- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਕਿਸਾਨੀ ਸੰਕਟ, ਨਸ਼ਿਆਂ ਦੀ ਸਮੱਸਿਆ, ਰੁਜ਼ਗਾਰ, ਉਦਯੋਗਿਕ ਵਿਕਾਸ, ਪਾਣੀ, ਸਰਹੱਦੀ ਵਪਾਰ ਅਤੇ ਪਰਵਾਸ ਵਰਗੇ ਵਿਸ਼ੇ ਲੋਕਾਂ ਦੀਆਂ ਮੁੱਖ ਚਿੰਤਾਵਾਂ ਹਨ। ਇਕ ਪ੍ਰਭਾਵਸ਼ਾਲੀ ਚੋਣਾਵੀਂ ਰਣਨੀਤੀ ਤਦ ਹੀ ਸਫ਼ਲ ਹੋ ਸਕਦੀ ਹੈ ਜਦੋਂ ਇਹ ਇਨ੍ਹਾਂ ਮੁੱਦਿਆਂ ਦੇ ਵਿਹਾਰਕ ਹੱਲ ਪੇਸ਼ ਕਰੇ।

ਪੰਜਾਬ ਦੀ ਸਿਆਸਤ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵਧਦੇ ਹੋਏ ਇਕ ਨਵੇਂ ਦੌਰ ’ਚ ਦਾਖ਼ਲ ਹੋ ਰਹੀ ਹੈ। ਸੱਤਾਧਾਰੀ ਧਿਰ ਆਪਣੀਆਂ ਨੀਤੀਆਂ ਅਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਦਾ ਭਰੋਸਾ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਵਿਰੋਧੀ ਪਾਰਟੀਆਂ ਸਾਹਮਣੇ ਆਪਣੀ ਸਿਆਸੀ ਜ਼ਮੀਨ ਮੁੜ ਮਜ਼ਬੂਤ ਕਰਨ ਦੀ ਚੁਣੌਤੀ ਹੈ। ਇਸ ਪ੍ਰਸੰਗ ’ਚ ਕਾਂਗਰਸ ਵੱਲੋਂ ਚੋਣਾਵੀਂ ਰਣਨੀਤੀਕਾਰ ਸੁਨੀਲ ਕੋਨੂੰਗੋਲੂ ਦੀ ਭੂਮਿਕਾ ਵਿਸ਼ੇਸ਼ ਧਿਆਨ ਦਾ ਕੇਂਦਰ ਬਣੀ ਹੋਈ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਹੋਈਆਂ ਉੱਚ ਪੱਧਰੀ ਮੀਟਿੰਗਾਂ ’ਚ ਕੋਨੂੰਗੋਲੂ ਨੇ ਕਾਂਗਰਸ ਦੇ ਕੇਂਦਰੀ ਅਤੇ ਪੰਜਾਬ ਦੇ ਆਗੂਆਂ ਨਾਲ ਵਿਸਥਾਰਪੂਰਵਕ ਮੰਥਨ ਕੀਤਾ ਹੈ। ਇਨ੍ਹਾਂ ਬੈਠਕਾਂ ’ਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਕੇ. ਸੀ. ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਸੂਬੇ ਦੇ ਸੀਨੀਅਰ ਨੇਤਾਵਾਂ ਨੇ ਸੰਗਠਨ ਦੀ ਮੌਜੂਦਾ ਸਥਿਤੀ, ਚੁਣੌਤੀਆਂ ਅਤੇ ਭਵਿੱਖ ਦੀ ਰਣਨੀਤੀ ’ਤੇ ਵਿਚਾਰ ਕੀਤਾ।
ਇਨ੍ਹਾਂ ਮੀਟਿੰਗਾਂ ਤੋਂ ਇਕ ਗੱਲ ਸਪੱਸ਼ਟ ਹੋ ਕੇ ਸਾਹਮਣੇ ਆਈ ਹੈ ਕਿ ਕਾਂਗਰਸ ਹੁਣ ਸਿਰਫ਼ ਰਵਾਇਤੀ ਪ੍ਰਚਾਰ ’ਤੇ ਨਹੀਂ, ਸਗੋਂ ਡਾਟਾ-ਅਧਾਰਿਤ ਅਤੇ ਸੰਗਠਿਤ ਪਹੁੰਚ ’ਤੇ ਜ਼ੋਰ ਦੇਣਾ ਚਾਹੁੰਦੀ ਹੈ। ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਕੋਨੂੰਗੋਲੂ ਦੀ ਟੀਮ ਦੇ 50 ਤੋਂ ਵੱਧ ਸਰਗਰਮ ਮੈਂਬਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਸ਼ਹਿਰਾਂ ਅਤੇ ਪੇਂਡੂ ਖੇਤਰਾਂ ’ਚ ਕੰਮ ਕਰ ਰਹੇ ਹਨ। ਇਹ ਟੀਮ ਸਥਾਨਕ ਪੱਧਰ ’ਤੇ ਲੋਕਾਂ ਦੀ ਰਾਏ, ਕਾਰਕੁਨਾਂ ਦੀ ਸਰਗਰਮੀ, ਸੰਗਠਨ ਦੀ ਸਥਿਤੀ ਅਤੇ ਜਨਤਕ ਮੁੱਦਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਲਗਾਤਾਰ ਫੀਡਬੈਕ ਤਿਆਰ ਕਰ ਰਹੀ ਹੈ।
ਇਸ ਜਾਣਕਾਰੀ ਦੇ ਆਧਾਰ ’ਤੇ ਪਾਰਟੀ ਲੀਡਰਸ਼ਿਪ ਨੂੰ ਸੰਗਠਨਾਤਮਕ ਸੁਧਾਰਾਂ ਅਤੇ ਚੋਣਾਵੀਂ ਤਿਆਰੀ ਸਬੰਧੀ ਸੁਝਾਅ ਦਿੱਤੇ ਜਾ ਰਹੇ ਹਨ। ਇਸ ਪਹੁੰਚ ਦਾ ਉਦੇਸ਼ ਸਿਰਫ਼ ਚੋਣਾਂ ਤੋਂ ਪਹਿਲਾਂ ਸਰਗਰਮ ਹੋਣਾ ਨਹੀਂ, ਸਗੋਂ ਲਗਾਤਾਰ ਜ਼ਮੀਨੀ ਹਾਲਾਤਾਂ ਨੂੰ ਸਮਝ ਕੇ ਫ਼ੈਸਲੇ ਲੈਣਾ ਹੈ। ਕੋਨੂੰਗੋਲੂ ਦੀ ਕਾਰਜ-ਸ਼ੈਲੀ ਦਾ ਸਭ ਤੋਂ ਮਹੱਤਵਪੂਰਨ ਪੱਖ ਪਾਰਟੀ ਦੀ ਅੰਦਰੂਨੀ ਏਕਤਾ ਮੰਨੀ ਜਾ ਰਹੀ ਹੈ। ਪੰਜਾਬ ਕਾਂਗਰਸ ਲੰਬੇ ਸਮੇਂ ਤੋਂ ਧੜੇਬੰਦੀ ਅਤੇ ਨੇਤਾਵਾਂ ਵਿਚਕਾਰ ਮਤਭੇਦਾਂ ਦੀ ਚਰਚਾ ਦਾ ਕੇਂਦਰ ਰਹੀ ਹੈ।
ਮੌਜੂਦਾ ਸਮੀਖਿਆ ਮੀਟਿੰਗਾਂ ’ਚ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੇ ਸਾਰੇ ਧੜੇ ਇੱਕਜੁੱਟ ਹੋ ਕੇ ਕੰਮ ਕਰਨ ਅਤੇ ਸੰਗਠਨ ਨੂੰ ਨਿੱਜੀ ਰਾਜਨੀਤੀ ਤੋਂ ਉੱਪਰ ਰੱਖਣ, ਤਾਂ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਦੂਜਾ ਅਹਿਮ ਨੁਕਤਾ ਬੂਥ ਪੱਧਰ ਦੀ ਮਜ਼ਬੂਤੀ ਹੈ। ‘ਬੂਥ ਜਿੱਤੋ, ਚੋਣ ਜਿੱਤੋ’ ਦੇ ਸਿਧਾਂਤ ਅਨੁਸਾਰ ਹਰ ਬੂਥ ’ਤੇ ਸਰਗਰਮ ਟੀਮਾਂ, ਵੋਟਰਾਂ ਨਾਲ ਨਿਯਮਤ ਸੰਪਰਕ ਅਤੇ ਸਥਾਨਕ ਪੱਧਰ ’ਤੇ ਜਵਾਬਦੇਹੀ ਤੈਅ ਕਰਨ ਦੀ ਸੋਚ ਉਭਰ ਕੇ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਬੂਥ ਪੱਧਰ ’ਤੇ ਸੰਗਠਨ ਮਜ਼ਬੂਤ ਹੋਵੇ, ਤਾਂ ਇਸ ਦਾ ਸਿੱਧਾ ਅਸਰ ਚੋਣ ਨਤੀਜਿਆਂ ’ਤੇ ਪੈ ਸਕਦਾ ਹੈ। ਇਸ ਦੇ ਨਾਲ ਹੀ ਸਥਾਨਕ ਮੁੱਦਿਆਂ ਨੂੰ ਕੇਂਦਰ ’ਚ ਰੱਖਣ ਦੀ ਨੀਤੀ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਪੰਜਾਬ ’ਚ ਕਿਸਾਨੀ ਸੰਕਟ, ਨਸ਼ਿਆਂ ਦੀ ਸਮੱਸਿਆ, ਰੁਜ਼ਗਾਰ, ਉਦਯੋਗਿਕ ਵਿਕਾਸ, ਪਾਣੀ, ਸਰਹੱਦੀ ਵਪਾਰ ਅਤੇ ਪਰਵਾਸ ਵਰਗੇ ਵਿਸ਼ੇ ਲੋਕਾਂ ਦੀਆਂ ਮੁੱਖ ਚਿੰਤਾਵਾਂ ਹਨ। ਇਕ ਪ੍ਰਭਾਵਸ਼ਾਲੀ ਚੋਣਾਵੀਂ ਰਣਨੀਤੀ ਤਦ ਹੀ ਸਫ਼ਲ ਹੋ ਸਕਦੀ ਹੈ ਜਦੋਂ ਇਹ ਇਨ੍ਹਾਂ ਮੁੱਦਿਆਂ ਦੇ ਵਿਹਾਰਕ ਹੱਲ ਪੇਸ਼ ਕਰੇ। ਨੌਜਵਾਨਾਂ ਨਾਲ ਸਿੱਧਾ ਜੁੜਾਅ ਵੀ ਇਸ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਦੱਸਿਆ ਜਾ ਰਿਹਾ ਹੈ। ਅੱਜ ਦਾ ਨੌਜਵਾਨ ਵੋਟਰ ਸਿਰਫ਼ ਨਾਅਰਿਆਂ ਨਾਲ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਰੁਜ਼ਗਾਰ, ਹੁਨਰ ਵਿਕਾਸ, ਨਿਵੇਸ਼, ਉਦਯੋਗ ਅਤੇ ਪਾਰਦਰਸ਼ੀ ਸ਼ਾਸਨ ਵਰਗੇ ਮੁੱਦਿਆਂ ਨੂੰ ਤਰਜੀਹ ਦਿੰਦਾ ਹੈ।
ਇਸ ਲਈ ਨਵੀਂ ਪੀੜ੍ਹੀ ਦੀਆਂ ਉਮੀਦਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਨਿਰੰਤਰ ਸੰਵਾਦ ਬਣਾਈ ਰੱਖਣਾ ਹਰ ਪਾਰਟੀ ਲਈ ਜ਼ਰੂਰੀ ਹੋ ਗਿਆ ਹੈ। ਹਾਲਾਂਕਿ ਰਣਨੀਤੀ ਜਿੰਨੀ ਵੀ ਮਜ਼ਬੂਤ ਹੋਵੇ, ਉਸ ਦੀ ਸਫ਼ਲਤਾ ਉਸ ਦੇ ਅਮਲ ’ਤੇ ਨਿਰਭਰ ਕਰਦੀ ਹੈ। ਜੇ ਸੰਗਠਨ ਅੰਦਰੂਨੀ ਮਤਭੇਦਾਂ ਤੋਂ ਉੱਪਰ ਨਹੀਂ ਉੱਠਦਾ, ਕਾਰਕੁਨਾਂ ਨੂੰ ਪੂਰੀ ਤਰ੍ਹਾਂ ਸਰਗਰਮ ਨਹੀਂ ਕੀਤਾ ਜਾਂਦਾ ਜਾਂ ਜ਼ਮੀਨੀ ਫੀਡਬੈਕ ਨੂੰ ਨੀਤੀ ਬਣਾਉਣ ’ਚ ਸ਼ਾਮਲ ਨਹੀਂ ਕੀਤਾ ਜਾਂਦਾ, ਤਾਂ ਸਭ ਤੋਂ ਵਧੀਆ ਯੋਜਨਾ ਵੀ ਉਮੀਦਾਂ ਅਨੁਸਾਰ ਨਤੀਜੇ ਨਹੀਂ ਦੇ ਸਕਦੀ।
ਆਖ਼ਰਕਾਰ, 2027 ਦੀਆਂ ਚੋਣਾਂ ਇਸ ਗੱਲ ਦੀ ਪਰਖ਼ ਹੋਣਗੀਆਂ ਕਿ ਕੀ ਕਾਂਗਰਸ ਪੇਸ਼ੇਵਰ ਚੋਣਾਵੀਂ ਯੋਜਨਾਬੰਦੀ ਨੂੰ ਮਜ਼ਬੂਤ ਸੰਗਠਨ ਅਤੇ ਲੋਕਾਂ ਨਾਲ ਭਰੋਸੇਮੰਦ ਸੰਪਰਕ ’ਚ ਬਦਲ ਸਕਦੀ ਹੈ। ਸੁਨੀਲ ਕੋਨੂੰਗੋਲੂ ਅਤੇ ਉਨ੍ਹਾਂ ਦੀ ਟੀਮ ਦਿਸ਼ਾ ਦਿਖਾ ਸਕਦੀ ਹੈ, ਡਾਟਾ ਮੁਹੱਈਆ ਕਰਵਾ ਸਕਦੀ ਹੈ ਅਤੇ ਰਣਨੀਤੀ ਤਿਆਰ ਕਰ ਸਕਦੀ ਹੈ, ਪਰ ਆਖ਼ਰੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਪਾਰਟੀ ਉਸ ਰਣਨੀਤੀ ਨੂੰ ਜ਼ਮੀਨੀ ਪੱਧਰ ’ਤੇ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੀ ਹੈ। ਪੰਜਾਬ ਦੀ ਰਾਜਨੀਤੀ ’ਚ ਜਿੱਤ ਉਸੇ ਧਿਰ ਦੀ ਹੋਵੇਗੀ ਜੋ ਲੋਕਾਂ ਦੀ ਨਬਜ਼ ਨੂੰ ਸਮਝੇ, ਸੰਗਠਨ ਨੂੰ ਇਕਜੁੱਟ ਰੱਖੇ ਅਤੇ ਭਰੋਸੇਯੋਗ ਬਦਲ ਵਜੋਂ ਆਪਣੇ ਆਪ ਨੂੰ ਪੇਸ਼ ਕਰੇ।
-ਪ੍ਰਵੀਨ ਪੁਰੀ, 9878277423