- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਫ਼ਲਾ ਜਦੋਂ ਅੰਮ੍ਰਿਤਸਰ ਤੋਂ ਲਗਭਗ 15 ਮੀਲ ਤਰਨਤਾਰਨ ਨੇੜੇ ਰੇਲਵੇ ਕਰਾਸਿੰਗ ’ਤੇ ਪਹੁੰਚਿਆ, ਤਾਂ ਹਾਦਸਾ ਵਾਪਰਿਆ। ਸਮਕਾਲੀ ਨਿਊਜ਼ ਏਜੰਸੀਆਂ ਦੀਆਂ ਰਿਪੋਰਟਾਂ ਦੇ ਅਨੁਸਾਰ, ਜਦੋਂ ਬੱਸ ਰੇਲਵੇ ਫਾਟਕ ਪਾਰ ਕਰ ਰਹੀ ਸੀ, ਤਾਂ ਤੇਜ਼ ਰਫ਼ਤਾਰ ਰੇਲਗੱਡੀ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ ’ਚ ਸਵਾਰ ਸਿੰਘ ਅਤੇ ਪੁਲਿਸ ਗਾਰਡ ਇਸ ਅਚਾਨਕ ਵਾਪਰੀ ਘਟਨਾ ਤੋਂ ਸੰਭਲ ਵੀ ਨਹੀਂ ਸਕੇ। ਇਸ ਘਟਨਾ ’ਚ 34 ਵਿਅਕਤੀਆਂ ਦੀ ਮੌਤ ਹੋਈ, ਮਰਨ ਵਾਲਿਆਂ ’ਚ 32 ਸਿੱਖ ਜੋ ਧਰਮ ਯੁੱਧ ਮੋਰਚੇ ਸੰਘਰਸ਼ੀ ਯੋਧੇ ਸਨ।

1980 ਦਾ ਦਹਾਕਾ ਪੰਜਾਬ ਦੇ ਇਤਿਹਾਸ ’ਚ ਗੰਭੀਰ ਸਿਆਸੀ, ਸਮਾਜਿਕ ਤੇ ਆਰਥਿਕ ਉਥਲ-ਪੁਥਲ ਵਜੋਂ ਦਰਜ ਹੈ। ਇਸੇ ’ਚ ਅਗਸਤ 1982 ਨੂੰ ‘ਧਰਮ ਯੁੱਧ ਮੋਰਚੇ’ ਦੀ ਸ਼ੁਰੂਆਤ ਹੋਈ। ਸੰਘਰਸ਼ ਦੇ ਸ਼ੁਰੂਆਤੀ ਦੌਰ ’ਚ 11 ਸਤੰਬਰ 1982 ਨੂੰ ਤਰਨਤਾਰਨ ਨੇੜੇ 34 ਵਿਅਕਤੀਆਂ ਦੀ ਜਾਨ ਚਲੀ ਗਈ। ਇਹ ਘਟਨਾ ਤੁਰੰਤ ਵਿਵਾਦਾਂ ’ਚ ਘਿਰ ਗਈ। ਉਸ ਸਮੇਂ ਦੀਆਂ ਖ਼ਬਰਾਂ ਦੀਆਂ ਰਿਪੋਰਟਾਂ ਅਨੁਸਾਰ, ਇਨ੍ਹਾਂ ਕੈਦੀਆਂ ਨੂੰ ਨੇੜਲੀ ਬਠਿੰਡਾ ਜੇਲ੍ਹ ਵਿਚ ਲਿਜਾਣ ਲਈ ਨੌਂ ਕਿਰਾਏ ਦੀਆਂ ਗੱਡੀਆਂ ਦਾ ਕਾਫ਼ਲਾ ਤਿਆਰ ਕੀਤਾ ਗਿਆ ਸੀ। ਜਿਸ ਬੱਸ ਨਾਲ ਇਹ ਭਾਣਾ ਵਾਪਰਿਆ, ਉਹ ਇਸੇ ਕਾਫ਼ਲੇ ਦਾ ਹਿੱਸਾ ਸੀ। ਇਹ ਤੱਥ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਇਹ ਰਾਜਨੀਤਿਕ ਕੈਦੀਆਂ ਦੀ ਇਕ ਪੂਰੀ ਤਰ੍ਹਾਂ ਸਰਕਾਰੀ ਨਿਗਰਾਨੀ ਹੇਠ ਹੋ ਰਹੀ ਆਵਾਜਾਈ ਸੀ, ਜਿਸ ਦੀ ਸੁਰੱਖਿਆ ਅਤੇ ਸਲਾਮਤੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਸੀ। ਕਾਫ਼ਲਾ ਜਦੋਂ ਅੰਮ੍ਰਿਤਸਰ ਤੋਂ ਲਗਭਗ 15 ਮੀਲ ਤਰਨਤਾਰਨ ਨੇੜੇ ਰੇਲਵੇ ਕਰਾਸਿੰਗ ’ਤੇ ਪਹੁੰਚਿਆ, ਤਾਂ ਹਾਦਸਾ ਵਾਪਰਿਆ। ਸਮਕਾਲੀ ਨਿਊਜ਼ ਏਜੰਸੀਆਂ ਦੀਆਂ ਰਿਪੋਰਟਾਂ ਦੇ ਅਨੁਸਾਰ, ਜਦੋਂ ਬੱਸ ਰੇਲਵੇ ਫਾਟਕ ਪਾਰ ਕਰ ਰਹੀ ਸੀ, ਤਾਂ ਤੇਜ਼ ਰਫ਼ਤਾਰ ਰੇਲਗੱਡੀ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ ’ਚ ਸਵਾਰ ਸਿੰਘ ਅਤੇ ਪੁਲਿਸ ਗਾਰਡ ਇਸ ਅਚਾਨਕ ਵਾਪਰੀ ਘਟਨਾ ਤੋਂ ਸੰਭਲ ਵੀ ਨਹੀਂ ਸਕੇ। ਇਸ ਘਟਨਾ ’ਚ 34 ਵਿਅਕਤੀਆਂ ਦੀ ਮੌਤ ਹੋਈ, ਮਰਨ ਵਾਲਿਆਂ ’ਚ 32 ਸਿੱਖ ਜੋ ਧਰਮ ਯੁੱਧ ਮੋਰਚੇ ਸੰਘਰਸ਼ੀ ਯੋਧੇ ਸਨ। ਇਹ ਕੋਈ ਸਾਧਾਰਨ ਦੁਰਘਟਨਾ ਨਹੀਂ ਸੀ, ਸਗੋਂ ਸਮੁੱਚੀਆਂ ਪੰਥਕ ਸਫਾਂ ਅਤੇ ਆਮ ਲੋਕਾਂ ਵਿੱਚ ਗੰਭੀਰ ਚਰਚਾ ਹੋਈ ਕਿ ਰੇਲਵੇ ਫਾਟਕ ਖੁੱਲ੍ਹਾ ਕਿਉਂ ਸੀ? ਇਸ ਦੁਰਘਟਨਾ ਦੀ ਨਾ ਕੋਈ ਜਾਂਚ ਹੋਈ ਅਤੇ ਨਾ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ। ਧਰਮ ਯੁੱਧ ਮੋਰਚੇ ਲਈ ਗ੍ਰਿਫਤਾਰੀਆਂ ਦੇਣ ਵਾਲੇ ਜਥਿਆਂ ਦੀ ਗਿਣਤੀ ਵੱਧ ਰਹੀ ਸੀ ਇਸ ਲਈ ਇੱਕ ਦਿਨ ਵਿੱਚ ਦੋ-ਦੋ ਜਥਿਆਂ ਨੂੰ ਗ੍ਰਿਫਤਾਰੀ ਲਈ ਭੇਜਣਾ ਆਰੰਭ ਕਰ ਦਿੱਤਾ। ਇੱਕ ਜਥੇ ਦੀ ਅਗਵਾਈ ਸੰਤਾਂ ਦਾ ਭਰਾ ਭਾਈ ਜਗਜੀਤ ਸਿੰਘ ਕਰ ਰਿਹਾ ਸੀ ਅਤੇ ਦੂਸਰਾ ਜਥੇਦਾਰ ਚੇਤ ਸਿੰਘ ਸੁਆੜਾ ਰੋਪੜ ਜਿਲ੍ਹੇ ਦੇ ਸਿੰਘਾਂ ਦਾ ਜਥਾ ਲੈ ਕੇ ਜਾ ਰਿਹਾ ਸੀ। ਦੋਵੇਂ ਬੱਸਾ ਇਥੇ ਚੱਲ ਪਈਆਂ ਜਿਉਂ ਹੀ ਇਹ ਬੱਸਾਂ ਉਪਰੋਕਤ ਫਾਟਕ 'ਤੇ ਪਹੁੰਚੀਆਂ ਤਾਂ ਇਨ੍ਹਾਂ ਵਾਲੀ ਬੱਸ ਫਾਟਕ ਲੰਘ ਚੁੱਕੀ ਸੀ ਤੇ ਦੂਜੀ ਬੱਸ ਇਸਦੇ ਨਾਲ ਪਿੱਛੇ ਆ ਰਹੀ ਸੀ ਜਿਸ ਨਾਲ ਰੇਲ ਗੱਡੀ ਟਕਰਾ ਗਈ। ਵੇਖਦਿਆਂ ਹੀ ਵੇਖਦਿਆਂ ਸਿੰਘਾਂ ਦੀਆਂ ਲਾਸ਼ਾਂ ਰੇਲਵੇ ਟਰੈਕ ’ਤੇ ਖਿੱਲਰ ਗਈਆਂ। ਇਸ ਦੁਖਦਾਈ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਲਈ 10 ਤੋਂ 11 ਅਕਤੂਬਰ 1982 ਨੂੰ ਦਿੱਲੀ ਵਿਖੇ ਭਾਰੀ ਜਲੂਸ ਕੱਢਣ ਦੇ ਮੰਤਵ ਨਾਲ ਅਕਾਲੀ ਆਗੂ ਆਪਣੀ ਅਗਵਾਈ ਹੇਠ ਵਰਕਰਾਂ ਨੂੰ ਦਿੱਲੀ ਲੈ ਕੇ ਆਏ। ਜਦੋਂ ਅਕਾਲੀ ਹਰਿਆਣੇ ਵਿੱਚੋਂ ਦੀ ਲੰਘੇ ਤਾਂ ਮੁੱਖ ਮੰਤਰੀ ਭਜਨ ਲਾਲ ਦੇ ਇਸ਼ਾਰੇ ਤੇ ਪੁਲਿਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਰੋਕਿਆ। ਅਜਿਹੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਕਾਲੀ ਦਿੱਲੀ ਪਹੁੰਚੇ ਤੇ ਉਨ੍ਹਾਂ ਨੇ ਭਾਰੀ ਜਲੂਸ ਕੱਢਿਆ। ਸਾਂਤਮਦੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ 11 ਅਕਤੂਬਰ ਨੂੰ ਗੋਲੀ ਚਲਾ ਦਿੱਤੀ । ਫਾਇਰਿੰਗ ਨਾਲ ਅੱਧੀ ਦਰਜਨ ਅਕਾਲੀ ਸ਼ਹੀਦ ਹੋ ਗਏ ਅਤੇ ਅਨੇਕਾਂ ਫੱਟੜ ਹੋਏ। ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਣ ਕਰਕੇ ਇੰਦਰਾ ਗਾਂਧੀ ਬੁਰੀ ਤਰ੍ਹਾਂ ਹਿੱਲ ਗਈ। ਉਸ ਨੇ ਘਬਰਾਹਟ 'ਚ ਆ ਕੇ ਜੇਲ੍ਹਾਂ ਵਿੱਚ ਨਜ਼ਰਬੰਦ ਸਾਰੇ ਅਕਾਲੀ ਵਾਲੰਟੀਅਰਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਦਰਅਸਲ ਸਾਰੀਆ ਜੇਲ੍ਹਾਂ ਸੰਤ ਭਿੰਡਰਾਂਵਾਲੇ ਦੇ ਸਮਰਥਕ ਸਿੱਖਾਂ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਜਾਨਾਂ ਗੁਆਉਣ ਵਾਲੇ 32 ਸਿੱਖ ਕਾਰਕੁਨਾਂ ਨੂੰ ਸਿੱਖ ਭਾਈਚਾਰੇ ਨੇ ਸਿਰਫ਼ ਹਾਦਸੇ ਦੇ ਪੀੜਤਾਂ ਵਜੋਂ ਨਹੀਂ ਦੇਖਿਆ। ਇਸ ਘਟਨਾ ਤੋਂ ਤੁਰੰਤ ਬਾਅਦ, ਕਈ ਸਿੱਖ ਸੰਸਥਾਵਾਂ ਅਤੇ ਪੰਥਕ ਸੰਗਠਨਾਂ ਵੱਲੋਂ ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਗਿਆ। ਇਸ ਨੇ ਸਰਕਾਰ ਦੇ ‘ਹਾਦਸੇ’ ਵਾਲੇ ਬਿਰਤਾਂਤ ਨੂੰ ਚੁਣੌਤੀ ਦਿੱਤੀ। ਇਸ ਦਰਦਨਾਕ ਸਾਕੇ ਦੀ ਯਾਦ ਨੂੰ ਸਦੀਵੀ ਬਣਾਉਣ ਲਈ, ਘਟਨਾ ਸਥਾਨ ’ਤੇ, ਸਰਹਾਲੀ ਰੋਡ, ਤਰਨ ਤਾਰਨ ਵਿਖੇ, ਯਾਦਗਾਰੀ ਅਸਥਾਨ ਸਥਾਪਤ ਕੀਤਾ ਗਿਆ। ਇਸ ਅਸਥਾਨ ਨੂੰ ‘ਗੁਰਦੁਆਰਾ ਟੱਕਰ ਸਾਹਿਬ ਸ਼ਹੀਦੀ ਫਾਟਕ’ ਵਜੋਂ ਜਾਣਿਆ ਜਾਂਦਾ ਹੈ। ਹਾਦਸੇ ਚ ਬਹੁਤਾਤ ਗਿਣਤੀ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਪਿਛੋਕੜ ਰੋਪੜ ਜ਼ਿਲ੍ਹੇ ਦੇ ਹਲਕਾ ਅਨੰਦਪੁਰ ਸਾਹਿਬ ਚ ਪੈਂਦੇ ਨੂਰਪੁਰ ਬੇਦੀ ਇਲਾਕੇ ਨਾਲ ਜੁੜਿਆ ਹੋਇਆ ਹੈ। ਨੂਰਪੁਰ ਬੇਦੀ - ਬੁੰਗਾ ਸਾਹਿਬ ਮੁੱਖ ਮਾਰਗ ਤੇ ਸਤਲੁਜ ਦਰਿਆ ਦੇ ਕੰਢੇ (ਸਰਾਂਏ ਪੱਤਣ) ਉੱਤੇ ਇਨ੍ਹਾਂ ਸ਼ਹੀਦਾਂ ਦੀ ਯਾਦ ਵੱਜੋਂ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦਾ ਕਿਣਕਾ ਕਿਣਕਾ ਦਸ਼ਮੇਸ਼ ਪਿਤਾ ਜੀ ਦੇ ਸਮਕਾਲ ਤੋਂ ਹੀ ਸ਼ਹੀਦਾਂ ਦੇ ਲਹੂ ਨਾਲ ਸਿੰਜਿਆ ਪਿਆ ਹੈ। ਅੱਜ ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਪੁਰਖਿਆਂ ਦੀ ਲਾਸਾਨੀ ਕੁਰਬਾਨੀ ਤੋਂ ਮੁਨਕਰ ਹੋਣ ਤੋਂ ਬਚਾਉਣਾ ਦੀ। ਜਿਸ ਨਾਲ ਇਨ੍ਹਾਂ ਸ਼ਹੀਦਾਂ ਨੂੰ ਗੁਮਨਾਮ ਹੋਣ ਤੋਂ ਬਚਾਇਆ ਜਾ ਸਕੇ।
-ਬਲਜੀਤ ਸਿੰਘ ਅਸਮਾਨਪੁਰ, ਸ੍ਰੀ ਅਨੰਦਪੁਰ ਸਾਹਿਬ (94789-09080)।