- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਈ ਸਮਾਂ ਸੀ ਜਦੋਂ ਸ਼ੇਰ-ਏ-ਪੰਜਾਬ ਦੀ ਫ਼ੌਜ ਦੇ ਸਿਪਾਹੀ ਇਨ੍ਹਾਂ ਚੌਕੀਆਂ ’ਤੇ ਪਹਿਰਾ ਦਿੰਦੇ ਸਨ ਅਤੇ ਆਪਣੀ ਸਲਤਨਤ ਦੀ ਹਿਫ਼ਾਜ਼ਤ ਕਰਦੇ ਸਨ। ਇਨ੍ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸਤਲੁਜ ਦੇ ਕੰਢੇ-ਕੰਢੇ ਚਲਦਿਆਂ ਅਨੇਕਾਂ ਨਿਗਰਾਨ ਚੌਕੀਆਂ ਅਤੇ ਫ਼ੌਜੀ ਛਾਉਣੀਆਂ ਦੇ ਅਸਥਾਨ ਊਨਾ ਸਾਹਿਬ ਤੱਕ ਮੋਜੂਦ ਸਨ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤੀਖਣ ਬੁੱਧੀ, ਰਾਜਸੀ ਤਾਕਤ, ਦੂਰਅੰਦੇਸ਼ੀ ਸੋਚ ਅਤੇ ਨਿਪੁੰਨ ਰਣਨੀਤੀ ਤਹਿਤ ਸਿੱਖ ਮਿਸਲਾਂ ’ਤੇ ਕਾਬੂ ਪਾ ਵਿਸ਼ਾਲ ਖ਼ਾਲਸਾ ਸਾਮਰਾਜ ਦੀ ਸਿਰਜਣਾ ਕੀਤੀ। ਸਰਕਾਰ ਏ ਖਾਲਸਾ ਰਾਜ ਦੀਆਂ ਜੜ੍ਹਾਂ ਯਮੁਨਾ ਨਦੀ (ਦਿੱਲੀ) ਤੋਂ ਲੈ ਕੇ ਪੱਛਮ ’ਚ ਸਿੰਧ ਦਰਿਆ, ਕਿਲ੍ਹਾ ਜਮਰੌਦ ਅਫਗਾਨਿਸਤਾਨ ਪਾਰ ਦੇ ਇਲਾਕਿਆਂ ਤੱਕ ਫੈਲੀਆਂ ਹੋਈਆਂ ਸਨ, ਅਤੇ ਉੱਤਰੀ ਵਿਸ਼ਾਲ ਹਿਮਾਲਿਆ ਦੀਆਂ ਕਸ਼ਮੀਰ ਵਾਦੀਆਂ ਤੋਂ ਪਾਰ ਲੇਹ ਲੱਦਾਖ ਦੇ ਅੰਬਰ ਛੂੰਹਦੇ ਪਰਬਤਾਂ ਨੂੰ ਨਾਪਣ ਦੀ ਤਾਕਤ ਰੱਖਦੀਆਂ ਸਨ। ਇਸ ਵਿਸ਼ਾਲ ਖੇਤਰਫ਼ਲ ਵਾਲੇ ਸਾਮਰਾਜ ਨੂੰ ਮਹਾਰਾਜੇ ਨੇ ਵੱਖ-ਵੱਖ ਰਿਆਸਤਾਂ ’ਚ ਵੰਡਿਆਂ ਹੋਇਆ ਸੀ, ਅਤੇ ਇਨ੍ਹਾਂ ਵੱਖ-ਵੱਖ ਪਰਗਣਿਆ ਦੇ ਸਰਦਾਰ ਨਿਯੁਕਤ ਕੀਤੇ ਹੋਏ ਹਨ।
ਯਮੁਨਾ ਪਾਰ ਫ਼ਿਰੰਗੀ ਸਾਮਰਾਜ ਆਪਣੀਆਂ ਕੂੜ ਨੀਤੀਆਂ ਦੇ ਬਲ ’ਤੇ ਆਪਣੇ ਪੈਰ ਪਸਾਰਨ ਦੀਆਂ ਕੋਝੀਆਂ ਕੋਸ਼ਿਸ਼ ਵਿਚ ਰੁੱਝਾ ਹੋਇਆ ਸੀ। ਸ਼ੇਰ-ਏ-ਪੰਜਾਬ ਅਟਕ ਪਾਰ ਪਠਾਣੀ ਇਲਾਕਿਆਂ ਨੂੰ ਆਪਣੇ ਅਧੀਨ ਕਰਨ ਵਿਚ ਵਧੇਰੇ ਵਿਅਸਤ ਸੀ ਕਿ ਇਧਰ ਅੰਗਰੇਜ਼ਾਂ ਨੇ ਯਮੁਨਾ ਪਾਰ ਕਰ ਜੀਂਦ, ਨਾਭਾ, ਪਟਿਆਲਾ ਆਦਿ ਰਿਆਸਤਾਂ ’ਚ ਦਖਲਅੰਦਾਜ਼ੀ ਕਰਕੇ ਪਾੜ ਪਾਓ, ਰਾਜ ਕਰੋ ਦੀ ਰਣਨੀਤੀ ਤਹਿਤ ਇਨ੍ਹਾਂ ਸਰਦਾਰਾਂ ਤੋਂ ਖਾਲਸਾ ਰਾਜ ਦੀ ਪ੍ਰਤੀਨਿਧਤਾ ਖ਼ਤਮ ਕਰ ਆਪਣੀ ਅਧੀਨਗੀ ਪ੍ਰਵਾਨ ਕਰਵਾ ਲਈ। ਜਿਸ ਦਾ ਨਤੀਜਾ ਇਹ ਹੋਇਆ ਕਿ ਸ਼ੇਰ-ਏ-ਪੰਜਾਬ ਦੀ ਹਕੂਮਤ ਯਮੁਨਾ ਨਦੀ ਤੋਂ ਉੱਠ ਪਿਛਲੇ ਪੈਰੀਂ ਸਤਲੁਜ ਦਰਿਆ ਦੇ ਕਿਨਾਰਿਆਂ ਤੱਕ ਆ ਪਹੁੰਚੀ। ਸਰਕਾਰ-ਏ-ਖ਼ਾਲਸਾ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਪੰਜਾਬ ਦਾ ਮਾਲਵਾ ਅਤੇ ਪੁਆਧ ਇਲਾਕਾ ਪੰਜਾਬ ਰਾਜ ਦੀ ਅਧੀਨਗੀ ਤੋਂ ਵੱਖਰਾ ਹੋਣ ਕਾਰਣ ਸਿੱਖਾਂ ਦੀ ਤਾਕਤ ਦੋ ਹਿੱਸਿਆਂ ’ਚ ਵੰਡੀ ਗਈ। ਜਿਸ ਦਾ ਸਭ ਤੋਂ ਵੱਡਾ ਨਤੀਜਾ ਇਹ ਨਿਕਲਿਆ ਕਿ ਇਲਾਕਿਆਂ ਦੇ ਆਪਸੀ ਮਤਭੇਦ ਪੈਦਾ ਹੋਏ।
ਚੌਕੀਆਂ ਅਤੇ ਫ਼ੌਜੀ ਛਾਉਣੀਆਂ
ਕੋਈ ਸਮਾਂ ਸੀ ਜਦੋਂ ਸ਼ੇਰ-ਏ-ਪੰਜਾਬ ਦੀ ਫ਼ੌਜ ਦੇ ਸਿਪਾਹੀ ਇਨ੍ਹਾਂ ਚੌਕੀਆਂ ’ਤੇ ਪਹਿਰਾ ਦਿੰਦੇ ਸਨ ਅਤੇ ਆਪਣੀ ਸਲਤਨਤ ਦੀ ਹਿਫ਼ਾਜ਼ਤ ਕਰਦੇ ਸਨ। ਇਨ੍ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸਤਲੁਜ ਦੇ ਕੰਢੇ-ਕੰਢੇ ਚਲਦਿਆਂ ਅਨੇਕਾਂ ਨਿਗਰਾਨ ਚੌਕੀਆਂ ਅਤੇ ਫ਼ੌਜੀ ਛਾਉਣੀਆਂ ਦੇ ਅਸਥਾਨ ਊਨਾ ਸਾਹਿਬ ਤੱਕ ਮੋਜੂਦ ਸਨ। ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ’ਚ ਹੀ ਮਹਾਰਾਜਾ ਬਣਨ ਦੀ ਭਵਿੱਖਬਾਣੀ ਕਰਨ ਵਾਲੇ ਊਨਾ ਸਾਹਿਬ ਰਿਆਸਤ ਤੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਅਤੇ ਉਨ੍ਹਾਂ ਤੋਂ ਬਾਅਦ ਬਾਬਾ ਬਿਕਰਮਜੀਤ ਸਿੰਘ ਜੀ ਬੇਦੀ ਜਿਨ੍ਹਾਂ ਦੇ ਅਧੀਨ ਰੋਪੜ ਤੋਂ ਊਨਾ ਸਾਹਿਬ ਤੱਕ ਦਾ ਇਲਾਕਾ ਜਿਸ ਵਿਚ ਸ਼ਿਵਾਲਿਕ ਦੀਆਂ ਪਹਾੜੀ ਟੀਸੀ ਚੋਟੀ ਤੇ ਬਣੀਆਂ ਨਿਗਰਾਨ ਚੌਕੀਆਂ ਅਤੇ ਸਤਲੁਜ ਬੈਲਟ ਨਾਲ-ਨਾਲ ਚਲਦਿਆਂ ਵੱਖ-ਵੱਖ ਅਸਥਾਨਾਂ ’ਤੇ ਖ਼ਾਲਸਾ ਫ਼ੌਜੀ ਛਾਉਣੀਆਂ ਸਥਾਪਤ ਸਨ।
ਬਾਬਾ ਸਾਹਿਬ ਸਿੰਘ ਬੇਦੀ ਨੂਰਪੁਰ ਬੇਦੀ ਦੇ ਕਿਲ੍ਹੇ ਅੰਦਰ ਰਹਿੰਦਿਆਂ ਹੋਇਆਂ ਹੀ ਪੂਰੇ ਇਲਾਕੇ ਦੀ ਕਾਰਜਸ਼ੈਲੀ ਨੂੰ ਚਲਾਉਂਦੇ ਸਨ ਅਤੇ ਜ਼ਮੀਨੀ ਇਲਾਕਾ ਵਧੇਰੇ ਉਪਜਾਊ ਅਤੇ ਪੱਧਰਾ ਹੋਣ ਕਾਰਣ ਇੱਥੇ ਖੇਤੀਬਾੜੀ ਵੀ ਵਧੀਆ ਹੁੰਦੀ ਸੀ। ਇਤਿਹਾਸ ਅਨੁਸਾਰ ਅਕਸਰ ਮਹਾਰਾਜਾ ਰਣਜੀਤ ਸਿੰਘ ਬਾਬਾ ਜੀ ਨੂੰ ਮਿਲਣ ਇੱਥੇ ਆਇਆ ਕਰਦੇ ਸਨ। ਨੂਰਪੁਰ ਬੇਦੀ ਦੀ ਮੋਜੂਦਾ ਥਾਣਾ ਚੌਕੀ ਦੇ ਆਸ-ਪਾਸ ਦਾ ਪੂਰਾ ਇਲਾਕਾ ਜੋ ਪੜਾਅ ਦੇ ਨਾਮ ’ਤੇ ਮਸ਼ਹੂਰ ਹੈ। ਖ਼ਾਲਸਾ ਰਾਜ ਦੇ ਵੇਲੇ ਫ਼ੌਜਾਂ ਦਾ ਵੱਡਾ ਪੜਾਅ ਇਸ ਅਸਥਾਨ ’ਤੇ ਮੌਜੂਦ ਰਿਹਾ ਹੋਵੇਗਾ। ਇਸ ਤੋਂ ਇਲਾਵਾ ਪਿੰਡ ਅਬਿਆਣਾ, ਭਲਾਣ ਅਤੇ ਊਨਾ ਸਾਹਿਬ ਤੱਕ ਖ਼ਾਲਸਾ ਫੌਜ ਦੀ ਮੋਜੂਦਗੀ ਦੇ ਸਬੂਤ ਅੱਜ ਵੀ ਆਪ-ਮੁਹਾਰੇ ਗਵਾਹੀ ਭਰਦੇ ਹਨ। ਪੁਰਾਣੇ ਵੇਲਿਆਂ ’ਚ ਪਾਣੀ ਦਾ ਮੁੱਖ ਸਰੋਤ ਮੰਨੇ ਜਾਂਦੇ ਖੂਹ ਅੱਜ ਵੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ।
ਇਤਿਹਾਸਕ ਪ੍ਰਮਾਣ ਅਤੇ ਕੁਰਬਾਨੀਆਂ
ਇਤਿਹਾਸਕ ਤੱਥਾਂ ਮੁਤਾਬਿਕ ਅੱਜ ਵੀ ਇਨ੍ਹਾਂ ਥਾਵਾਂ ਤੇ ਖ਼ਾਲਸਾ ਫ਼ੌਜਾਂ ਦੀ ਮੋਜੂਦਗੀ ਦੀ ਰਹਿਨੁਮਾਈ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਨ੍ਹਾਂ ਇਤਿਹਾਸਿਕ ਤਵਾਰੀਖ਼ ਨੂੰ ਫਰੋਲਣ ਤੋਂ ਬਾਅਦ ਇਹ ਗੱਲਾਂ ਸਪੱਸ਼ਟ ਹੁੰਦੀਆਂ ਹਨ ਕਿ ਜਦੋਂ ਵੀ ਦੇਸ਼ ਕੌਮ ਅਤੇ ਹੋਂਦ ਦੀਆਂ ਜੰਗਾਂ ਛਿੜੀਆਂ ਤਾਂ ਸਤਲੁਜ ਦਰਿਆ ਦਾ ਪਾਣੀ ਸ਼ਹੀਦਾਂ ਦੇ ਲਹੂ ਨਾਲ ਲਾਲ ਹੋਇਆ। ਇਤਿਹਾਸਕ ਤੱਥਾਂ ਮੁਤਾਬਿਕ ਜਦੋਂ ਅੰਗਰੇਜ਼ਾਂ ਨੇ ਇਨ੍ਹਾਂ ਸਰਹੱਦੀ ਇਲਾਕਿਆਂ ’ਤੇ ਹਮਲੇ ਕੀਤੇ ਤਾਂ ਨੂਰਪੁਰ ਬੇਦੀ ਦੀ ਫ਼ੌਜੀ ਛਾਉਣੀ ਅੰਦਰ ਸਿੱਖਾਂ ਅਤੇ ਅੰਗਰੇਜ਼ੀ ਸਿਪਾਹੀਆਂ ਦੇ ਜ਼ਬਰਦਸਤ ਟਕਰਾਅ ਹੋਏ। ਕਸਬਾ ਨੂਰਪੁਰ ਬੇਦੀ ਦੀ ਥਾਣਾ ਚੌਕੀ ਅੰਦਰ ਬਣਿਆ ਪੀਰ ਬਾਬਾ ਜਿੰਦਾ ਸ਼ਹੀਦ ਜੀ ਦਾ ਇਤਿਹਾਸਕ ਅਸਥਾਨ ਵੀ ਇਨ੍ਹਾਂ ਦੇਸ਼ ਭਗਤਾਂ ਕੋਮੀ ਸ਼ਹੀਦਾਂ ਨਾਲ ਸਬੰਧਤ ਦੱਸਿਆ ਜਾਂਦਾ ਹੈ।
ਰੋਪੜ ਸ਼ਹਿਰ ਦੇ ਮੁਕਾਮ ’ਤੇ ਬਣੀ ਪ੍ਰਮੁੱਖ ਚੌਕੀ ਜਿਸ ਨੂੰ ਨਿੱਜੀ ਕੰਪਨੀ ਨੇ ਨਾਜਾਇਜ਼ ਕਬਜ਼ਾ ਕਰ ਆਪਣੇ ਅਧੀਨ ਕਰ ਲਿਆ ਸੀ, ਜਿਸ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਸਨੇਹ ਰੱਖਣ ਵਾਲੇ ਸੰਘਰਸ਼ੀ ਯੋਧਿਆਂ ਨੇ ਬਹੁਤ ਮਿਹਨਤ, ਲਗਨ ਅਤੇ ਅਨੇਕਾਂ ਕਸ਼ਟ ਸਹਿੰਦਿਆਂ ਪਹਾੜੀ ਦੀ ਨਿਸ਼ਾਨਦੇਹੀ ਕਰਵਾ ਮੁੜ ਤੋਂ ਆਬਾਦ ਕਰਵਾਇਆ। ਹਾਲ ਹੀ ’ਚ ਸਿੱਖ ਇਤਿਹਾਸ ਪ੍ਰਤੀ ਡੂੰਘੀਆਂ ਖੋਜਾਂ ਅਤੇ ਪ੍ਰੇਮ ਰੱਖਣ ਵਾਲੇ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਅਤੇ ਭਾਈ ਅਮਨਦੀਪ ਸਿੰਘ ਅਬਿਆਣਾ ਜਿਨ੍ਹਾਂ ਦੀ ਖੋਜ ਸਦਕਾ ਪਿੰਡ ਗੜ੍ਹਬਾਗਾ ਦੇ ਨਜ਼ਦੀਕ ਸ਼ਿਵਾਲਿਕ ਦੀਆਂ ਟੀਸੀ ਪਹਾੜੀਆਂ ’ਤੇ ਇਕ ਹੋਰ ਖਾਲਸਾ ਨਿਗਰਾਨ ਚੌਕੀ ਦਾ ਖੁਲਾਸਾ ਕੀਤਾ ਗਿਆ ਹੈ ਜਿਸ ਦੀ ਬਣਤਰ ਇਕ ਛੋਟੇ ਕਿਲ੍ਹਾਨੁਮਾ ਫੌਜੀ ਜੰਗੀ ਨਿਗਰਾਨ ਚੌਕੀ ਦੇ ਰੂਪ ’ਚ ਬਣੀ ਹੋਈ ਹੈ। ਭਾਈ ਅਮਨਦੀਪ ਸਿੰਘ ਅਬਿਆਣਾ ਦੇ ਦੱਸਣ ਮੁਤਾਬਿਕ ਇਸ ਨਿਗਰਾਨ ਚੌਕੀ ’ਚ ਖ਼ਾਲਸਾ ਫੌਜ ਦੀ ਵੱਡੀ ਟੁਕੜੀ ਇਸ ਪੋਸਟ ’ਤੇ ਪਹਿਰਾ ਦਿੰਦੀ ਸੀ ਪਰ ਜਦੋਂ ਅੰਗਰੇਜ਼ ਹਕੂਮਤ ਨੇ ਪੰਜਾਬ ’ਤੇ ਹਮਲਾ ਕੀਤਾ ਤਾਂ ਇਸ ਪਹਾੜੀ ਦੀ ਉਚਾਈ ਵਧੇਰੇ ਹੋਣ ਕਾਰਨ ਉਹ ਟੀਸੀ ’ਤੇ ਨਾ ਪਹੁੰਚ ਸਕੇ ਤਾਂ ਅੰਗਰੇਜ਼ੀ ਸਿਪਾਹੀਆਂ ਨੇ ਸਿੰਘਾਂ ਦਾ ਰਸਦ ਪਾਣੀ ਜਾਣ ਵਾਲੇ ਰਾਹਾਂ ’ਤੇ ਆਪਣਾ ਕਬਜ਼ਾ ਕਰ ਲਿਆ। ਚੌਕੀ ’ਚ ਮੁਸਤੈਦ ਸਿੰਘਾਂ ਨੇ ਫਿਰ ਵੀ ਈਨ ਨਾ ਮੰਨਦਿਆਂ ਬਹੁਤ ਦਲੇਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਅਤੇ ਦੇਸ਼ ਕੌਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਸਿੱਖ ਰਾਜ ਦਾ ਅੰਤ
ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਜੇਕਰ ਵੇਖਿਆ ਜਾਵੇ ਤਾਂ ਹਰ ਇਕ ਫੌਜ਼ੀ ਚੌਕੀ ਦੇ ਆਸ-ਪਾਸ ਪਾਣੀ ਦੀ ਵਿਵਸਥਾ ਲਈ ਖੂਹ ਦੀ ਖ਼ੁਦਾਈ ਵੀ ਪੱਕੇ ਤੌਰ ’ਤੇ ਕੀਤੀ ਜਾਂਦੀ ਸੀ। ਇਨ੍ਹਾਂ ਨਿਗਰਾਨੀ ਚੌਕੀਆਂ ਨੂੰ ਜਾਣ ਵਾਲੇ ਰਾਹਾਂ ਦੀ ਬਣਤਰ ਅਤੇ ਮੋਰਚਿਆਂ ਨੂੰ ਦੁਸ਼ਮਣ ਦੇ ਹਮਲਿਆਂ ਤੋਂ ਸੁਰੱਖਿਅਤ ਕਰਨ ਲਈ ਤਰਾਸ਼ੇ ਹੋਏ ਪੱਥਰਾਂ ਤੋਂ ਫੌਜਾਂ ਦੀ ਹੋਂਦ ਦਾ ਸਾਫ਼-ਸਾਫ਼ ਅਹਿਸਾਸ ਹੁੰਦਾ ਹੈ। ਇਨ੍ਹਾਂ ਚੌਕੀਆਂ ਦੀ ਤੁਲਨਾ ਜੇਕਰ ਅਸੀਂ ਅਜੋਕੇ ਸਮੇਂ ਨਾਲ ਕਰੀਏ ਤਾਂ ਜਿਵੇਂ ਮੌਜੂਦਾ ਰਣਨੀਤੀ ਤਹਿਤ ਦੇਸ਼ ਦੀ ਹੱਦਬੰਦੀ ਨੂੰ ਮਜ਼ਬੂਤ ਕਰਨ ਲਈ ਬਾਰਡਰ ਤੇ ਭਾਰਤੀ ਸੈਨਾ ਨੇ ਆਪਣੇ ਮੋਰਚੇ ਸਥਾਪਤ ਕੀਤੇ ਹੋਏ ਹਨ, ਬਿਲਕੁਲ ਉਸੇ ਢੰਗ ਨਾਲ ਖ਼ਾਲਸਾ ਰਾਜ ਸਮੇਂ ਆਪਣੀ ਹੱਦ ਨੂੰ ਕਾਇਮ ਰੱਖਣ ਲਈ ਖ਼ਾਲਸਾ ਫੌਜਾਂ ਨੇ ਸਤਲੁਜ ਦੇ ਕੰਢੇ ਮੋਰਚਾਬੰਦੀ ਕਰ ਆਪਣੀ ਹੱਦਬੰਦੀ ਨੂੰ ਮਜ਼ਬੂਤ ਕੀਤਾ ਹੋਇਆ ਸੀ। ਇਨ੍ਹਾਂ ਨਿਗਰਾਨੀ ਚੌਕੀਆਂ ਨੂੰ ਸਥਾਪਿਤ ਕਰਨ ਲਈ ਕੀਤੀ ਹੋਈ ਟੀਸੀ ਪਹਾੜੀਆਂ ਦੀ ਚੋਣ ਵੀ ਕਮਾਲ ਦੀ ਸੀ, ਜਿਨ੍ਹਾਂ ਤੋਂ ਦੂਰ-ਦੂਰ ਤੱਕ ਫੈਲੀ ਭੂਗੋਲਿਕ ਸਥਿਤੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਵੇਖਿਆ ਜਾ ਸਕਦਾ ਸੀ। ਜੇਕਰ ਕੋਈ ਮਾਲਵੇ ਇਲਾਕੇ ਤੋਂ ਸਤਲੁਜ ਨੂੰ ਪਾਰ ਕਰ ਖ਼ਾਲਸਾ ਰਾਜ ਅੰਦਰ ਦਾਖਲ ਹੁੰਦਾ ਸੀ ਤਾਂ ਇਨ੍ਹਾਂ ਨਿਗਰਾਨ ਚੌਕੀਆਂ ’ਤੇ ਪਹਿਰਾ ਦੇ ਰਹੇ ਸਿਪਾਹੀਆਂ ਦੀਆਂ ਨਿਗਾਹਾਂ ਤੋਂ ਛੁਪਿਆ ਨਹੀਂ ਸੀ ਰਹਿੰਦਾ। ਸਤਲੁਜ ਦਰਿਆ ਦੇ ਪਾਸ ਘੁੱਗ ਵਸਦੇ ਕਸਬਾ ਨੂਰਪੁਰ ਬੇਦੀ ਦੀ ਧਰਤੀ ’ਤੇ ਦਸ਼ਮੇਸ਼ ਪਿਤਾ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸ਼ੇਰ-ਏ-ਪੰਜਾਬ ਦੇ ਸਮੇਂ ਵੱਖ-ਵੱਖ ਹਲਾਤਾਂ ’ਚ ਸ਼ਹੀਦਾਂ ਨੇ ਇਸ ਨੀਮ ਪਹਾੜੀ ਖੇਤਰ ਦੇ ਬੀਤ ਇਲਾਕੇ ਨੂੰ ਆਪਣੇ ਖੂਨ ਨਾਲ ਸਿੰਜਿਆ। (੨੭ ਜੂਨ ਸੰਨ ੧੮੩੯) ਮਹਾਂਬਲੀ ਸੂਰਬੀਰ, ਦਾਨੀ, ਪੰਜਾਬ ਦੀ ਆਜ਼ਾਦੀ ਦੇ ਚੰਨ ਦਾ ਅੰਤ ਹੋਇਆ ਤਾਂ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਦੇ ਉੱਤਰਾਧਿਕਾਰੀ ਅੰਦਰੂਨੀ ਰੰਜਸ਼ਾਂ ’ਚ ਉਲ਼ਝੇ ਹੋਏ ਸਨ ਉਦੋਂ ਅੰਗਰੇਜ਼ਾਂ ਨੇ ਸਾਰੀਆਂ ਰਾਜਨੀਤਿਕ ਸੰਧੀਆਂ ਨੂੰ ਛਿੱਕੇ ਟੰਗ ਪੰਜਾਬ ’ਤੇ ਕਬਜ਼ਾ ਕਰਨ ਲਈ ਇਨ੍ਹਾਂ ਨਿਗਰਾਨੀ ਚੌਕੀਆਂ ’ਤੇ ਹਮਲੇ ਕੀਤੇ ਅਤੇ ਆਪਣੇ ਕਬਜ਼ੇ ਵਿਚ ਲੈ ਇਨ੍ਹਾਂ ਨੂੰ ਉਜਾੜ ਦਿੱਤਾ ਤਾਂ ਕਿ ਸਿੱਖ ਫ਼ੌਜਾਂ ਆਪਣੀ ਹੋਂਦ ਨੂੰ ਮੁੜ ਸੁਰਜੀਤ ਨਾ ਕਰ ਸਕਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਭਵਿੱਖ ’ਚ ਕਦੇ ਵੀ ਆਪਣੇ ਖ਼ਾਲਸਾ ਰਾਜ ਦੀ ਹੋਂਦ ਦਾ ਅਹਿਸਾਸ ਨਾ ਹੋ ਸਕੇ। ਆਪਣਿਆਂ ਦੀਆਂ ਗਦਾਰੀਆਂ ਕਾਰਨ ਹੀ ਅੰਗਰੇਜ਼ੀ ਸਰਕਾਰ ਨੇ ਹੌਲੀ-ਹੌਲੀ ਪੂਰੇ ਪੰਜਾਬ ’ਤੇ ਆਪਣਾ ਸ਼ਿਕੰਜਾ ਕੱਸ ਲਿਆ, ਅਤੇ ਸ਼ੇਰ-ਏ-ਪੰਜਾਬ ਦੇ ਖੁਸ਼ਹਾਲ ਵੱਸਦੇ ਖ਼ਾਲਸਾ ਸਾਮਰਾਜ ਨੂੰ ਬ੍ਰਿਟਸ਼ ਸਾਮਰਾਜ ਦਾ ਹਿੱਸਾ ਬਣਾ ਲਿਆ। ਫਿਰੰਗੀ ਸਾਮਰਾਜ ਦਾ ਅੰਤ ਹੋਇਆ ਕਈ ਅਰਸੇ ਬੀਤ ਗਏ ਪਰ ਕਿਤੇ ਨਾ ਕਿਤੇ ਇਹ ਵਿਰਾਨ ਪਈਆਂ ਖਾਲਸਾ ਫੌਜੀ ਚੌਕੀਆਂ ਅੱਜ ਵੀ ਆਪਣੇ ਵਾਰਸਾਂ ਦੀ ਰਾਹ ਉਡੀਕ ਰਹੀਆਂ ਹਨ। ਪਰ ਬਹੁਤ ਦੁੱਖ ਭਰੇ ਸ਼ਬਦਾਂ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਆਪਣੇ ਉਨ੍ਹਾਂ ਮਹਾਨ ਕਿਰਦਾਰਾਂ ਨੂੰ ਭੁੱਲਦੇ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਵਾਰੀਆਂ। ਅਸੀਂ ਭੁੱਲਦੇ ਜਾ ਰਹੇ ਹਾਂ ਉਨ੍ਹਾਂ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਨੂੰ, ਜਿਨ੍ਹਾਂ ਨੇ ਆਪਣੀ ਹਸਤੀ ਨੂੰ ਮਿਟਾ ਸਾਡੀ ਹੋਂਦ ਨੂੰ ਕਾਇਮ ਰੱਖਿਆ।
ਇਕ ਅਣਗੌਲੀ ਪੁਕਾਰ
ਅੱਜ ਸ਼ਹੀਦਾਂ ਦੀਆਂ ਯਾਦਗਾਰਾਂ ਸਾਨੂੰ ਉਡੀਕ ਰਹੀਆਂ ਹਨ ਅਤੇ ਮੈਨੂੰ ਇੰਝ ਜਾਪਦਾ ਹੈ ਕਿ ਉਹ ਕਹਿ ਰਹੀਆਂ ਨੇ ਕਿ ਤੁਸੀਂ ਸਾਰੇ ਸਿੱਖ ਰਾਜ ਦੀ ਮੰਗ ਤਾਂ ਕਰਦੇ ਹੋ ਪਰ ਪਹਿਲਾਂ ਸਿੱਖ ਰਾਜ ਦੀ ਹੋਂਦ ਦੇ ਅਨੇਕਾਂ ਗੁੱਝੇ ਭੇਦਾਂ ਨੂੰ ਆਪਣੇ ਅੰਦਰ ਸੰਜੋਈ ਬੈਠੇ ਉਨ੍ਹਾਂ ਸ਼ਹੀਦਾਂ ਅਤੇ ਉਨ੍ਹਾਂ ਦੇ ਅਸਥਾਨਾਂ ਦੀ ਸਾਰ ਤੇ ਲੈ ਲਵੋ ਜਿਨ੍ਹਾਂ ਨੇ ਸਿੱਖ ਰਾਜ ਦੀ ਹੋਂਦ ਕਾਇਮ ਰੱਖਣ ਲਈ ਦੁਸ਼ਮਣ ਦੇ ਅਨੇਕਾਂ ਵਾਰ ਆਪਣੇ ਉੱਤੇ ਸਹਾਰੇ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਅਤੇ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਅੰਤ ਬਹੁਤ ਨਜ਼ਦੀਕ ਜਾਪਦਾ ਹੈ ਕਿਉਂਕਿ ਜਿਨ੍ਹਾਂ ਕੌਮਾਂ ਨੇ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਿਆ ਹੈ ਅਕਸਰ ਉਨ੍ਹਾਂ ਕੌਮਾਂ ਦਾ ਲਹੂ ਠੰਡਾ ਪੈ ਜਾਂਦਾ ਹੈ। ਅੱਜ ਸਾਨੂੰ ਆਪਣੇ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਕੀ ਹੋ ਰਿਹਾ, ਉਸ ਨਾਲ ਕੋਈ ਲੈਣ-ਦੇਣ ਨਹੀਂ।
ਅੱਜ ਦੀ ਨੌਜਵਾਨ ਪੀੜ੍ਹੀ ਕੇਵਲ ਤੇ ਕੇਵਲ ਮੋਬਾਇਲ ਫ਼ੋਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਅੱਜਕੱਲ੍ਹ ਸਿਰਫ਼ ਫੇਸਬੁੱਕ ਆਦਿਕ ਸੋਸ਼ਲ ਮੀਡੀਆ ਉੱਪਰ ਵਿਦਵਾਨਾਂ ਦੀ ਵਧੇਰੇ ਭਰਮਾਰ ਹੈ। ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਅਤੇ ਆਪਣੇ ਮਹਾਨ ਸ਼ਹੀਦ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਕੋਈ ਲੈਣ-ਦੇਣ ਨਹੀਂ। ਪਹਿਲੇ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੌਜੂਦਾ ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਤੋਂ ਸ਼ੁਰੂ ਹੋ ਕੇ ਅਫ਼ਗਾਨਿਸਤਾਨ ਦੇ ਜਮਰੌਦ ਇਲਾਕੇ ਤੱਕ ਸੀ। ਉਨ੍ਹਾਂ ਨੇ ਪੰਜਾਬ ’ਤੇ 1839 ਤੱਕ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਵਿੱਚ ਸਿੱਖ ਸੰਗਠਨਾਂ ਜਾਂ ਸਰਕਾਰਾਂ ਨੇ ਕੋਈ ਖ਼ਾਸ ਯਤਨ ਨਹੀਂ ਕੀਤਾ।
ਵਿਰਾਸਤ ਦੀ ਨਿਰਾਦਰੀ
ਰੋਪੜ ਦੇ ਸਤਲੁਜ ਦਰਿਆ ਦਾ ਕਿਨਾਰਾ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸਮੋਈ ਤਾਂ ਬੈਠਾ ਹੈ ਪਰ ਇਹ ਸੰਭਾਲ ਪੱਖੋਂ ਬਹੁਤ ਖ਼ਸਤਾ ਹਾਲ ’ਚ ਹਨ। ਅੰਗਰੇਜ਼ ਹਕੂਮਤ ਅਤੇ ਸਰਕਾਰ-ਏ-ਖਾਲਸਾ ਅਧੀਨ ਹੋਈ ਮੁਲਾਕਾਤ ਵਾਲੇ ਅਸਥਾਨ ’ਤੇ ਬਣੇ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਰੱਖ-ਰਖਾਅ ਅਤੇ ਦੇਖਭਾਲ ਪ੍ਰਤੀ ਵੀ ਪ੍ਰਸ਼ਾਸਨ ਅਤੇ ਸੈਰ-ਸਪਾਟਾ ਵਿਭਾਗ ਦਾ ਰਵੱਈਆ ਬਹੁਤ ਜ਼ਿਆਦਾ ਤਰਸ ਪੂਰਵਕ ਹੈ। ਸ਼ੇਰ-ਏ-ਪੰਜਾਬ ਦੇ ਬਣੇ ਹੋਏ ਬੁੱਤਾਂ ਦੀ ਨਿਰਾਦਰੀ ਹੋ ਰਹੀ ਹੈ। ਜਿਸ ਤਲਵਾਰ ਦੀ ਧਾਰ ਦੇ ਜ਼ੋਰ ’ਤੇ ਸ਼ੇਰ-ਏ-ਪੰਜਾਬ ਨੇ ਖ਼ਾਲਸਾ ਰਾਜ ਦੀ ਨੀਂਹ ਰੱਖੀ, ਉਹ ਸ਼ਮਸ਼ੀਰ ਅੱਜ ਰਣਜੀਤ ਸਿੰਘ ਦੇ ਬਣੇ ਬੁੱਤ ਦੀ ਮੁੱਠ ’ਚੋਂ ਗਾਇਬ ਹੈ।
ਸਾਫ਼-ਸਫ਼ਾਈ ਪੱਖੋਂ ਵੀ ਹਾਲਾਤ ਬਹੁਤ ਮਾੜੇ ਹਨ। ਉਨੀ ਅਕਤੂਬਰ 2001 ਨੂੰ ਉਪਰੋਕਤ ਪਹਾੜੀ ਨੂੰ ਵਿਰਾਸਤੀ ਪਹਾੜੀ ਐਲਾਨ ਕਰਵਾ ਕੇ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਹਾਸਲ ਹੋਇਆ। ਇੱਥੇ ਸਥਾਪਤ ਕੀਤੇ ਗਏ ਪੱਥਰਾਂ ’ਤੇ ਇਸ ਥਾਂ ਦੇ ਇਤਿਹਾਸਕ ਮਹੱਤਵ ਨੂੰ ਦੱਸਦਿਆਂ ਲਿਖਿਆ ਗਿਆ ਹੈ ਕਿ ਇਹ ਥਾਂ ਭਾਰਤ ਦੀ ਆਜ਼ਾਦੀ ਦੇ ਘੁਲਾਟੀਆਂ ਅਤੇ ਪੰਜਾਬੀਆਂ ਲਈ ਪ੍ਰੇਰਨਾ ਦਾ ਸਰੋਤ ਰਿਹਾ ਹੈ। ਇੱਥੇ ਕਿਸੇ ਅਣਪਛਾਤੇ ਕਵੀ ਦੀਆਂ ਇਹ ਸਤਰਾਂ ਲਿਖੀਆਂ ਹੋਈਆਂ ਹਨ:
‘ਯਹ ਨਿਸ਼ਾਨੀ ਹੈ
ਕਿਸੇ ਪੰਜਾਬ ਕੇ ਦਿਲਦਾਰ ਕੀ,
ਵਤਨ ਪੇ ਲੁਟੇ ਹੁਏ
ਰਣਜੀਤ ਸਿੰਘ ਸਿਰਦਾਰ ਕੀ’
ਰਾਜਨੀਤਕ ਵਿਚਾਰ-ਵਟਾਂਦਰੇ ਤੇ ਫ਼ੈਸਲੇ
ਫਿਰੰਗੀਆਂ ਨੂੰ ਅੰਦਰੋਂ-ਅੰਦਰੀ ਖ਼ਾਲਸਾ ਫੌਜਾਂ ਦਾ ਡਰ ਹੋਣ ਕਾਰਨ ਉਨ੍ਹਾਂ ਨੇ ਸ਼ੇਰ-ਏ-ਪੰਜਾਬ ਨਾਲ ਮਿੱਤਰਤਾ ਦਾ ਹੱਥ ਅੱਗੇ ਵਧਾਇਆ। 26 ਅਕਤੂਬਰ ਸੰਨ 1831 ਨੂੰ ਰੋਪੜ ਦੇ ਮੁਕਾਮ ਤੇ ਸਤਲੁਜ ਦੇ ਕੰਢੇ ਮਹਾਰਾਜਾ ਰਣਜੀਤ ਸਿੰਘ ਅਤੇ ਮੇਜਰ ਜਨਰਲ ਲਾਰਡ ਵਿਲੀਅਮ ਬੈਨਟਿੰਗ ਦੀ ਆਪਸੀ ਗੱਲਬਾਤ ਲਈ ਮੁਲਾਕਾਤ ਹੋਈ। ਦਰਿਆ ਸਤਲੁਜ ਉੱਤੇ ਬੇੜੀਆਂ ਦਾ ਪੁਲ ਬੰਨ੍ਹਿਆ ਗਿਆ। ਦੋਹਾਂ ਫੋਜਾਂ ਦੇ ਜਰਨੈਲ ਹਾਥੀਆਂ ’ਤੇ ਸਵਾਰ ਹੋ ਇਕ ਦੂਜੇ ਨੂੰ ਮਿਲੇ ਅਤੇ ਸ਼ਾਹੀ ਦਰਬਾਰ ਸਜਾਏ ਗਏ। ਦੋਵਾਂ ਪਾਸਿਆਂ ਤੋਂ ਸ਼ਕਤੀਸ਼ਾਲੀ ਸਾਮਰਾਜ ਦੇ ਸ਼ਕਤੀ ਪ੍ਰਦਰਸ਼ਨ ਦੀ ਚਕਾ-ਚੌਂਧ ਨੂੰ ਉਜਾਗਰ ਕੀਤਾ। ਕਈ ਰਾਜਨੀਤਿਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅੰਗਰੇਜ਼ੀ ਰਾਜ ਅਤੇ ਖ਼ਾਲਸਾ ਰਾਜ ਦੀ ਹੱਦਬੰਦੀ ਦਰਿਆ ਸਤਲੁਜ ਨੂੰ ਨਿਰਧਾਰਤ ਕੀਤਾ ਅਤੇ ਅੰਗਰੇਜ਼ੀ ਰਾਜ ਦੀ ਅਧੀਨਗੀ ਪ੍ਰਵਾਨ ਕਰਨ ਵਾਲੀਆਂ ਰਿਆਸਤਾਂ ਦੇ ਰਾਜਸੀ ਮਸਲਿਆਂ ’ਚ ਸ਼ੇਰ-ਏ-ਪੰਜਾਬ ਨੂੰ ਦਖ਼ਲ ਨਾ ਦੇਣ ਦੀ ਫਰਮਾਇਸ਼ ਜ਼ਾਹਿਰ ਕੀਤੀ ਗਈ ਜਿਸ ਨੂੰ ਮਹਾਰਾਜੇ ਨੇ ਪ੍ਰਵਾਨ ਕਰ ਲਿਆ। ਸਤਲੁਜ ਦਰਿਆ ਦੇ ਕੰਢੇ ਗੁਰਦੁਆਰਾ ਟਿੱਬੀ ਸਾਹਿਬ (ਰੋਪੜ) ਦੇ ਨਜ਼ਦੀਕ ਸ਼ਿਵਾਲਿਕ ਪਹਾੜੀਆਂ ਦੀ ਟੀਸੀ ਪਹਾੜੀ ’ਤੇ ਖ਼ਾਲਸਾ ਰਾਜ ਦਾ ਪ੍ਰਤੀਕ ਖਾਸ ਅਸ਼ਟਧਾਤੂ ਦਾ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ ਜਿਸ ’ਤੇ ਉਰਦੂ ਭਾਸ਼ਾ ’ਚ ਲਿਖਵਾਇਆ ਗਿਆ ‘ਅਕਾਲ ਸਹਾਇ ਸਰਕਾਰ-ਏ-ਖ਼ਾਲਸਾ’ ਅਤੇ ਤੋਪਾਂ ਬੀੜ ਕੇ ਖ਼ਾਲਸਾ ਰਾਜ ਦੀ ਪ੍ਰਮੁੱਖ ਨਿਗਰਾਨ ਚੌਕੀ ਸਥਾਪਤ ਕੀਤੀ ਗਈ। ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਸਰਕਾਰ ਦੀਆਂ ਕੋਝੀਆਂ ਚਾਲਾਂ ’ਤੇ ਬਾਜ਼ ਵਾਲੀ ਨਿਗ੍ਹਾ ਰੱਖਣਾ ਅਤੇ ਆਪਣੀ ਹੱਦ ਦੀ ਸੁਰੱਖਿਆ ਕਰਨਾ ਸੀ।
• ਬਲਜੀਤ ਸਿੰਘ ਅਸਮਾਨਪੁਰ