- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਆਜ਼ਾਦੀ ਸਿਰਫ਼ ਇਕ ਤਰੀਕ ਨਹੀਂ ਸਗੋਂ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਅਮਰ ਗਾਥਾ ਹੈ, ਜਿਨ੍ਹਾਂ ਨੇ ਆਪਣੀ ਜਵਾਨੀ, ਸੁਪਨੇ ਤੇ ਇੱਥੋਂ ਤੱਕ ਕਿ ਆਪਣੀਆਂ ਜਾਨਾਂ ਵੀ ਦੇਸ਼ ਦੇ ਭਵਿੱਖ ਲਈ ਵਾਰ ਦਿੱਤੀਆਂ। ਉਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫ਼ਿਜ਼ਾ ’ਚ ਸਾਹ ਲੈ ਰਹੇ ਹਾਂ।

ਦੇਸ਼ ਦੀ ਆਜ਼ਾਦੀ ਸਿਰਫ਼ ਇਕ ਤਰੀਕ ਨਹੀਂ ਸਗੋਂ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਅਮਰ ਗਾਥਾ ਹੈ, ਜਿਨ੍ਹਾਂ ਨੇ ਆਪਣੀ ਜਵਾਨੀ, ਸੁਪਨੇ ਤੇ ਇੱਥੋਂ ਤੱਕ ਕਿ ਆਪਣੀਆਂ ਜਾਨਾਂ ਵੀ ਦੇਸ਼ ਦੇ ਭਵਿੱਖ ਲਈ ਵਾਰ ਦਿੱਤੀਆਂ। ਉਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫ਼ਿਜ਼ਾ ’ਚ ਸਾਹ ਲੈ ਰਹੇ ਹਾਂ। ਉਨ੍ਹਾਂ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਇਸ ਮਿੱਟੀ ਦੀ ਹਰ ਕਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਦੀ ਕੀਮਤ ਕਿੰਨੀ ਵੱਡੀ ਹੈ। ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਸਿਰਫ਼ ਫ਼ਰਜ਼ ਨਹੀਂ ਸਗੋਂ ਉਨ੍ਹਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇਸ਼ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ’ਚ ਵਸਦੇ ਉਨ੍ਹਾਂ ਆਮ ਲੋਕਾਂ ਦੀ ਵੀ ਕਹਾਣੀ ਹੈ, ਜਿਨ੍ਹਾਂ ਨੇ ਆਪਣਾ ਘਰ-ਪਰਿਵਾਰ, ਨੌਕਰੀ, ਸੁੱਖ-ਸਹੂਲਤਾਂ ਤੇ ਆਪਣੀ ਜਾਨ ਤੱਕ ਦੇਸ਼ ਦੇ ਨਾਂ ਕਰ ਦਿੱਤੀ। ਪੰਜਾਬ ਨੇ ਇਸ ਸੰਘਰਸ਼ ’ਚ ਵੱਡਾ ਯੋਗਦਾਨ ਪਾਇਆ ਤੇ ਲੁਧਿਆਣਾ ਜ਼ਿਲ੍ਹਾ ਇਸ ਮਹਾਨ ਪਰੰਪਰਾ ਦਾ ਮਹੱਤਵਪੂਰਨ ਕੇਂਦਰ ਰਿਹਾ ਹੈ।
ਲੁਧਿਆਣਾ ਦੀ ਧਰਤੀ ਨੇ ਗ਼ਦਰ ਲਹਿਰ, ਕੂਕਾ ਲਹਿਰ, ਜੈਤੋ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਭਾਰਤੀ ਰਾਸ਼ਟਰੀ ਅੰਦੋਲਨ, ਨੌਜਵਾਨ ਕ੍ਰਾਂਤੀਕਾਰੀ ਲਹਿਰ, ਆਜ਼ਾਦ ਹਿੰਦ ਫ਼ੌਜ ਤੇ ਭਾਰਤ ਛੱਡੋ ਅੰਦੋਲਨ ਨਾਲ ਜੁੜੇ ਅਨੇਕਾਂ ਸੂਰਮਿਆਂ ਨੂੰ ਜਨਮ ਦਿੱਤਾ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਆਜ਼ਾਦੀ ਘੁਲਾਟੀਆਂ ਦੀ ਅਧਿਕਾਰਤ ਸੂਚੀ ’ਚ ਗ਼ਦਰ ਪਾਰਟੀ, ਕੂਕਾ ਲਹਿਰ, 1857 ਦੇ ਵਿਦਰੋਹ, ਜੈਤੋ ਮੋਰਚਾ, ਬੱਬਰ ਅਕਾਲੀ ਲਹਿਰ, ਇੰਡੀਅਨ ਨੈਸ਼ਨਲ ਆਰਮੀ, ਭਾਰਤ ਛੱਡੋ ਅੰਦੋਲਨ ਤੇ ਹੋਰ ਆਜ਼ਾਦੀ ਸੰਘਰਸ਼ਾਂ ਨਾਲ ਸਬੰਧਿਤ 120 ਨਾਂ ਦਰਜ ਹਨ। ਇਨ੍ਹਾਂ ’ਚੋਂ ਕੁਝ ਨਾਂ ਰਾਸ਼ਟਰੀ ਪੱਧਰ ’ਤੇ ਬਹੁਤ ਪ੍ਰਸਿੱਧ ਹੋਏ, ਜਦੋਂਕਿ ਕਈ ਅਜਿਹੇ ਸੂਰਮੇ ਹਨ, ਜਿਨ੍ਹਾਂ ਦੀ ਕੁਰਬਾਨੀ ਸਥਾਨਕ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਰਹਿ ਗਈ। ਇਸ ਲਈ ਲੁਧਿਆਣਾ ਦੇ ਆਜ਼ਾਦੀ ਸੰਘਰਸ਼ ਦਾ ਇਤਿਹਾਸ ਸਿਰਫ਼ ਕੁਝ ਪ੍ਰਸਿੱਧ ਸ਼ਹੀਦਾਂ ਦੀ ਜੀਵਨੀ ਨਹੀਂ ਸਗੋਂ ਸੈਂਕੜਿਆਂ ਜਾਣੇ-ਅਣਜਾਣੇ ਦੇਸ਼ਭਗਤਾਂ ਦੀ ਸਾਂਝੀ ਕੁਰਬਾਨੀ ਦੀ ਗਾਥਾ ਹੈ। ਅੱਜ ਜਦੋਂ ਅਸੀਂ ਆਜ਼ਾਦ ਭਾਰਤ ’ਚ ਸਾਹ ਲੈਂਦੇ ਹਾਂ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਸਿਰਫ਼ ਯਾਦ ਹੀ ਨਾ ਕਰੀਏ ਸਗੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਸਮਝੀਏ ਵੀ। ਆਜ਼ਾਦੀ ਦੀ ਕੀਮਤ ਨੂੰ ਸਮਝਣਾ, ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨਾ, ਲੋਕਤੰਤਰਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨਾ ਤੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਹੀ ਉਨ੍ਹਾਂ ਮਹਾਨ ਸੂਰਮਿਆਂ ਨੂੰ ਸੱਚੀ ਸ਼ਰਧਾਂਜਲੀ ਹੈ।

ਅਮਰ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ
ਆਜ਼ਾਦੀ ਦੀ ਲੜਾਈ ਦਾ ਜ਼ਿਕਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਬਿਨਾਂ ਅਧੂਰਾ ਹੈ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੰਗਲ ਸਿੰਘ ਤੇ ਮਾਤਾ ਦਾ ਨਾਮ ਸਾਹਿਬ ਕੌਰ ਸੀ। ਬਚਪਨ ’ਚ ਹੀ ਮਾਤਾ-ਪਿਤਾ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਦਾਦਾ ਜੀ ਨੇ ਕੀਤੀ। ਮਾਲਵਾ ਖ਼ਾਲਸਾ ਹਾਈ ਸਕੂਲ ’ਚ ਪੜ੍ਹਾਈ ਕਰਨ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਅਮਰੀਕਾ ਗਏ। ਉੱਥੇ ਪਹੁੰਚ ਕੇ ਉਨ੍ਹਾਂ ਨੇ ਉੱਥੇ ਰਹਿੰਦੇ ਭਾਰਤੀ ਮਜ਼ਦੂਰਾਂ ਨਾਲ ਹੋ ਰਹੇ ਨਸਲੀ ਵਿਤਕਰੇ ਤੇ ਭਾਰਤੀਆਂ ਦੀ ਗ਼ੁਲਾਮੀ ਦੀ ਹਾਲਤ ਨੂੰ ਨੇੜਿਓਂ ਦੇਖਿਆ। ਇਸ ਤਜਰਬੇ ਨੇ ਉਨ੍ਹਾਂ ਦੇ ਮਨ ’ਚ ਦੇਸ਼ ਨੂੰ ਗ਼ੁਲਾਮੀ ਤੋਂ ਮੁਕਤ ਕਰਵਾਉਣ ਦੀ ਭਾਵਨਾ ਹੋਰ ਮਜ਼ਬੂਤ ਕੀਤੀ। ਉਹ ਗ਼ਦਰ ਪਾਰਟੀ ਨਾਲ ਜੁੜ ਗਏ ਤੇ ਗ਼ਦਰ ਅਖ਼ਬਾਰ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਪਹਿਲੇ ਵਿਸ਼ਵ ਯੁੱਧ ਦੌਰਾਨ ਗ਼ਦਰੀਆਂ ਨੇ ਭਾਰਤ ਵਾਪਸ ਆ ਕੇ ਅੰਗਰੇਜ਼ੀ ਹਕੂਮਤ ਵਿਰੁੱਧ ਬਗਾਵਤ ਕਰਨ ਦੀ ਯੋਜਨਾ ਬਣਾਈ। ਕਰਤਾਰ ਸਿੰਘ ਸਰਾਭਾ ਇਸ ਯੋਜਨਾ ਦੇ ਅਗਾਂਹਵਧੂ ਕਾਰਕੁੰਨਾਂ ’ਚੋਂ ਇੱਕ ਸਨ। ਬ੍ਰਿਟਿਸ਼ ਸਰਕਾਰ ਨੇ ਗ਼ਦਰ ਅੰਦੋਲਨ ਨੂੰ ਕੁਚਲਣ ਲਈ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਕੀਤੀਆਂ। ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। 16 ਨਵੰਬਰ 1915 ਨੂੰ ਲਾਹੌਰ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਨੂੰ ਫ਼ਾਸੀ ਦੇ ਦਿੱਤੀ ਗਈ। ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 19 ਸਾਲ ਸੀ। ਭਾਰਤ ਸਰਕਾਰ ਦੇ ਸਰੋਤ ਅਨੁਸਾਰ ਉਹ ਆਪਣੇ ਸਾਥੀਆਂ ਸਮੇਤ ਫਾਂਸੀ ਚੜ੍ਹੇ ਤੇ ਉਨ੍ਹਾਂ ਦੀ ਬਹਾਦਰੀ ਨੇ ਆਉਣ ਵਾਲੀ ਪੀੜ੍ਹੀ ਦੇ ਕ੍ਰਾਂਤੀਕਾਰੀਆਂ ਨੂੰ ਪ੍ਰੇਰਣਾ ਦਿੱਤੀ। ਉਹ ਇਸ ਗੱਲ ਦਾ ਪ੍ਰਤੀਕ ਬਣ ਗਏ ਕਿ ਦੇਸ਼ ਦੀ ਆਜ਼ਾਦੀ ਲਈ ਉਮਰ ਨਹੀਂ ਸਗੋਂ ਹੌਸਲਾ, ਦ੍ਰਿੜ੍ਹਤਾ ਤੇ ਦੇਸ਼-ਪ੍ਰੇਮ ਮਹੱਤਵਪੂਰਨ ਹਨ। ਸ਼ਹੀਦ ਭਗਤ ਸਿੰਘ ਵੀ ਕਰਤਾਰ ਸਿੰਘ ਸਰਾਭਾ ਤੋਂ ਬਹੁਤ ਪ੍ਰਭਾਵਿਤ ਸਨ। ਭਾਰਤ ਸਰਕਾਰ ਦੇ ਡਿਜੀਟਲ ਡਿਸਟ੍ਰਿਕਟ ਰਿਪੋਜ਼ਟਰੀ ’ਚ ਵੀ ਕਰਤਾਰ ਸਿੰਘ ਸਰਾਭਾ ਨੂੰ ਭਗਤ ਸਿੰਘ ਲਈ ਪ੍ਰੇਰਣਾ ਦਾ ਸਰੋਤ ਦੱਸਿਆ ਗਿਆ ਹੈ। ਅੱਜ ਸਰਾਭਾ ਪਿੰਡ ਲੁਧਿਆਣਾ ਦੇ ਆਜ਼ਾਦੀ ਸੰਘਰਸ਼ ਦੀ ਮਹੱਤਵਪੂਰਨ ਯਾਦਗਾਰ ਹੈ। ਲੁਧਿਆਣਾ ਤੋਂ ਰਾਏਕੋਟ ਵੱਲ ਜਾਣ ਵਾਲੀ ਸੜਕ ਦਾ ਨਾਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਿਆ ਗਿਆ ਹੈ।
ਕ੍ਰਾਂਤੀ ਦੀ ਵਿਚਾਰਧਾਰਕ ਤਾਕਤ ਸ਼ਹੀਦ ਸੁਖਦੇਵ ਥਾਪਰ
ਲੁਧਿਆਣਾ ਸ਼ਹਿਰ ਦੇ ਚੌੜਾ ਬਜ਼ਾਰ ’ਚ ਪੈਂਦੇ ਮੁਹੱਲਾ ਨੌਘਰਾ ਨਾਲ ਜੁੜਿਆ ਇਕ ਹੋਰ ਮਹਾਨ ਨਾਂ ਸ਼ਹੀਦ ਸੁਖਦੇਵ ਥਾਪਰ ਦਾ ਹੈ। ਸੁਖਦੇਵ ਥਾਪਰ ਦਾ ਜਨਮ 15 ਮਈ 1907 ਨੂੰ ਲੁਧਿਆਣਾ ’ਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੇ ਬ੍ਰਿਟਿਸ਼ ਰਾਜ ਵੱਲੋਂ ਭਾਰਤੀਆਂ ਨਾਲ ਕੀਤੇ ਜਾ ਰਹੇ ਜ਼ੁਲਮ ਦੇਖੇ। ਇਨ੍ਹਾਂ ਤਜਰਬਿਆਂ ਨੇ ਉਨ੍ਹਾਂ ’ਚ ਆਜ਼ਾਦੀ ਦੀ ਤੀਬਰ ਭਾਵਨਾ ਪੈਦਾ ਕੀਤੀ। ਸੁਖਦੇਵ ਸਿਰਫ਼ ਜਜ਼ਬਾਤੀ ਕ੍ਰਾਂਤੀਕਾਰੀ ਨਹੀਂ ਸਨ ਸਗੋਂ ਉਹ ਨੌਜਵਾਨਾਂ ਨੂੰ ਸੰਗਠਿਤ ਕਰਨ ਤੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ’ਚ ਵੀ ਸਰਗਰਮ ਰਹੇ। ਉਹ ਭਗਤ ਸਿੰਘ ਤੇ ਹੋਰ ਸਾਥੀਆਂ ਦੇ ਨੇੜਲੇ ਸਹਿਯੋਗੀ ਸਨ। ਨੌਜਵਾਨ ਭਾਰਤ ਸਭਾ ਰਾਹੀਂ ਨੌਜਵਾਨਾਂ ਵਿਚ ਦੇਸ਼-ਪ੍ਰੇਮ, ਤਰਕਸ਼ੀਲਤਾ ਤੇ ਅੰਗਰੇਜ਼ੀ ਗ਼ੁਲਾਮੀ ਵਿਰੁੱਧ ਚੇਤਨਾ ਪੈਦਾ ਕਰਨ ਦਾ ਕੰਮ ਕੀਤਾ। ਲਾਹੌਰ ਸਾਜ਼ਿਸ਼ ਕੇਸ ’ਚ ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 23 ਮਾਰਚ 1931 ਨੂੰ ਤਿੰਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਫ਼ਾਸੀ ਦੇ ਦਿੱਤੀ ਗਈ। ਉਸ ਵੇਲੇ ਸੁਖਦੇਵ ਦੀ ਉਮਰ ਕੇਵਲ 23 ਸਾਲ ਸੀ। ਅੱਜ 23 ਮਾਰਚ ਨੂੰ ਸ਼ਹੀਦ ਦਿਵਸ ਵਜੋਂ ਯਾਦ ਕਰਦਿਆਂ ਇਨ੍ਹਾਂ ਤਿੰਨਾਂ ਦੀ ਕੁਰਬਾਨੀ ਨੂੰ ਨਮਨ ਕੀਤਾ ਜਾਂਦਾ ਹੈ। ਲੁਧਿਆਣਾ ਲਈ ਸੁਖਦੇਵ ਥਾਪਰ ਦੀ ਵਿਰਾਸਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਦੀ ਸ਼ਹਾਦਤ ਇਹ ਸੰਦੇਸ਼ ਦਿੰਦੀ ਹੈ ਕਿ ਆਜ਼ਾਦੀ ਸਿਰਫ਼ ਰਾਜਨੀਤਕ ਮੰਗ ਨਹੀਂ ਸੀ ਸਗੋਂ ਇਹ ਨੌਜਵਾਨ ਪੀੜ੍ਹੀ ਦੇ ਸੁਪਨੇ, ਸੰਘਰਸ਼ ਤੇ ਬਲਿਦਾਨ ਨਾਲ ਜੁੜਿਆ ਮਹਾਨ ਰਾਸ਼ਟਰੀ ਉਦੇਸ਼ ਸੀ।
ਦੇਸ਼ ਦੀ ਗ਼ੁਲਾਮੀ ਪ੍ਰਤੀ ਚਿੰਤਤ ਸਨ ਲਾਲਾ ਲਾਜਪਤ ਰਾਏ
ਸ਼ਹੀਦ ਲਾਲਾ ਲਾਜਪਤ ਰਾਏ ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ, ਰਾਸ਼ਟਰਵਾਦੀ ਆਗੂ ਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੂੰ ਪਿਆਰ ਨਾਲ ‘ਪੰਜਾਬ ਕੇਸਰੀ’ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਢੁੱਡੀਕੇ ਨੇੜੇ ਜਗਰਾਓਂ ਵਿਚ ਹੋਇਆ। ਉਹ ਬਚਪਨ ਤੋਂ ਹੀ ਦੇਸ਼ ਦੀ ਗ਼ੁਲਾਮੀ ਪ੍ਰਤੀ ਚਿੰਤਤ ਸਨ ਤੇ ਉਨ੍ਹਾਂ ਨੇ ਆਪਣਾ ਜੀਵਨ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਲਾਲਾ ਲਾਜਪਤ ਰਾਏ ਲਾਲ-ਬਾਲ-ਪਾਲ ਦੀ ਪ੍ਰਸਿੱਧ ਤਿੱਕੜੀ ਦਾ ਹਿੱਸਾ ਸਨ। ਉਨ੍ਹਾਂ ਨੇ ਸਵਦੇਸ਼ੀ ਵਸਤਾਂ ਦੀ ਵਰਤੋਂ, ਵਿਦੇਸ਼ੀ ਵਸਤਾਂ ਦੇ ਬਾਈਕਾਟ ਤੇ ਰਾਸ਼ਟਰੀ ਸਿੱਖਿਆ ਦਾ ਜ਼ੋਰਦਾਰ ਸਮਰਥਨ ਕੀਤਾ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਦੀਆਂ ਰਾਸ਼ਟਰਵਾਦੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਕੈਦ ਤੇ ਜਲਾਵਤਨੀ ਵੀ ਦਿੱਤੀ। 1928 ’ਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਲਾਲਾ ਲਾਜਪਤ ਰਾਏ ਨੇ ਲਾਹੌਰ ਵਿਚ ਇਸ ਦੇ ਵਿਰੋਧ ਦੀ ਅਗਵਾਈ ਕੀਤੀ। 30 ਅਕਤੂਬਰ ਨੂੰ ਪੁਲਿਸ ਦੇ ਲਾਠੀਚਾਰਜ ’ਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ। ਉਨ੍ਹਾਂ ਕਿਹਾ, ‘ਮੇਰੇ ਸਰੀਰ ’ਤੇ ਪਈ ਹਰ ਲਾਠੀ ਦੀ ਚੋਟ ਬ੍ਰਿਟਿਸ਼ ਸਾਮਰਾਜ ਦੇ ਤਾਬੂਤ ਵਿਚ ਇਕ ਕਿੱਲ ਸਾਬਿਤ ਹੋਵੇਗੀ।’ 17 ਨਵੰਬਰ 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸ਼ਹਾਦਤ ਨੇ ਭਗਤ ਸਿੰਘ ਵਰਗੇ ਨੌਜਵਾਨ ਕ੍ਰਾਂਤੀਕਾਰੀਆਂ ਨੂੰ ਡੂੰਘੀ ਪ੍ਰੇਰਣਾ ਦਿੱਤੀ। ਲਾਲਾ ਲਾਜਪਤ ਰਾਏ ਦੀ ਕੁਰਬਾਨੀ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਅਮਿੱਟ ਵਿਰਾਸਤ ਹੈ।
ਗ਼ਦਰ ਲਹਿਰ ਤੇ ਲੁਧਿਆਣਾ
20ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਹਜ਼ਾਰਾਂ ਲੋਕ ਰੁਜ਼ਗਾਰ ਦੀ ਭਾਲ ਵਿਚ ਅਮਰੀਕਾ, ਕੈਨੇਡਾ, ਚੀਨ, ਫਿਲਪੀਨਜ਼ ਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ’ਚ ਗਏ। ਉੱਥੇ ਉਨ੍ਹਾਂ ਨੇ ਨਸਲੀ ਵਿਤਕਰੇ ਦੇ ਨਾਲ-ਨਾਲ ਇਹ ਮਹਿਸੂਸ ਕੀਤਾ ਕਿ ਭਾਰਤ ਗ਼ੁਲਾਮ ਹੋਣ ਕਾਰਨ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਵੀ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਹੌਲ ਵਿਚ ਗ਼ਦਰ ਪਾਰਟੀ ਦਾ ਜਨਮ ਹੋਇਆ। ਲੁਧਿਆਣਾ ਜ਼ਿਲ੍ਹੇ ਦੇ ਕਈ ਨੌਜਵਾਨ ਗ਼ਦਰ ਪਾਰਟੀ ਨਾਲ ਜੁੜੇ ਤੇ ਭਾਰਤ ਵਾਪਸ ਆ ਕੇ ਬ੍ਰਿਟਿਸ਼ ਸਰਕਾਰ ਵਿਰੁੱਧ ਕ੍ਰਾਂਤੀ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚੀ ਵਿਚ ਕਰਤਾਰ ਸਿੰਘ ਸਰਾਭਾ, ਭਾਨ ਸਿੰਘ ਸੁਨੇਤ, ਧਿਆਨ ਸਿੰਘ ਤੇ ਹੋਰ ਕਈ ਗ਼ਦਰੀਆਂ ਦੇ ਨਾਂ ਦਰਜ ਹਨ।
ਕਾਲੇ ਪਾਣੀ ’ਚ ਸ਼ਹੀਦ ਹੋਇਆ ਗ਼ਦਰੀ ਭਾਨ ਸਿੰਘ ਸੁਨੇਤ
ਭਾਨ ਸਿੰਘ ਸੁਨੇਤ ਲੁਧਿਆਣਾ ਸ਼ਹਿਰ ’ਚ ਸਥਿਤ ਪਿੰਡ ਸੁਨੇਤ ਨਾਲ ਸਬੰਧਿਤ ਸਨ। ਉਹ ਨੌਜਵਾਨੀ ’ਚ ਵਿਦੇਸ਼ ਗਏ ਤੇ ਗ਼ਦਰ ਪਾਰਟੀ ਨਾਲ ਸਰਗਰਮੀ ਨਾਲ ਜੁੜੇ। ਉਹ ਕਰਤਾਰ ਸਿੰਘ ਸਰਾਭਾ ਦੇ ਨੇੜਲੇ ਸਾਥੀਆਂ ’ਚੋਂ ਇਕ ਬਣੇ। ਗ਼ਦਰ ਦੀ ਹਥਿਆਰਬੰਦ ਕ੍ਰਾਂਤੀ ਲਈ ਉਹ ਭਾਰਤ ਵਾਪਸ ਆਏ। ਅਕਤੂਬਰ 1914 ਵਿਚ ਭਾਰਤ ਪਹੁੰਚਣ ਉਪਰੰਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ’ਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਉਨ੍ਹਾਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਪੁਲਿਸ ਤਸ਼ੱਦਦ ਕਾਰਨ 1917 ’ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਭਾਨ ਸਿੰਘ ਸੁਨੇਤ ਦਾ ਬਲਿਦਾਨ ਸਿਰਫ਼ ਜੇਲ੍ਹ ਦੀ ਸਜ਼ਾ ਤੱਕ ਸੀਮਤ ਨਹੀਂ ਸੀ, ਉਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾ ਦੌਰਾਨ ਅਣਮਨੁੱਖੀ ਹਾਲਤਾਂ ’ਚ ਆਪਣੀ ਜ਼ਿੰਦਗੀ ਗੁਆ ਦਿੱਤੀ।
ਲਾਲ ਸਿੰਘ ਸਾਹਬਾਣਾ: ਵਿਦੇਸ਼ੀ ਧਰਤੀ ਤੋਂ ਆਜ਼ਾਦੀ ਦੀ ਜੰਗ ਤੱਕ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਹਬਾਣਾ ਦੇ ਲਾਲ ਸਿੰਘ ਵੀ ਗ਼ਦਰ ਲਹਿਰ ਦੇ ਦ੍ਰਿੜ ਸੂਰਮੇ ਸਨ। ਉਹ ਪਹਿਲਾਂ ਬ੍ਰਿਟਿਸ਼ ਭਾਰਤੀ ਫ਼ੌਜ ’ਚ ਰਹੇ ਪਰ ਬਾਅਦ ਵਿਚ ਨੌਕਰੀ ਛੱਡ ਕੇ ਫਿਲਪੀਨਜ਼ ਚਲੇ ਗਏ। ਉੱਥੇ ਗ਼ਦਰ ਅਖ਼ਬਾਰ ਦੇ ਪ੍ਰਭਾਵ ਹੇਠ ਆ ਕੇ ਉਨ੍ਹਾਂ ਨੇ ਅੰਗਰੇਜ਼ੀ ਰਾਜ ਵਿਰੁੱਧ ਸੰਘਰਸ਼ ਦਾ ਰਾਹ ਚੁਣਿਆ। 1914 ਵਿਚ ਗ਼ਦਰ ਪਾਰਟੀ ਦੇ ਸੱਦੇ ’ਤੇ ਬਹੁਤ ਸਾਰੇ ਪੰਜਾਬੀ ਭਾਰਤ ਵਾਪਸ ਆਏ। ਲਾਲ ਸਿੰਘ ਵੀ ਇਸ ਲਹਿਰ ਦਾ ਹਿੱਸਾ ਬਣੇ। ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਖ਼ਤਰਨਾਕ ਮੰਨਿਆ। ਉਨ੍ਹਾਂ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਵਿਦੇਸ਼ਾਂ ’ਚ ਬੈਠੇ ਭਾਰਤੀਆਂ ਨੇ ਵੀ ਆਜ਼ਾਦੀ ਦੀ ਲੜਾਈ ਲਈ ਆਪਣੀ ਜ਼ਿੰਦਗੀ ਜੋਖ਼ਮ ’ਚ ਪਾਈ।
ਇੰਦਰ ਸਿੰਘ ਮੱਲਾ: ਗ਼ਦਰ ਲਹਿਰ ਦਾ ਨਿਡਰ ਯੋਧਾ
ਲੁਧਿਆਣਾ ਜ਼ਿਲ੍ਹੇ ਦੇ ਮੱਲਾ ਪਿੰਡ ਨਾਲ ਸਬੰਧਤ ਇੰਦਰ ਸਿੰਘ ਵੀ ਗ਼ਦਰ ਲਹਿਰ ਨਾਲ ਜੁੜੇ ਹੋਏ ਸਨ। ਉਹ ਵਿਦੇਸ਼ ਤੋਂ ਵਾਪਸ ਆ ਕੇ ਗ਼ਦਰੀ ਗਤੀਵਿਧੀਆਂ ’ਚ ਸ਼ਾਮਿਲ ਹੋਏ। ਪਹਿਲੇ ਲਾਹੌਰ ਸਾਜ਼ਿਸ਼ ਕੇਸ ’ਚ ਉਨ੍ਹਾਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਇੰਦਰ ਸਿੰਘ ਵਰਗੇ ਯੋਧਿਆਂ ਦੀ ਮਹੱਤਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਨਿੱਜੀ ਲਾਭ ਦੀ ਆਸ ਦੇ ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲਈ ਤੇ ਲੰਬੀਆਂ ਜੇਲ੍ਹਾਂ ਦੀਆਂ ਸਜ਼ਾਵਾਂ ਸਹੀਆਂ।
ਭਾਈ ਰਣਧੀਰ ਸਿੰਘ ਨਾਰੰਗਵਾਲ: ਜੇਲ੍ਹਾਂ ’ਚ ਵੀ ਅਡੋਲ ਦੇਸ਼ ਭਗਤੀ
ਲੁਧਿਆਣਾ ਜ਼ਿਲ੍ਹੇ ਦੇ ਨਾਰੰਗਵਾਲ ਪਿੰਡ ਵਿਚ 7 ਜੁਲਾਈ 1878 ਨੂੰ ਜਨਮੇ ਭਾਈ ਰਣਧੀਰ ਸਿੰਘ ਦਾ ਨਾਂ ਵੀ ਆਜ਼ਾਦੀ ਦੇ ਸੰਘਰਸ਼ ਵਿਚ ਵਿਲੱਖਣ ਸਥਾਨ ਰੱਖਦਾ ਹੈ। ਭਾਰਤ ਸਰਕਾਰ ਦੇ ਆਜ਼ਾਦੀ ਘੁਲਾਟੀ ਸਰੋਤ ਉਨ੍ਹਾਂ ਨੂੰ ਲੁਧਿਆਣਾ ਜ਼ਿਲ੍ਹੇ ਦਾ ਮਹੱਤਵਪੂਰਨ ਆਜ਼ਾਦੀ ਘੁਲਾਟੀਆ ਦੱਸਦੇ ਹਨ। 1914 ਵਿਚ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੇ ਜਾਣ ਦੇ ਵਿਰੋਧ ’ਚ ਉਨ੍ਹਾਂ ਨੇ ਜਨਤਕ ਤੌਰ ’ਤੇ ਆਵਾਜ਼ ਉਠਾਈ। ਇਸ ਅੰਦੋਲਨ ਨੇ ਪੰਜਾਬ ਦੇ ਲੋਕਾਂ ਵਿਚ ਅੰਗਰੇਜ਼ ਸਰਕਾਰ ਵਿਰੁੱਧ ਰੋਸ ਨੂੰ ਹੋਰ ਤੀਬਰ ਕੀਤਾ। ਪਹਿਲੇ ਵਿਸ਼ਵ ਯੁੱਧ ਦੌਰਾਨ ਗ਼ਦਰ ਲਹਿਰ ਦੇ ਪ੍ਰਭਾਵ ਨਾਲ ਉਨ੍ਹਾਂ ਨੇ ਵੀ ਬ੍ਰਿਟਿਸ਼ ਰਾਜ ਵਿਰੁੱਧ ਹਥਿਆਰਬੰਦ ਬਗ਼ਾਵਤ ਦੀਆਂ ਯੋਜਨਾਵਾਂ ’ਚ ਭੂਮਿਕਾ ਨਿਭਾਈ। ਫਰਵਰੀ 1915 ’ਚ ਫਿਰੋਜ਼ਪੁਰ ਵਿਚ ਬਗਾਵਤ ਦੀ ਯੋਜਨਾ ਬਣੀ ਪਰ ਅੰਗਰੇਜ਼ਾਂ ਨੂੰ ਇਸ ਦੀ ਜਾਣਕਾਰੀ ਹੋ ਗਈ ਤੇ ਕਈ ਸਾਥੀਆਂ ਸਮੇਤ ਭਾਈ ਰਣਧੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਲੰਬੀ ਕੈਦ ਦੀ ਸਜ਼ਾ ਹੋਈ। ਜੇਲ੍ਹ ਦੇ ਸਾਲਾਂ ਦੌਰਾਨ ਵੀ ਉਨ੍ਹਾਂ ਨੇ ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੀ ਜ਼ਿੰਦਗੀ ਇਹ ਸਾਬਿਤ ਕਰਦੀ ਹੈ ਕਿ ਆਜ਼ਾਦੀ ਦਾ ਸੰਘਰਸ਼ ਸਿਰਫ਼ ਫਾਂਸੀ ਚੜ੍ਹਨ ਵਾਲਿਆਂ ਦੀ ਕਹਾਣੀ ਨਹੀਂ ਸੀ। ਜਿਨ੍ਹਾਂ ਨੇ ਦਹਾਕਿਆਂ ਤੱਕ ਜੇਲ੍ਹਾਂ ਵਿਚ ਤਸ਼ੱਦਦ, ਇਕਾਂਤ, ਭੁੱਖ ਤੇ ਸਖ਼ਤ ਸਜ਼ਾਵਾਂ ਸਹੀਆਂ, ਉਨ੍ਹਾਂ ਦਾ ਤਿਆਗ ਵੀ ਕਿਸੇ ਸ਼ਹਾਦਤ ਤੋਂ ਘੱਟ ਨਹੀਂ ਸੀ।
ਕੈਦ ਤੇ ਤਸ਼ੱਦਦ ਸਹਿਣ ਵਾਲਾ ਆਜ਼ਾਦੀ ਘੁਲਾਟੀਆ ਭਾਈ ਨਾਹਰ ਸਿੰਘ
ਵਿਦਿਆਰਥੀ ਜੀਵਨ ’ਚ ਭਾਈ ਰਣਧੀਰ ਸਿੰਘ ਦੇ ਸੰਪਰਕ ਵਿਚ ਆਏ। ਉਨ੍ਹਾਂ ਨੂੰ 1915 ’ਚ ਗ੍ਰਿਫ਼ਤਾਰ ਕਰ ਕੇ ਲਾਹੌਰ ਸਾਜ਼ਿਸ਼ ਕੇਸ ’ਚ ਸ਼ਾਮਲ ਕੀਤਾ ਗਿਆ। ਬ੍ਰਿਟਿਸ਼ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ, ਜਿਸ ਨੂੰ ਬਾਅਦ ਵਿਚ ਪੰਜ ਸਾਲ ਦੀ ਸਖ਼ਤ ਕੈਦ ਵਿਚ ਬਦਲ ਦਿੱਤਾ ਗਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਰਾਸ਼ਟਰੀ ਚੇਤਨਾ ਫੈਲਾਉਣ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਦੀ ਭੂਮਿਕਾ ਇਸ ਗੱਲ ਦੀ ਉਦਾਹਰਨ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਵੀ ਆਜ਼ਾਦੀ ਘੁਲਾਟੀਏ ਆਪਣੀ ਜ਼ਿੰਦਗੀ ਨੂੰ ਰਾਸ਼ਟਰੀ ਜਾਗਰੂਕਤਾ ਲਈ ਸਮਰਪਿਤ ਕਰਦੇ ਰਹੇ।
ਕੂਕਾ ਲਹਿਰ
ਕੂਕਾ ਲਹਿਰ ਪੰਜਾਬ ਦੇ ਇਤਿਹਾਸ ’ਚ ਅੰਗਰੇਜ਼ੀ ਹਕੂਮਤ ਵਿਰੁੱਧ ਉੱਠੀਆਂ ਮਹੱਤਵਪੂਰਨ ਧਾਰਮਿਕ, ਸਮਾਜਿਕ ਤੇ ਰਾਜਨੀਤਕ ਲਹਿਰਾਂ ਵਿੱਚੋਂ ਇਕ ਸੀ। ਇਸ ਲਹਿਰ ਦੀ ਨੀਂਹ ਸਤਿਗੁਰੂ ਰਾਮ ਸਿੰਘ ਨੇ ਰੱਖੀ। ਉਨ੍ਹਾਂ ਦਾ ਜਨਮ 1816 ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਈਆਂ ਨੇੜੇ ਸ੍ਰੀ ਭੈਣੀ ਸਾਹਿਬ ਵਿਖੇ ਹੋਇਆ। ਬਾਅਦ ’ਚ ਸ੍ਰੀ ਭੈਣੀ ਸਾਹਿਬ ਇਸ ਲਹਿਰ ਦਾ ਮੁੱਖ ਕੇਂਦਰ ਬਣਿਆ। ਕੂਕਾ ਲਹਿਰ ਨੂੰ ਨਾਂ ਇਸ ਦੇ ਪੈਰੋਕਾਰਾਂ ਵੱਲੋਂ ਉਚਾਰੀ ਜਾਂਦੀ ਵਿਸ਼ੇਸ਼ ‘ਕੂਕ’ ਕਾਰਨ ਮਿਲਿਆ। ਸਤਿਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਸਾਦਾ ਜੀਵਨ, ਨਸ਼ਿਆਂ ਤੋਂ ਦੂਰ ਰਹਿਣ, ਸਮਾਜਿਕ ਬੁਰਾਈਆਂ ਦਾ ਵਿਰੋਧ ਕਰਨ ਤੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਿਦੇਸ਼ੀ ਕੱਪੜਿਆਂ ਤੇ ਅੰਗਰੇਜ਼ੀ ਹਕੂਮਤ ਦੀਆਂ ਸੰਸਥਾਵਾਂ ਦਾ ਬਾਈਕਾਟ ਕਰਨ ਦੀ ਪ੍ਰੇਰਣਾ ਦਿੱਤੀ। ਕੂਕਿਆਂ ਨੇ ਸਰਕਾਰੀ ਡਾਕ, ਅਦਾਲਤਾਂ ਤੇ ਹੋਰ ਅੰਗਰੇਜ਼ੀ ਪ੍ਰਬੰਧਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਇਹ ਲਹਿਰ ਧਾਰਮਿਕ-ਸਮਾਜਿਕ ਸੁਧਾਰ ਤੋਂ ਅੱਗੇ ਵੱਧ ਕੇ ਅੰਗਰੇਜ਼ੀ ਰਾਜ ਵਿਰੁੱਧ ਸਵੈ-ਨਿਰਭਰਤਾ ਦੀ ਸੋਚ ਨਾਲ ਜੁੜ ਗਈ। 1871-72 ਦੌਰਾਨ ਕੂਕਾ ਲਹਿਰ ਨੇ ਨਵਾਂ ਰੂਪ ਧਾਰਿਆ। ਅੰਮ੍ਰਿਤਸਰ ਤੇ ਮਲੇਰਕੋਟਲਾ ਸਮੇਤ ਪੰਜਾਬ ਦੇ ਕੁਝ ਇਲਾਕਿਆਂ ਵਿਚ ਕੂਕਾ ਪੈਰੋਕਾਰਾਂ ਅਤੇ ਬ੍ਰਿਟਿਸ਼ ਸਰਕਾਰ ਵਿਚਕਾਰ ਟਕਰਾਅ ਹੋਇਆ। ਜਨਵਰੀ 1872 ’ਚ ਮਲੇਰਕੋਟਲਾ ਵਿਖੇ ਹੋਈ ਘਟਨਾ ਤੋਂ ਬਾਅਦ ਅੰਗਰੇਜ਼ ਅਧਿਕਾਰੀਆਂ ਨੇ ਕੂਕਿਆਂ ਵਿਰੁੱਧ ਬਹੁਤ ਸਖ਼ਤ ਕਾਰਵਾਈ ਕੀਤੀ। ਕਈ ਕੂਕਿਆਂ ਨੂੰ ਗ੍ਰਿਫ਼ਤਾਰ ਕਰ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਇਨ੍ਹਾਂ ਵਿੱਚੋਂ 17 ਜਨਵਰੀ 1872 ਨੂੰ 49 ਕੂਕਿਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਸ਼ਹੀਦ ਕੀਤਾ ਗਿਆ, ਜਦੋਂਕਿ ਅਗਲੇ ਦਿਨ ਹੋਰ ਕੂਕਿਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ। ਸਤਿਗੁਰੂ ਰਾਮ ਸਿੰਘ ਨੂੰ ਵੀ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰ ਕੇ ਰੰਗੂਨ ਭੇਜ ਦਿੱਤਾ, ਜਿੱਥੇ ਉਹ ਜਲਾਵਤਨੀ ’ਚ ਰਹੇ। ਕੂਕਾ ਸ਼ਹੀਦਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੰਗਰੇਜ਼ੀ ਜ਼ੁਲਮ ਦਾ ਸਾਹਮਣਾ ਕੀਤਾ। ਕੂਕਾ ਲਹਿਰ ਦੀ ਸਭ ਤੋਂ ਵੱਡੀ ਦੇਣ ਇਹ ਸੀ ਕਿ ਇਸ ਨੇ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ੀ ਰਾਜ ਦੇ ਬਾਈਕਾਟ, ਸਵੈ-ਨਿਰਭਰਤਾ ਤੇ ਆਪਣੇ ਹੱਕਾਂ ਲਈ ਸੰਘਰਸ਼ ਦੀ ਭਾਵਨਾ ਪੈਦਾ ਕੀਤੀ। ਬਾਅਦ ਦੀਆਂ ਆਜ਼ਾਦੀ ਦੀਆਂ ਲਹਿਰਾਂ ’ਚ ਵੀ ਇਸ ਦੀ ਵਿਰਾਸਤ ਅਤੇ ਕੁਰਬਾਨੀਆਂ ਨੂੰ ਪ੍ਰੇਰਣਾ ਦੇ ਸਰੋਤ ਵਜੋਂ ਯਾਦ ਕੀਤਾ ਜਾਂਦਾ ਹੈ।
1857 ਦੇ ਵਿਦਰੋਹ ’ਚ ਭੂਮਿਕਾ
1857 ਦਾ ਮਹਾਨ ਵਿਦਰੋਹ ਭਾਰਤ ਦੇ ਇਤਿਹਾਸ ’ਚ ਵੱਡਾ ਮੋੜ ਸੀ। ਲੁਧਿਆਣਾ ’ਚ ਵੀ ਇਸ ਦੇ ਪ੍ਰਭਾਵ ਵੇਖਣ ਨੂੰ ਮਿਲੇ। ਜ਼ਿਲ੍ਹਾ ਪ੍ਰਸ਼ਾਸਨ ਦੀ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿਚ 1857 ਦੇ ਵਿਦਰੋਹ ਨਾਲ ਸਬੰਧਿਤ ਕਈ ਨਾਂ ਦਰਜ ਹਨ। ਇਨ੍ਹਾਂ ਵਿਚ ਬੂਟਾ ਸਿੰਘ, ਗੁਲਾਬ ਸਿੰਘ, ਇਮਾਮ ਅਲੀ, ਰਾਏ ਸਿੰਘ, ਸ਼ਹਿਜ਼ਾਦ ਅਲੰਦਰ ਤੇ ਸੰਗਤ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ ਲੋਕਾਂ ਦੀ ਭੂਮਿਕਾ ਇਸ ਗੱਲ ਦੀ ਗਵਾਹ ਹੈ ਕਿ ਪੰਜਾਬ ਵਿਚ ਵੀ 1857 ਦੀ ਬਗ਼ਾਵਤ ਸਿਰਫ਼ ਫ਼ੌਜੀ ਬਗਾਵਤ ਨਹੀਂ ਸੀ। ਇਸ ਨੇ ਲੋਕਾਂ ਵਿਚ ਬ੍ਰਿਟਿਸ਼ ਰਾਜ ਵਿਰੁੱਧ ਵਿਰੋਧ ਦੀ ਭਾਵਨਾ ਨੂੰ ਜਨਮ ਦਿੱਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੰਘਰਸ਼ ਲਈ ਮਾਹੌਲ ਤਿਆਰ ਕੀਤਾ।
ਬੱਬਰ ਅਕਾਲੀ ਤੇ ਜੈਤੋ ਮੋਰਚੇ ਦੇ ਯੋਧੇ
ਲੁਧਿਆਣਾ ਜ਼ਿਲ੍ਹੇ ਦੇ ਕਈ ਆਜ਼ਾਦੀ ਘੁਲਾਟੀਏ ਬੱਬਰ ਅਕਾਲੀ ਅਤੇ ਜੈਤੋ ਮੋਰਚੇ ਨਾਲ ਵੀ ਜੁੜੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚੀ ’ਚ ਬੱਬਰ ਅਕਾਲੀ ਲਹਿਰ ਅਤੇ ਜੈਤੋ ਮੋਰਚੇ ਨਾਲ ਸਬੰਧਿਤ ਕਈ ਨਾਂ ਦਰਜ ਹਨ। ਇਨ੍ਹਾਂ ਵਿਚ ਅਜੈਬ ਸਿੰਘ, ਬਾਬੂ ਸੰਤਾ ਸਿੰਘ, ਬੰਤਾ ਸਿੰਘ, ਬੇਲਾ ਸਿੰਘ, ਬਿਸ਼ਨ ਸਿੰਘ, ਗੁੱਜਰ ਸਿੰਘ, ਜੇਠਾ ਸਿੰਘ, ਸੰਤਾ ਸਿੰਘ, ਤੇਜਾ ਸਿੰਘ ਤੇ ਹੋਰ ਸ਼ਾਮਿਲ ਹਨ। ਜੈਤੋ ਮੋਰਚਾ ਤੇ ਗੁਰਦੁਆਰਾ ਸੁਧਾਰ ਲਹਿਰ ਨੇ ਪੰਜਾਬ ਦੇ ਲੋਕਾਂ ਵਿਚ ਰਾਜਨੀਤਕ ਜਾਗਰੂਕਤਾ ਨੂੰ ਹੋਰ ਮਜ਼ਬੂਤ ਕੀਤਾ। ਧਾਰਮਿਕ ਸੰਸਥਾਵਾਂ ਦੀ ਆਜ਼ਾਦੀ ਦਾ ਮਸਲਾ ਹੌਲੀ-ਹੌਲੀ ਬ੍ਰਿਟਿਸ਼ ਰਾਜ ਦੇ ਵਿਰੋਧ ਅਤੇ ਲੋਕ ਅਧਿਕਾਰਾਂ ਦੀ ਵੱਡੀ ਲੜਾਈ ਨਾਲ ਜੁੜ ਗਿਆ।
ਆਜ਼ਾਦ ਹਿੰਦ ਫੌਜ ’ਚ ਸੂਰਮਿਆਂ ਦਾ ਯੋਗਦਾਨ
ਦੂਜੇ ਵਿਸ਼ਵ ਯੁੱਧ ਦੌਰਾਨ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫ਼ੌਜ ਨੇ ਭਾਰਤ ਨੂੰ ਹਥਿਆਰਬੰਦ ਸੰਘਰਸ਼ ਰਾਹੀਂ ਆਜ਼ਾਦ ਕਰਵਾਉਣ ਦਾ ਯਤਨ ਕੀਤਾ। ਲੁਧਿਆਣਾ ਜ਼ਿਲ੍ਹੇ ਤੋਂ ਵੀ ਕਈ ਲੋਕ ਆਜ਼ਾਦ ਹਿੰਦ ਫ਼ੌਜ ਨਾਲ ਜੁੜੇ। ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਕ ਸੂਚੀ ਵਿਚ ਆਈਐੱਨਏ ਨਾਲ ਸਬੰਧਿਤ ਦਰਜਨਾਂ ਨਾਂ ਹਨ। ਇਨ੍ਹਾਂ ਵਿਚ ਅਜਮੇਰ ਸਿੰਘ, ਅਨਹੇਰ ਸਿੰਘ, ਅਰਜਨ ਸਿੰਘ, ਬਚਨ ਸਿੰਘ, ਬੱਗਾ ਸਿੰਘ, ਚਿਰਾਗ ਦੀਨ, ਦਿਆਲ ਸਿੰਘ, ਦੀਦਾਰ ਸਿੰਘ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ, ਹਜ਼ਾਰਾ ਸਿੰਘ, ਜਗੀਰ ਸਿੰਘ, ਕਰਤਾਰ ਸਿੰਘ, ਕੇਹਰ ਸਿੰਘ, ਲਾਲ ਸਿੰਘ, ਮੇਹਰ ਸਿੰਘ, ਨਛੱਤਰ ਸਿੰਘ, ਨਗਿੰਦਰ ਸਿੰਘ, ਰਣਜੀਤ ਸਿੰਘ, ਸਰੂਪ ਸਿੰਘ ਅਤੇ ਸ਼ੇਰ ਸਿੰਘ ਆਦਿ ਦੇ ਨਾਂ ਦਰਜ ਹਨ। ਇਨ੍ਹਾਂ ਸੂਰਮਿਆਂ ਨੇ ਦੱਖਣ-ਪੂਰਬੀ ਏਸ਼ੀਆ ਤੋਂ ਲੈ ਕੇ ਭਾਰਤੀ ਸਰਹੱਦਾਂ ਤੱਕ ਆਜ਼ਾਦੀ ਲਈ ਸੰਘਰਸ਼ ਕੀਤਾ। ਉਨ੍ਹਾਂ ਦਾ ਯੋਗਦਾਨ ਸਾਬਿਤ ਕਰਦਾ ਹੈ ਕਿ ਲੁਧਿਆਣਾ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਨੂੰ ਕਿਸੇ ਇਕ ਵਿਚਾਰਧਾਰਾ ਜਾਂ ਇਕ ਸੰਗਠਨ ਤੱਕ ਸੀਮਤ ਨਹੀਂ ਰੱਖਿਆ।
ਭਾਰਤ ਛੱਡੋ ਅੰਦੋਲਨ ਤੇ ਲੁਧਿਆਣਾ
1942 ਵਿਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ। ਇਸ ਅੰਦੋਲਨ ਨੇ ਆਜ਼ਾਦੀ ਦੀ ਲੜਾਈ ਨੂੰ ਅੰਤਿਮ ਪੜਾਅ ਵਿਚ ਦਾਖ਼ਲ ਕਰ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਤੇ ਹੋਰ ਇਲਾਕਿਆਂ ’ਚ ਵੀ ਇਸ ਅੰਦੋਲਨ ਵਿਚ ਲੋਕਾਂ ਨੇ ਭਾਗ ਲਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚੀ ਵਿਚ ਕਰਨੈਲ ਸਿੰਘ, ਰਾਏ ਸਿੰਘ, ਤ੍ਰਿਲੋਕ ਸਿੰਘ, ਸ਼ਾਂਤੀ ਮੋਦੀ, ਦਰਸ਼ਨ ਸਿੰਘ, ਦੇਵੀਲਾਲ ਨੰਦਨ, ਦਲਵਿੰਦਰ ਸਿੰਘ, ਸੁਰਜਨ ਸਿੰਘ, ਉਮ ਪ੍ਰਕਾਸ਼, ਬੁੱਧ ਸਿੰਘ, ਰਘਵੀਰ ਸਿੰਘ ਤੇ ਹੋਰ ਕਈ ਲੋਕਾਂ ਨੂੰ ਭਾਰਤ ਛੱਡੋ ਅੰਦੋਲਨ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿਚ ਔਰਤਾਂ ਦੀ ਭੂਮਿਕਾ ਵੀ ਯਾਦ ਕਰਨ ਯੋਗ ਹੈ। ਸ਼ਾਂਤੀ ਮੋਦੀ ਤੇ ਹੋਰ ਮਹਿਲਾ ਆਜ਼ਾਦੀ ਘੁਲਾਟੀਆਂ ਨੇ ਵੀ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਕੀਤਾ। ਇਸ ਤੋਂ ਇਲਾਵਾ ਲੁਧਿਆਣਾ ਦੀ ਆਜ਼ਾਦੀ ਘੁਲਾਟੀਏ ਸਾਵਿੱਤਰੀ ਦੇਵੀ ਸ਼ਰਮਾ ਨੇ 1941 ਵਿਚ ਜੰਗ ਵਿਰੋਧੀ ਨਾਅਰੇ ਲਗਾਉਣ ਕਾਰਨ ਗ੍ਰਿਫ਼ਤਾਰੀ ਅਤੇ ਸਜ਼ਾ ਸਹੀ ਤੇ 1942 ਦੇ ਭਾਰਤ ਛੱਡੋ ਅੰਦੋਲਨ ਦੌਰਾਨ ਵੀ ਜੇਲ੍ਹ ਗਈ। ਉਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ 1972 ਵਿਚ ਤਾਮਰ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਆਜ਼ਾਦੀ ਦੀ ਲਹਿਰ ’ਚ ਔਰਤਾਂ ਦਾ ਯੋਗਦਾਨ ਇਹ ਦਰਸਾਉਂਦਾ ਹੈ ਕਿ ਇਹ ਸੰਘਰਸ਼ ਸਮਾਜ ਦੇ ਹਰ ਵਰਗ ਦਾ ਸੰਘਰਸ਼ ਸੀ। ਘਰਾਂ ’ਚ ਰਹਿ ਕੇ ਸਹਾਇਤਾ ਕਰਨ ਵਾਲੀਆਂ ਮਹਿਲਾਵਾਂ ਤੋਂ ਲੈ ਕੇ ਜੇਲ੍ਹਾਂ ਜਾਣ ਵਾਲੀਆਂ ਮਹਿਲਾ ਕਾਰਕੁੰਨਾਂ ਤੱਕ ਦੀ ਭੂਮਿਕਾ ਆਜ਼ਾਦੀ ਦੀ ਕਹਾਣੀ ਦਾ ਅਟੁੱਟ ਹਿੱਸਾ ਹੈ।
ਅਣਗਿਣਤ ਅਣਜਾਣੇ ਸ਼ਹੀਦ
ਇਤਿਹਾਸ ’ਚ ਕੁਝ ਨਾਂ ਵੱਡੇ ਅੱਖਰਾਂ ਵਿਚ ਲਿਖੇ ਜਾਂਦੇ ਹਨ ਤੇ ਕੁਝ ਨਾਂ ਸਰਕਾਰੀ ਦਸਤਾਵੇਜ਼ਾਂ ਵਿਚ ਹੀ ਰਹਿ ਜਾਂਦੇ ਹਨ। ਲੁਧਿਆਣਾ ਦੀ ਅਧਿਕਾਰਕ ਸੂਚੀ ਵਿਚ ਦਰਜ 120 ਨਾਂ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਕਰਤਾਰ ਸਿੰਘ ਸਰਾਭਾ ਤੇ ਸੁਖਦੇਵ ਥਾਪਰ ਤੋਂ ਇਲਾਵਾ ਵੀ ਬੇਸ਼ੁਮਾਰ ਲੋਕਾਂ ਨੇ ਆਜ਼ਾਦੀ ਲਈ ਆਪਣੀ ਜ਼ਿੰਦਗੀ ਲਗਾ ਦਿੱਤੀ ਸੀ। ਕਈਆਂ ਨੇ ਫ਼ਾਸੀ ਸਵੀਕਾਰ ਕੀਤੀ, ਕਈਆਂ ਨੇ ਉਮਰ ਕੈਦ ਕੱਟੀ, ਕਈਆਂ ਦੀ ਜਾਇਦਾਦ ਜ਼ਬਤ ਹੋਈ, ਕਈਆਂ ਨੂੰ ਕਾਲੇ ਪਾਣੀ ਭੇਜਿਆ ਗਿਆ ਤੇ ਕਈਆਂ ਨੇ ਪੁਲਿਸ ਤਸ਼ੱਦਦ ਸਹਿੰਦੇ ਹੋਏ ਜੇਲ੍ਹਾਂ ਵਿਚ ਜਾਨ ਗੁਆਈ। ਕੁਝ ਲੋਕਾਂ ਨੇ ਵਿਦੇਸ਼ਾਂ ਵਿਚ ਰਹਿ ਕੇ ਪੈਸਾ, ਸਮਾਂ ਤੇ ਸੁਰੱਖਿਅਤ ਜੀਵਨ ਛੱਡਿਆ ਤੇ ਭਾਰਤ ਵਾਪਸ ਆ ਕੇ ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲਈ। ਇਹ ਸਾਰੇ ਲੋਕ ਸਾਡੇ ਲਈ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਉਨ੍ਹਾਂ ਨੇ ਆਜ਼ਾਦੀ ਨੂੰ ਆਪਣਾ ਨਿੱਜੀ ਹੱਕ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੱਕ ਸਮਝਿਆ।
ਸ਼ਹੀਦਾਂ ਦੀ ਕੁਰਬਾਨੀ ਦਾ ਅਸਲ ਅਰਥ
ਲੁਧਿਆਣਾ ਦੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੀ ਕਹਾਣੀ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਆਜ਼ਾਦੀ ਕਿਸੇ ਇਕ ਦਿਨ ਅਚਾਨਕ ਨਹੀਂ ਮਿਲੀ। 15 ਅਗਸਤ 1947 ਦੇ ਪਿੱਛੇ ਲੰਬੇ ਸੰਘਰਸ਼ ਦੀਆਂ ਅਨੇਕਾਂ ਪੀੜ੍ਹੀਆਂ ਸਨ। ਕਿਸੇ ਨੇ 1857 ਵਿਚ ਬਗ਼ਾਵਤ ਕੀਤੀ, ਕਿਸੇ ਨੇ ਕੂਕਾ ਲਹਿਰ ਵਿਚ ਬ੍ਰਿਟਿਸ਼ ਵਸਤਾਂ ਦਾ ਬਾਈਕਾਟ ਕੀਤਾ, ਕਿਸੇ ਨੇ ਗ਼ਦਰ ਪਾਰਟੀ ਦੇ ਹਥਿਆਰਬੰਦ ਇਨਕਲਾਬ ਦਾ ਸੁਪਨਾ ਦੇਖਿਆ, ਕਿਸੇ ਨੇ ਜੈਤੋ ਮੋਰਚੇ ਵਿਚ ਜੇਲ੍ਹ ਕੱਟੀ, ਕਿਸੇ ਨੇ ਬੱਬਰ ਅਕਾਲੀ ਲਹਿਰ ਵਿਚ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਈ, ਕਿਸੇ ਨੇ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਹੋ ਕੇ ਵਿਦੇਸ਼ੀ ਧਰਤੀ ’ਤੇ ਲੜਾਈ ਲੜੀ ਤੇ ਕਿਸੇ ਨੇ ਭਾਰਤ ਛੱਡੋ ਅੰਦੋਲਨ ਵਿਚ ਗ੍ਰਿਫ਼ਤਾਰੀ ਦਿੱਤੀ। ਇਸ ਪੂਰੇ ਸੰਘਰਸ਼ ਵਿਚ ਇਕ ਸਾਂਝੀ ਭਾਵਨਾ ਸੀ, ਭਾਰਤ ਨੂੰ ਆਪਣੇ ਲੋਕਾਂ ਦਾ ਦੇਸ਼ ਬਣਾਉਣਾ।
ਲੁਧਿਆਣਾ ਦੇ ਸੂਰਮਿਆਂ ਤੋਂ ਮਿਲਦਾ ਸਬਕ
ਅੱਜ ਦੀ ਨੌਜਵਾਨ ਪੀੜ੍ਹੀ ਲਈ ਇਨ੍ਹਾਂ ਸ਼ਹੀਦਾਂ ਦੀਆਂ ਜ਼ਿੰਦਗੀਆਂ ਸਿਰਫ਼ ਇਤਿਹਾਸ ਦਾ ਵਿਸ਼ਾ ਨਹੀਂ ਹਨ। ਇਹ ਜ਼ਿੰਮੇਵਾਰੀ, ਇਮਾਨਦਾਰੀ, ਹਿੰਮਤ ਤੇ ਦੇਸ਼-ਪ੍ਰੇਮ ਦੇ ਪਾਠ ਹਨ। ਕਰਤਾਰ ਸਿੰਘ ਸਰਾਭਾ ਸਾਨੂੰ ਦ੍ਰਿੜ੍ਹ ਨਿਸ਼ਚੇ ਦਾ ਸਬਕ ਦਿੰਦੇ ਹਨ। ਸੁਖਦੇਵ ਥਾਪਰ ਸਾਨੂੰ ਵਿਚਾਰ ਤੇ ਸੰਗਠਨ ਦੀ ਤਾਕਤ ਦੱਸਦੇ ਹਨ। ਬਾਨ ਸਿੰਘ ਸੁਨੇਤ ਤੇ ਲਾਲ ਸਿੰਘ ਸਾਹਬਾਣਾ ਸਾਨੂੰ ਦੱਸਦੇ ਹਨ ਕਿ ਵਿਦੇਸ਼ ’ਚ ਰਹਿ ਕੇ ਵੀ ਦੇਸ਼ ਨਾਲ ਨਾਤਾ ਨਹੀਂ ਟੁੱਟਦਾ। ਭਾਈ ਰਣਧੀਰ ਸਿੰਘ ਤੇ ਭਾਈ ਨਾਹਰ ਸਿੰਘ ਸਾਨੂੰ ਲੰਬੀ ਕੈਦ ਅਤੇ ਮੁਸ਼ਕਲਾਂ ਵਿਚ ਵੀ ਅਡੋਲ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਸਾਵਿੱਤਰੀ ਦੇਵੀ ਸ਼ਰਮਾ ਦੀ ਸ਼ਹਾਦਤ ਦੱਸਦੀ ਹੈ ਕਿ ਔਰਤਾਂ ਨੇ ਵੀ ਆਜ਼ਾਦੀ ਦੇ ਸੰਘਰਸ਼ ਵਿਚ ਆਪਣਾ ਹਿੱਸਾ ਬਰਾਬਰ ਨਿਭਾਇਆ। ਇਨ੍ਹਾਂ ਸੂਰਮਿਆਂ ਦੀ ਯਾਦ ਨੂੰ ਸਿਰਫ਼ ਸ਼ਹੀਦੀ ਦਿਹਾੜਿਆਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਸਕੂਲਾਂ, ਕਾਲਜਾਂ ਤੇ ਪਿੰਡਾਂ ਵਿਚ ਸਥਾਨਕ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਤੇ ਚਰਚਾ ਹੋਣੀ ਚਾਹੀਦੀ ਹੈ। ਪਿੰਡਾਂ ਵਿਚ ਲੱਗੇ ਸਮਾਰਕਾਂ, ਪੁਰਾਣੀਆਂ ਹਵੇਲੀਆਂ, ਜੇਲ੍ਹਾਂ ਤੇ ਇਤਿਹਾਸਕ ਥਾਵਾਂ ਦੀ ਸੰਭਾਲ ਹੋਣੀ ਚਾਹੀਦੀ ਹੈ। ਨੌਜਵਾਨਾਂ ਨੂੰ ਆਪਣੇ ਇਲਾਕੇ ਦੇ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਪੁਨੀਤ ਬਾਵਾ
98149-17800