- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਟੀਟੀ ਮੈਡਮਾਂ ਸਾਡੇ ਕੋਲੋਂ ਦੀ ਲੰਘੀਆਂ, ਤਿੰਨਾਂ ਮੈਡਮਾਂ ਨੇ ਉਸ ਨੂੰ ਨਮਸਤੇ ਕੀਤੀ। ਮੈਂ ਇਹ ਪੁੱਛਣ ਲਈ ਉਤਾਵਲਾ ਹੋ ਗਿਆ, ਮਾਤਾ ਜੀ ਇਹ ਮੈਡਮਾਂ ਭਲਾ ਥੋਨੂੰ ਨਮਸਤੇ ਕਿਵੇਂ ਬੁਲਾ ਕੇ ਗਈਆਂ ਨੇ, ਇਹ ਤੁਹਾਨੂੰ ਜਾਣਦੀਆਂ ਨੇ? ਤੂੰ ਇਨ੍ਹਾਂ ਦੇ ਆਹ ਸਵੈਟਰ ਪਾਏ ਹੋਏ ਦੇਖਦੈ, ਇਹ ਸਾਰੇ ਸਵਾਟਰ ਮੇਰੇ ਬੁਣੇ ਹੋਏ ਨੇ। ਤੁਸੀਂ ਸਵੈਟਰ ਬੁਣਨ ਦੇ ਮਾਹਿਰ ਹੋ? ਮੈਂ ਸਵਾਟਰ ਬੁਣਨ ਦੀ ਮਾਹਿਰ ਤਾਂ ਨਹੀਂ ਹਾਂ ਪਰ ਵਕਤ ਬੜਾ ਬਲਵਾਨ ਐ, ਮੈਨੂੰ ਇਨ੍ਹਾਂ ਨੇ ਇਹੇ ਰੁਜ਼ਗਾਰ ਦਿੱਤੈ।

-ਰਵਿੰਦਰ ਰੁਪਾਲ ਕੌਲਗੜ੍ਹ।
ਜਦੋਂ ਮੈਂ ਰੇਲਵੇ ਸਟੇਸ਼ਨ ’ਤੇ ਪਹੁੰਚਿਆ, ਮੈਨੂੰ ਉਥੇ ਕੋਈ ਸਵਾਰੀ ਨਜ਼ਰ ਨਹੀਂ ਆਈ, ਪਰੇ ਜਿਹੇ ਮੁਸਾਫ਼ਿਰਾਂ ਦੇ ਬੈਠਣ ਲਈ, ਦੋ ਬੈਂਚ ਨਾਲੋਂ-ਨਾਲ ਪਏ ਸਨ, ਮੈਂ ਓਧਰ ਨੂੰ ਤੁਰ ਪਿਆ, ਪਹਿਲੇ ਬੈਂਚ ’ਤੇ ਧੁੱਪ ਦਾ ਆਨੰਦ ਮਾਣਦੀ ਹੋਈ, ਕੋਈ ਬਜ਼ੁਰਗ ਔਰਤ ਲੰਮੀ ਪਈ, ਗੀਤ ਗਾ ਰਹੀ ਸੀ, ਮੈਨੂੰ ਜਦੋਂ ਉਹਦੀ ਆਵਾਜ਼ ਸੁਣੀ ਤਾਂ ਮੈਂ ਖੜਕਾ ਕਰੇ ਬਗੈਰ, ਨਾਲ ਵਾਲੇ ਬੈਂਚ ’ਤੇ ਜਾ ਬੈਠਿਆ ’ਤੇ ਧਿਆਨ ਨਾਲ ਉਸ ਦਾ ਗੀਤ ਸੁਨਣ ਲੱਗਿਆ, ਮੈਨੂੰ ਉਸਦੇ ਗੀਤ ਦੀ ਸਮਝ ਨਾ ਆਈ ਪਰ ਉਹ ਬੋਲ ਸਮਝ ਜ਼ਰੂਰ ਆ ਰਹੇ ਸਨ ਜਿਹੜੇ ਉਹ ਅਖੀਰ ’ਚ ਬੋਲਦੀ ਸੀ, ਪ੍ਰਦੇਸੀਆ ਵੇ। ਕੋਈ ਹੋਰ ਸਵਾਰੀ ਆਪਣਾ ਪਹੀਆਂ ਵਾਲਾ ਅਟੈਚੀ ਘੜੀਸਦੀ ਹੋਈ ਸਾਡੇ ਕੋਲੋਂ ਦੀ ਲੰਘਣ ਲੱਗੀ, ਜਿਉਂ ਹੀ ਉਹ ਬਰੋਬਰ ਆਇਆ, ਬੁੱਢੀ ਨੇ ਪਟੱਕ ਦੇਣੇ ਅੱਖਾਂ ਖੋਲ੍ਹ ਲਈਆ...ਤੇ ਗੀਤ ਬੰਦ। ਉਸਨੇ ਮੈਨੂੰ ਕੋਲ ਬੈਠੇ ਦੇਖਿਆ, ਉਹ ਝੱਟ ਉੱਠ ਕੇ ਬੈਠ ਗਈ, ਉਸ ਦੀ ਹਾਲਤ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਹੇ ਕੋਈ ਨਾ ਕੋਈ ਮੰਗਤੀ ਹੈ। ਮੇਰੇ ਵੱਲ ਉਸਨੇ ਦੋ ਤਿੰਨ ਵਾਰ ਦੇਖਿਆ ਪਰ ਮੈਂ ਕੁਝ ਨਾ ਬੋਲਿਆ, ਊਂ ਟੇਢੀ ਅੱਖ ਨਾਲ ਉਹਦੇ ਵੱਲ ਦੇਖਦਾ ਜ਼ਰੂਰ ਰਿਹਾ, ਉਹਦੇ ਸਿਰ ਵਾਲੇ ਪਾਸੇ, ਇੱਕ ਮੋਮੀ ਕਾਗਜ਼ ਦਾ ਕਾਲਾ ਲਿਫ਼ਾਫ਼ਾ ਪਿਆ ਸੀ, ਜਦੋਂ ਮੈਂ ਕੁਝ ਨਾ ਬੋਲਿਆ, ਤਾਂ ਉਸ ਨੇ ਲਫਾਫਾ ਚੁੱਕ ਕੇ ਗੋਦੀ ’ਚ ਰੱਖ ਲਿਆ, ਫਿਰ ਖੋਲ੍ਹਿਆ, ਵਿੱਚੋ ਸਲਾਈਆਂ ਕੱਢ ਕੇ ਕੋਈ ਸਵੈਟਰ ਜਾਂ ਕੋਟੀ ਬਗੈਰਾ ਬੁਣਨ ਲੱਗ ਪਈ।
ਮੈਂ ਸੋਚਿਆ ਕਿ ਇਹ ਉੱਠੀ ਐ, ਕੋਈ ਪੈਸਾ ਧੇਲਾ ਮੰਗੇਗੀ ਪਰ ਨਹੀਂ ਸਭ ਕੁਝ ਮੇਰੀ ਸੋਚ ਦੇ ਉਲਟ, ਉੱਠ ਕੇ ਉਹ ਤਾਂ ਆਪਣੇ ਧੰਦੇ ਲੱਗ ਗਈ ਤੇ ਬੋਲੀ ‘ਆਹੀ ਗੱਡੀ ਫੜ੍ਹਨੀ ਐ ਤੂੰ’। ਮੇਰੇ ਮੂੰਹੋਂ ਅਚਾਨਕ ਨਿਕਲ ਗਿਆ, ਮਾਤਾ ਜੀ ਭਲਾ ਕਿੰਨੀ ਕੁ ਉਮਰ ਹੋਣੀ ਐ ਤੁਹਾਡੀ? ਉਮਰ ਤਾਂ ਉਸ ਨੇ ਨਹੀਂ ਦੱਸੀ, ਉਵੇਂ ਫਿਰ ਬੋਲੀ, ਤਾਂ ਹੁਣ ਤੂੰ ਮੇਰਾ ਅੰਦਰ ਫਰੋਲੇਗਾ? ਹੈ! ਉਸ ਦੇ ਇਸ ਰੁੱਖੇ ਜਿਹੇ ਵਾਕ ਨੇ ਮੈਨੂੰ ਅਸਚਰਜ ਕਰ ਦਿੱਤਾ । ਮੈਂ ਕਾਹਨੂੰ ਥੋਡਾ ਅੰਦਰ ਫਰੋਲਣੈ ਜੀ, ਮੈਂ ਤਾਂ ਸਹਿਜ ਸੁਭਾਅ ਪੁੱਛਿਐ, ਹੱਲਿਆਂ ਵੇਲੇ ਭਲਾ ਥੋਡੀ ਉਮਰ ਕਿੰਨੀ ਕੁ ਹੋਊ? ਤਾਂ ਕਿ ਤੂੰ ਮੇਰੀ ਉਮਰ ਦਾ ਅੰਦਾਜ਼ਾ ਲਾ ਸਕੇ ਕਿ ਮੈਂ ਕਿੰਨੀ ਕੁ ਉਮਰ ਦੀ ਹਾਂ। ਇਹ ਜੁਆਬ ਵੀ ਹੈਰਾਨ ਕਰਨ ਵਾਲਾ ਸੀ। ਚਲੋ ਠੀਕ ਹੈ ਤੁਸੀਂ ਉਮਰ ਨਾ ਦੱਸੋ, ਨਾਂ ਤਾਂ ਦੱਸ ਦਿਉਂ, ਕਿ ਉਹ ਵੀ ਨਹੀਂ ਦੱਸਣਾ? ਨਹੀਂ, ਨਹੀਂ, ਨਾਂ ਨੂੰ ਤਾਂ ਕੀ ਐ, ਮੇਰਾ ਨਾਂ ਤਾਂ ਬਚਿੰਤੀ ਐ, ਨਾਂ ਦੱਸ ਕੇ ਉਹ ਮੈਨੂੰ ਪੁੱਛਣ ਲੱਗੀ, ਕੀ ਗੱਲ ਐਨੀ ਦੇਰ ਪਹਿਲਾਂ ਸਟੇਸ਼ਨ ’ਤੇ ਆ ਬੈਠਿਆ ਕਿ ਘਰੇ ਜੀ ਨਹੀਂ ਲੱਗਦਾ? ਨਹੀਂ ਜੀ, ਜੀਅ ਆਲੀ ਗੱਲ ਨਹੀਂ, ਮੈਂ ਦੂਰੋਂ ਆਇਆ ਬਸ ਚੜ੍ਹਕੇ, ਇਸ ਤੋਂ ਬਾਅਦ ’ਚ ਆਉਣ ਵਾਲੀ ਬਸ, ਪੂਰੇ ਡੇਢ ਘੰਟੇ ਬਾਅਦ ਆਉਣੀ ਸੀ, ਉਦੋਂ ਤੱਕ ਮੇਰੀ ‘ਇਹੇ ਗੱਡੀ’ ਲੰਘ ਜਾਣੀ ਸੀ, ਸੋਚਿਆ ਟੇਸ਼ਨ ’ਤੇ ਹੀ ਪੌਣਾਂ ਘੰਟਾ ਟਾਈਮ ਪਾਸ ਕਰ ਲਵਾਂਗਾ। ਮੇਰੀ ਗੱਲ ਸੁਣਦੀ ਹੋਈ ਵੀ, ‘ਉਹ’ ਲਗਾਤਾਰ ਬੁਣ ਰਹੀ ਸੀ। ਤਿੰਨ ਟੀਟੀ ਮੈਡਮਾਂ ਸਾਡੇ ਕੋਲੋਂ ਦੀ ਲੰਘੀਆਂ, ਤਿੰਨਾਂ ਮੈਡਮਾਂ ਨੇ ਉਸ ਨੂੰ ਨਮਸਤੇ ਕੀਤੀ। ਮੈਂ ਇਹ ਪੁੱਛਣ ਲਈ ਉਤਾਵਲਾ ਹੋ ਗਿਆ, ਮਾਤਾ ਜੀ ਇਹ ਮੈਡਮਾਂ ਭਲਾ ਥੋਨੂੰ ਨਮਸਤੇ ਕਿਵੇਂ ਬੁਲਾ ਕੇ ਗਈਆਂ ਨੇ, ਇਹ ਤੁਹਾਨੂੰ ਜਾਣਦੀਆਂ ਨੇ? ਤੂੰ ਇਨ੍ਹਾਂ ਦੇ ਆਹ ਸਵੈਟਰ ਪਾਏ ਹੋਏ ਦੇਖਦੈ, ਇਹ ਸਾਰੇ ਸਵਾਟਰ ਮੇਰੇ ਬੁਣੇ ਹੋਏ ਨੇ। ਤੁਸੀਂ ਸਵੈਟਰ ਬੁਣਨ ਦੇ ਮਾਹਿਰ ਹੋ? ਮੈਂ ਸਵਾਟਰ ਬੁਣਨ ਦੀ ਮਾਹਿਰ ਤਾਂ ਨਹੀਂ ਹਾਂ ਪਰ ਵਕਤ ਬੜਾ ਬਲਵਾਨ ਐ, ਮੈਨੂੰ ਇਨ੍ਹਾਂ ਨੇ ਇਹੇ ਰੁਜ਼ਗਾਰ ਦਿੱਤੈ। ਮਾਤਾ ਜੀ ਤੁਸੀਂ ਦੱਸਿਆ ਨਹੀਂ ਕਿ ਇਨ੍ਹਾਂ ਮੈਡਮਾਂ ਨੇ ਥੋਨੂੰ ਇਹੇ ਰੁਜ਼ਗਾਰ ਕਿਵੇਂ ਦਿੱਤੈ? ਉਹ ਦੱਸਣ ਲੱਗੀ, ਮੈਂ ਆਪਣੇ ਜੀਵਨ ’ਚ, ਇੱਕ ਦਿਨ ਜਿਉਣ ਤੋਂ ਥੱਕ ਗਈ ਸਾਂ, ਬੜਾ ਪੁੱਤ ਵਿਦੇਸ਼ੀ ਤੋਰਿਆ ਤੀ, ਉਥੋਂ ਲਾਸ਼ ਬਣ ਕੇ ਵਾਪਸ ਘਰ ਆਇਆ। ਇਉਂ ਕਹਿਕੇ ਉਹਦੀ ਆਵਾਜ਼ ਭਾਰੀ ਹੋ ਗਈ । ‘ਬੱਚਿਆਂ ਦੇ ਬਾਪੂ ਜੀ’, ਮੈਂ ਐਨਾ ਹੀ ਕਿਹਾ ਸੀ। ਉਹਦੀ ਸੁਣ ਲੈ, ਉਹਨੂੰ ਤਾਂ ਸ਼ਰਾਬ ਦਾ ਅਧੀਆ, ਨਿੱਤ ਚਾਹੀਦੈ, ਨਹੀਂ ਮੇਰੇ ਹੱਡ ਗੋਡੇ ਭੰਨਦੈ, ਉਹਦੀ ਹੀ ਝੱਲ ਪੂਰੀ ਕਰਦੀ ਕਰਦੀ ਇਕ ਦਿਨ ਜਿਉਣ ਤੋਂ ਅੱਕ ਗਈ ਸੀ। ਅੱਛਾ ਜੀ, ਇਹ ਤਾਂ ਗ਼ਲਤ ਗੱਲ ਐ ਅੰਕਲ ਜੀ ਦੀ। ਪਹਿਲਾਂ ਮੈਂ ਕਿਸੇ ਰੇਲ ਗੱਡੀ ਹੇਠ ਆ ਕੇ ਏਥੇ ਮਰਨ ਲਈ ਆਈ ਸਾਂ, ਥੋੜ੍ਹੀ ਦੇਰ ਨੂੰ ਗੱਡੀ ਵੀ ਆਉਂਣ ਵਾਲੀ ਸੀ। ਜਿਉਂ ਹੀ ਗੱਡੀ ਦੀ ਆਵਾਜ਼ ਆਈ ਮੈਂ ਉਠ ਕੇ ਖੜ੍ਹੀ ਹੋ ਗਈ, ਇਹੇ ਮੈਡਮਾਂ ਘੁੰਮਦੀਆਂ ਮੇਰੇ ਬਿਲਕੁਲ ਬਰੋਬਰ ਆ ਗਈਆਂ ਮੈਂ ਭੱਜ ਕੇ ਗੱਡੀ ਵੱਲ ਨੂੰ ਵਧੀ, ਇਨ੍ਹਾਂ ਨਾਲ਼ ਇਕ ਪੁਲਿਸ ਵਾਲੀ ਜਨਾਨੀ ਵੀ, ਮੈਂ ਗੱਡੀ ਮੂਹਰੇ ਹੋਣ ਲੱਗੀ, ਪਰ ਇਕ ਟੀਟੀ ਮੈਡਮ ਨੇ ਮੈਨੂੰ ਬਾਂਹ ਤੋਂ ਫੜ ਲਿਆ, ਮੈਂ ਆਪਣੀ ਬਾਂਹ ਛੁਡਵਾਉਣ ਲੱਗੀ। ਮੈਨੂੰ ਮਰਨੋਂ ਬਚਾ ਲਿਆ ’ਤੇ ਗੱਡੀ ਲੰਘ ਗਈ। ਬਾਅਦ ’ਚ ਮੈਨੂੰ ਇਹ ਆਪਣੇ ਥਾਣੇ ਅੰਦਰ ਲੈ ਗਈਆਂ, ਜਿਹੜੀ ਰਾਮ ਕਹਾਣੀ ਮੈਂ ਤੈਨੂੰ ਸੁਣਾਈ ਐ। ਉੱਥੇ ਕੋਈ ਹੋਰ ਸਿਆਣੀ ਬੀਬੀ ਬੈਠੀ ਤੀ, ਉਹ ਕੁਸ਼ ਦੇਰ ਬਾਅਦ ‘ਰਟੈਰ’ ਹੋ ਗਈ, ਉਸ ਨੇ ਪਹਿਲਾਂ ਤਾਂ ਮੇਰੇ ਲਈ ਚਾਹ ਮੰਗਵਾਈ, ਫਿਰ ਕਹਿਣ ਲੱਗੀ ਕਿ ਅਸੀਂ ਤੇਰੀ ਕੋਈ ਅਜਿਹੀ ਮਦਦ ਤਾਂ ਕਰ ਨਹੀਂ ਸਕਦੀਆਂ ਕਿ ਤੈਨੂੰ ਕੋਈ ਨੌਕਰੀ ਬਗ਼ੈਰਾ ਦਿਵਾ ਦੇਈਏ ਪਰ ਇਕ ਕੰਮ ਤੇਰਾ ਜ਼ਰੂਰ ਕਰ ਸਕਦੀਆਂ ਆਂ। ਮੈਂ ਉਨ੍ਹਾਂ ਦੇ ਮੂੰਹ ਵੱਲ ਝਾਕਣ ਲੱਗੀ, ਕਿਹੜਾ ਕੰਮ ਕਰ ਸਕਦੀਆਂ ਓ? ਉਸ ਨੇ ਪੁੱਛਿਆ ਕਿ ਤੈਨੂੰ ਕਿਹੜਾ ਕੰਮ ਆਉਂਦੈ? ਮੈਂ ਕਿਹਾ ਮੈਂ ਤਾਂ ਚੁੱਲ੍ਹੇ-ਚੌਂਕੇ ਦਾ ਤਾਂ ਕਰ ਸਕਦੀ ਹਾਂ, ਹੋਰ ਕੋਈ ਕੰਮ ਨਹੀਂ ਆਉਂਦਾ। ਮੈਂ ਚਾਹ ਪੀ ਕੇ ਗਲਾਸ ਥੱਲੇ ਰੱਖ ਦਿੱਤਾ, ਮੈਂ ਉਠਣ ਲੱਗੀ ਦੇ ਮੂੰਹੋਂ ਨਿਕਲ ਗਿਆ, ਚੱਲੋ ਜੇ ਏਥੇ ਨੀ ਮਰ ਹੋਇਆ, ਕਿਤੇ ਹੋਰ ਸਹੀ। ਉਸਨੇ ਮੇਰੀ ਬਾਂਹ ਫੜ੍ਹ ਲਈ, ਕਹਿੰਦੀ ਇਉਂ ਨਹੀਂ ਜਾਣ ਦਿੰਦੀ, ਇਹ ਦੱਸ ਤੂੰ ਸਵੈਟਰ ਕੋਟੀਆਂ ਬੁਣ ਲੈਂਦੀ ਐ? ਜਦੋਂ ਮੈਂ ਇਸ ਕੰਮ ਨੂੰ ਥੋੜ੍ਹੀ ਜਿਹੀ ਹਾਂ ਕਹੀ ਤਾਂ ਉਸ ਦੇ ਚਿਹਰੇ ਉੱਤੇ ਰੌਣਕ ਆ ਗਈ, ਦੇਖ ਕੇ ਮੈਂ ਹੈਰਾਨ ਰਹਿ ਗਈ, ਜਿਵੇਂ ਮਰਨੋਂ ਮੈਂ ਨਹੀਂ, ਉਹ ਬਚੀ ਹੋਵੇ। ਉਹ ਯਕਦਮ ਕਹਿਣ ਲੱਗੀ ਕਿ ਸ਼ੁਕਰ ਐ, ਬਸ ਤੂੰ ਇਹੀ ਕੰਮ ਕਰਨੈ ਸਾਡਾ। ਬਜ਼ਾਰ 'ਚ ਸਵੈਟਰ ਦੀ ਤੀਹ ਰੁਪਏ ਬੁਣਵਾਈ ਚੱਲਦੀ, ਅਤੇ ਕੋਟੀ ਦੀ ਪੰਜਾਹ ਰੁਪਏ, ਤੂੰ ਸਾਡੇ ਸਵੈਟਰ ਕੋਟੀਆਂ ਬੁਣਨੇ ਨੇ, ਤੈਨੂੰ ਅਸੀਂ ਪੰਜਾਹ ਰੁਪਏ ਸਵੈਟਰ ਅਤੇ ਸੱਤਰ ਰੁਪਏ ਕੋਟੀ ਦਿਆਂ ਕਰਾਂਗੀਆਂ, ਡਿਜ਼ਾਇਨ ਤੇਰੀ ਮਰਜ਼ੀ ਦਾ ਜਿਹੜਾ ਤੈਨੂੰ ਆਉਂਦਾ ਹੋਵੇ। ਸਾਡਾ ਤੇਰੇ ਨਾਲ ਵਾਅਦਾ ਰਿਹਾ ਕਿ ਤੇਰੇ ਕੋਲ ਕਦੇ ਵੀ ਅਸੀਂ ਕੰਮ ਨਹੀਂ ਮੁੱਕਣ ਦਿੰਦੀਆਂ, ਸਵੇਰ ਤੋਂ ਤੂੰ ਰੋਜ਼ ਏਥੇ ਆਉਣੈ, ਪਲੇਟਫਾਰਮ 'ਤੇ, ਤੂੰ ਆ ਕੇ ਜਿੱਥੇ ਮਰਜ਼ੀ ਬੈਠ ਜਾਇਆ ਕਰੀਂ, ਤੈਨੂੰ ਕੋਈ ਕੁਸ਼ ਨੀ ਕਹੇਗਾ, ਇਹ ਜ਼ੁਮੇਵਾਰੀ ਮੇਰੀ ਹੈ, ਹੁਣ ਤੈਨੂੰ ਸਾਡੀ ਸਾਥਣ ਤੇਰੇ ਘਰ ਛੱਡ ਕੇ ਆਏਗੀ, ਮੇਰਾ ਘਰ ਉਹ ਸਾਹਮਣੇ ਲਾਈਨੋਂ ਪਾਰ ਐ, ਉਸ ਨੇ ਆਪਣੇ ਘਰ ਵੱਲ ਹੱਥ ਕਰਿਆ 'ਤੇ ਉਹ ਮੈਨੂੰ ਘਰ ਛੱਡ ਆਈ। ਅਗਲੀ ਸਵੇਰ ਤੋਂ ਮੈਂ ਏਥੇ ਆ ਕੇ ਬੈਠਣ ਲੱਗੀ, ਇਹ ਕੰਮ ਮੈਨੂੰ ਮੇਰੀ ਮਾਂ ਨੇ ਸਿਖਾਇਆ ਸੀ, ਉਸ ਦਿਨ ਮੈਨੂੰ ਮਾਂ ਬਹੁਤ ਯਾਦ ਆਈ, ਜੇ ਮੈਂ ਇਹ ਕੰਮ ਵੀ ਨਾ ਸਿੱਖਿਆ ਹੁੰਦਾ, ਤਾਂ ਮੈਨੂੰ ਰੁਜ਼ਗਾਰ ਤਾਂ ਕੀ ਮਿਲਣਾ ਸੀ ਉਲਟਾ ਮੇਰੀ ਤਾਂ ਮੌਤ ਪੱਕੀ ਸੀ, ਓਦਣ ਨਹੀਂ ਹੋਈ, ਹੋਰ ਇਕ ਦੋ ਦਿਨਾਂ ਨੂੰ ਹੋ ਜਾਂਦੀ, ਮੈਨੂੰ ਕਿਹੜਾ ਕੋਈ ਹੋਰ ਕੰਮ ਆਉਂਦਾ ਸੀ, ਹੁਣ ਭਾਵੇਂ ਗਰਮੀਆਂ ਹੋਣ ਭਾਵੇਂ ਸਰਦੀਆਂ, ਮੈਂ ਸਵੈਟਰ ਬੁਣਨੇ ਨਹੀਂ ਛੱਡਦੀ, ਉਹ ਵੱਡੀ ਮੈਡਮ ਇੱਥੇ ਸਾਰੇ ਮੁਲਾਜ਼ਮਾਂ ਨੂੰ ਕਹਿ ਕੇ ਗਈ ਐ ਕਿ ਤੁਸੀਂ ਬਚਿੰਤੀ ਕੋਲ ਕਦੇ ਕੰਮ ਨਹੀਂ ਮੁੱਕਣ ਦੇਣਾ, ਹੁਣ ਤਾਂ ਮੈਂ ਉੰਨ ਵੀ ਆਪਣੀ ਲਿਆਉਣ ਲੱਗ ਪਈ, ਉਹਦੇ 'ਚੋਂ ਵੀ ਦੋ ਪੈਸੇ ਬਚ ਜਾਂਦੇ ਨੇ। ਮੇਰੀ ਗੱਡੀ ਵੀ ਨੇੜੇ ਆ ਰਹੀ ਸੀ।
ਮੈਂ ਬੈਂਚ ਤੋਂ ਉਠ ਕੇ ਖੜ੍ਹਾ ਹੋ ਗਿਆ, ਮੈਂ ਉਸ ਨੂੰ ਇੱਕ ਭਰਵਾਂ ਸਲੂਟ ਮਾਰਿਆ। ਉਹ ਮੈਨੂੰ ਕਹਿਣ ਲੱਗੀ, ਮੈਂ ਕਾਹਨੂੰ ਮਿਲਣ ਆਈ ਸੀ ਕਿਸੇ ਨੂੰ ਪੁੱਤ, ਮੈਂ ਤਾਂ ਤੈਨੂੰ ਝੂਠ ਬੋਲਿਐ, ਮੈਂ ਤਾਂ ਰੋਜ਼ ਏਥੇ ਆਉਨੀ ਆਂ। ਮੈਨੂੰ ਲੱਗਿਆ, ਜਿਵੇਂ ਹੁਣ ਉਸ ਨੇ ਓਨਾ ਕੁ ਵੀ ਝੂਠ ਬੋਲਣ ਦੀ, ਮੈਥੋਂ ਮੁਆਫੀ ਮੰਗੀ ਹੋਵੇ। ਮੈਂ ਗੱਡੀ ਚੜ੍ਹਨ ਵੇਲੇ ਸੋਚਣ ਲੱਗਿਆ ਕਿ ਨੀਰਸ ਜ਼ਿੰਦਗੀ ’ਚ ਕੋਈ ਵੀ ਕਲਾ, ਜਦੋਂ ਆਪਣੇ ਰੰਗ ਬਿਖੇਰਦੀ ਹੈ ਤਾਂ ਜ਼ਿੰਦਗੀ ਖ਼ੁਸ਼ਹਾਲ ਹੋ ਕੇ ਫੇਰ ਤੋਂ ਰੁੜ੍ਹਨੇ ਪੈ ਜਾਂਦੀ ਹੈ।