- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੇ ਐਸੇ ਵਤੀਰੇ ਤੋਂ ਪੰਜਾਬ ਅੰਦਰ ਧੜ੍ਹੇਬੰਦੀ ਹੋਰ ਤਿੱਖੀ ਅਤੇ ਨਾਰਾਜ਼ ਆਗੂ ਹੋਰ ਖਫ਼ਾ ਹੁੰਦੇ ਵੇਖੇ ਗਏ। ਉਨ੍ਹਾਂ ਨੇ ਆਖਰੀ ਮੀਟਿੰਗ ਚੰਡੀਗੜ੍ਹ ਵਿਖੇ ਸਾਬਕਾ ਮੰਤਰੀ ਅਤੇ ਉੱਗੇ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਅਤੇ ਦੂਸਰੇ ਨਾਰਾਜ਼ ਧੜ੍ਹਿਆਂ ਨਾਲ ਕੀਤੀ, ਜਿਸ ’ਚ ਕਰੀਬ 90 ਨਾਰਾਜ਼ ਕਾਂਗਰਸ ਆਗੂਆਂ ਨੇ ਹਿੱਸਾ ਲਿਆ। ਇਨ੍ਹਾਂ ’ਚ 9 ਵਿਧਾਇਕ ਅਤੇ 3 ਮੌਜੂਦਾ ਮੈਂਬਰ ਪਾਰਲੀਮੈਂਟ ਵੀ ਸ਼ਾਮਿਲ ਸਨ।

- ਦਰਬਾਰਾ ਸਿੰਘ ਕਾਹਲੋਂ
ਗਰਸ ਹਾਈ ਕਮਾਨ ਨੇ ਇਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੰਦਰ ਧੜ੍ਹੇਬੰਦੀ ਨੂੰ ਖ਼ਤਮ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ, ਜਿਸ ’ਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਿਲ ਸਨ, ਦੇ ਘੋਰ ਅੰਦਰੂਨੀ ਰਿੜਕਣੇ ਤੋਂ ਬਾਅਦ, ਜਿਸ ਲੀਡਰਸ਼ਿਪ ਦਾ ਐਲਾਨ ਕੀਤਾ, ਉਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੂਸਰੇ ਧੜ੍ਹਿਆਂ, ਜਿਨ੍ਹਾਂ ’ਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਵਰਗੇ ਸ਼ਾਮਿਲ ਹਨ। ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਅੰਦਰ 2027 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਰ ਕੇ ਪੰਜਾਬ ਕਾਂਗਰਸ ਅੰਦਰ ਧੜ੍ਹੇਬੰਦੀ ਦੇ ਪੈਦਾ ਹੋਏ ਤਿੱਖੇ ਘਮਸਾਨ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਧੜ੍ਹੇਬੰਦੀ ਨੂੰ ਸ਼ਾਂਤ ਕਰਨ ਲਈ ਭੇਜਿਆ। ਉਸ ਨੂੰ ਛੇ ਦਿਨ ਪੰਜਾਬ ’ਚ ਵੱਖ-ਵੱਖ ਧੜ੍ਹਿਆਂ ਨੂੰ ਮਿਲਣ ਅਤੇ ਸਥਿਤੀ ਦੀ ਸੰਗੀਨਤਾ ਨੂੰ ਭਾਂਪਣ ਦੀ ਥਾਂ ਡਿਨਰ ਮੌਜ ਮੇਲੇ ਅਤੇ ਵੱਖ-ਵੱਖ ਟੈਲੀਵਿਜ਼ਨਾਂ ’ਤੇ ਆਪਣੀ ਸ਼ਖ਼ਸੀਅਤ ਦੇ ਪ੍ਰਚਾਰ ’ਚ ਮਸਰੂਫ਼ ਰਿਹਾ। ਉਹ ਵਾਰ-ਵਾਰ ਐਲਾਨ ਕਰ ਰਹੇ ਸਨ ਕਿ ਲੀਡਰਸ਼ਿਪ ’ਚ ਤਬਦੀਲੀ ਕੋਈ ਗੁੱਡੀ-ਗੁੱਡੇ ਦਾ ਖੇਲ੍ਹ ਨਹੀਂ ਹੁੰਦਾ। ਉਨ੍ਹਾਂ ਦੇ ਐਸੇ ਵਤੀਰੇ ਤੋਂ ਪੰਜਾਬ ਅੰਦਰ ਧੜ੍ਹੇਬੰਦੀ ਹੋਰ ਤਿੱਖੀ ਅਤੇ ਨਾਰਾਜ਼ ਆਗੂ ਹੋਰ ਖਫ਼ਾ ਹੁੰਦੇ ਵੇਖੇ ਗਏ। ਉਨ੍ਹਾਂ ਨੇ ਆਖਰੀ ਮੀਟਿੰਗ ਚੰਡੀਗੜ੍ਹ ਵਿਖੇ ਸਾਬਕਾ ਮੰਤਰੀ ਅਤੇ ਉੱਗੇ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਅਤੇ ਦੂਸਰੇ ਨਾਰਾਜ਼ ਧੜ੍ਹਿਆਂ ਨਾਲ ਕੀਤੀ, ਜਿਸ ’ਚ ਕਰੀਬ 90 ਨਾਰਾਜ਼ ਕਾਂਗਰਸ ਆਗੂਆਂ ਨੇ ਹਿੱਸਾ ਲਿਆ। ਇਨ੍ਹਾਂ ’ਚ 9 ਵਿਧਾਇਕ ਅਤੇ 3 ਮੌਜੂਦਾ ਮੈਂਬਰ ਪਾਰਲੀਮੈਂਟ ਵੀ ਸ਼ਾਮਿਲ ਸਨ। ਇਸ ਮੀਟਿੰਗ ’ਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ-ਟੁਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਸ ਸਮੇਂ ਕਾਂਗਰਸ ਦੀ ਅਗਵਾਈ ਕਰਨ ਵਾਲਾ ‘ਸਮਝੌਤਾਵਾਦੀ’ ਆਗੂ ਨਹੀਂ ਚਾਹੀਦਾ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਦਲੇਰਾਨਾ ਅਤੇ ਜਾਹੋ-ਜਲਾਲ ਭਰਿਆ ਸਟੈਂਡ ਲੈਣ ਵਾਲਾ ਆਗੂ ਚਾਹੀਦਾ ਹੈ।
ਸਮਝੌਤਾਵਾਦੀ ਆਗੂ ਦੀ ਪੋਲ ਉਸ ਦੇ ਨੇੜਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੀਆਂ ਤਸਵੀਰਾਂ ਜਾਰੀ ਕਰਦਿਆ ਖੋਲ੍ਹ ਕੇ ਰੱਖ ਦਿੱਤੀ। ਵਾਪਸੀ ’ਤੇ ਜਦੋਂ ਭੂਪੇਸ਼ ਬਘੇਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜ੍ਹੇ ਨੂੰ ਮਿਲੇ ਤਾਂ ਉੱਥੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧੜ੍ਹਿਆਂ ਵੱਲੋਂ ਪ੍ਰਧਾਨ ਬਦਲਣ ਸੰਬੰਧੀ ਕੋਈ ਠੋਸ ਦਲੀਲ ਪੇਸ਼ ਨਹੀਂ ਕੀਤੀ ਗਈ। ਰਹਿੰਦੀ ਕਸਰ ਉਨ੍ਹਾਂ ਨੇ ਵਾਪਸ ਹਵਾਈ ਜਹਾਜ਼ ’ਤੇ ਚੜ੍ਹਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੱਢ ਕੇ ਰੱਖ ਦਿੱਤੀ ਕਿ ਪੰਜਾਬ ਅੰਦਰ ਕਾਂਗਰਸ ਕੋਲ਼ ਘੱਟੋ-ਘੱਟ ਛੇ ਐਸੇ ਲੀਡਰ ਹਨ, ਜੋ ਮੁੱਖ ਮੰਤਰੀ ਬਣਨ ਦੇ ਕਾਬਲ ਹਨ। ਉਨ੍ਹਾਂ ਦੀ ਬਿਆਨਬਾਜ਼ੀ ਇਕ ਪਾਸੜ ਰਹੀ, ਜਿਸ ਤੋਂ ਪੰਜਾਬ ਅੰਦਰ ਕਾਂਗਰਸ ਨੂੰ ਵੱਡੇ ਨੁਕਸਾਨ ਦੇ ਟੱਲ ਵੱਜਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਗੂੰਜ ਦਿੱਲੀ ਅੰਦਰ ਕਾਂਗਰਸ ਹਾਈ ਕਮਾਨ ਦੇ ਗਲਿਆਰਿਆਂ ਅੰਦਰ ਕੰਨ ਪਾੜੂ ਢੰਗ ਨਾਲ ਸੁਣਾਈ ਦੇ ਰਹੀ ਹੈ। ਇਹ ਗੂੰਜ ਸਪੱਸ਼ਟ ਸੁਨੇਹਾ ਦੇ ਰਹੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਹਾਈ ਕਮਾਨ ਨੇ ਪੰਜਾਬ ਸਬੰਧੀ ਆਪਣੇ ਫ਼ੈਸਲੇ ’ਤੇ ਨਜ਼ਰਸਾਨੀ ਨਾ ਕੀਤੀ ਤਾਂ ਪੰਜਾਬ ਕਾਂਗਰਸ ਹੱਥੋਂ ਖੁੱਸਿਆ ਕਿ ਖੁੱਸਿਆ...। ਸ਼ਾਇਦ ਪੰਜਾਬ ਅੰਦਰ ਕਾਂਗਰਸ ਰਾਜਨੀਤਕ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਬਾਰੇ ਲੋਕ ਬਹੁਤ ਘੱਟ ਜਾਣਦੇ ਹੋਣ। ਇਹ ਵਿਅਕਤੀ ਛਤੀਸਗੜ੍ਹ ਰਾਜ ਦਾ ਸਾਬਕਾ ਮੁੱਖ ਮੰਤਰੀ ਹੈ। ਸਾਲ 2018 ’ਚ ਕਾਂਗਰਸ ਪਾਰਟੀ ਨੇ ਇਸ ਰਾਜ ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਸ ਸਮੇਂ ਮੁੱਖ ਮੰਤਰੀ ਅਹੁਦੇ ਦੇ ਦੋ ਪ੍ਰਮੁੱਖ ਦਾਵੇਦਾਰ ਸਨ, ਜਿਨ੍ਹਾਂ ’ਚੋਂ ਇਕ ਭੂਪੇਸ਼ ਬਘੇਲ ਅਤੇ ਦੂਸਰਾ ਟੀਐੱਸ ਸਿੰਘ ਦੇਉ ਸੀ। ਦੋਵਾਂ ’ਚ ਮੁੱਖ ਮੰਤਰੀਸ਼ਿਪ ਦੇ ਤਿੱਖੇ ਦਵੰਦ ਨੂੰ ਹੱਲ ਕਰਨ ਲਈ ਕਾਂਗਰਸ ਹਾਈ ਕਮਾਨ ਨੇ ਅੱਧਾ-ਅੱਧਾ ਸਮਾਂ ਦੋਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਸੁਣਾਇਆ, ਜੋ ਇਨ੍ਹਾਂ ਨੇ ਸਵੀਕਾਰ ਕਰ ਲਿਆ। ਪਹਿਲਾਂ ਭੂਪੇਸ਼ ਬਘੇਲ ਨੇ ਮੁੱਖ ਮੰਤਰੀਸ਼ਿਪ ਦੀ ਕਮਾਨ ਸੰਭਾਲੀ ਪਰ ਸਮਾਂ ਪੂਰਾ ਹੋਣ ’ਤੇ ਉਸ ’ਤੇ ਕਬਜ਼ਾ ਕਰ ਲਿਆ। ਕਮਜ਼ੋਰ ਹਾਈ ਕਮਾਨ ਦੀ ਉਸ ਨੂੰ ਬਦਲਣ ਦੀ ਜੁਅਰਤ ਨਾ ਪਈ। ਉਸ ਨੇ ਐਨ ਚੋਣਾਂ ਤੋਂ ਪਹਿਲਾਂ ਟੀਐੱਸ ਸਿੰਘ ਦੇਉ ਨੂੰ ਜੂਨ 2023 ’ਚ ਉਪ ਮੁੱਖ ਮੰਤਰੀ ਥਾਪ ਦਿੱਤਾ। ਧੜ੍ਹੇਬੰਦੀ ਕਰਕੇ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ। ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਨੂ ਸਾਈ ਦੇਵ ਮੁੱਖ ਮੰਤਰੀ ਬਣੇ।
ਕਾਂਗਰਸ ਪਾਰਟੀ ਅੰਦਰ ਦੇਸ਼ ਦੀ ਵੰਡ ਬਾਅਦ ਲਗਾਤਾਰ ਲੰਬਾ ਸਮਾਂ ਸੱਤਾ ’ਚ ਰਹਿਣ ਕਾਰਨ ਸਤਰਾਪ ਸਿਸਟਮ (ਤਾਕਤਵਰ ਖੇਤਰੀ ਆਗੂ) ਭਾਰੂ ਰਿਹਾ ਹੈ। ਇਨ੍ਹਾਂ ’ਚ ਦੱਖਣੀ ਭਾਰਤ ਸਬੰਧਤ ਕੇ ਕਾਮਰਾਜ ਸਰਬਉੱਚ ਸਤਰਾਪ ਵਜੋਂ ਮਸ਼ਹੂਰ ਰਿਹਾ ਹੈ। ਉਸ ਨੇ ਅਤੇ ਉਸ ਤੋਂ ਬਾਅਦ ਕਈ ਖੇਤਰੀ ਸਤਰਾਪਾਂ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਨਰਸਿਮਾ ਰਾਓ ਕਾਂਗਰਸ ਪ੍ਰਧਾਨਾ ਅਤੇ ਪ੍ਰਧਾਨ ਮੰਤਰੀ ਦੀ ਪਰਵਾਹ ਨਹੀਂ ਸੀ ਕੀਤੀ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਤਾਂ ਅਕਸਰ ਕਾਂਗਰਸ ਸਤਰਾਪ ਟਿੱਚ ਕਰਕੇ ਜਾਣਦੇ ਰਹੇ ਹਨ। ਇਨ੍ਹਾਂ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਪ੍ਰਧਾਨ ਅਤੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਹਨ ਪਰ ਸਤੰਬਰ, 2021 ’ਚ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਅਸਤੀਫ਼ਾ ਮੰਗ ਕੇ ਉਸ ਨੂੰ ਸਣੇ ਕੁਰਸੀ ਮੁੱਖ ਮੰਤਰੀਸ਼ਿਪ ਤੋਂ ਬਾਹਰ ਕਰਨ ਨਾਲ ਕਾਂਗਰਸ ਪਾਰਟੀ ਤੇ ਨਹਿਰੂ-ਗਾਂਧੀ ਪਰਿਵਾਰ ਅਤੇ ਕਾਂਗਰਸ ਹਾਈ ਕਮਾਨ ਦੀ ਪਕੜ ਨੂੰ ਮੁੜ ਬਹਾਲ ਕਰ ਲਿਆ ਪਰ ਉਸ ਤੋਂ ਬਾਅਦ ਸਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੀ ਚੋਣ ਨਾ ਕਰਕੇ ਉਹ ਵੱਡਾ ਟਪਲਾ ਖਾ ਗਏ, ਜਿਸ ਦਾ ਖ਼ਮਿਆਜ਼ਾ ਅੱਜ ਤੱਕ ਪਾਰਟੀ ਨੂੰ ਪੰਜਾਬ ਅੰਦਰ ਭੁਗਤਣਾ ਪੈ ਰਿਹਾ ਹੈ। ਉਸ ਸਮੇਂ ਜੇਕਰ ਸੁਨੀਲ ਜਾਖੜ ਨੂੰ ਰਾਜ ਦਾ ਮੁੱਖ ਮੰਤਰੀ ਥਾਪ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਕਾਂਗਰਸ ਨੂੰ ਐਸੇ ਤਿੱਖੇ ਧੜ੍ਹੇਬੰਦੀ ਅਤੇ ਘਮਸਾਨ ਭਰੇ ਦਿਨ ਵੇਖਣੇ ਨਾ ਮਿਲਦੇ। ਕੇਰਲ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੂੰ ਵੱਡੀ ਜਿੱਤ ਹਾਸਲ ਹੋਈ। ਰਾਜ ’ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ ਰਾਹੁਲ ਗਾਂਧੀ ਦੀ ਅਗਵਾਈ ’ਚ ਇੱਕ ਬਹੁਤ ਸ਼ਲਾਘਾਯੋਗ ਫ਼ੈਸਲਾ ਲਿਆ। ਇਸ ਅਹੁਦੇ ਲਈ ਤਿੰਨ ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ’ਚ ਕਾਂਗਰਸ ਪਾਰਟੀ ਜਨਰਲ ਸਕੱਤਰ ਕੇਸੀ ਵੇਣੂ ਗੋਪਾਲ, ਰਮੇਸ਼ ਚਨੀਥਾਲਾ ਅਤੇ ਵੀਡੀ ਸਾਥੀਸਨ ਸ਼ਾਮਲ ਸਨ। ਰਾਜ ਦੇ ਲੋਕ ਵੀਡੀ ਸਾਥੀ ਸਨ ਦੇ ਹੱਕ ’ਚ ਸਨ, ਸੋ ਹਾਈ ਕਮਾਨ ਨੇ ਉਸ ਨੂੰ ਮੁੱਖ ਮੰਤਰੀ ਥਾਪ ਕੇ ਠੀਕ ਫ਼ੈਸਲਾ ਲਿਆ। ਕਰਨਾਟਕ ’ਚ ਸਨ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਪਰ ਦੋ ਤਾਕਤਵਰ ਆਗੂ ਮੁੱਖ ਮੰਤਰੀਸ਼ਿਪ ਦੇ ਦਾਅਵੇਦਾਰ ਸਨ। ਇਸ ਟਕਰਾਅ ਨੂੰ ਦੂਰ ਕਰਨ ਲਈ ਹਾਈ ਕਮਾਨ ਨੇ ਛੱਤੀਸਗੜ੍ਹ ਵਾਂਗ ਅੱਧੇ-ਅੱਧੇ ਸਮੇਂ ਲਈ ਸਿੱਧਾਮਰਈਆ ਅਤੇ ਡੀਕੇ ਸ਼ਿਵ ਕੁਮਾਰ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਸੁਣਾਇਆ। ਹਿਲਾਂ ਸਿੱਧਾਮਰਈਆ ਮੁੱਖ ਮੰਤਰੀ ਬਣੇ। ਉਨ੍ਹਾਂ ਮੁੱਖ ਮੰਤਰੀਸ਼ਿਪ ਨਾ ਛੱਡਣ ਲਈ ਬੜੇ ਹੱਥ ਪੈਰ ਮਾਰੇ ਪਰ ਕਾਂਗਰਸ ਹਾਈ ਕਮਾਨ ਨੇ ਸਖ਼ਤੀ ਨਾਲ ਫ਼ੈਸਲਾ ਲੈਂਦੇ ਉਨ੍ਹਾਂ ਨੂੰ 28 ਮਈ 2026 ਨੂੰ ਅਸਤੀਫ਼ਾ ਦੇਣ ਲਈ ਰਾਜ਼ੀ ਕਰ ਲਿਆ ਅਤੇ ਰਹਿੰਦੇ ਸਮੇਂ ਲਈ ਡੀਕੇ ਸ਼ਿਵ ਕੁਮਾਰ ਨੂੰ ਮੁੱਖ ਮੰਤਰੀ ਥਾਪ ਦਿੱਤਾ, ਜਿਨ੍ਹਾਂ ਤਿੰਨ ਜੂਨ 2026 ਨੂੰ ਆਪਣਾ ਅਹੁਦਾ ਸੰਭਾਲ ਲਿਆ। ਇਸ ਸਮੇਂ ਪੰਜਾਬ ਕਾਂਗਰਸ ਨੂੰ ਇਕ ਨੌਜਵਾਨ ਦੂਰ ਅੰਦੇਸ਼ ਅੱਗ ਫੱਕਣ ਵਾਲਾ ਅਤੇ ਰਾਤ ਦਿਨ ਇਕ ਕਰ ਕੇ ਸਖ਼ਤ ਮੁਸ਼ੱਕਤ ਕਰਨ ਵਾਲਾ ਆਗੂ ਦਰਕਾਰ ਹੈ।
ਜੇਕਰ ਪੰਜਾਬ ਅੰਦਰ ਕੁਝ ਸਮਾਂ ਪਹਿਲਾਂ ਹੋਈਆਂ ਮਿਊਂਸਿਪਲ ਚੋਣਾਂ ’ਚ ਕਿਸੇ ਨੌਜਵਾਨ ਆਗੂ ਨੇ ਸਾਰੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਦੇ ਬਾਵਜੂਦ ਦਮ ਦਿਖਾਇਆ ਹੈ ਤਾਂ ਉਹ ਹੈ ਗੁਰਦਾਸਪੁਰ ਹਲਕੇ ਤੋਂ ਦੂਸਰੀ ਵਾਰ ਚੁਣਿਆ ਗਿਆ ਵਿਧਾਇਕ ਨੌਜਵਾਨ ਬਰਿੰਦਰਜੀਤ ਸਿੰਘ ਪਾਹੜਾ ਜਿਸ ਨੇ ਗੁਰਦਾਸਪੁਰ ਦੇ 28 ਵਾਰਡਾਂ ’ਚੋਂ 21 ਤੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਪ੍ਰਧਾਨ ਬਣਾਇਆ। ਉਸ ਦੀ ਇਸ ਜਿੱਤ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਇਸ ਵਰਤਾਰੇ ਅੱਗੇ ਚਰਨਜੀਤ ਚੰਨੀ, ਰਾਣਾ ਗੁਰਜੀਤ ਅਤੇ ਪ੍ਰਤਾਪ ਬਾਜਵਾ ਵਰਗੇ ਧੁਰੰਦਰ ਢਹਿ ਢੇਰੀ ਹੋ ਗਏ। ਇਵੇਂ ਹੀ ਦੀਨਾ ਨਗਰ ਹਲਕੇ ਦੀ ਚੌਥੀ ਵਾਰ ਬਣੀ ਵਿਧਾਇਕ ਬੀਬੀ ਅਰੁਣਾ ਚੌਧਰੀ ਨੇ ਦੀਨਾ ਨਗਰ ਮਿਊਂਸਿਪਲ ਚੋਣਾਂ ’ਚ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਪ੍ਰਧਾਨ ਬਣਾਇਆ।
ਕਾਂਗਰਸ ਪਾਰਟੀ ਨੂੰ ਗਤੀਸ਼ੀਲ ਨੌਜਵਾਨ ਆਗੂ ਬਰਿੰਦਰਮੀਤ ਸਿੰਘ ਪਾਹੜਾ ਨੂੰ ਉਸ ਦੇ ਕੰਮ ਕਾਰਨ ਦੇ ਢੰਗ, ਦੂਰ ਅੰਦੇਸ਼ੀ ਅਤੇ ਜਨਤਕ ਤਾਲਮੇਲ ਦੀ ਸ਼ਲਾਘਾਯੋਗ ਕੀਰਤੀ ਦੇ ਮੱਦੇਨਜ਼ਰ ਉਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੌਂਪ ਦੇਣੀ ਚਾਹੀਦੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਉਸ ਦੇ ਹੱਕ ’ਚ ਦਸਤਬਰਦਾਰ ਹੋ ਜਾਣਾ ਹੀ ਕਾਂਗਰਸ ਦੇ ਭਵਿੱਖ ਲਈ ਚੰਗਾ ਹੋਵੇਗਾ। ਅਰੁਣਾ ਚੌਧਰੀ ਨੂੰ ਵਿਧਾਨ ਸਭਾ ਚੋਣਾਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਕਮੇਟੀ ਦੀ ਮੁਖੀ ਬਣਾ ਦੇਣਾ ਚਾਹੀਦਾ ਹੈ। ਅਜਿਹੇ ਨਿਰਪੱਖ, ਗਤੀਸ਼ੀਲ ਅਤੇ ਦੂਰ ਅੰਦੇਸ਼ ਆਗੂਆਂ ਦੇ ਹੱਥ ਕਾਂਗਰਸ ਪਾਰਟੀ ਦਾ ਭਵਿੱਖ ਪੰਜਾਬ ’ਚ ਸੁਰਖਿਅਤ ਰਹਿ ਸਕਦਾ ਹੈ।
- (ਲੇਖਕ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਨ)।