- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨ ਕਾਰਸਨ ਦਾ ਜਨਮ 21 ਜੂਨ 1950 ਨੂੰ ਟੋਰਾਂਟੋ, ਕੈਨੇਡਾ ’ਚ ਹੋਇਆ। ਉਨ੍ਹਾਂ ਦੀ ਸਾਹਿਤਕ ਸ਼ਖ਼ਸੀਅਤ ਦੇ ਨਿਰਮਾਣ ’ਚ ਪੁਰਾਤਨ ਯੂਨਾਨੀ ਭਾਸ਼ਾ ਤੇ ਸਾਹਿਤ ਦੀ ਫ਼ੈਸਲਾਕੁੰਨ ਭੂਮਿਕਾ ਰਹੀ। ਯੂਨੀਵਰਸਿਟੀ ਦੇ ਦਿਨਾਂ ’ਚ ਇੱਕ ਲੈਟਿਨ ਅਧਿਆਪਕ ਦੀ ਸਹਾਇਤਾ ਨਾਲ ਉਨ੍ਹਾਂ ਨੇ ਪੁਰਾਤਨ ਯੂਨਾਨੀ ਭਾਸ਼ਾ ਸਿੱਖੀ ਤੇ ਇਹੀ ਰੁਚੀ ਅੱਗੇ ਚੱਲ ਕੇ ਉਨ੍ਹਾਂ ਦੇ ਜੀਵਨ ਦੀ ਬੌਧਿਕ ਧੁਰੀ ਬਣ ਗਈ। ਉਨ੍ਹਾਂ ਨੇ ਟੋਰਾਂਟੋ ਯੂਨੀਵਰਸਿਟੀ ਦੇ ਸੇਂਟ ਮਾਈਕਲਸ ਕਾਲਜ ’ਚ ਅਧਿਐਨ ਕੀਤਾ।

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਇਨ੍ਹਾਂ ਦਿਨਾਂ ’ਚ ਨੋਬਲ ਇਨਾਮ ਦੀ ਚਰਚਾ ਇਸ ਲਈ ਵੀ ਹੁੰਦੀ ਹੈ ਕਿਉਂਕਿ ਇਹ ਉਸ ਪਛਾਣ ਦੀ ਨਵੀਂ ਦੁਨੀਆ ਹੈ, ਜਿਸ ’ਚ ਆਦਮੀ ਨੂੰ ਨਵੇਂ ਯੁੱਗ ’ਚ ਮਿੱਥਾਂ ਨਾਲ ਰੇਖਾਂਕਿਤ ਕੀਤਾ ਜਾਂਦਾ ਹੈ ਤੇ ਇਹ ਸਾਰਾ ਕੁਝ ਐੱਨ ਕਾਰਸਨ ਕੈਨੇਡੀਅਨ ਕਵਿਤਰੀ ਤੇ ਬਹੁਰੰਗੀ ਲੇਖਿਕਾ ਦੇ ਸੰਪੂਰਨ ਸਾਹਿਤ ’ਚ ਮਿਲਦਾ ਹੈ। ਐਨ ਨੂੰ ਇਹ ਇਨਾਮ ਮਿਲਣ ਨਾਲ ਸਾਬਤ ਹੋ ਗਿਆ ਹੈ ਕਿ ਬਹੁਵਿਧਾਈ ਰਚਨਾਕਾਰ ਹਮੇਸ਼ਾ ਉਨ੍ਹਾਂ ਦ੍ਰਿਸ਼ਟੀਆਂ ਦੇ ਚਿਤੇਰੇ ਹੁੰਦੇ ਹਨ, ਜਿਨ੍ਹਾਂ ਦੇ ਸੰਘਰਸ਼ ਦੇ ਰੰਗਾਂ ਨਾਲ ਸਾਹਿਤ ਦੀ ਦੁਨੀਆ ਅੱਜ ਹੈ, ਇਸੀ ਦੀ ਇਕ ਪਛਾਣ ਕਾਰਸਨ ਹੈ। ਉਨ੍ਹਾਂ ਨੂੰ ਇਸ ਸਾਲ ਦੇ ਸਾਹਿਤ ਨੋਬਲ ਇਨਾਮ ਨਾਲ ਨਵਾਜਿਆ ਗਿਆ ਹੈ। ਉਹ ਇਕ ਕਵਿਤਰੀ, ਨਿਬੰਧ ਲੇਖਕ, ਅਨੁਵਾਦਕ ਅਤੇ ਸ਼ਾਸਤਰੀ ਸਾਹਿਤ ਦੀ ਵਿਲੱਖਣਤਾ ਵੀ ਹੈ। ਉਨ੍ਹਾਂ ਦੇ ਸਾਹਿਤ ’ਚ ਪੁਰਾਤਨ ਮਿਥਕਾਂ ਤੋਂ ਆਧੁਨਿਕ ਮਨੁੱਖ ਤੱਕ ਦੀ ਅਦਭੁਤ ਸਾਹਿਤ-ਯਾਤਰਾ ਦਾ ਮਿਸ਼ਰਣ ਮਿਲਦਾ ਹੈ। ਐੱਨ ਦੇ ਰਚਨਾ ਸੰਸਾਰ ’ਚ ਇਹੀ ਉਹ ਵਿਆਪਕ ਸਾਹਿਤਕ ਪਰਿਪੇਖ ਹੈ, ਜਿਸ ’ਚ ਲੇਖਕ ਦੀ ਸ਼ਖ਼ਸੀਅਤ ਤੇ ਸੰਘਰਸ਼ ਲਈ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਨੂੰ ਦੇਖਿਆ-ਸਮਝਿਆ ਗਿਆ ਹੈ। ਇਹ ਸਨਮਾਨ ਕੇਵਲ ਕਿਸੇ ਇਕ ਸਿਰਜਣਾ, ਵਿਧਾ ਜਾਂ ਕਿਸੇ ਇਕ ਦੌਰ ’ਚ ਕੀਤੇ ਗਏ ਲੇਖਣ ਦੀ ਅੰਤਰਦ੍ਰਿਸ਼ਟੀ, ਸਵੀਕ੍ਰਿਤੀ ਨਹੀਂ ਹੈ। ਇਸ ਦੇ ਪਿੱਛੇ ਉਨ੍ਹਾਂ ਦੀ ਸਮੁੱਚੀ ਰਚਨਾਤਮਕ ਯਾਤਰਾ ਦੀ ਉਹ ਪਛਾਣ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਸਮੇਂ ਦੇ ਮਨੁੱਖ ਨੂੰ ਉਸਦੀਆਂ ਗੁੰਝਲਾਂ, ਦਰਦ ਤੇ ਪ੍ਰਗਟਾਵੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦੇ ਰਚੇ ਸਾਹਿਤ ਦੀ ਚਮਕ ਸਮੇਂ ਨਾਲ ਧੁੰਦਲੀ ਪੈ ਸਕਦੀ ਹੈ ਪਰ ਉਹ ਸਾਹਿਤ ਬਚਿਆ ਰਹਿੰਦਾ ਹੈ ਜੋ ਪਾਠਕ ਦੀ ਚੇਤਨਾ ’ਚ ਕੋਈ ਸਥਾਈ ਬਦਲਾਅ ਛੱਡ ਜਾਵੇ। ਇਹ ਸੰਵੇਦਨਾ ਹੀ ਐਨ ਨੂੰ ਉਨ੍ਹਾਂ ਨੂੰ ਵਿਸ਼ਵ ਦੇ ਹੋਰ ਲੇਖਕਾਂ ਤੋਂ ਵੱਖਰਾ ਕਰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੇ ਸਮੇਂ ’ਚ ਵੀ ਸਾਨੂੰ ਵਧੇਰੇ ਸੰਵੇਦਨਸ਼ੀਲ, ਵਧੇਰੇ ਪ੍ਰਸ਼ਨਾਕੁਲ ਤੇ ਦੂਜੇ ਮਨੁੱਖ ਦੇ ਦੁੱਖ ਪ੍ਰਤੀ ਵਧੇਰੇ ਸਜਗ ਬਣਾਉਂਦੀਆਂ ਰਹਿਣਗੀਆਂ, ਤਾਂ ਇਹੀ ਉਨ੍ਹਾਂ ਦੇ ਨੋਬਲ ਸਨਮਾਨ ਦਾ ਸਭ ਤੋਂ ਸਾਰਥਕ ਅਰਥ ਹੋਵੇਗਾ।
ਕੈਨੇਡਾ ਦੀ ਇਸ 76 ਵਰ੍ਹਿਆਂ ਦੀ ਕਵਿੱਤਰੀ, ਨਿਬੰਧ ਲੇਖਕ, ਅਨੁਵਾਦਕ ਤੇ ਕਲਾਸਿਕੀ ਦੀ ਵਿਦੁਸ਼ੀ ਐੱਨ ਕਾਰਸਨ ਨੂੰ 2026 ਦਾ ਸਾਹਿਤ ਨੋਬਲ ਦਿੱਤਾ ਜਾਣਾ ਇਸ ਅਰਥ ’ਚ ਅਸਾਧਾਰਣ ਘਟਨਾ ਹੈ। ਸਵੀਡਿਸ਼ ਅਕਾਦਮੀ ਦੇ ਐਲਾਨ ਨਾਲ ਵਿਸ਼ਵ ਸਾਹਿਤ ’ਚ ਇਕ ਅਜਿਹੀ ਰਚਨਾਕਾਰ ਦਾ ਨਾਂ ਸਭ ਤੋਂ ਵੱਡੇ ਸਾਹਿਤਕ ਸਨਮਾਨ ਦੇ ਕੇਂਦਰ ’ਚ ਆਇਆ ਹੈ, ਜਿਸ ਨੇ ਕਵਿਤਾ, ਲੇਖ, ਅਨੁਵਾਦ, ਮਿੱਥ, ਦਰਸ਼ਨ, ਪ੍ਰੇਮ ਅਤੇ ਵਿਅਕਤੀਗਤ ਯਾਦਾਂ ਦੀਆਂ ਹੱਦਾਂ ਨੂੰ ਇਕ-ਦੂਜੇ ’ਚ ਇਸ ਤਰ੍ਹਾਂ ਘੋਲ ਦਿੱਤਾ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਰਵਾਇਤੀ ਸਾਹਿਤਕ ਖਾਨਿਆਂ ’ਚ ਰੱਖਣਾ ਔਖਾ ਹੋ ਜਾਂਦਾ ਹੈ। ਅੱਜ ਨੋਬਲ ਸਨਮਾਨ ਦੇ ਸੰਦਰਭ ’ਚ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸ਼ਾਇਦ ਇਹੀ ਦਿਖਾਈ ਦਿੰਦੀ ਹੈ ਕਿ ਉਨ੍ਹਾਂ ਨੇ ਸਾਹਿਤ ਨੂੰ ਕੇਵਲ ਅਨੁਭਵਾਂ ਦਾ ਵਰਣਨ ਨਹੀਂ ਰਹਿਣ ਦਿੱਤਾ, ਬਲਕਿ ਉਸ ਨੂੰ ਮਨੁੱਖ ਤੇ ਉਸ ਦੇ ਸੰਘਰਸ਼ ਦੀ ਦ੍ਰਿਸ਼ਟੀ ਨੂੰ ਸਮਝਣ ਦਾ ਮਾਧਿਅਮ ਬਣਾਇਆ। ਉਨ੍ਹਾਂ ਦੀ ਭਾਸ਼ਾ ’ਚ ਸੰਵੇਦਨਾ ਹੈ ਪਰ ਭਾਵੁਕਤਾ ਨਹੀਂ।
ਐੱਨ ਕਾਰਸਨ ਦਾ ਜਨਮ 21 ਜੂਨ 1950 ਨੂੰ ਟੋਰਾਂਟੋ, ਕੈਨੇਡਾ ’ਚ ਹੋਇਆ। ਉਨ੍ਹਾਂ ਦੀ ਸਾਹਿਤਕ ਸ਼ਖ਼ਸੀਅਤ ਦੇ ਨਿਰਮਾਣ ’ਚ ਪੁਰਾਤਨ ਯੂਨਾਨੀ ਭਾਸ਼ਾ ਤੇ ਸਾਹਿਤ ਦੀ ਫ਼ੈਸਲਾਕੁੰਨ ਭੂਮਿਕਾ ਰਹੀ। ਯੂਨੀਵਰਸਿਟੀ ਦੇ ਦਿਨਾਂ ’ਚ ਇੱਕ ਲੈਟਿਨ ਅਧਿਆਪਕ ਦੀ ਸਹਾਇਤਾ ਨਾਲ ਉਨ੍ਹਾਂ ਨੇ ਪੁਰਾਤਨ ਯੂਨਾਨੀ ਭਾਸ਼ਾ ਸਿੱਖੀ ਤੇ ਇਹੀ ਰੁਚੀ ਅੱਗੇ ਚੱਲ ਕੇ ਉਨ੍ਹਾਂ ਦੇ ਜੀਵਨ ਦੀ ਬੌਧਿਕ ਧੁਰੀ ਬਣ ਗਈ। ਉਨ੍ਹਾਂ ਨੇ ਟੋਰਾਂਟੋ ਯੂਨੀਵਰਸਿਟੀ ਦੇ ਸੇਂਟ ਮਾਈਕਲਸ ਕਾਲਜ ’ਚ ਅਧਿਐਨ ਕੀਤਾ। ਯੂਨੀਵਰਸਿਟੀ ਛੱਡਣ ਤੋਂ ਬਾਅਦ ਦੁਬਾਰਾ ਮੁੜ ਕੇ ਉਨ੍ਹਾਂ ਨੇ 1974 ’ਚ ਗ੍ਰੈਜ਼ੁਏਸ਼ਨ, 1975 ’ਚ ਪੋਸਟਗ੍ਰੈਜ਼ੁਏਸ਼ਨ ਅਤੇ 1981 ’ਚ ਪੀਐੱਚਡੀ ਦੀ ਉਪਾਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਕਾਟਲੈਂਡ ਦੀ ਸੇਂਟ ਐਂਡ੍ਰਿਊਜ਼ ਯੂਨੀਵਰਸਿਟੀ ’ਚ ਯੂਨਾਨੀ ਛੰਦਸ਼ਾਸਤਰ ਦਾ ਵੀ ਅਧਿਐਨ ਕੀਤਾ। ਅੱਜ ਕਾਰਸਨ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਪੁਰਾਤਨ ਸਾਹਿਤ ਨੂੰ ਅਜਾਇਬ ਘਰ ’ਚ ਰੱਖੀ ਹੋਈ ਕੋਈ ਨਿਰਜੀਵ ਵਸਤੂ ਨਹੀਂ ਮੰਨਿਆ। ਉਨ੍ਹਾਂ ਲਈ ਯੂਨਾਨੀ ਮਿੱਥ ਅੱਜ ਵੀ ਜੀਵਿਤ ਹਨ। ਉਨ੍ਹਾਂ ਦੇ ਪਾਤਰ ਆਧੁਨਿਕ ਮਨੁੱਖ ਦੇ ਅੰਦਰ ਚੱਲਦੇ-ਫਿਰਦੇ ਦਿਖਾਈ ਦਿੰਦੇ ਹਨ। ਪ੍ਰੇਮ, ਈਰਖਾ, ਇੱਛਾ, ਮੌਤ, ਇਕੱਲਾਪਣ, ਸਮ੍ਰਿਤੀ ਅਤੇ ਵਿਯੋਗ-ਇਹ ਉਹ ਮਾਨਵੀ ਅਨੁਭਵ ਹਨ, ਜੋ ਹਜ਼ਾਰਾਂ ਵਰ੍ਹੇ ਪੁਰਾਣੇ ਮਿੱਥਾਂ ਨੂੰ ਅੱਜ ਦੇ ਮਨੁੱਖ ਨਾਲ ਜੋੜਦੇ ਹਨ। ਇਸੀ ਕਾਰਨ ਉਨ੍ਹਾਂ ਦੀਆਂ ਰਚਨਾਵਾਂ ’ਚ ਹੋਮਰ, ਸੈਫੋ, ਸੋਫੋਕਲੀਜ਼ ਅਤੇ ਯੂਰਿਪਿਡੀਜ਼ ਵਰਗੇ ਪੁਰਾਤਨ ਲੇਖਕ ਆਧੁਨਿਕ ਜੀਵਨ ਦੇ ਪ੍ਰਸ਼ਨਾਂ ਨਾਲ ਹਾਜ਼ਰ ਹੁੰਦੇ ਹਨ। ਉਨ੍ਹਾਂ ਦੀ ਪਹਿਲੀ ਮਹੱਤਵਪੂਰਨ ਪੁਸਤਕ ‘Eros the Bittersweet’ 1986 ’ਚ ਪ੍ਰਕਾਸ਼ਿਤ ਹੋਈ। ਇਹ ਕੇਵਲ ਪ੍ਰੇਮ ’ਤੇ ਲਿਖੀ ਗਈ ਪੁਸਤਕ ਨਹੀਂ ਹੈ, ਬਲਕਿ ਪੁਰਾਤਨ ਯੂਨਾਨੀ ਸਾਹਿਤ ਤੇ ਦਰਸ਼ਨ ਦੇ ਸਹਾਰੇ ਇੱਛਾ ਤੇ ਪ੍ਰੇਮ ਦੀ ਪ੍ਰਕਿਰਿਤੀ ਨੂੰ ਸਮਝਣ ਦਾ ਇਕ ਅਦਭੁਤ ਬੌਧਿਕ ਯਤਨ ਹੈ। ਕਾਰਸਨ ਪ੍ਰੇਮ ਨੂੰ ਪ੍ਰਾਪਤੀ ਤੋਂ ਵੱਧ ਦੂਰੀ ਤੇ ਅਧੂਰੇਪਣ ਦੀ ਅਨੁਭੂਤੀ ਦੇ ਰੂਪ ’ਚ ਦੇਖਦੀਆਂ ਹਨ। ਉਨ੍ਹਾਂ ਲਈ ਪ੍ਰੇਮ ’ਚ ਮਿਠਾਸ ਜਿੰਨੀ ਹੈ, ਉਨੀ ਹੀ ਕੜਵਾਹਟ ਵੀ ਹੈ। ਇਸੇ ਵਿਰੋਧਾਭਾਸ ਨੇ ਉਨ੍ਹਾਂ ਦੇ ਸਾਹਿਤ ਨੂੰ ਇਕ ਵਿਸ਼ਿਸ਼ਟ ਦਾਰਸ਼ਨਿਕ ਗਹਿਰਾਈ ਦਿੱਤੀ। ਇਸ ਤੋਂ ਬਾਅਦ ਸ਼ਾਰਟ ਟਾਕ, ਗਲਾਸ, ਆਇਰਨੀ ਤੇ ਗੌਡ ਅਤੇ ਪਲੇਨਵਾਟਰ ਵਰਗੀਆਂ ਪੁਸਤਕਾਂ ਨੇ ਉਨ੍ਹਾਂ ਦੀ ਸਾਹਿਤਿਕ ਸ਼ਖ਼ਸੀਅਤ ਨੂੰ ਹੋਰ ਵਿਆਪਕ ਬਣਾਇਆ।
ਐੱਨ ਕਾਰਸਨ ਨੂੰ ਮਿਲਿਆ 2026 ਦਾ ਸਾਹਿਤ ਨੋਬਲ ਇਸ ਲਈ ਵੀ ਵਰਨਣਯੋਗ ਹੈ ਕਿ ਇਹ ਇਨਾਮ ਇਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਆਲਮੀ ਸਾਹਿਤ ਸਿਰਫ਼ ਵੱਡੇ ਨਾਵਲਾਂ ਦੀ ਦੁਨੀਆ ਨਹੀਂ ਹੈ। ਉਨ੍ਹਾਂ ਦੀਆਂ ਕਿਰਤਾਂ ਸਾਨੂੰ ਦੱਸਦੀਆਂ ਹਨ ਕਿ ਮਨੁੱਖ ਬਦਲਦਾ ਹੈ, ਸੱਭਿਅਤਾਵਾਂ ਬਦਲਦੀਆਂ ਹਨ, ਭਾਸ਼ਾਵਾਂ ਬਦਲਦੀਆਂ ਹਨ—ਪਰ ਪ੍ਰੇਮ, ਬਿਰਹਾ, ਸ਼ੋਕ, ਇੱਛਾ ਅਤੇ ਇਕੱਲਾਪਣ ਅੱਜ ਵੀ ਉਹੀ ਹਨ।
ਇੱਥੇ ਉਨ੍ਹਾਂ ਦੀ ਇੱਕ ਕਵਿਤਾ ਦਾ ਅੰਸ਼ ਹੈ :
ਇਸ ਦੁਨੀਆ ਵਿਚ ਕੁੱਝ ਵੀ ਨਹੀਂ
ਉੱਡਦੇ ਹੋਏ ਪੰਛੀ
ਧਰਤੀ ’ਤੇ ਮਹਿਕਦੀਆਂ ਤਿਤਲੀਆਂ
ਮੌਤ ਨੂੰ ਇੱਕ ਦਿਨ ਆਉਣਾ ਹੈ
ਫ਼ਿਰ ਅਕਾਸ਼ ਵੱਲ ਕਿਉਂ ਵੇਖੀਏ!
(ਲੇਖਕ ਉੱਘੇ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹਨ)।