- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਤਾਂ ਸਿਰਫ਼ ਟਾਹਣੀਆਂ ਹੀ ਕੱਟੀਆਂ ਸਨ ਤੇ ਚਿੜੀਆਂ ਦੇ ਇਸ ਵਿਰਲਾਪ ਲਈ ਜ਼ਿੰਮੇਵਾਰ ਵੀ ਸਾਂ ਪਰ ਆਸੇ-ਪਾਸੇ ਹੋ ਰਹੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨੇ ਇਨ੍ਹਾਂ ਪੰਛੀਆਂ ਦੀ ਹੋਂਦ ਤੇ ਭਵਿੱਖ ਬਾਰੇ ਸਵਾਲੀਆ ਨਿਸ਼ਾਨ ਮੇਰੀਆਂ ਸੋਚਾਂ ਵਿਚ ਲਗਾ ਦਿੱਤੇ ਸਨ ਕਿਉਂਕਿ ਇਹ ਹਰੇ-ਭਰੇ ਰੁੱਖ ਹੀ ਤਾਂ ਇਨ੍ਹਾਂ ਪੰਛੀਆਂ ਦੀਆਂ ਪਸੰਦੀਦਾ ਰਿਹਾਇਸ਼ਗਾਹਾਂ ਹੁੰਦੀਆਂ ਹਨ।

ਹਰ ਜੀਵ ਦਾ ਆਪਣਾ ਘਰ ਹੁੰਦਾ ਹੈ। ਤੀਲੇ-ਡੱਕਿਆਂ ਨਾਲ ਬਣਿਆ ਕਿਸੇ ਰੁੱਖ ਦੀ ਟਾਹਣੀ ’ਤੇ ਲਟਕਿਆ ਆਲ੍ਹਣਾ ਹੋਵੇ ਜਾਂ ਕੋਈ ਡੂੰਘੀ ਖੁੱਡ ਜਾਂ ਫਿਰ ਇੱਟਾਂ, ਰੇਤ ਬਜਰੀ, ਸੀਮੈਂਟ ਨਾਲ ਉਸਰਿਆ ਹੋਇਆ ਘਰ ਹੋਵੇ, ਘਰ ਤਾਂ ਘਰ ਹੀ ਹੁੰਦੇ ਹਨ।‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ’। ਜੀਵਨ ਦੀ ਮੁੱਢਲੀ ਲੋੜ ਇਹ ਘਰ ਹੀ ਹਨ। ਜ਼ਿੰਦਗੀ ਘਰ ਤੋਂ ਹੀ ਆਪਣੇ ਪੈਰ ਅਗਾਂਹ ਪੁੱਟਦੀ ਹੈ।
ਡੱਕੇ-ਤੀਲਿਆਂ ਨਾਲ ਬਣੇ ਆਲ੍ਹਣਿਆਂ ਨੂੰ ਕੋਈ ਰੰਗ-ਰੋਗਨ ਨਹੀਂ ਹੁੰਦਾ ਤੇ ਕੋਈ ਤਸਵੀਰ ਇਸ ’ਚ ਲਟਕਦੀ ਨਹੀਂ ਹੁੰਦੀ ਪਰ ਇਹ ਕਲਾਕਾਰੀ ਦਾ ਉੱਤਮ ਨਮੂਨਾ ਹੁੰਦੇ ਹਨ। ਆਲ੍ਹਣੇ ਬਣਾਉਂਦੇ ਪੰਛੀ ਬਹੁਤ ਮਨਮੋਹਕ ਲੱਗਦੇ ਹਨ। ਇਨ੍ਹਾਂ ’ਚੋਂ ਉਡਾਰੀ ਮਾਰਦੇ ਤੇ ਬੋਟਾਂ ਨੂੰ ਚੋਗ ਖੁਆਉਂਦੇ ਪੰਛੀਆਂ ਨੂੰ ਮੈਂ ਬੜਾ ਨੇੜਿਓਂ ਹੋ ਕੇ ਦੇਖਿਆ ਹੈ। ਮੇਰੇ ਘਰ ਦੇ ਵਿਹੜੇ ’ਚ ਤਿੰਨ ‘ਅਸ਼ੋਕਾ ਟ੍ਰੀ’ ਸਨ ਜੋ ਵਰ੍ਹੇ ਬੀਤਣ ਨਾਲ ਕਾਫ਼ੀ ਵੱਡੇ ਹੋ ਗਏ ਸਨ। ਇਨ੍ਹਾਂ ਦੀ ਹਰਿਆਵਲ ਮਨ ਨੂੰ ਭਾਉਂਦੀ ਸੀ। ਹਵਾ ਨਾਲ ਝੂਮਦੀਆਂ ਟਾਹਣੀਆਂ ਥੱਕੀਆਂ ਅੱਖਾਂ ਨੂੰ ਬੜਾ ਆਨੰਦ ਤੇ ਸਕੂਨ ਦਿੰਦੀਆਂ। ਪਰ ਇਸ ਵਾਰ ਕੁਝ ਰੁਝੇਵਿਆਂ ਕਾਰਨ ਮੈਂ ਇਨ੍ਹਾਂ ਵੱਲ ਕੋਈ ਖ਼ਾਸ ਤਵੱਜੋ ਨਾ ਦੇ ਸਕਿਆ ਤੇ ਇਹ ਬਹੁਤ ਲੰਮੇ-ਉੱਚੇ ਹੋ ਕੇ ਆਸੇ ਪਾਸੇ ਫੈਲ ਗਏ।
ਖ਼ੂਬਸੂਰਤ ਤਾਂ ਬਹੁਤ ਲੱਗਦੇ ਸਨ ਪਰ ਮਨ ’ਚ ਲੁਕਿਆ ਕੋਈ ਡਰ-ਭੈਅ ਵੀ ਸੀ। ਟਾਹਣੀਆਂ ਇਨ੍ਹਾਂ ਦੀਆਂ ਬਹੁਤ ਲਚਕਦਾਰ ਹੁੰਦੀਆਂ ਹਨ ਤੇ ਤੇਜ਼ ਹਵਾ ਨਾਲ ਇਹ ਇਕ ਪਾਸੇ ਲਿਫ ਜਾਂਦੀਆਂ ਹਨ। ਮੈਨੂੰ ਪਤਾ ਸੀ ਕਿ ਇਨ੍ਹਾਂ ਵਿਚ ਹੁਣ ਕੋਈ ਆਲ੍ਹਣਾ ਨਹੀਂ ਸੀ ਪਰ ਚਿੱਟੀ ਤੇ ਕਾਲੇ ਰੰਗ ਦੀਆਂ ਧਾਰੀਆਂ ਵਾਲੀਆਂ ਚਿੜੀਆਂ ਇਨ੍ਹਾਂ ਉੱਤੇ ਬੈਠਣ ਲਈ ਆਉਂਦੀਆਂ ਜ਼ਰੂਰ ਸਨ। ਆਉਂਦੀਆਂ, ਬੈਠਦੀਆਂ, ਚਹਿਕਦੀਆਂ ਤੇ ਉੱਡ ਜਾਂਦੀਆਂ। ਲੰਮੀਆਂ ਹੋਈਆਂ ਟਾਹਣੀਆਂ ਨੂੰ ਜਦ ਮੈਂ ਕੱਟਣ ਲਈ ਸੋਚਦਾ ਤਾਂ ਮੈਨੂੰ ਇਹੋ ਡਰ ਲੱਗਾ ਰਹਿੰਦਾ ਕਿ ਇਹ ਕਿਧਰੇ ਮੈਥੋਂ ਡਰ ਨਾ ਜਾਣ।
ਹਕੀਕਤ ਇਹ ਹੈ ਕਿ ਮਨੁੱਖ ਅੰਦਰ ਬੈਠਿਆ ਡਰ ਕਦੇ ਵੀ ਚੰਗਾ ਨਹੀਂ ਹੁੰਦਾ ਪਰ ਇਸ ਵਾਰ ਮੇਰਾ ਡਰ ਮੈਨੂੰ ਇਸ ਕਰਕੇ ਵਧੇਰੇ ਡਰਾਉਣ ਲੱਗਾ ਸੀ ਕਿਉਂਕਿ ਇਨ੍ਹਾਂ ਰੁੱਖਾਂ ਦੀਆਂ ਟਾਹਣੀਆਂ ਬਾਹਰ ਗਲੀ ਵਾਲੇ ਪਾਸੇ ਲਮਕ ਕੇ ਆਉਣ-ਜਾਣ ਵਾਲਿਆਂ ਲਈ ਔਖ ਬਣ ਗਈਆਂ ਸਨ। ‘ਅੱਜ ਦਾ ਕੰਮ ਕੱਲ੍ਹ ’ਤੇ ਕਦੇ ਨਾ ਛੱਡੋ’ ਦੀ ਸੋਚ ਮੇਰੇ ਅੰਦਰ ਸੀ ਪਰ ਕੁਝ ਅਣਸੁਖਾਵੇਂ ਰੁਝੇਵਿਆਂ ਕਾਰਨ ਬੇਵੱਸ ਸਾਂ ਤੇ ਇਸੇ ਵਜ੍ਹਾ ਕਾਰਨ ਹੀ ਇਹ ਉੱਚੀਆਂ-ਲੰਮੀਆਂ ਟਾਹਣੀਆਂ ਕੱਟਣ ’ਚ ਟਾਲ-ਮਟੋਲ ਕਰਦਾ ਰਿਹਾ ਸਾਂ। ਕੁਝ ਗੱਲਾਂ ਕੁਦਰਤ ਸਾਡੇ ਤੋਂ ਲੁਕੋ ਕੇ ਰੱਖਦੀ ਹੈ। ਬੀਤੇ ਦਿਨੀਂ ਅਚਨਚੇਤ ਝੱਖੜ ਝੁੱਲਣ ਕਾਰਨ ਇਹ ਚੰਗੇ-ਭਲੇ ਖੜ੍ਹੇ ਰੁੱਖ ਜਿਵੇਂ ਹਾਲੋਂ-ਬੇਹਾਲ ਹੋ ਗਏ ਹੋਣ। ਟਾਹਣੀਆਂ ਪੂਰੀ ਤਰ੍ਹਾਂ ਦੂਹਰੀਆਂ ਹੋ ਗਈਆਂ।
ਗਲੀ ਵਿਚ ਲੰਘ ਰਹੀਆਂ ਤਾਰਾਂ ਉੱਪਰ ਪੈ ਰਹੇ ਇਨ੍ਹਾਂ ਵਿੰਗੀਆਂ-ਟੇਢੀਆਂ ਹੋਈਆਂ ਟਾਹਣੀਆਂ ਦੇ ਦਬਾਅ ਨਾਲ ਨੁਕਸਾਨ ਹੋਣ ਦਾ ਖ਼ਦਸ਼ਾ ਸੀ। ਇਸ ਲਈ ਇਨ੍ਹਾਂ ਦੀ ਕਟਾਈ ਤੇ ਕੁਝ ਨੂੰ ਛਾਂਗਣਾ ਜ਼ਰੂਰੀ ਸੀ। ਨਾ ਚਾਹੁੰਦੇ ਹੋਏ ਵੀ ਮੈਂ ਇਨ੍ਹਾਂ ਉੱਪਰ ਆਰੀ ਚਲਾਉਣ ਲੱਗਾ। ਪਤਾ ਹੀ ਨਾ ਲੱਗਾ ਕਿ ਵੀਹ-ਪੱਚੀ ਚਿੜੀਆਂ ਕਿਸ ਪਾਸਿਓਂ ਉਸ ਵੇਲੇ ਆਈਆਂ ਤੇ ਇਹ ਝੁਰਮਟ ਚੀਂ-ਚੀਂ ਕਰਨ ਲੱਗਾ। ਕਦੇ ਇੱਧਰ, ਕਦੇ ਉੱਧਰ। ਇਕ-ਦੋ ਨੂੰ ਤਾਂ ਮੈਂ ਬਨੇਰੇ ’ਤੇ ਬੈਠਿਆਂ ਗੁੱਸੇ ਵਿਚ ਚੁੰਝਾਂ ਮਾਰਦੇ ਵੀ ਤੱਕਿਆ। ਕਾਵਾਂ ਦੀ ਕਾਂ-ਕਾਂ ਦਾ ਰੁਦਨ ਮੈਂ ਕਈ ਵਾਰ ਦੇਖਿਆ-ਸੁਣਿਆ ਸੀ ਪਰ ਚਿੜੀਆਂ ਦਾ ਇਹ ਵਿਰਲਾਪ ਮੇਰੇ ਲਈ ਪਹਿਲਾ ਪਛਤਾਵੇ ਭਰਿਆ ਅਨੁਭਵ ਸੀ। ਆਖ਼ਰ ਥੱਕੀਆਂ-ਹਾਰੀਆਂ ਇਹ ਹੋਰ ਪਾਸੇ ਤਾਂ ਚਲੀਆਂ ਗਈਆਂ ਪਰ ਉਦਾਸ ਮਨ ਨਾਲ ਮੈਂ ਸੋਚੀਂ ਪੈ ਗਿਆ। ਨਵੇਂ ਘਰਾਂ ਦੀ ਭਾਲ ’ਚ ਕਿੱਧਰ ਗਈਆਂ ਹੋਣਗੀਆਂ? ਪਤਾ ਨਹੀਂ ਕਦੋਂ ਪਰਤਣ?
ਇਹ ਸੋਚਣ ਲੱਗਾ। ਸੋਚ ਇਹ ਵੀ ਸੀ ਕਿ ਇਹ ਚਿੜੀਆਂ, ਪਰਿੰਦੇ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਗੁਜ਼ਰੇ ਜ਼ਮਾਨੇ ’ਚ ‘ਕੁੜੀਆਂ ਚਿੜੀਆਂ’ ਤੇ ‘ਚਿੜੀਆਂ ਦਾ ਚੰਬਾ’ ਆਦਿ ਗੱਲਾਂ ਆਮ ਹੀ ਸੁਣਦੇ ਸਾਂ। ਨਾਨੀ-ਦਾਦੀ ਦੀਆਂ ਕਹਾਣੀਆਂ ਵੀ ਚਿੜੀ-ਕਾਂ ਦੀਆਂ ਹੀ ਹੁੰਦੀਆਂ ਸਨ।
ਮੈਂ ਤਾਂ ਸਿਰਫ਼ ਟਾਹਣੀਆਂ ਹੀ ਕੱਟੀਆਂ ਸਨ ਤੇ ਚਿੜੀਆਂ ਦੇ ਇਸ ਵਿਰਲਾਪ ਲਈ ਜ਼ਿੰਮੇਵਾਰ ਵੀ ਸਾਂ ਪਰ ਆਸੇ-ਪਾਸੇ ਹੋ ਰਹੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨੇ ਇਨ੍ਹਾਂ ਪੰਛੀਆਂ ਦੀ ਹੋਂਦ ਤੇ ਭਵਿੱਖ ਬਾਰੇ ਸਵਾਲੀਆ ਨਿਸ਼ਾਨ ਮੇਰੀਆਂ ਸੋਚਾਂ ਵਿਚ ਲਗਾ ਦਿੱਤੇ ਸਨ ਕਿਉਂਕਿ ਇਹ ਹਰੇ-ਭਰੇ ਰੁੱਖ ਹੀ ਤਾਂ ਇਨ੍ਹਾਂ ਪੰਛੀਆਂ ਦੀਆਂ ਪਸੰਦੀਦਾ ਰਿਹਾਇਸ਼ਗਾਹਾਂ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਮੇਰੇ ਵਿਹੜੇ ’ਚ ਬੇਖ਼ੌਫ਼ ਚਹਿਕਦੀਆਂ ਚਿੜੀਆਂ ਇਸ ਪਿੱਛੋਂ ਮੈਨੂੰ ਕਈ ਦਿਨ ਦਿਖਾਈ ਨਾ ਦਿੱਤੀਆਂ। ਉਨ੍ਹਾਂ ਦੇ ਚਹਿਕਣ ਨਾਲ ਸ਼ੁਰੂ ਹੋਣ ਵਾਲੀ ਸੱਜਰੀ ਸਵੇਰ ਤੇ ਘਰ ਦੇ ਬਨੇਰੇ ਵੀ ਖ਼ਾਲੀ ਤੇ ਸੱਖਣੇ ਜਾਪਦੇ ਸਨ।
ਨਵੀਆਂ ਟਾਹਣੀਆਂ ਆਉਣ ਤੇ ਵਿਹੜੇ ’ਚ ਚਿੜੀਆਂ ਦੇ ਮੁੜ ਚਹਿਕਣ ਤੱਕ ਤਿੰਨ-ਚਾਰ ਮਹੀਨੇ ਤਾਂ ਲੱਗਣੇ ਹੀ ਸਨ ਤੇ ਉਦੋਂ ਤੱਕ ਗੁਆਚੇ ਹੋਏ ਉਨ੍ਹਾਂ ਸੁਨਹਿਰੀ ਪਲਾਂ ਨੂੰ ਮੁੜ ਪਰਤਦੇ ਹੋਏ ਦੇਖਣ ਲਈ ਉਡੀਕਾਂ, ਉਮੀਦਾਂ ਤੇ ਸਬਰ ਰੱਖਣਾ ਹੀ ਪੈਣਾ ਸੀ। ਚਿੜੀਆਂ ਦੇ ਇਸ ਵਿਰਲਾਪ ਨੂੰ ਮਹਿਸੂਸ ਕਰਨਾ ਤੇ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਜ਼ਿਆਦਾਤਰ ਮਨੁੱਖ ਸਮਝਦੇ ਹਨ ਕਿ ਧਰਤੀ ਤਾਂ ਸਿਰਫ਼ ਉਨ੍ਹਾਂ ਲਈ ਹੀ ਬਣਾਈ ਗਈ ਹੈ ਤੇ ਪੂਰੀ ਤਰ੍ਹਾਂ ਇਸ ਉੱਪਰ ਉਨ੍ਹਾਂ ਦਾ ਹੀ ਹੱਕ ਹੈ। ਅਜਿਹਾ ਸੋਚਦਿਆਂ ਉਹ ਭੁੱਲ ਜਾਂਦੇ ਹਨ ਕਿ ਸਾਡੇ ਆਸ-ਪਾਸ ਕੁਦਰਤ ਨੇ ਇਕ ਹੋਰ ਦੁਨੀਆ ਨੂੰ ਵੀ ਸਿਰਜਿਆ ਹੈ। ਅਨੇਕ ਤਰ੍ਹਾਂ ਦੇ ਜੀਵ ਤੇ ਪੰਛੀ ਹਨ ਜਿਨ੍ਹਾਂ ਦੀ ਸੁੰਦਰਤਾ ਦੇਖ ਕੇ ਮਨ ਡੂੰਘੀ ਹੈਰਾਨੀ ਵਿਚ ਡੁੱਬ ਜਾਂਦਾ ਹੈ।
ਇਨ੍ਹਾਂ ਜੀਵਾਂ ਦੀਆਂ ਵੀ ਸਾਡੇ ਵਾਂਗ ਹੀ ਜ਼ਿੰਦਗੀ ਦੀਆਂ ਲੋੜਾਂ ਹਨ ਪਰ ਸਾਡੀ ਸੋਚ ਦੇ ਬੂਹੇ ਇਨ੍ਹਾਂ ਪ੍ਰਤੀ ਬੰਦ ਹਨ। ਅੰਬਰ ਦੀ ਖ਼ੂਬਸੂਰਤੀ ਤੇ ਰੁੱਖਾਂ ਦੀ ਰੌਣਕ ਇਨ੍ਹਾਂ ਕਾਰਨ ਹੀ ਹੈ। ਪਤਾ ਹੀ ਨਹੀਂ ਰਿਹਾ ਸਾਨੂੰ ਕਿ ਵਗਦੀ ਪੌਣ ਦਾ ਵੀ ਸੰਗੀਤ ਹੈ, ਕੋਇਲਾਂ ਤੇ ਬੁਲਬਲਾਂ ਦਾ ਵੀ ਗੀਤ ਹੈ, ਤਾਰਿਆਂ ਦੀ ਲੋਅ ਹੈ, ਫੁੱਲਾਂ-ਪੰਖੜੀਆਂ ਦੀ ਖ਼ੁਸ਼ਬੋ ਹੈ, ਹਰਿਆਵਲ ਦਾ ਰੰਗ ਹੈ ਤੇ ਕੁਦਰਤ ਦੀ ਉਮੰਗ ਹੈ।
ਮਨੁੱਖ ਜ਼ਿੰਦਗੀ ਦੀ ਅੰਨ੍ਹੀ ਭੱਜ-ਦੌੜ ਵਿਚ ਇੰਨਾ ਗੁਆਚ ਗਿਆ ਹੈ ਕਿ ਕੁਦਰਤ ਨੂੰ ਦੇਖਣ ਤੇ ਮਾਣਨ ਦੀ ਵਿਹਲ ਹੀ ਨਹੀਂ ਹੈ ਉਸ ਕੋਲ, ਸਗੋਂ ਇਸ ਨਾਲ ਖਿਲਵਾੜ ਕਰਨ ਦੇ ਰਾਹ ਤੁਰ ਪਿਆ ਹੈ ਜਿਸ ਦੇ ਭਿਆਨਕ ਸਿੱਟੇ ਅਸੀਂ ਝੱਲ ਰਹੇ ਹਾਂ। ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਕਾਰਨ ਆਲਮੀ ਤਪਸ਼ ਵਧ ਰਹੀ ਹੈ।
ਯੂਰਪ ਵਿਚ ਭਿਆਨਕ ਗਰਮੀ ਕਾਰਨ ਸੜਕਾਂ ਦਾ ਪਿਘਲਣਾ, ਪਹਾੜਾਂ ’ਚ ਬੱਦਲ ਫਟਣਾ, ਹੜ੍ਹਾਂ ਕਾਰਨ ਹੁੰਦਾ ਭਾਰੀ ਨੁਕਸਾਨ ਸਾਡੇ ਸਾਰਿਆਂ ਲਈ ਖ਼ਤਰੇ ਦੀ ਘੰਟੀ ਹੈ। ਕੁਦਰਤ ਦਾ ਗੁੱਸਾ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਅਕਸਰ ਫੁੱਟਦਾ ਰਹਿੰਦਾ ਹੈ। ਇਸ ਵਰਤਾਰੇ ਨੂੰ ਅਸੀਂ ‘ਕੁਦਰਤ ਦਾ ਕਹਿਰ’ ਕਹਿ ਦਿੰਦੇ ਹਾਂ ਪਰ ਇਸ ਲਈ ਜ਼ਿੰਮੇਵਾਰ ਕੌਣ ਹੈ, ਸ਼ਾਇਦ ਇਸ ਬਾਰੇ ਸੋਚਦੇ ਹੀ ਨਹੀਂ ਹਾਂ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਸਾਡੇ ਮਨ ਵਿਚ ਕੋਈ ਫ਼ਿਕਰ ਤਾਂ ਹੋਵੇ ਤੇ ਬੋਲਾਂ ਵਿਚ ਕੁਦਰਤ ਦਾ ਜ਼ਿਕਰ ਤਾਂ ਹੋਵੇ…।
-ਦਰਸ਼ਨ ਸਿੰਘ
-ਮੋਬਾਈਲ : 94667-37933