
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਈ ਵਾਰ ਇਹ ਕਤਲ ਘਰਾਂ ਅੰਦਰ ਹੁੰਦੇ ਹਨ, ਕਈ ਵਾਰ ਖੁੱਲ੍ਹੀਆਂ ਥਾਵਾਂ ਉੱਤੇ। ਖ਼ਤਰਨਾਕ ਰੁਝਾਨ ਇਹ ਹੈ ਕਿ ਹਿੰਸਾ ਨੂੰ ਰਿਕਾਰਡ ਕਰਨ ਵਾਲੀ ਭੀੜ ਹੁਣ ਆਮ ਹੋ ਗਈ ਹੈ। ਘਟਨਾ ਕੋਈ ਵੀ ਹੋਵੇ, ਲੋਕ ਪਹਿਲਾਂ ਫੋਨ ਕੱਢਦੇ ਹਨ। ਇਸ ਮਾਨਸਿਕਤਾ ਨੂੰ ‘ਬਾਈਸਟੈਂਡਰ ਇਫੈਕਟ’ ਕਿਹਾ ਜਾਣ ਲੱਗਾ ਹੈ, ਜਿੱਥੇ ਹਰ ਕੋਈ ਸੋਚਦਾ ਹੈ ਕਿ ਕੋਈ ਹੋਰ ਬਚਾਵੇਗਾ ਪਰ ਤਰਨਤਾਰਨ ਦੀ ਘਟਨਾ ’ਚ ਇਹ ਇਫੈਕਟ ਹੋਰ ਵੀ ਡਰਾਉਣਾ ਬਣ ਗਿਆ ਕਿਉਂਕਿ ਲੋਕ ਸਿਰਫ਼ ਦੇਖ ਹੀ ਨਹੀਂ ਰਹੇ ਸਨ, ਉਹ ਇਸ ਨੂੰ ਕੰਟੈਂਟ ਬਣਾ ਰਹੇ ਸਨ।

ਤਰਨਤਾਰਨ ਬੱਸ ਅੱਡੇ ’ਤੇ ਐਤਵਾਰ ਨੂੰ ਵਾਪਰੀ ਘਟਨਾ ਨੇ ਪੰਜਾਬ ਦੀ ਸਮਾਜਿਕ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 22 ਸਾਲਾ ਜਗਜੀਤ ਸਿੰਘ ਉਰਫ਼ ਜੱਗਾ ਨੂੰ ਉਸ ਦੀ ਪਤਨੀ ਦੇ ਭਰਾਵਾਂ ਨੇ ਸਰੇਆਮ ਚਾਕੂਆਂ ਨਾਲ ਲਗਾਤਾਰ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਕਤਲ ਗ਼ੈਰਤ ਜਾਂ ਅਣਖ ਦੇ ਨਾਂ ’ਤੇ ਹੋਇਆ ਪਰ ਇਸ ਘਟਨਾ ਦੀ ਅਸਲੀ ਭਿਆਨਕਤਾ ਸਿਰਫ਼ ਕਤਲ ’ਚ ਨਹੀਂ, ਸਗੋਂ ਉਸ ਭੀੜ ’ਚ ਹੈ, ਜੋ ਇਸ ਖ਼ੂਨੀ ਖੇਡ ਨੂੰ ਵੇਖਦੀ ਰਹੀ ਤੇ ਮੋਬਾਈਲ ਫੋਨਾਂ ਨਾਲ ਵੀਡੀਓ ਬਣਾਉਂਦੀ ਰਹੀ। ਕਿਸੇ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਦ੍ਰਿਸ਼ ਸਾਡੀ ਸਮਾਜਿਕ ਇਕੱਲਤਾ ਤੇ ਰੂੜ੍ਹੀਵਾਦੀ ਮਾਨਸਿਕਤਾ ਦਾ ਸਬੂਤ ਹੈ। ਜੱਗੇ ਨੇ ਕੁਝ ਹਫ਼ਤੇ ਪਹਿਲਾਂ ਨੌਰੰਗਾਬਾਦ ਪਿੰਡ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਲੜਕੀ ਦਾ ਪਰਿਵਾਰ ਇਸ ਰਿਸ਼ਤੇ ਨੂੰ ਮੰਨਣ ਲਈ ਤਿਆਰ ਨਹੀਂ ਸੀ। ਐਤਵਾਰ ਨੂੰ ਲੜਕੀ ਦੀ ਮਾਂ ਉਸ ਨੂੰ ਮਿਲਣ ਆਈ ਸੀ ਤੇ ਜੱਗਾ ਉਸ ਨੂੰ ਬੱਸ ਅੱਡੇ ਛੱਡਣ ਆਇਆ ਸੀ। ਉੱਥੇ ਉਸ ਦੇ ਸਾਲਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁਝ ਸਕਿੰਟਾਂ ’ਚ ਹੀ ਕਈ ਦਰਜਨਾਂ ਵਾਰ ਹੋਏ। ਹਾਲਾਂਕਿ ਬਾਅਦ ’ਚ ਇਕ ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ ਜਦਕਿ ਦੂਜਾ ਫਰਾਰ ਹੋ ਗਿਆ ਪਰ ਮੌਜੂਦ ਲੋਕਾਂ ਨੇ ਬਚਾਅ ਕਰਨ ਦੀ ਬਜਾਏ ਰਿਕਾਰਡਿੰਗ ਨੂੰ ਤਰਜੀਹ ਦਿੱਤੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ। ਇਸ ਤੋਂ ਵੱਡਾ ਸਮਾਜਿਕ ਪਤਨ ਕੀ ਹੋ ਸਕਦਾ ਹੈ? ਇਹ ਘਟਨਾ ਇਕੱਲੀ ਨਹੀਂ। ਪੰਜਾਬ ’ਚ ਗ਼ੈਰਤ ਖ਼ਾਤਰ ਕਤਲਾਂ ਦੀ ਇਕ ਲੰਬੀ ਲੜੀ ਹੈ। ਪ੍ਰੇਮ ਵਿਆਹ ਕਰਵਾਉਣ ’ਤੇ ਕੁੜੀਆਂ-ਮੁੰਡਿਆਂ ਨੂੰ ਮਾਰ ਦੇਣ ਦੀਆਂ ਘਟਨਾਵਾਂ ਵਾਰ-ਵਾਰ ਸਾਹਮਣੇ ਆਉਂਦੀਆਂ ਹਨ। ਕਈ ਵਾਰ ਇਹ ਕਤਲ ਘਰਾਂ ਅੰਦਰ ਹੁੰਦੇ ਹਨ, ਕਈ ਵਾਰ ਖੁੱਲ੍ਹੀਆਂ ਥਾਵਾਂ ਉੱਤੇ। ਖ਼ਤਰਨਾਕ ਰੁਝਾਨ ਇਹ ਹੈ ਕਿ ਹਿੰਸਾ ਨੂੰ ਰਿਕਾਰਡ ਕਰਨ ਵਾਲੀ ਭੀੜ ਹੁਣ ਆਮ ਹੋ ਗਈ ਹੈ। ਘਟਨਾ ਕੋਈ ਵੀ ਹੋਵੇ, ਲੋਕ ਪਹਿਲਾਂ ਫੋਨ ਕੱਢਦੇ ਹਨ। ਇਸ ਮਾਨਸਿਕਤਾ ਨੂੰ ‘ਬਾਈਸਟੈਂਡਰ ਇਫੈਕਟ’ ਕਿਹਾ ਜਾਣ ਲੱਗਾ ਹੈ, ਜਿੱਥੇ ਹਰ ਕੋਈ ਸੋਚਦਾ ਹੈ ਕਿ ਕੋਈ ਹੋਰ ਬਚਾਵੇਗਾ ਪਰ ਤਰਨਤਾਰਨ ਦੀ ਘਟਨਾ ’ਚ ਇਹ ਇਫੈਕਟ ਹੋਰ ਵੀ ਡਰਾਉਣਾ ਬਣ ਗਿਆ ਕਿਉਂਕਿ ਲੋਕ ਸਿਰਫ਼ ਦੇਖ ਹੀ ਨਹੀਂ ਰਹੇ ਸਨ, ਉਹ ਇਸ ਨੂੰ ਕੰਟੈਂਟ ਬਣਾ ਰਹੇ ਸਨ। ਦਰਅਸਲ, ਰੂੜ੍ਹੀਵਾਦੀ ਮਾਨਸਿਕਤਾ ਔਰਤ ਨੂੰ ਪਰਿਵਾਰ ਦੀ ਮਲਕੀਅਤ ਸਮਝਦੀ ਹੈ ਅਤੇ ਉਸ ਦੀ ਮਰਜ਼ੀ ਨੂੰ ਅਣਖ ’ਤੇ ਸੱਟ। ਇਸ ਮਾਨਸਿਕਤਾ ਨਾਲ ਨਜਿੱਠਣ ਲਈ ਸਿਰਫ਼ ਕਾਨੂੰਨੀ ਕਾਰਵਾਈ ਕਾਫ਼ੀ ਨਹੀਂ, ਅਸਲ ਲੜਾਈ ਵਿਚਾਰਾਂ ਦੀ ਹੈ। ਪਹਿਲਾਂ ਤਾਂ ਸਮਝਣਾ ਹੋਵੇਗਾ ਕਿ ਅਣਖ ਖ਼ੂਨ ਵਹਾਉਣ ’ਚ ਨਹੀਂ, ਸਗੋਂ ਧੀਆਂ-ਪੁੱਤਰਾਂ ਦੀ ਖ਼ੁਸ਼ੀ ’ਚ ਹੈ। ਸਕੂਲਾਂ ਤੇ ਕਾਲਜਾਂ ’ਚ ਲਿੰਗ ਸਮਾਨਤਾ, ਵਿਆਹ ਦੀ ਆਜ਼ਾਦੀ ਤੇ ਹਿੰਸਾ ਖ਼ਿਲਾਫ਼ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਧਾਰਮਿਕ ਸਥਾਨਾਂ ’ਤੇ ਵੀ ਗ਼ੈਰਤੀ ਕਤਲਾਂ ਨੂੰ ਗੁਨਾਹ ਕਹਿ ਕੇ ਰੱਦ ਕੀਤਾ ਜਾਣਾ ਚਾਹੀਦਾ ਹੈ। ਭੀੜ ਦੀ ਇਕੱਲਤਾ ਨਾਲ ਨਜਿੱਠਣਾ ਵੀ ਜ਼ਰੂਰੀ ਹੈ। ਜੇਕਰ ਕੋਈ ਹਿੰਸਾ ਵੇਖਦਾ ਹੈ ਤਾਂ ਉਸ ਦਾ ਫਰਜ਼ ਹੈ ਕਿ ਉਹ ਮਦਦ ਕਰੇ ਜਾਂ ਘੱਟੋ-ਘੱਟ ਪੁਲਿਸ ਨੂੰ ਬੁਲਾਵੇ। ਵੀਡੀਓ ਬਣਾਉਣਾ ਤੇ ਉਸ ਨੂੰ ਫੈਲਾਉਣਾ ਇਕ ਤਰੀਕੇ ਨਾਲ ਹਿੰਸਾ ਨੂੰ ਉਤਸ਼ਾਹਤ ਕਰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਅਜਿਹੀਆਂ ਵੀਡੀਓਜ਼ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਗ਼ੈਰਤ ਖ਼ਾਤਰ ਕਤਲਾਂ ਨੂੰ ਖ਼ਾਸ ਕਾਨੂੰਨੀ ਧਾਰਾਵਾਂ ਹੇਠ ਲਿਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਮਾਮਲਿਆਂ ’ਚ ਸਖ਼ਤ ਸਜ਼ਾ ਯਕੀਨੀ ਬਣ ਸਕੇ। ਅਸਲ ’ਚ ਤਾਂ ਜਦੋਂ ਤੱਕ ਅਸੀਂ ਗ਼ੈਰਤ ਦੇ ਨਾਂ ’ਤੇ ਹੋਣ ਵਾਲੀ ਹਿੰਸਾ ਨੂੰ ਗੁਨਾਹ ਨਹੀਂ ਕਹਾਂਗੇ, ਔਰਤ ਦੀ ਮਰਜ਼ੀ ਨੂੰ ਪਰਿਵਾਰ ਦੀ ਇੱਜ਼ਤ ਤੋਂ ਉੱਪਰ ਨਹੀਂ ਰੱਖਾਂਗੇ ਤੇ ਜਦੋਂ ਤੱਕ ਅਸੀਂ ਖ਼ੂਨੀ ਦ੍ਰਿਸ਼ਾਂ ਨੂੰ ਵੀਡੀਓ ਬਣਾਉਣ ਦੀ ਬਜਾਏ ਰੋਕਣ ਦੀ ਹਿੰਮਤ ਨਹੀਂ ਕਰਾਂਗੇ, ਅਜਿਹੀਆਂ ਘਟਨਾਵਾਂ ਜਾਰੀ ਰਹਿਣਗੀਆਂ। ਤਰਨਤਾਰਨ ਦਾ ਇਹ ਕਤਲ ਸਿਰਫ਼ ਇਕ ਨੌਜਵਾਨ ਦੀ ਮੌਤ ਨਹੀਂ, ਸਗੋਂ ਸਾਡੀ ਸਮਾਜਿਕ ਨਾਕਾਮੀ ਦਾ ਪ੍ਰਤੀਕ ਹੈ। ਹੁਣ ਸਮਾਂ ਹੈ ਕਿ ਇਸ ਰੂੜ੍ਹੀਵਾਦੀ ਮਾਨਸਿਕਤਾ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ ਤੇ ਅਸਲ ਅਣਖ ਨੂੰ ਮਨੁੱਖੀ ਜੀਵਨ ਦੀ ਰਾਖੀ ’ਚ ਲੱਭੀਏ।