ਼।