- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਗੁੰਝਲ ਸਮੱਸਿਆਵਾਂ ਦਾ ਤੱਤ-ਫਟ ਹੱਲ ਕਰਨ ਦੇ ਸਮਰੱਥ ਹੈ। ਇਹ ਕੈਂਸਰ ਵਰਗੀਆਂ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਤੇ ਊਰਜਾ-ਸੰਕਟ ਜਿਹੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲੱਭਣ ’ਚ ਮਨੁੱਖਤਾ ਦੀ ਮਦਦ ਕਰ ਰਹੀ ਹੈ। ਇਸ ’ਚ ਚੇਤਨਾ ਦੀ ਘਾਟ ਹੈ। ਮੌਜੂਦਾ ਏਆਈ ਸਿਸਟਮ ਸਿਰਫ਼ ਡਾਟਾ ਤੇ ਐਲਗੋਰਿਦਮ ਦੇ ਅਧਾਰ ’ਤੇ ਕੰਮ ਕਰਦੇ ਹਨ। ਉਨ੍ਹਾਂ ’ਚ ਮਨੁੱਖਾਂ ਵਾਂਗ ਭਾਵਨਾਵਾਂ, ਇੱਛਾਵਾਂ ਜਾਂ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ।

ਏਆਈ ਖੋਜ ਕੰਪਨੀ ਐਂਥਰੋਪਿਕ ਦੇ ਖੋਜਕਾਰ ਜੈਕਬ ਕੌਕਸਨ ਦੀ ਚੇਤਾਵਨੀ ਨਾਲ ਨਵੇਂ ਸਿਰੇ ਤੋਂ ਏਆਈ ਸੰਬੰਧੀ ਦੁਨੀਆਂ ਭਰ ’ਚ ਚਰਚਾ ਸ਼ੁਰੂ ਹੋ ਗਈ ਹੈ। ਇਹ ਚਰਚਾ ਕੇਵਲ ਤਕਨੀਕ ਦੇ ਵਿਕਾਸ ਤੱਕ ਸੀਮਤ ਨਹੀਂ ਹੈ ਸਗੋਂ ਏਆਈ ਬਨਾਉਣ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ, ਵਿਗਿਆਨੀਆਂ ਤੇ ਚਰਚਿਤ ਨੇਤਾਵਾਂ ਵੱਲੋਂ ਦਿੱਤੀਆਂ ਚੇਤਾਵਨੀਆਂ ਕਾਰਨ ਸ਼ੁਰੂ ਹੋਈ ਹੈ। ਉਪ-ਕੁਲਪਤੀਆਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਵੀ ਸਮਾਜਕ, ਮਾਨਵੀ ਤੌਰ ਏਆਈ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ’ਤੇ ਜ਼ੋਰ ਦਿੱਤਾ ਹੈ। ਗੱਲ ਹੁਣ ਇਸ ਤੋਂ ਅੱਗੇ ਨਿਕਲ ਗਈ ਹੈ। ਜੈਕਬ ਕੌਕਸਨ ਨੇ ਕਿਹਾ ਹੈ ਕਿ ਨੇੜੇ-ਭਵਿੱਖ ’ਚ ਇਹ ਮਨੁੱਖ ਜਾਤੀ ਲਈ ਹੀ ਖ਼ਤਰਾ ਬਣ ਸਕਦੀ ਹੈ। ਲਗਾਤਾਰ ਵੱਧਦੀ ਤਾਕਤ ਨਾਲ ਸੁਰੱਖਿਆ ਸੰਬੰਧੀ ਚਿੰਤਾ ਪੈਦਾ ਹੋ ਗਈ ਹੈ। ਹਰੇਕ ਕੰਪਨੀ ਇਸ ਨੂੰ ਹੋਰ ਤੇਜ਼, ਹੋਰ ਸਮਰੱਥ ਬਨਾਉਣ ’ਤੇ ਲੱਗੀ ਹੋਈ ਹੈ। ਜਿਸ ਦਿਨ ਅਜਿਹਾ ਸੰਭਵ ਹੋ ਗਿਆ ਤਾਂ ਏਆਈ ਸਿਸਟਮ ਦੇ ਫ਼ੈਸਲਿਆਂ ਨੂੰ ਸਮਝਣਾ ਤੇ ਉਨ੍ਹਾਂ ’ਤੇ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਅਜਿਹੇ ਸਮੇਂ ਸਥਿਤੀ ਗੰਭੀਰ ਹੋ ਸਕਦੀ ਹੈ। ਵਿਸ਼ੇਸ਼ ਕਰਕੇ ਜਦੋਂ ਏਆਈ ਨੂੰ ਖ਼ੁਦ ਫ਼ੈਸਲੇ ਲੈਣ ਦੇ ਸਮਰੱਥ ਬਣਾ ਦਿੱਤਾ ਗਿਆ ਤਾਂ ਮਨੁੱਖ ਜਾਤੀ ਲਈ ਹੀ ਖ਼ਤਰੇ ਖੜੇ ਹੋ ਜਾਣਗੇ। ਮਾਰਚ 2023 ’ਚ ਵੀ ਅਜਿਹੀ ਚਿੰਤਾ ਪ੍ਰਗਟਾਈ ਗਈ ਸੀ। ਉਦੋਂ ਇਸ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਬਹੁਤ ਤਾਕਤਵਾਰ ਏਆਈ ਮਾਡਲਾਂ ਦੇ ਵਿਕਾਸ ਨੂੰ ਕੁਝ ਸਮੇਂ ਲਈ ਰੋਕਣ ਤੇ ਉਨ੍ਹਾਂ ਦੀ ਸੁਰੱਖਿਆ ਤੇ ਪ੍ਰਭਾਵਾਂ ਦਾ ਗੰਭੀਰ ਅਧਿਐਨ ਕਰਨ ਦੀ ਸਲਾਹ ਦਿੱਤੀ ਸੀ। ਇਹੀ ਨਹੀਂ ਇਸ ਨਾਲ ਅਨੇਕ ਹੋਰ ਖ਼ਤਰੇ ਤੇ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ। ਏਆਈ ਤੇ ਆਟੋਮੇਸ਼ਨ ਕਾਰਨ ਬਹੁਤ ਸਾਰੇ ਰਵਾਇਤੀ ਕੰਮ ਮਸ਼ੀਨਾਂ ਦੁਆਰਾ ਕੀਤੇ ਜਾ ਰਹੇ ਹਨ। ਡਾਟਾ ਐਂਟਰੀ ਤੋਂ ਲੈ ਕੇ ਗਾਹਕ ਸੇਵਾ ਤੇ ਇਥੋਂ ਤੱਕ ਕਿ ਸਿਰਜਣਾਤਮਕ ਤੇ ਵਿਸ਼ਲੇਸ਼ਣਾਤਮਕ ਕੰਮਾਂ ’ਚ ਵੀ ਮਨੁੱਖ ਦੀ ਥਾਂ ਏ ਆਈ ਲੈ ਰਹੀ ਹੈ, ਜਿਸ ਨਾਲ ਆਰਥਕ ਅਸਮਾਨਤਾ ਤੇ ਬੇਰੁਜ਼ਗਾਰੀ ਵੱਧ ਰਹੀ ਹੈ। ਗ਼ਲਤ ਜਾਣਕਾਰੀ ਤੇ ਛੇੜਛਾੜ ਦੀ ਸਮੱਸਿਆ ਨਾਲ ਸਮਾਜ ਤੇ ਸਰਕਾਰਾਂ ਪਹਿਲਾਂ ਹੀ ਜੂਝ ਰਹੀਆਂ ਹਨ। ਏਆਈ ਦੁਆਰਾ ਤਿਆਰ ਕੀਤੀਆਂ ਡੀਪਫੇਕ ਵੀਡੀਓ, ਤਸਵੀਰਾਂ ਤੇ ਆਵਾਜ਼ਾਂ ਨੇ ਸੱਚ ਤੇ ਝੂਠ ਵਿਚਾਲੇ ਫ਼ਰਕ ਕਰਨਾ ਔਖਾ ਕਰ ਦਿੱਤਾ ਹੈ। ਇਸ ਦੀ ਵਰਤੋਂ ਝੂਠੀਆਂ ਖ਼ਬਰਾਂ ਫੈਲਾਉਣ, ਚੋਣਾਂ ਨੂੰ ਪ੍ਰਭਾਵਤ ਕਰਨ ਤੇ ਸਮਾਜਿਕ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ। ਇਸ ਦੀ ਖ਼ੁਦਮੁਖਤਿਆਰ ਹਥਿਆਰ ਵਜੋਂ ਵਰਤੋਂ ਹੋ ਸਕਦੀ ਹੈ। ਫ਼ੌਜੀ ਖੇਤਰ ’ਚ ਅਜਿਹੇ ਹਥਿਆਰਾਂ ਦਾ ਵਿਕਾਸ ਹੋ ਰਿਹਾ ਹੈ, ਜਿਹੜੇ ਮਨੁੱਖੀ ਦਖ਼ਲ ਜਾਂ ਕਮਾਂਡ ਤੋਂ ਬਿਨਾਂ ਟੀਚੇ ਚੁਣ ਕੇ ਹਮਲਾ ਕਰ ਸਕਦੇ ਹਨ। ਜੇਕਰ ਇਹ ਤਕਨੀਕ ਗ਼ਲਤ ਹੱਥਾਂ ’ਚ ਚਲੀ ਜਾਂਦੀ ਹੈ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਇਹ ਵੀ ਚਿੰਤਾ ਹੈ ਕਿ ਭਵਿੱਖ ’ਚ ਮਨੁੱਖ ਦਾ ਇਸ ਤੋਂ ਕੰਟਰੋਲ ਖ਼ਤਮ ਹੋ ਸਕਦਾ ਹੈ। ਏਆਈ ਦੇ ਅਜਿਹੇ ‘ਸੁਪਰ- ਇੰਟੈਲੀਜੈਂਸ’ ਪੱਧਰ ਦੇ ਮਾਡਲ ਮਨੁੱਖ ਲਈ ਘਾਤਕ ਸਿੱਧ ਹੋ ਸਕਦੇ ਹਨ। ਦੂਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਦੀ ਇਕ ਸਾਧਨ ਦੇ ਰੂਪ ’ਚ ਸੁਚੱਜੀ ਵਰਤੋਂ ਹੋ ਰਹੀ ਹੈ। ਉਪਰੋਕਤ ਚਿੰਤਾਵਾਂ ਦੇ ਪ੍ਰਸੰਗ ’ਚ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਏਆਈ ਆਪਣੇ ਆਪ ’ਚ ਕੋਈ ਬੁਰੀ ਤਾਕਤ ਜਾਂ ਜੀਵ ਨਹੀਂ ਹੈ। ਇਹ ਮਨੁੱਖ ਦੁਆਰਾ ਬਣਾਇਆ ਗਿਆ ਇਕ ਤਕਨੀਕੀ ਔਜ਼ਾਰ ਹੈ। ਇਹ ਗੁੰਝਲ ਸਮੱਸਿਆਵਾਂ ਦਾ ਤੱਤ-ਫਟ ਹੱਲ ਕਰਨ ਦੇ ਸਮਰੱਥ ਹੈ। ਇਹ ਕੈਂਸਰ ਵਰਗੀਆਂ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਤੇ ਊਰਜਾ-ਸੰਕਟ ਜਿਹੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲੱਭਣ ’ਚ ਮਨੁੱਖਤਾ ਦੀ ਮਦਦ ਕਰ ਰਹੀ ਹੈ। ਇਸ ’ਚ ਚੇਤਨਾ ਦੀ ਘਾਟ ਹੈ। ਮੌਜੂਦਾ ਏਆਈ ਸਿਸਟਮ ਸਿਰਫ਼ ਡਾਟਾ ਤੇ ਐਲਗੋਰਿਦਮ ਦੇ ਅਧਾਰ ’ਤੇ ਕੰਮ ਕਰਦੇ ਹਨ। ਉਨ੍ਹਾਂ ’ਚ ਮਨੁੱਖਾਂ ਵਾਂਗ ਭਾਵਨਾਵਾਂ, ਇੱਛਾਵਾਂ ਜਾਂ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ। ਇਸ ਲਈ ਉਹ ਆਪਣੇ ਆਪ ਜਾਣਬੁੱਝ ਕੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾਂ ਨਹੀਂ ਬਣਾ ਸਕਦੇ। ਦੁਨੀਆਂ ਦੇ ਵੱਖ-ਵੱਖ ਦੇਸ਼ ਆਪਣੀਆਂ ਜ਼ਰੂਰਤਾਂ ਅਨੁਸਾਰ ਨਿਯਮ-ਕਾਨੂੰਨ ਬਣਾ ਰਹੇ ਹਨ। ਇਸ ਦਿਸ਼ਾ ’ਚ ਯੂਰਪੀਅਨ ਯੂਨੀਅਨ ਨੇ ਪਹਿਲ ਕੀਤੀ ਹੈ। ਅਮਰੀਕਾ ’ਚ ਸੂਬਿਆਂ ਦੀ ਪੱਧਰ ’ਤੇ ਕਾਨੂੰਨ ਬਣ ਰਹੇ ਹਨ। ਚੀਨ ਵਿਚ ਵੱਖ-ਵੱਖ ਖੇਤਰਾਂ ਲਈ ਛੇ ਵੱਖ-ਵੱਖ ਨਿਯਮ ਲਾਗੂ ਹਨ। ਭਾਰਤ ’ਚ ਅਜਿਹਾ ਕੋਈ ਨਿਯਮ-ਕਾਨੂੰਨ ਨਹੀਂ ਹੈ ਪਰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਲੋੜ ਇਸ ਗੱਲ ਦੀ ਹੈ ਕਿ ਨਿਯਮ-ਕਾਨੂੰਨ ਇੰਨੇ ਸਖ਼ਤ ਨਾ ਹੋਣ ਕਿ ਤਕਨੀਕ ਦਾ ਵਿਕਾਸ ਰੁਕ ਜਾਵੇ। ਇੰਨੇ ਢਿੱਲ੍ਹੇ ਵੀ ਨਾ ਹੋਣ ਕਿ ਸੁਰੱਖਿਆ ਤੇ ਨਿੱਜਤਾ ਨੂੰ ਖ਼ਤਰਾ ਪੈਦਾ ਹੋਵੇ।
-ਪ੍ਰੋ. ਕੁਲਬੀਰ ਸਿੰਘ।