- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਦਰ ਸ਼ੇਖ਼ਰ ਆਜ਼ਾਦ ਨੇ ਸਾਨੂੰ ਸਿਖਾਇਆ ਕਿ ਦੇਸ਼ ਭਗਤੀ ਦਾ ਮਤਲਬ ਸਿਰਫ਼ ਗੱਲਾਂ ਕਰਨਾ ਨਹੀਂ, ਸਗੋਂ ਦੇਸ਼ ਲਈ ਕੁਰਬਾਨੀ ਦੇਣਾ ਹੈ। ਉਨ੍ਹਾਂ ਦੀ ਜ਼ਿੰਦਗੀ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਹੈ ਕਿ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਵੈ-ਮਾਣ ਨਾਲ ਜੀਣਾ ਚਾਹੀਦਾ ਹੈ।

ਦੇਸ਼ ਦੀ ਆਜ਼ਾਦੀ ਦੇ ਇਤਿਹਾਸ ’ਚ ਕੁਝ ਨਾਮ ਅਜਿਹੇ ਹਨ, ਜੋ ਸਿਰਫ਼ ਨਾਮ ਨਹੀਂ, ਸਗੋਂ ਇਨਕਲਾਬ ਦਾ ਜਜ਼ਬਾ ਸਨ। ਕੁਝ ਅਜਿਹਾ ਹੀ ਸੀ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖ਼ਰ ਆਜ਼ਾਦ, ਜਿਸ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ‘ਭਾਵਰਾ’ ਪਿੰਡ ’ਚ ਹੋਇਆ ਸੀ। ਆਜ਼ਾਦ ਨੇ ਆਪਣੀ 24 ਸਾਲ ਦੀ ਛੋਟੀ ਜਿਹੀ ਜ਼ਿੰਦਗੀ ’ਚ ਅੰਗਰੇਜ਼ੀ ਹਕੂਮਤ ਦੀਆਂ ਨੀਹਾਂ ਹਿਲਾ ਦਿੱਤੀਆਂ ਸਨ। ਇਸ ਮਹਾਨ ਕ੍ਰਾਂਤੀਕਾਰੀ ਦਾ ਅਸਲ ਨਾਮ ਚੰਦਰ ਸ਼ੇਖ਼ਰ ਤਿਵਾੜੀ ਸੀ, ਜੋ ਬਚਪਨ ਤੋਂ ਹੀ ਬਾਗ਼ੀ ਸੁਭਾਅ ਦੇ ਮਾਲਕ ਸਨ। ਬਨਾਰਸ ’ਚ ਪੜ੍ਹਾਈ ਦੌਰਾਨ, ਜਦੋਂ ਉਹ ਸਿਰਫ਼ 14 ਸਾਲ ਦੇ ਸਨ, ਤਾਂ ਅੰਗਰੇਜ਼ਾਂ ਵਿਰੁੱਧ ਅੰਦੋਲਨ ’ਚ ਹਿੱਸਾ ਲੈਣ ਕਰਕੇ ਗ੍ਰਿਫ਼ਤਾਰ ਹੋ ਗਏ। ਜੱਜ ਨੇ ਪੁੱਛਿਆ ‘ਤੁਹਾਡਾ ਨਾਮ ਕੀ ਹੈ?’ ਤਾਂ ਉਨ੍ਹਾਂ ਗਰਜ ਕੇ ਕਿਹਾ ‘ਆਜ਼ਾਦ’। ਪਿਤਾ ਦਾ ਨਾਮ ਪੁੱਛਿਆ ਤਾਂ ਕਿਹਾ ‘ਸੁਤੰਤਰਤਾ’ ਅਤੇ ਘਰ ਦਾ ਨਾਮ ਪੁੱਛਿਆ ਤਾਂ ਕਿਹਾ ‘ਜੇਲ੍ਹ’। ਉਸ ਦਿਨ ਤੋਂ ਉਹ ‘ਆਜ਼ਾਦ’ ਬਣ ਗਏ। 1928 ’ਚ ਸਾਥੀ ਭਗਤ ਸਿੰਘ ਦੇ ਗੁਰੂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਆਜ਼ਾਦ ਨੇ ਭਗਤ ਸਿੰਘ, ਰਾਜਗੁਰੂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ‘ਹਿੰਦੁਸਤਾਨ ਸੋਸਲਿਸਟ ਰਿਪਬਲਿਕਨ ਪਾਰਟੀ’ ਦਾ ਗਠਨ ਕੀਤਾ। ਕਾਕੋਰੀ ਕਾਂਡ, ਸੈਂਡਰਜ਼ ਦੀ ਹੱਤਿਆ ਅਤੇ ਅਸੈਂਬਲੀ ’ਚ ਬੰਬ ਸੁੱਟਣ ਵਰਗੀਆਂ ਘਟਨਾਵਾਂ ਦੇ ਪਿੱਛੇ ਆਜ਼ਾਦ ਦੀ ਹੀ ਰਣਨੀਤੀ ਸੀ। ਉਨ੍ਹਾਂ ਦਾ ਨਾਅਰਾ ਸੀ: ‘ਦੁਸ਼ਮਣ ਦੀ ਗੋਲ਼ੀ ਦਾ ਜਵਾਬ ਗੋਲ਼ੀ ਨਾਲ ਦਿਓ’। ਉਹ ਮੰਨਦੇ ਸਨ ਕਿ ਆਜ਼ਾਦੀ ਭੀਖ ’ਚ ਨਹੀਂ ਮਿਲਦੀ, ਉਹ ਖੋਹਣੀ ਪੈਂਦੀ ਹੈ। 27 ਫਰਵਰੀ 1931 ਦਾ ਦਿਨ ਸੀ। ਅਲਾਹਾਬਾਦ ਦੇ ‘ਅਲਫਰੈੱਡ’ ਪਾਰਕ ’ਚ ਆਪਣੇ ਇਕ ਸਾਥੀ ਨਾਲ ਮੀਟਿੰਗ ਕਰ ਰਹੇ ਸਨ। ਪੁਲਿਸ ਨੇ ਘੇਰਾ ਪਾ ਲਿਆ। ਘੰਟਿਆਂ ਬੱਧੀ ਮੁਕਾਬਲਾ ਹੋਇਆ। ਆਖ਼ਰੀ ਗੋਲ਼ੀ ਤੱਕ ਲੜਨ ਤੋਂ ਬਾਅਦ ਜਦੋਂ ਉਨ੍ਹਾਂ ਕੋਲ ਸਿਰਫ਼ ਇਕ ਹੀ ਗੋਲ਼ੀ ਬਚੀ, ਤਾਂ ਉਨ੍ਹਾਂ ਆਪਣੇ ਸਿਧਾਂਤ ਨੂੰ ਸੱਚ ਕਰ ਦਿਖਾਇਆ-‘ਮੈਂ ਆਜ਼ਾਦ ਹਾਂ ਅਤੇ ਆਜ਼ਾਦ ਹੀ ਰਹਾਂਗਾ। ਅੰਗਰੇਜ਼ ਮੈਨੂੰ ਕਦੇ ਜ਼ਿੰਦਾ ਨਹੀਂ ਫੜ ਸਕਣਗੇ।’ ਅਤੇ ਉਨ੍ਹਾਂ ਆਖ਼ਰੀ ਗੋਲ਼ੀ ਆਪਣੇ ਸੀਨੇ ’ਤੇ ਚਲਾ ਲਈ। ਇਸ ਤਰ੍ਹਾਂ 24 ਸਾਲ ਦੀ ਅੱਲ੍ਹੜ ਉਮਰ ’ਚ ਹੀ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ। ਚੰਦਰ ਸ਼ੇਖ਼ਰ ਆਜ਼ਾਦ ਨੇ ਸਾਨੂੰ ਸਿਖਾਇਆ ਕਿ ਦੇਸ਼ ਭਗਤੀ ਦਾ ਮਤਲਬ ਸਿਰਫ਼ ਗੱਲਾਂ ਕਰਨਾ ਨਹੀਂ, ਸਗੋਂ ਦੇਸ਼ ਲਈ ਕੁਰਬਾਨੀ ਦੇਣਾ ਹੈ। ਉਨ੍ਹਾਂ ਦੀ ਜ਼ਿੰਦਗੀ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਹੈ ਕਿ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਵੈ-ਮਾਣ ਨਾਲ ਜੀਣਾ ਚਾਹੀਦਾ ਹੈ। ਅੱਜ ਜਦੋਂ ਅਸੀਂ ਆਜ਼ਾਦ ਹਵਾ ’ਚ ਸਾਹ ਲੈ ਰਹੇ ਹਾਂ, ਤਾਂ ਸਾਨੂੰ ਆਜ਼ਾਦ ਵਰਗੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਲਹੂ ਨਾਲ ਇਸ ਦੇਸ਼ ਦੀ ਆਜ਼ਾਦੀ ਦੀ ਕੀਮਤ ਚੁਕਾਈ ਸੀ। ਦੇਸ਼ ਨੂੰ ਸਮਰਪਿਤ ਹੋਣ ਤੋਂ ਪਹਿਲਾਂ ਉਹਨਾਂ ਦੇ ਇਹ ਆਖ਼ਰੀ ਬੋਲ ਸਨ-ਦੁਸ਼ਮਣ ਦੀਆਂ ਬੰਦੂਕਾਂ ਦਾ ਅਸੀਂ ਸਾਹਮਣਾ ਕਰਾਂਗੇ, ਆਜ਼ਾਦ ਹੀ ਰਹੇ ਹਾਂ, ਆਜ਼ਾਦ ਹੀ ਮਰਾਂਗੇ। ਕਾਸ਼! ਇਹ ਜਜ਼ਬਾ ਅੱਜ ਹਿੰਦੋਸਤਾਨ ਦੇ ਨੌਜਵਾਨਾਂ ’ਚ ਵੀ ਆਵੇ।
-ਕੇਐੱਸ ਅਮਰ, ਜ਼ਿਲ੍ਹਾ ਹੁਸ਼ਿਆਰਪੁਰ, ਸੰਪਰਕ : 9465369343।