- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਾਸ ਲਈ ਦੁਨੀਆਂ ਭਰ ’ਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਜਿਸ ਨਾਲ ਦਰਿਆਵਾਂ, ਸਮੁੰਦਰਾ, ਪਾਣੀ ਦੇ ਹੋਰ ਸੋਮੇਂ ਗੰਧਲੇ ਤੇ ਪਲੀਤ ਹੋਏ ਹਨ, ਹਵਾ ਦੂਸ਼ਤ ਹੋਈ ਹੈ। ਨਾਲ ਹੀ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਤੇ ਖੇਤੀਬਾੜੀ ਕਰਨ ਦੇ ਢੰਗ ਤਰੀਕਿਆਂ ਨੇ ਵੀ ਵਾਤਾਵਰਨ ਨੂੰ ਖ਼ਰਾਬ ਕੀਤਾ ਹੈ। ਵਾਤਾਵਰਨ ਦੀ ਸੰਭਾਲ ਦੀ ਅਣਹੋਂਦ ਤੇ ਘਾਟ ਨੇ ਵੀ ਇਸ ਨੂੰ ਹੋਰ ਗਹਿਰਾਇਆਂ ਹੈ। ਭਾਰਤ ਦੁਨੀਆਂ ਦਾ ਇਕ ਖੇਤੀਬਾੜੀ ਪ੍ਰਧਾਨ, ਵੱਡੀ ਤੇ ਵਧ ਰਹੀ ਅਰਥਵਿਵਸਥਾ ਹੈ, ਜਿਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਵਾਹੀਯੋਗ/ਖੇਤੀਯੋਗ ਜ਼ਮੀਨੀ ਖੇਤਰ ਹੈ।

ਡਾ. ਕੇਸਰ ਸਿੰਘ ਭੰਗੂ
ਅੱਜ ਕੱਲ੍ਹ ਦੁਨੀਆਂ ਦੇ ਲਗਪਗ ਸਾਰੇ ਹੀ ਦੇਸ਼ ਜਲਵਾਯੂ ਤਬਦੀਲੀਆਂ ਕਾਰਨ ਬਹੁਤ ਸਾਰੇ ਵਾਤਾਵਰਨ ’ਚ ਵਿਗਾੜਾਂ ਦਾ ਅਨੁਭਵ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਇਹਨਾਂ ਦੇ ਪ੍ਰਭਾਵ ਹੋਰ ਵੀ ਗਹਿਰੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਸਾਰੇ ਦੇਸ਼ ਤੇ ਦੁਨੀਆਂ ਭਰ ਦੀਆਂ ਅਨੇਕਾਂ ਸੰਸਥਾਵਾਂ ਜਲਵਾਯੂ ਤਬਦੀਲੀਆਂ, ਇਹਨਾਂ ਤਬਦੀਲੀਆਂ ਕਾਰਨ ਹੋਏ ਵਿਗਾੜਾਂ ਤੇ ਪਲੀਤ ਹੋਏ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਉਪਰਾਲੇ ਤੇ ਜਦੋ-ਜਹਿਦ ਕਰ ਰਹੀਆਂ ਹਨ ਪਰ ਜਲਵਾਯੂ ਤੇ ਵਾਤਾਵਰਣ ਨੂੰ ਸੰਭਾਲਣ ਤੇ ਬਚਾਉਣ ਦੇ ਇਨ੍ਹਾਂ ਉਪਰਾਲਿਆਂ ਤੇ ਜਦੋਜਹਿਦਾ ਨੂੰ ਹੁਣ ਤੱਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਕਿਸੇ ਕਿਸਮ ਦੇ ਕਾਰਗਰ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ। ਇਹ ਜ਼ਰੂਰ ਵੇਖਣ ’ਚ ਆਇਆ ਹੈ ਕਿ ਸੰਸਾਰ ਪੱਧਰ ’ਤੇ ਵਾਤਾਵਰਣ ਤੇ ਜਲਵਾਯੂ ’ਚ ਵਿਗਾੜ ਅਤੇ ਤਬਦੀਲੀਆਂ ਲਗਭਗ ਹਰ ਦੇਸ਼ ’ਚ ਹਰ ਚੀਜ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਖ਼ਾਸਕਰ ਇਹ ਵਿਗਾੜ ਸਾਡੇ ਭੋਜਨ ਪ੍ਰਣਾਲੀਆਂ, ਭਾਵ ਭੋਜਨ ਪੈਦਾ ਕਰਨ ਦੇ ਤਰੀਕਿਆਂ ਤੋਂ ਲੈ ਕੇ ਖ਼ਪਤ ਤੇ ਖੁਰਾਕ ਦੇ ਉਪਰ ਬਹੁਤ ਮਾੜੇ ਪ੍ਰਭਾਵ ਪਾਉਂਦੇ ਸਾਫ਼ ਦਿਖਾਈ ਦੇ ਰਹੇ ਹਨ। ਇਸ ਦਾ ਸਿੱਧਾ ਤੇ ਸਪੱਸ਼ਟ ਮਤਲਬ ਹੈ ਕਿ ਜਿਹੜੇ ਦੇਸ਼ ਮੁੱਖ ਤੌਰ ’ਤੇ ਖੇਤੀਬਾੜੀ ਤੇ ਭੋਜਨ ਪੈਦਾ ਕਰਨ ਲਈ ਸਿੱਧੇ ਤੇ ਅਸਿੱਧੇ ਤੌਰ ’ਤੇ ਨਿਰਭਰ ਹਨ, ਉਹ ਦੇਸ਼ ਇਨ੍ਹਾਂ ਵਿਗਾੜਾਂ ਦੇ ਵਧੇਰੇ ਮਾੜੇ ਪ੍ਰਭਾਵ ਝੱਲ ਰਹੇ ਹਨ ਤੇ ਉਨ੍ਹਾਂ ਨੂੰ ਭਵਿੱਖ ’ਚ ਹੋਰ ਵੀ ਵਧੇਰੇ ਪ੍ਰਭਾਵ ਝੱਲਣੇ ਪੈਣਗੇ। ਇਹ ਇਕ ਮਹੱਤਵਪੂਰਨ ਗੱਲ ਹੈ ਕਿ ਜਲਵਾਯੂ ਤਬਦੀਲੀਆਂ ਤੇ ਵਿਗਾੜਾਂ ਨੂੰ ਗਹਿਰਾ ਕਰਨ ’ਚ ਅਮੀਰ ਦੇਸ਼ਾਂ ਤੇ ਅਮੀਰ ਲੋਕਾਂ ਦਾ ਵਧੇਰੇ ਹਿੱਸਾ ਹੈ ਪਰ ਇਸ ਦਾ ਖਮਿਆਜ਼ਾ ਦੁਨੀਆਂ ਦੇ ਗਰੀਬ ਦੇਸ਼ਾਂ ਅਤੇ ਗਰੀਬ ਲੋਕਾਂ ਨੂੰ ਵਧੇਰੇ ਭੁਗਤਣਾ ਪੈ ਰਿਹਾ ਹੈ ਤੇ ਭਵਿੱਖ ’ਚ ਹੋਰ ਵੀ ਭੁਗਤਣਾ ਪਵੇਗਾ। ਕਿਉਂਕਿ ਜਿਸ ਕਿਸਮ ਦਾ ਦੁਨੀਆਂ ਭਰ ’ਚ ਪਿਛਲੇ ਸਮਿਆਂ ’ਚ ਵਿਕਾਸ ਦੇ ਤਰੀਕੇ ਅਪਣਾ ਕੇ ਵਿਕਾਸ ਕੀਤਾ ਗਿਆ ਹੈ, ਉਸ ਨੇ ਸਿੱਧਾ ਜਲਵਾਯੂ ’ਚ ਪ੍ਰਭਾਵਿਤ ਕੀਤਾ ਹੈ। ਵਿਕਾਸ ਲਈ ਦੁਨੀਆਂ ਭਰ ’ਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਜਿਸ ਨਾਲ ਦਰਿਆਵਾਂ, ਸਮੁੰਦਰਾ, ਪਾਣੀ ਦੇ ਹੋਰ ਸੋਮੇਂ ਗੰਧਲੇ ਤੇ ਪਲੀਤ ਹੋਏ ਹਨ, ਹਵਾ ਦੂਸ਼ਤ ਹੋਈ ਹੈ। ਨਾਲ ਹੀ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਤੇ ਖੇਤੀਬਾੜੀ ਕਰਨ ਦੇ ਢੰਗ ਤਰੀਕਿਆਂ ਨੇ ਵੀ ਵਾਤਾਵਰਨ ਨੂੰ ਖ਼ਰਾਬ ਕੀਤਾ ਹੈ। ਵਾਤਾਵਰਨ ਦੀ ਸੰਭਾਲ ਦੀ ਅਣਹੋਂਦ ਤੇ ਘਾਟ ਨੇ ਵੀ ਇਸ ਨੂੰ ਹੋਰ ਗਹਿਰਾਇਆਂ ਹੈ।
ਭਾਰਤ ਦੁਨੀਆਂ ਦਾ ਇਕ ਖੇਤੀਬਾੜੀ ਪ੍ਰਧਾਨ, ਵੱਡੀ ਤੇ ਵਧ ਰਹੀ ਅਰਥਵਿਵਸਥਾ ਹੈ, ਜਿਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਵਾਹੀਯੋਗ/ਖੇਤੀਯੋਗ ਜ਼ਮੀਨੀ ਖੇਤਰ ਹੈ। ਖੇਤੀਬਾੜੀ ਭਾਰਤੀ ਲੋਕਾਂ ਦੀ ਰੋਜ਼ੀ-ਰੋਟੀ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਖੇਤੀਬਾੜੀ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ’ਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਵੇਲੇ ਦੇਸ਼ ਭੋਜਨ ਦੀ ਅਤਿਅੰਤ ਘਾਟ ਵਾਲੇ ਦੇਸ਼ਾਂ ’ਚ ਸ਼ਾਮਲ ਸੀ ਪਰ ਹੌਲੀ-ਹੌਲੀ ਖੇਤੀ ਖੇਤਰ ’ਚ ਸੁਧਾਰਾਂ ਨਾਲ ਖੇਤੀ ਉਤਪਾਦਨ ਅਤੇ ਉਤਪਾਦਕਤਾ ’ਚ ਵਾਧਾ ਹੋਣ ਨਾਲ ਦੇਸ਼ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੋ ਗਿਆ। ਇਸ ਦੇ ਬਾਵਜੂਦ ਵੀ ਦੇਸ਼ ’ਚ ਬੱਚਿਆਂ, ਔਰਤਾਂ ਤੇ ਗਰੀਬਾਂ ਦੀ ਪੌਸ਼ਟਿਕ ਤੇ ਸਹੀ ਗੁਣਵੱਤਾ ਵਾਲੇ ਭੋਜਨ ਤੱਕ ਵਿਆਪਕ ਪਹੁੰਚ ਦੀ ਘਾਟ ਨੇ ਸਿਹਤ-ਸਬੰਧਤ ਸਮੱਸਿਆਵਾਂ ਤੇ ਮੁੱਦਿਆਂ ਨੂੰ ਜਨਮ ਦਿੱਤਾ ਹੈ। ਜਿਵੇਂ ਕਿ ਭਾਰਤ ’ਚ ਦੁਨੀਆ ਦੇ ਸਭ ਤੋਂ ਵੱਧ ਕੁਪੋਸ਼ਿਤ ਬੱਚੇ ਵੇਖਣ ਨੂੰ ਮਿਲਦੇ ਹਨ। ਨਾਲ ਹੀ ਵੱਡੀ ਗਿਣਤੀ ’ਚ ਅਤੀ ਗ਼ਰੀਬ ਆਬਾਦੀ ਲਈ ਖ਼ੁਰਾਕ ਸੁਰੱਖਿਆ ਵੀ ਯਕੀਨੀ ਨਹੀਂ ਹੈ। ਇਨ੍ਹਾਂ ਸਭ ਦੇ ਵਿਚਕਾਰ, ਜਲਵਾਯੂ ਪਰਿਵਰਤਨ ਦੇ ਵਿਆਪਕ ਮਾੜੇ ਪ੍ਰਭਾਵ ਇਨ੍ਹਾਂ ਅਲਾਮਤਾਂ ਨੂੰ ਹੋਰ ਗਹਿਰਾ ਕਰ ਰਹੇ ਹਨ ਤੇ ਵਧੇਰੇ ਟਿਕਾਊ ਤੇ ਬਰਾਬਰ ਭੋਜਨ ਵੰਡ ਪ੍ਰਣਾਲੀਆਂ ’ਚ ਰੁਕਾਵਟਾ ਵੀ ਖੜ੍ਹੀਆਂ ਕਰ ਰਹੇ ਹਨ। ਇਸ ਸੰਦਰਭ ’ਚ ਦੇਸ਼ ’ਚ ਵਾਤਾਵਰਣ ਤਬਦੀਲੀਆਂ ਦੇ ਵਿਗਾੜਾਂ ਖ਼ਾਸਕਰ ਖੇਤੀ ਜਿਣਸਾਂ ਦੇ ਉਤਪਾਦਨ ’ਚ ਘਾਟ, ਭੁੱਖਮਰੀ ਦੀ ਸਥਿਤੀ ਨੂੰ ਜਾਨਣ ਲਈ ਅਤੇ ਇਹਨਾਂ ਪ੍ਰਭਾਵਾਂ ਨੂੰ ਘਟਾਉਣ ਲਈ, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੀਆਂ ਰਿਪੋਰਟਾਂ ਅਤੇ ਇਸ ਸਬੰਧੀ ਹੋਰ ਰਿਪੋਰਟਾਂ ਉੱਤੇ ਨਿਗਾਹ ਮਾਰਨੀ ਚਾਹੀਦੀ ਹੈ ਤਾਂ ਕਿ ਜਲਵਾਯੂ ਤਬਦੀਲੀਆਂ, ਖੇਤੀ ਉਤਪਾਦਨ ਤੇ ਭੁੱਖਮਰੀ ਸਬੰਧੀ ਬਦਲ ਰਹੇ ਹਾਲਾਤਾਂ ਨੂੰ ਸਮਝਿਆ ਜਾ ਸਕੇ।
ਇਹਨਾਂ ਰਿਪੋਰਟਾਂ ’ਚ ਜਲਵਾਯੂ ਤੇ ਵਾਤਾਵਰਨ ਤਬਦੀਲੀਆਂ ਤੇ ਵਿਗਾੜਾਂ ਦੇ ਖੇਤੀ ਖੇਤਰ ਤੇ ਅੰਨ ਸੁਰੱਖਿਆ ਤੇ ਭੁੱਖਮਰੀ ਤੇ ਕੀ ਪ੍ਰਭਾਵ ਪੈਣ ਦੀਆਂ ਪੇਸ਼ਨਗੋਗੀਆ ਕੀਤੀਆਂ ਗਈਆਂ ਹਨ। ਉਥੇ ਹੀ ਇਹਨਾਂ ਵਿਗਾੜਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੀ ਕੀਤਾ ਜਾਵੇ ਦੇ ਵਿਸ਼ੇ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਖੇਤੀਬਾੜੀ ਦਾ ਖੇਤਰ ਤੇ ਖੇਤੀ ਜਿਣਸਾਂ ਦੇ ਉਤਪਾਦਨ ’ਤੇ ਜਲਵਾਯੂ ਪਰਿਵਰਤਨ ਦੁਆਰਾ ਸਭ ਤੋਂ ਮਾੜੇ ਤਰੀਕਿਆਂ ਨਾਲ ਪ੍ਰਭਾਵ ਪਾਉਂਦੇ ਨਜ਼ਰ ਪੈਂਦੇ ਹਨ। ਇਹਨਾਂ ਮਾੜੇ ਪ੍ਰਭਾਵਾ ’ਚ ਮੁੱਖ ਤੌਰ ’ਤੇ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਖੇਤੀ ਉਪਜ ਦੀ ਉਤਪਾਦਕਤਾ ਘਟਣਾ, ਕੀੜਿਆਂ ਤੇ ਹੋਰ ਹਮਲਾਵਰ ਕਿਸਮਾਂ ਦੇ ਵਧਦੇ ਹੋਏ ਖ਼ਤਰੇ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣਾ ਅਤੇ ਖ਼ਤਮ ਹੋ ਜਾਣਾ ਤੇ ਵਪਾਰਕ ਅਤੇ ਹੋਰ ਕੰਮਾਂ ਲਈ ਖਪਤ ਲਈ ਖੇਤੀਬਾੜੀ ਜ਼ਮੀਨ ਦੀ ਵੱਡੇ ਪੱਧਰ ਤੇ ਤਬਦੀਲ ਹੋਣਾ। ਗਲੋਬਲ ਫੂਡ ਪਾਲਿਸੀ ਦੇ ਅੰਦਾਜ਼ਿਆਂ ਅਨੁਸਾਰ ਵਿਸ਼ਵ ਪੱਧਰ ’ਤੇ 2050 ਤੱਕ ਭੋਜਨ ਉਤਪਾਦਨ ’ਚ 8 ਪ੍ਰਤੀਸ਼ਤ ਘੱਟਣ ਦੇ ਖਸਦੇ ਪ੍ਰਗਟਾਏ ਗਏ ਹਨ। ਭਾਰਤ ’ਚ ਕੁੱਲ ਭੋਜਨ ਉਤਪਾਦਨ ’ਚ 16 ਪ੍ਰਤੀਸ਼ਤ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਕਿ ਦੱਖਣੀ ਏਸ਼ੀਆਈ ਖੇਤਰ ’ਚ ਸਭ ਤੋਂ ਵੱਧ ਹੈ। ਦੂਜੇ ਦੇਸ਼ਾਂ ’ਚ, ਸੰਯੁਕਤ ਰਾਜ ਅਮਰੀਕਾ ਲਈ ਅਨੁਮਾਨ 34 ਪ੍ਰਤੀਸ਼ਤ, ਆਸਟਰੇਲੀਆ ਲਈ 18 ਪ੍ਰਤੀਸ਼ਤ, ਜਾਪਾਨ 17 ਪ੍ਰਤੀਸ਼ਤ, ਬਰਤਾਨੀਆ ਲਈ 7 ਪ੍ਰਤੀਸ਼ਤ ਅਤੇ ਚੀਨ ਲਈ 5 ਪ੍ਰਤੀਸ਼ਤ ਘੱਟਣ ਦਾ ਅਨੁਮਾਨ ਹੈ। ਇਹਨਾਂ ਅੰਕੜਿਆਂ ਤੋਂ ਸਾਫ਼ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਖੇਤੀ ਜਿਣਸਾਂ ਦੀ ਪੈਦਾਵਾਰ ਘੱਟਣ ਕਾਰਨ ਦੁਨੀਆਂ ’ਚ ਖ਼ੁਰਾਕ ਸੁਰੱਖਿਆ ਨੂੰ ਢਾਹ ਲੱਗੇਗੀ, ਖ਼ਾਸਕਰ ਗ਼ਰੀਬ ਲੋਕਾਂ ਤੇ ਗਰੀਬ ਦੇਸ਼ਾਂ ’ਚ ਪੌਸ਼ਟਿਕ ਭੋਜਨ ਤੇ ਲੋੜੀਂਦਾ ਭੋਜਨ ਪਹੁੰਚ ਤੋਂ ਬਾਹਰ ਹੋ ਜਾਵੇਗਾ। ਅਜਿਹੀ ਸਥਿਤੀ ’ਚ ਇਹ ਸੁਭਾਵਕ ਹੈ ਕਿ ਵਪਾਰੀ ਅਤੇ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਅਤੇ ਕਾਲਾਬਾਜ਼ਾਰੀ ਕਰਨ ਤੋਂ ਸੰਕੋਚ ਨਹੀਂ ਕਰਨਗੇ। ਨਤੀਜੇ ਵਜੋਂ ਸੰਸਾਰ ਪੱਧਰ ਤੇ ਭੁੱਖਮਰੀ ਦੀ ਕਗਾਰ ਤੇ ਖੜ੍ਹੇ ਲੋਕਾਂ ਦੀ ਗਿਣਤੀ ’ਚ ਵਾਧਾ ਸੁਭਾਵਿਕ ਹੈ।
ਅੰਦਾਜ਼ਿਆਂ ਮੁਤਾਬਿਕ 2030 ਤੱਕ ਵਿਸ਼ਵ ਪੱਧਰ ’ਤੇ, ਲਗਭਗ 6.5 ਕਰੋੜ ਹੋਰ ਲੋਕ ਜਲਵਾਯੂ ਪਰਿਵਰਤਨ ਦੇ ਵਿਗਾੜਾਂ ਕਾਰਨ ਭੁੱਖਮਰੀ ਦੇ ਖ਼ਤਰੇ ’ਚ ਚਲੇ ਜਾਣਗੇ। ਆਲਮੀ ਜਲਵਾਯੂ ਤਬਦੀਲੀ-ਪ੍ਰੇਰਿਤ ਭੁੱਖਮਰੀ ਦੇ ਜੋਖਮ ’ਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ’ਚ ਦੱਖਣੀ ਏਸ਼ੀਆ, ਭਾਰਤ ਸਮੇਤ, ਸਭ ਤੋਂ ਉੱਪਰ ਹੈ। ਸਾਡੇ ਦੇਸ਼ ’ਚ ਸਾਰੀ ਦੁਨੀਆਂ ਤੋਂ ਵੱਧ ਲਗਭਗ 1.7 ਕਰੋੜ ਹੋਰ ਲੋਕ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਜਾਣਗੇ। ਦੂਜੇ ਸਥਾਨ ’ਤੇ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ’ਚ 48 ਲੱਖ ਵਾਧੂ ਲੋਕ ਭੁੱਖਮਰੀ ਦੇ ਖ਼ਤਰੇ ’ਚ ਚਲੇ ਜਾਣਗੇ। ਇੱਥੇ ਹੀ ਬਸ ਨਹੀਂ ਇਹ ਵੀ ਅੰਦਾਜ਼ੇ ਲਗਾਏ ਗਏ ਹਨ ਕਿ ਜੇਕਰ ਜਲਵਾਯੂ ਤਬਦੀਲੀਆਂ ਤੇ ਵਿਗਾੜ ਨਹੀਂ ਹੁੰਦੇ ਤਾਂ ਭਾਰਤ ’ਚ 2030 ਤੱਕ ਭੁੱਖਮਰੀ ਦੀ ਕਗਾਰ ’ਤੇ ਖੜ੍ਹੇ ਲੋਕਾਂ ਦੀ ਗਿਣਤੀ 7.39 ਕਰੋੜ ਹੋਵੇਗੀ ਤੇ 2050 ਤੱਕ ਘੱਟ ਕੇ 4.5 ਕਰੋੜ ਹੋ ਜਾਵੇਗੀ। ਜੇਕਰ ਜਲਵਾਯੂ ਤਬਦੀਲੀਆਂ ਤੇ ਵਿਗਾੜ ਇਵੇਂ ਹੀ ਜਾਰੀ ਰਹਿਦੇ ਹਨ ਤਾਂ 2030 ’ਚ ਭਾਰਤ ’ਚ ਭੁੱਖਮਰੀ ਦੀ ਕਗਾਰ ’ਤੇ ਖੜ੍ਹੇ ਲੋਕਾਂ ਦੀ ਗਿਣਤੀ 9.06 ਕਰੋੜ ਹੋ ਜਾਵੇਗੀ। ਇਹ ਸਪੱਸ਼ਟ ਹੈ ਕਿ ਜਲਵਾਯੂ ਪਰਿਵਰਤਨ ਤੇ ਵਿਗਾੜ ਵਿਸ਼ਵ ਪੱਧਰ ’ਤੇ ਕੁੱਲ ਭੋਜਨ ਉਤਪਾਦਨ ’ਚ ਬਦਲਾਅ ਲਿਆ ਸਕਦੇ ਹਨ। ਨਾਲ ਹੀ ਇਹ ਵਰਨਣਯੋਗ ਹੈ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਲੰਬੇ ਸਮੇਂ ਤੱਕ ਚੱਲਣ ਵਾਲੇ ਹਨ। ਜੇਕਰ ਜਲਵਾਯੂ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕਰੋੜਾਂ ਲੋਕ ਖ਼ਾਸਕਰ ਗ਼ਰੀਬਾਂ ਨੂੰ ਭੁੱਖਮਰੀ ਤੇ ਮੌਤ ਦੇ ਖ਼ਤਰੇ ’ਚ ਪੈ ਜਾਣਗੇ ।
ਗੱਲ ਕਰੀਏ ਤਾਂ ਰਿਪੋਰਟਾਂ ਨੇ ਜਲਵਾਯੂ ਤਬਦੀਲੀਆਂ ਤੇ ਵਿਗਾੜਾਂ ਦੇ ਕੁਝ ਪ੍ਰਮੁੱਖ ਕਾਰਨ ਦੱਸੇ ਹਨ ਤੇ ਉਨ੍ਹਾਂ ਨੂੰ ਠੀਕ ਕਰਨ ਲਈ ਕੁਝ ਸੁਝਾਅ ਵੀ ਦਿੱਤੇ ਹਨ। ਜਲਵਾਯੂ ਪਰਿਵਰਤਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਨਾਂ ’ਚ ਮੱਧਮ ਤੇ ਅਤਿਅੰਤ ਤਾਪਮਾਨਾਂ ’ਚ ਵਾਧਾ ਤੇ ਇਸ ਰੁਝਾਨ ਦੇ ਜਾਰੀ ਰਹਿਣ ਦੀ ਉੱਚੀਆਂ ਸੰਭਾਵਨਾਵਾਂ ਹਨ, ਹਿਮਾਲੀਅਨ ਗਲੇਸ਼ੀਅਰਾਂ ’ਚ ਪਿਘਲਣ ਦੀ ਬੇਮਿਸਾਲ ਦਰ ਅਤੇ ਗਰਮੀ ਵਧਣ ਅਤੇ ਵਧੇ ਹੋਏ ਔਸਤ ਵਰਖਾ ਕਾਰਨ ਮੌਨਸੂਨ ਦੀਆ ਤਬਾਹੀ ਵਾਲੀਆਂ ਬਾਰਸ਼ਾਂ ਸ਼ਾਮਲ ਹਨ। ਇਸ ਦੀ ਤਾਜ਼ਾ ਮਿਸਾਲ ਹੁਣੇ ਹੀ ਨੇਪਾਲ ’ਚ ਆਏ ਹੜਾਂ ਦੀ ਹੈ, ਜਿਸ ਕਾਰਨ ਨੇਪਾਲ ’ਚ ਬਹੁਤ ਤਬਾਹੀ ਹੋਈ ਹੈ ਤੇ ਬਹੁਤ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਜਲਵਾਯੂ ਪਰਿਵਰਤਨ ਤੇ ਵਿਗਾੜਾਂ ਦੇ ਇਹ ਖਤਰੇ ਭਵਿੱਖ ਵਿੱਚ ਹੋਰ ਵਧਣ ਅਤੇ ਗਹਿਰੇ ਹੋਣ ਦਾ ਅਨੁਮਾਨ ਹੈ। ਰਿਪੋਰਟਾਂ ਦੇ ਅਨੁਸਾਰ, 2100 ਤੱਕ ਪੂਰੇ ਭਾਰਤ ਵਿੱਚ ਔਸਤ ਤਾਪਮਾਨ 2.4 ਡਿਗਰੀ ਸੈਲਸੀਅਸ ਅਤੇ 4.4 ਡਿਗਰੀ ਸੈਲਸੀਅਸ ਦੇ ਵਿਚਕਾਰ ਵਧਣ ਦਾ ਅਨੁਮਾਨ ਹੈ। ਇਸੇ ਤਰ੍ਹਾਂ, ਭਾਰਤ ਵਿੱਚ 2100 ਤੱਕ ਗਰਮੀ ਦੀਆਂ ਲਹਿਰਾਂ ਵਿੱਚ ਤਿੰਨ ਗੁਣਾ ਜਾਂ ਚਾਰ ਗੁਣਾ ਵਾਧਾ ਹੋਣ ਦਾ ਵੀ ਅਨੁਮਾਨ ਹੈ।
ਜਲਵਾਯੂ ਪਰਿਵਰਤਨ ਤੇ ਵਿਗਾੜਾਂ ਦੇ ਇਹਨਾਂ ਪ੍ਰਭਾਵਾਂ ਦਾ ਅਧਿਐਨ ਕਰਨ ਤੋਂ ਬਾਅਦ, ਰਿਪੋਰਟਾਂ ਇਹਨਾਂ ਪ੍ਰਭਾਵਾਂ ਨੂੰ ਕੁਝ ਘਟਾਉਣ ਵਾਲੇ ਉਪਾਵਾਂ ਦਾ ਪ੍ਰਸਤਾਵ ਵੀ ਕਰਦੀਆਂ ਹਨ। ਫ਼ਸਲੀ ਵੰਨ-ਸੁਵੰਨਤਾ ਨੂੰ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੱਲ ਸੁਝਾਇਆ ਗਿਆ ਹੈ। ਖੇਤੀਬਾੜੀ ’ਚ ਉਹ ਫ਼ਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ, ਜੋ ਜਲਵਾਯੂ ’ਤੇ ਮਾੜੇ ਪ੍ਰਭਾਵ ਨਾ ਪਾਉਂਦੀਆਂ ਹੋਣ। ਨਾਲ ਹੀ ਖੇਤੀਬਾੜੀ ਖੋਜ ਤੇ ਵਿਕਾਸ ’ਚ ਜਨਤਕ ਨਿਵੇਸ਼ ਵਧਾਉਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ’ਚ ਖੇਤੀਬਾੜੀ ’ਚ ਜਨਤਕ ਨਿਵੇਸ਼ ਨਿਗੁਣਾ ਹੈ ਇਸ ਨੂੰ ਵਧਾਉਣਾ ਸਮੇਂ ਦੀ ਲੋੜ ਹੈ। ਖੇਤੀ ਮਸ਼ੀਨੀਕਰਨ ਅਤੇ ਮਿੱਟੀ ਦੀ ਨਮੀ ਦੀ ਸੰਭਾਲ ਨੂੰ ਫੌਰੀ ਅਤੇ ਤਰਜੀਹੀ ਆਧਾਰ 'ਤੇ ਅਪਣਾਉਣਾ ਚਾਹੀਦਾ ਹੈ। ਖਾਦ ਸਬਸਿਡੀਆਂ, ਊਰਜਾ ਨੀਤੀ, ਅਤੇ ਖੇਤੀਬਾੜੀ ਸਹਾਇਤਾ ਵਿਧੀਆਂ ’ਚ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਭੋਜਨ ਪ੍ਰਣਾਲੀ ਦੇ ਸਹੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਨਵੀਆਂ ਸੰਸਥਾਵਾਂ ਦੀ ਸਥਾਪਨਾ ਸਮੇਂ ਦੀ ਲੋੜ ਹੈ ਅਤੇ ਮਹਾਂਮਾਰੀਆਂ ਦੇ ਦੌਰਾਨ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੁਆਰਾ ਪ੍ਰਦਰਸ਼ਿਤ ਲਚਕਤਾ ਦਾ ਲਾਭ ਉਠਾਉਣਾ ਅਤੇ ਇਸ ਸੈਕਟਰ ਨੂੰ ਵਧੇਰੇ ਸੰਮਲਿਤ, ਟਿਕਾਊ ਅਤੇ ਲਚਕੀਲਾ ਬਣਾਉਣਾ ਬਹੁਤ ਮਹੱਤਵਪੂਰਨ ਹੈ।
(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਤੇ ਪ੍ਰੋਫੈਸਰ ਹਨ, ਸੰਪਰਕ : 98154-27127)।