- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਨੂੰ ਯਾਦ ਆਉਂਦਾ ਹੈ ਮੇਰਾ ਦਾਦਾ ਜੀ, ਬਲੈਕ ਬੋਰਡ ਅੱਗੇ ਖੜ੍ਹ ਕੇ ਬੱਚਿਆਂ ਨੂੰ ਇਲਮ ਸਿਖਾਉਂਦੇ ਸੀ। ਤੇ ਮੈਂ ? ਘਰ-ਘਰ ਜਾ ਕੇ ਲੋਕਾਂ ਨੂੰ ਆਪਣਾ ਹੀ ਨਾਂ ਸਹੀ ਲਿਖਵਾਉਣ ਲਈ ਮਨਾਉਂਦਾ ਫਿਰਦਾ ਹਾਂ। ਕਈ ਵਾਰ ਤਾਂ ਲੱਗਦਾ ਹੈ ਕਿ ਮੈਂ ਮਾਸਟਰ ਘੱਟ, ਸਰਕਾਰੀ ਮਲਟੀ-ਟਾਸਕਿੰਗ ਕਰਮਚਾਰੀ ਵੱਧ ਹਾਂ।

ਜਗਜੀਤ ਸਿੰਘ ਗਣੇਸ਼ਪੁਰ
ਮੇਰੇ ਸਵ: ਦਾਦਾ ਹਰਬੰਸ ਸਿੰਘ ਜੀ ਸਰਕਾਰੀ ਸਕੂਲ ’ਚ ਅਧਿਆਪਕ ਸਨ। ਜਦੋਂ ਲੋਕ ਮੈਨੂੰ ਮਾਸਟਰ ਦਾ ਪੋਤਾ ਆਖ ਕੇ ਬੁਲਾਉਂਦੇ ਹਨ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ। ਸੋਚਿਆ ਸੀ ਕਿ ਅਧਿਆਪਕ ਬਣ ਕੇ ਸਕੂਲ ’ਚ ਬੱਚਿਆਂ ਨੂੰ ਪੜ੍ਹਾਵਾਂਗਾ, ਦਾਦੇ ਵਾਲੀ ਇੱਜ਼ਤ ਕਮਾਵਾਂਗਾ ਪਰ ਹਕੀਕਤ ਕੁਝ ਹੋਰ ਹੀ ਨਿਕਲੀ, ਦਰਅਸਲ, ਮੈਂ ਕਿਤਾਬਾਂ ਨਾਲੋਂ ਵੱਧ ਰਜਿਸਟਰਾਂ ਤੇ ਫਾਰਮਾਂ ਨਾਲ ਲੜਦਾ ਫਿੜਦਾ ਹਾਂ। ਅਧਿਆਪਕ ਜਿਸ ਦਾ ਕੰਮ ਹੈ, ਬੱਚਿਆਂ ਦੇ ਬਾਲ ਮਨਾਂ ਨੂੰ ਰੌਸ਼ਨ ਕਰਨਾ, ਉਹ ਗ਼ੈਰ-ਵਿੱਦਿਅਕ ਡਿਊਟੀਆਂ ਦੇ ਢੇਰ ਹੇਠਾਂ ਦੱਬਿਆ ਹੋਇਆ ਮਿਲਦਾ ਹੈ। ਕਿਤਾਬਾਂ ਦੀ ਥਾਂ ਫਾਰਮਾਂ ਨੇ ਲੈ ਲਈ ਹੈ ਅਤੇ ਚਾਕ ਦੀ ਥਾਂ ਲਿਸਟਾਂ ਨੇ। ਅੱਜ-ਕੱਲ੍ਹ ਮੈਂ ਬੀਐੱਲਓ ਡਿਊਟੀ ’ਤੇ ਹਾਂ। ਸਵੇਰੇ ਸਕੂਲ ਜਾਣ ਤੋਂ ਪਹਿਲਾਂ ਹੀ ਲਿਸਟਾਂ ਹੱਥ ’ਚ ਆ ਜਾਂਦੀਆਂ ਹਨ। ਕਿਸੇ ਦਾ ਨਾਂ ਜੋੜਨਾ, ਕਿਸੇ ਦਾ ਕੱਟਣਾ, ਕਿਸੇ ਦੇ ਘਰ ਦਾ ਪਤਾ ਚੈੱਕ ਕਰਨਾ। ਪਿੰਡ ਦੇ ਦਰਵਾਜ਼ਿਆਂ ’ਤੇ ਆਵਾਜ਼ਾਂ ਮਾਰਦਾ ਫਿਰਦਾ ਹਾਂ ‘ਓ ਭਾਈ ਜੀ, 2003 ਦੀ ਵੋਟਰ ਲਿਸਟ ਦੀ ਜਾਣਕਾਰੀ ਦੇ ਦਿਓ।’ ਲੋਕ ਵੀ ਕਮਾਲ ਦੇ ਹੁੰਦੇ ਨੇ, ਕੋਈ ਕਹਿੰਦਾ ‘ਕੱਲ੍ਹ ਆਈਂਂ’, ਕੋਈ ਕਹਿੰਦਾ ‘ਸਾਨੂੰ ਕੀ ਪਤਾ? ਤੁਸੀਂ ਆਪ ਹੀ ਕੱਢ ਲਓ ਆਨਲਾਈਨ।
ਮੈਨੂੰ ਯਾਦ ਆਉਂਦਾ ਹੈ ਮੇਰਾ ਦਾਦਾ ਜੀ, ਬਲੈਕ ਬੋਰਡ ਅੱਗੇ ਖੜ੍ਹ ਕੇ ਬੱਚਿਆਂ ਨੂੰ ਇਲਮ ਸਿਖਾਉਂਦੇ ਸੀ। ਤੇ ਮੈਂ ? ਘਰ-ਘਰ ਜਾ ਕੇ ਲੋਕਾਂ ਨੂੰ ਆਪਣਾ ਹੀ ਨਾਂ ਸਹੀ ਲਿਖਵਾਉਣ ਲਈ ਮਨਾਉਂਦਾ ਫਿਰਦਾ ਹਾਂ। ਕਈ ਵਾਰ ਤਾਂ ਲੱਗਦਾ ਹੈ ਕਿ ਮੈਂ ਮਾਸਟਰ ਘੱਟ, ਸਰਕਾਰੀ ਮਲਟੀ-ਟਾਸਕਿੰਗ ਕਰਮਚਾਰੀ ਵੱਧ ਹਾਂ। ਪਿੰਡ ਦੀਆਂ ਗਲੀਆਂ ’ਚ ਘੁੰਮਦਾ ਅਧਿਆਪਕ ਹੁਣ ਸਿਰਫ਼ ਗਿਆਨ ਵੰਡਣ ਵਾਲਾ ਨਹੀਂ ਰਿਹਾ, ਸਗੋਂ ਇਕ ਅਜਿਹਾ ਟੂਲ ਬਣ ਗਿਆ ਹੈ, ਜੋ ਹਰ ਕੰਮ ਲਈ ਤਿਆਰ ਰਹਿੰਦਾ ਹੈ। ਹਾਸਾ ਤਾਂ ਮੈਨੂੰ ਉਸ ਦਿਨ ਆਇਆ, ਜਦੋਂ ਇਕ ਬਜ਼ੁਰਗ ਮਾਈ ਪਿੱਛੋਂ ਹਾਕਾਂ ਮਾਰਦੀ ਦੌੜੀ ਆਈ।
ਸਾਹ ਚੜ੍ਹਿਆ ਹੋਇਆ ਸੀ ਪਰ ਉਮੀਦ ਅਜੇ ਵੀ ਕਾਇਮ ਸੀ। ਕਹਿਣ ਲੱਗੀ, ‘ਪੁੱਤ, ਮੈਂ ਤੈਨੂੰ ਕਈ ਦਿਨਾਂ ਤੋਂ ਉਡੀਕ ਰਹੀ ਸੀ।’ ਮੈਂ ਹੈਰਾਨ ਹੋ ਕੇ ਪੁੱਛਿਆ, ‘ਕੀ ਹੋਇਆ ਮਾਤਾ?’ ਕਹਿੰਦੀ, ‘ਪੁੱਤ, ਮੈਂ ਪਾਣੀ ਦਾ ਕੁਨੈਕਸ਼ਨ ਅਪਲਾਈ ਕਰਵਾਉਣਾ ਏ।’ ਉਸ ਵੇਲੇ ਮੇਰੇ ਅੰਦਰ ਦੋ ਭਾਵ ਇਕੱਠੇ ਜਾਗ ਪਏ, ਇਕ ਤਰਸ, ਦੂਜਾ ਹਾਸਾ। ਤਰਸ ਇਸ ਗੱਲ ਦਾ ਕਿ ਮਾਈ ਨੂੰ ਲੱਗਦਾ ਸੀ ਕਿ ਸਰਕਾਰੀ ਕੰਮ ਲਈ ਹੁਣ ਮਾਸਟਰ ਹੀ ਸਭ ਤੋਂ ਵੱਡਾ ਦਫ਼ਤਰ ਹੈ। ਤੇ ਹਾਸਾ ਇਸ ਗੱਲ ਦਾ ਕਿ ਸਾਡੀ ਡਿਊਟੀ ਦਾ ਘੇਰਾ ਕਿੰਨਾ ਵਧ ਗਿਆ ਹੈ। ਕੱਲ੍ਹ ਨੂੰ ਕਿਤੇ ਇਹ ਨਾ ਆਖ ਦੇਣ ਕਿ ਅਧਾਰ ਕਾਰਡ ਵੀ ਮਾਸਟਰ ਹੀ ਬਣਾਉਣਗੇ। ਖ਼ੈਰ, ਕੀ ਕਰੀਏ, ਡਿਊਟੀ ਤਾਂ ਫਿਰ ਡਿਊਟੀ ਹੈ। ਪਿੰਡ ਵਾਲੇ ਅਕਸਰ ਕਹਿੰਦੇ ਹਨ, ‘ਮਾਸਟਰ ਦਾ ਪੋਤਾ ਹੈ, ਹਰ ਕੰਮ ਹੀ ਕਰਲੂ।’ ਲੱਗਦਾ ਹੈ ਜਿਵੇਂ ਮਾਸਟਰੀ ਨਾਲ ਬੋਨਸ ’ਚ ਸਾਰੀਆਂ ਸਰਕਾਰੀ ਡਿਊਟੀਆਂ ਵੀ ਮਿਲਦੀਆਂ ਹਨ। ਚੋਣਾਂ ਆਉਣ, ਸਰਵੇਅ ਆਉਣ, ਮਰਦਮਸ਼ੁਮਾਰੀ ਆਵੇ, ਹਰ ਥਾਂ ਮਾਸਟਰ ਤਿਆਰ। ਮੇਰੇ ਵਰਗੇ ਪਤਾ ਨੀ ਕਿੰਨੇ ਕੰਪਿਊਟਰ, ਅਧਿਆਪਕ ਬੱਚਿਆਂ ਨੂੰ ‘ਕੋਡਿੰਗ’ ਤੇ ‘ਟੈਕਨਾਲੋਜੀ’ ਸਿਖਾਉਣ ਦੀ ਸੋਚਦੇ ਹਨ ਪਰ ਹਕੀਕਤ ਇਹ ਹੈ ਕਿ ਦਿਨ ਭਰ ਡਾਟਾ ਐਂਟਰੀ ’ਚ ਹੀ ਰੁੱਝੇ ਰਹਿੰਦੇ ਹਨ, ਨਾਂ ਚੜ੍ਹਾਉਣਾ, ਕੱਟਣਾ ਅਤੇ ਅਪਡੇਟ ਕਰਨਾ ਉਨ੍ਹਾਂ ਦਾ ਨਿਤਨੇਮ ਬਣ ਚੁੱਕਾ ਹੈ।
ਲੱਗਦਾ ਹੈ ਜਿਵੇਂ ਡਿਗਰੀ ‘ਕੰਪਿਊਟਰ ਅਧਿਆਪਕ’ ਦੀ ਨਹੀਂ, ਸਗੋਂ ‘ਚੋਣ ਦਫ਼ਤਰ ਦੇ ਕਰਮਚਾਰੀ’ ਦੀ ਹੋਵੇ। ਚੋਣਾਂ ਦੇ ਸਮੇਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਸਵੇਰੇ ਤੋਂ ਸ਼ਾਮ ਤੱਕ ਲਿਸਟਾਂ, ਫਾਰਮਾਂ ਤੇ ਆਨਲਾਈਨ ਪੋਰਟਲਾਂ ਨਾਲ ਜੰਗ ਲੜਦਾ ਹੈ। ਇੰਟਰਨੈਟ ਚੱਲੇ ਤਾਂ ਮੁਸ਼ਕਲ, ਨਾ ਚੱਲੇ ਤਾਂ ਹੋਰ ਵੱਡੀ ਮੁਸ਼ਕਲ। ਉੱਪਰੋਂ ਹੁਕਮ ਆਉਂਦੇ ਹਨ ‘ਇਹ ਕੰਮ ਅੱਜ ਹੀ ਮੁਕੰਮਲ ਹੋਣਾ ਚਾਹੀਦਾ ਹੈ।’ ਕਲਾਸਰੂਮ ’ਚ ਬੱਚੇ ਸੋਚਦੇ ਹਨ ਕਿ ਅੱਜ ਅਧਿਆਪਕ ਸਾਨੂੰ ਨਵਾਂ ਸਾਫਟਵੇਅਰ ਸਿਖਾਉਣਗੇ ਪਰ ਉਸ ਦੇ ਦਿਮਾਗ਼ ’ਚ ਤਾਂ ਇਹੀ ਚੱਲ ਰਿਹਾ ਹੁੰਦਾ ਹੈ ਕਿ ‘ਪੈਂਡਿੰਗ ਡਾਟਾ ਕਿਵੇਂ ਪੂਰਾ ਕਰੀਏ?’ ਕਈ ਵਾਰ ਤਾਂ ਲੱਗਦਾ ਹੈ ਕਿ ਬੱਚਿਆਂ ਨਾਲੋਂ ਜ਼ਿਆਦਾ ਉਹ ਸਿਸਟਮ ਨੂੰ ਸਮਝਾਉਂਦਾ ਫਿਰਦਾ ਹੈ। ਫਿਰ ਵੀ ਦਿਲ ਦੇ ਕਿਸੇ ਕੋਨੇ ’ਚ ਮਾਣ ਹੈ। ਕਿਉਂਕਿ ਇਹ ਜ਼ਿੰਮੇਵਾਰੀ ਅਜਿਹੀ ਹੈ ਕਿ ਇਸ ਤੋਂ ਕਿਸੇ ਵੀ ਰੂਪ ਵਿਚ ਭੱਜਿਆ ਨਹੀਂ ਜਾ ਸਕਦਾ। ਬੱਚਿਆਂ ਨੂੰ ਜਮਾਤਾਂ ’ਚ ਸਿੱਖਿਆ ਦੇ ਕੇ ਸਮਾਜ ਦੇ ਕਾਬਲ ਬਣਾਉਣਾ ਇਕ ਅਧਿਆਪਕ ਦਾ ਫ਼ਰਜ਼ ਵੀ ਹੈ।
ਦੂਜੇ ਪਾਸੇ ਇਹ ਫ਼ਰਜ਼ ਉਦੋਂ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਹੁੰਦਾ ਹੈ, ਜਦੋਂ ਅਧਿਆਪਕਾਂ ਨੂੰ ਇਸ ਤੋਂ ਵੱਖਰੇ ਰੂਪ ਵਿਚ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਸਰਕਾਰ ਦਾ ਆਪਣਾ ਕਾਰਜ ਖੇਤਰ ਹੈ। ਸਰਕਾਰ ਦੇ ਆਪਣੇ ਪ੍ਰਬੰਧ ਹਨ ਪਰ ਇਨ੍ਹਾਂ ਪ੍ਰਬੰਧਾਂ ਮੁਤਾਬਕ ਆਪਣਾ ਸੌ ਫ਼ੀਸਦ ਰੋਲ ਅਦਾ ਕਰਦਾ ਹੋਇਆ ਅਧਿਆਪਕ ਕਿਤੇ ਨਾ ਕਿਤੇ ਥਿੜਕਦਾ ਵੀ ਹੈ। ਕਈ ਵਾਰ ਉਸ ਨੂੰ ਸੌਂਪੇ ਗਏ ਕਾਰਜ ਭਰੇ ਮਨ ਨਾਲ ਵੀ ਨਿਭਾਉਣੇ ਪੈਂਦੇ ਹਨ। ਇਸ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਾਲੋ-ਨਾਲ ਚੱਲਦੀਆਂ ਹਨ। ਇਕ ਅਧਿਆਪਕ ਦੀ ਨਿੱਜੀ ਜ਼ਿੰਦਗੀ ਵੀ ਹੈ। ਰਿਸ਼ਤੇਦਾਰੀਆਂ, ਸੱਜਣ-ਮਿੱਤਰ, ਪਰਿਵਾਰ ਤੇ ਹੋਰ ਸਕੇ ਸਬੰਧੀ ਵੀ ਹਨ, ਇਨ੍ਹਾਂ ਨੂੰ ਵੀ ਬਰਾਬਰ ਦਾ ਸਮਾਂ ਉਸ ਨੇ ਆਪਣੇ ਰੁਝੇਵਿਆਂ ਵਿਚੋਂ ਹੀ ਦੇਣਾ ਹੁੰਦਾ ਹੈ ਪਰ ਕੀ ਕੀਤਾ ਜਾ ਸਕਦਾ ਹੈ, ‘ਨੌਕਰੀ ਕੀ ਤੇ ਨਖ਼ਰਾ ਕੀ’ ਵਾਲੀ ਗੱਲ ਖ਼ੁਦ ਹੀ ਬੋਲਣੀ ਪੈਂਦੀ ਹੈ।
ਫਿਰ ਵੀ ਸੋਚਦਾ ਹਾਂ ਕਿ ਚਲੋ, ਸਮਾਜ ਦੀ ਸੇਵਾ ਤਾਂ ਹੋ ਰਹੀ ਹੈ ਪਰ ਕਦੇ-ਕਦੇ ਹਾਸਾ ਵੀ ਆ ਜਾਂਦਾ ਹੈ, ‘ਮਾਸਟਰ ਦਾ ਪੋਤਾ ਮਾਸਟਰ ਤਾਂ ਬਣ ਗਿਆ ਪਰ ਅੱਧਾ ਸਮਾਂ ਮਾਸਟਰ, ਅੱਧਾ ਸਮਾਂ ਕੰਪਿਊਟਰ ਅਪਰੇਟਰ ਹੀ ਬਣਿਆ ਫਿਰਦਾ ਹੈ।’ ਇਸ ਸਭ ਦੇ ਵਿਚਕਾਰ ਉਸ ਦਾ ਅਸਲ ਫਰਜ਼ ਪੜ੍ਹਾਉਣਾ ਹੌਲੀ-ਹੌਲੀ ਪਿੱਛੇ ਰਹਿ ਜਾਂਦਾ ਹੈ। ਉਹ ਚਾਹੁੰਦਾ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇ ਪਰ ਸਮਾਂ ਤੇ ਤਾਕਤ ਦੋਵੇਂ ਹੀ ਆਨਲਾਈਨ ਡਾਟਾ ਅਪਡੇਟ ਕੰਮ ਕਰਨ ’ਚ ਹੀ ਖ਼ਤਮ ਹੋ ਜਾਂਦੇ ਹਨ।
ਇਹ ਹਾਲਤ ਸਿਰਫ਼ ਇਕ ਅਧਿਆਪਕ ਦੀ ਨਹੀਂ, ਸਗੋਂ ਪੂਰੀ ਪ੍ਰਣਾਲੀ ਦੀ ਤਸਵੀਰ ਹੈ। ਜਿੱਥੇ ਅਧਿਆਪਕਾਂ ’ਤੇ ਇੰਨਾ ਭਾਰ ਪਾ ਦਿੱਤਾ ਗਿਆ ਹੈ ਕਿ ਉਹ ਆਪਣੀ ਅਸਲ ਪਛਾਣ ਹੀ ਭੁੱਲਣ ਲੱਗ ਪਏ ਹਨ। ਇਹ ਹਾਲਤ ਇਕ ਵਿਅੰਗ ਵੀ ਹੈ ਤੇ ਇਕ ਦਰਦ ਵੀ। ਇਕ ਪਾਸੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ’ਚ ਯੋਗਦਾਨ ਪਾਉਣ ਦਾ ਮਾਣ ਹੈ, ਦੂਜੇ ਪਾਸੇ ਆਪਣੇ ਅਸਲ ਕੰਮ ਤੋਂ ਦੂਰ ਹੋਣ ਦਾ ਦੁੱਖ।
(ਸੰਪਰਕ : 94655-76022)