- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਦੇਸ਼ ਨੀਤੀ ਦਾ ਇਕ ਅਹਿਮ ਪਹਿਲੂ ਦਬਾਅ ਦੀ ਸਿਆਸਤ ਤੇ ਤਾਕਤ ਦੇ ਪ੍ਰਦਰਸ਼ਨ ਰਾਹੀਂ ਵਿਰੋਧੀ ਧਿਰ ਨੂੰ ਗੱਲਬਾਤ ਦੀ ਮੇਜ਼ ਤੱਕ ਲਿਆਉਣਾ ਰਿਹਾ ਹੈ। ਉਨ੍ਹਾਂ ਦੀ ਕਾਰਜਸ਼ੈਲੀ ’ਚ ਕਈ ਵਾਰ ਸਖ਼ਤ ਬਿਆਨਬਾਜ਼ੀ, ਫ਼ੌਜੀ ਤਾਇਨਾਤੀ ਤੇ ਕੂਟਨੀਤਕ ਦਬਾਅ ਇਕੋ ਰਣਨੀਤੀ ਦੇ ਵੱਖ-ਵੱਖ ਪੱਖਾਂ ਵਜੋਂ ਨਜ਼ਰ ਆਉਂਦੇ ਹਨ। ਮੌਜੂਦਾ ਹਾਲਾਤਾਂ ’ਚ ਇਕ ਸੰਭਾਵਨਾ ਇਹ ਵੀ ਵਿਚਾਰਨਯੋਗ ਹੈ ਕਿ ਅਮਰੀਕਾ ਵੱਲੋਂ ਮੱਧ-ਪੂਰਬ ’ਚ ਆਪਣੀ ਫ਼ੌਜੀ ਮੌਜੂਦਗੀ ਵਧਾਉਣ ਦਾ ਮਕਸਦ ਲਾਜ਼ਮੀ ਤੌਰ ’ਤੇ ਈਰਾਨ ਦੀ ਮੁੱਖ ਭੂਮੀ ’ਤੇ ਵਿਆਪਕ ਹਮਲਾ ਕਰਨਾ ਹੀ ਨਾ ਹੋਵੇ।

ਪਿਛਲੇ ਕੁਝ ਦਿਨਾਂ ਤੋਂ ਅੰਤਰਰਾਸ਼ਟਰੀ ਮੀਡੀਆ ਤੇ ਸ਼ੋਸ਼ਲ ਮੀਡੀਆ ’ਤੇ ਵੱਖ-ਵੱਖ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀਆਂ ਚੇਤਾਵਨੀਆਂ ਤੇ ਸੁਰੱਖਿਆ ਹਿਦਾਇਤਾਂ ਦੀ ਚਰਚਾ ਨੇ ਬੇਯਕੀਨੀ ਦਾ ਮਾਹੌਲ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਆਲਮੀ ਰਾਜਨੀਤੀ ਦੇ ਮੌਜੂਦਾ ਦ੍ਰਿਸ਼ ’ਤੇ ਨਜ਼ਰ ਮਾਰੀਏ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੱਧ-ਪੂਰਬ ਇਕ ਵਾਰ ਫਿਰ ਇਤਿਹਾਸ ਦੇ ਉਸ ਸੰਵੇਦਨਸ਼ੀਲ ਮੋੜ ’ਤੇ ਖੜ੍ਹਾ ਹੈ, ਜਿੱਥੇ ਇਕ ਛੋਟੀ ਜਿਹੀ ਰਣਨੀਤਕ ਗ਼ਲਤੀ ਵੱਡੇ ਭੂ-ਸਿਆਸੀ ਸੰਕਟ ਦਾ ਸਬੱਬ ਬਣ ਸਕਦੀ ਹੈ। ਅਮਰੀਕਾ ਤੇ ਈਰਾਨ ਦਰਮਿਆਨ ਵਧਦੀ ਤਲਖ਼ੀ, ਇਜ਼ਰਾਈਲ ’ਚ ਬਦਲਦੇ ਰਾਜਨੀਤੀਕ ਹਾਲਤ ਤੇ ਹੋਰਮੁਜ਼ ਜਲਡਮਰੂ ਮੱਧ ਨੂੰ ਲੈ ਕੇ ਬਣ ਰਹੇ ਤਣਾਅ ਨੇ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ’ਚ ਇਜ਼ਾਫ਼ਾ ਕਰ ਦਿੱਤਾ ਹੈ। ਯੂਰਪ ਦੇ ਕਈ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੰਕਟਕਾਲੀਨ ਹਾਲਾਤ ਲਈ ਖਾਣ-ਪੀਣ ਦੀਆਂ ਵਸਤਾਂ, ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰ ਕੇ ਰੱਖਣ ਦੀਆਂ ਹਦਾਇਤਾਂ ਦੇਣਾ ਵੀ ਇਸੇ ਚਿੰਤਾ ਦੇ ਪ੍ਰਸੰਗ ’ਚ ਦੇਖਿਆ ਜਾ ਰਿਹਾ ਹੈ। ਸਵਾਲ ਇਹ ਨਹੀਂ ਕਿ ਲੋਕਾਂ ਨੂੰ ਰਾਸ਼ਨ ਤੇ ਪਾਣੀ ਸੰਭਾਲ ਕੇ ਰੱਖਣ ਦੀ ਸਲਾਹ ਕਿਉਂ ਦਿੱਤੀ ਜਾ ਰਹੀ ਹੈ; ਅਸਲ ਸਵਾਲ ਇਹ ਹੈ ਕਿ ਆਧੁਨਿਕ ਵਿਸ਼ਵ ਵਿਵਸਥਾ ਦੇ ਉਹ ਦੇਸ਼, ਜਿਨ੍ਹਾਂ ਦੀ ਤਕਨੀਕੀ ਸਮਰੱਥਾ ਤੇ ਸੁਰੱਖਿਆ ਪ੍ਰਬੰਧਾਂ ਨੂੰ ਦੁਨੀਆ ਲਈ ਮਿਸਾਲ ਮੰਨਿਆ ਜਾਂਦਾ ਹੈ, ਉਹ ਵੀ ਆਉਣ ਵਾਲੇ ਸੰਭਾਵੀ ਸੰਕਟ ਨੂੰ ਲੈ ਕੇ ਇੰਨੇ ਫ਼ਿਕਰਮੰਦ ਕਿਉਂ ਦਿਖਾਈ ਦੇ ਰਹੇ ਹਨ? ਬੀਤੇ ਮਹੀਨਿਆਂ ਦੌਰਾਨ ਅਮਰੀਕਾ ਤੇ ਈਰਾਨ ਦੇ ਟਕਰਾਅ ਦੌਰਾਨ ਉਪਜੇ ਹਾਲਾਤਾਂ ਨੇ ਇਹ ਸਾਬਤ ਕਰ ਦਿੱਤਾ ਕਿ ਹੋਰਮੁਜ਼ ਜਲਡਮਰੂ ਮੱਧ ਸਿਰਫ਼ ਭੂਗੋਲਿਕ ਨਕਸ਼ੇ ਉੱਤੇ ਉੱਕਰੀ ਸਮੁੰਦਰੀ ਲਕੀਰ ਨਹੀਂ, ਸਗੋਂ ਵਿਸ਼ਵ ਊਰਜਾ ਸਪਲਾਈ ਦੀਆਂ ਸਭ ਤੋਂ ਅਹਿਮ ਜੀਵਨ-ਰੇਖਾਵਾਂ ’ਚੋਂ ਇਕ ਹੈ। ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਨਾਲ ਜੋੜਨ ਵਾਲਾ ਇਹ ਤੰਗ ਸਮੁੰਦਰੀ ਰਸਤਾ ਦੁਨੀਆ ਦੇ ਤੇਲ ਤੇ ਕੁਦਰਤੀ ਗੈਸ ਦੇ ਵੱਡੇ ਹਿੱਸੇ ਦੀ ਆਵਾਜਾਈ ਲਈ ਮਹੱਤਵਪੂਰਨ ਹੈ। ਇਸ ਖੇਤਰ ’ਚ ਹੋਣ ਵਾਲੀ ਕੋਈ ਵੀ ਹਲਚਲ ਪੂਰੇ ਵਿਸ਼ਵ ਦੀ ਆਰਥਿਕ ਨੂੰ ਹਿਲਾਉਣ ਦਾ ਕਾਰਨ ਬਣ ਸਕਦੀ ਹੈ। ਜੇਕਰ ਇਸ ਸਮੁੰਦਰੀ ਰਸਤੇ ਵਿੱਚ ਲੰਮੇ ਸਮੇਂ ਲਈ ਵਿਘਨ ਪੈਂਦਾ ਹੈ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ, ਸਮੁੰਦਰੀ ਵਪਾਰ ਵਿੱਚ ਰੁਕਾਵਟ, ਬੀਮਾ ਲਾਗਤਾਂ ਵਿੱਚ ਇਜ਼ਾਫ਼ਾ ਅਤੇ ਸਪਲਾਈ ਚੇਨ ਦੀ ਤਬਾਹੀ ਵਰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਰਸੋਈ ਤੋਂ ਲੈ ਕੇ ਉਦਯੋਗਿਕ ਇਕਾਈਆਂ ਤੱਕ ਪੈਣਾ ਲਾਜ਼ਮੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਦੇਸ਼ ਨੀਤੀ ਦਾ ਇਕ ਅਹਿਮ ਪਹਿਲੂ ਦਬਾਅ ਦੀ ਸਿਆਸਤ ਤੇ ਤਾਕਤ ਦੇ ਪ੍ਰਦਰਸ਼ਨ ਰਾਹੀਂ ਵਿਰੋਧੀ ਧਿਰ ਨੂੰ ਗੱਲਬਾਤ ਦੀ ਮੇਜ਼ ਤੱਕ ਲਿਆਉਣਾ ਰਿਹਾ ਹੈ। ਉਨ੍ਹਾਂ ਦੀ ਕਾਰਜਸ਼ੈਲੀ ’ਚ ਕਈ ਵਾਰ ਸਖ਼ਤ ਬਿਆਨਬਾਜ਼ੀ, ਫ਼ੌਜੀ ਤਾਇਨਾਤੀ ਤੇ ਕੂਟਨੀਤਕ ਦਬਾਅ ਇਕੋ ਰਣਨੀਤੀ ਦੇ ਵੱਖ-ਵੱਖ ਪੱਖਾਂ ਵਜੋਂ ਨਜ਼ਰ ਆਉਂਦੇ ਹਨ। ਮੌਜੂਦਾ ਹਾਲਾਤਾਂ ’ਚ ਇਕ ਸੰਭਾਵਨਾ ਇਹ ਵੀ ਵਿਚਾਰਨਯੋਗ ਹੈ ਕਿ ਅਮਰੀਕਾ ਵੱਲੋਂ ਮੱਧ-ਪੂਰਬ ’ਚ ਆਪਣੀ ਫ਼ੌਜੀ ਮੌਜੂਦਗੀ ਵਧਾਉਣ ਦਾ ਮਕਸਦ ਲਾਜ਼ਮੀ ਤੌਰ ’ਤੇ ਈਰਾਨ ਦੀ ਮੁੱਖ ਭੂਮੀ ’ਤੇ ਵਿਆਪਕ ਹਮਲਾ ਕਰਨਾ ਹੀ ਨਾ ਹੋਵੇ। ਆਧੁਨਿਕ ਜੰਗਾਂ ਹੁਣ ਸਿਰਫ਼ ਸਰਹੱਦਾਂ ਅਤੇ ਫ਼ੌਜੀ ਮੋਰਚਿਆਂ ਤੱਕ ਸੀਮਤ ਨਹੀਂ ਰਹੀਆਂ। ਇਨ੍ਹਾਂ ਦਾ ਅਸਰ ਊਰਜਾ ਸਪਲਾਈ, ਸਾਈਬਰ ਸੁਰੱਖਿਆ, ਆਵਾਜਾਈ, ਸੰਚਾਰ ਪ੍ਰਣਾਲੀਆਂ ਅਤੇ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਤੱਕ ਪਹੁੰਚਦਾ ਹੈ। ਯੂਰਪ ਦੀ ਚਿੰਤਾ ਦਾ ਇਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਕਾਰ ਸਿੱਧੀ ਜੰਗ ਛਿੜਦੀ ਹੈ ਤਾਂ ਇਸ ਦਾ ਭੂਗੋਲਿਕ ਦਾਇਰਾ ਸਿਰਫ਼ ਖਾੜੀ ਦੇਸ਼ਾਂ ਤੱਕ ਸੀਮਤ ਰਹਿਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਯੂਰਪੀ ਸਰਕਾਰਾਂ ਵੱਲੋਂ ਨਾਗਰਿਕਾਂ ਨੂੰ ਘੱਟੋ-ਘੱਟ ਕੁਝ ਦਿਨਾਂ ਦੀਆਂ ਜ਼ਰੂਰੀ ਲੋੜਾਂ ਦਾ ਪ੍ਰਬੰਧ ਰੱਖਣ ਲਈ ਕਹਿਣਾ ਸਿਰਫ਼ ਜੰਗ ਦੀ ਭਵਿੱਖਬਾਣੀ ਨਹੀਂ, ਸਗੋਂ ਆਧੁਨਿਕ ਸੰਕਟ ਪ੍ਰਬੰਧਨ ਦਾ ਹਿੱਸਾ ਵੀ ਹੈ। ਫਿਰ ਵੀ, ਇਹ ਤੱਥ ਆਪਣੇ ਆਪ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਪੱਛਮੀ ਦੇਸ਼ ਸੰਭਾਵੀ ਅਸਥਿਰਤਾ ਨੂੰ ਹਲਕੇ ਵਿੱਚ ਲੈਣ ਲਈ ਤਿਆਰ ਨਹੀਂ ਹਨ। ਜੰਗ ਦੇ ਮੈਦਾਨ ’ਚ ਹਥਿਆਰਾਂ ਦੀ ਗਿਣਤੀ ਹੀ ਜਿੱਤ ਦਾ ਫ਼ੈਸਲਾ ਨਹੀਂ ਕਰਦੀ। ਸੈਨਿਕਾਂ ਦਾ ਮਨੋਬਲ, ਰਸਦ ਦੀ ਨਿਰੰਤਰ ਉਪਲਬਧਤਾ, ਖ਼ੁਫ਼ੀਆ ਜਾਣਕਾਰੀ, ਤਕਨੀਕੀ ਸਮਰੱਥਾ ਅਤੇ ਸਿਆਸੀ ਉਦੇਸ਼ਾਂ ਦੀ ਸਪੱਸ਼ਟਤਾ ਵੀ ਉਨੇ ਹੀ ਮਹੱਤਵਪੂਰਨ ਹੁੰਦੇ ਹਨ। ਅਮਰੀਕਾ ਵਲੋਂ ਕੁਝ ਮਹੀਨੇ ਪਹਿਲਾਂ ਈਰਾਨ ਖਿਲਾਫ ਕੀਤੀ ਗਈ ਫੌਜੀ ਕਾਰਵਾਈ ਵਿਚ ਈਰਾਨ ਨੇ ਉਸਨੂੰ ਤੱਗੜੀ ਟੱਕਰ ਦਿੱਤੀ। ਅਜਿਹੇ ਹਾਲਾਤ ’ਚ ਅਮਰੀਕਾ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ ਸਹਿਯੋਗੀ ਦੀਆਂ ਸੁਰੱਖਿਆ ਚਿੰਤਾਵਾਂ ਅਤੇ ਆਪਣੇ ਕੌਮੀ ਹਿੱਤਾਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਹੈ। ਸਾਥ ਦੇਣ ਅਤੇ ਕਿਸੇ ਹੋਰ ਦੇਸ਼ ਦੀ ਜੰਗ ਨੂੰ ਆਪਣੀ ਜੰਗ ਬਣਾ ਲੈਣ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈ। ਜੇਕਰ ਹੋਰਮੁਜ਼ ’ਚ ਲੰਮੇ ਸਮੇਂ ਲਈ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਭਾਰਤ ਨੂੰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ, ਆਵਾਜਾਈ ਲਾਗਤਾਂ ਅਤੇ ਊਰਜਾ ਸੁਰੱਖਿਆ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਹਾਲਾਤਾਂ ਦਾ ਨਿਰਪੱਖ ਵਿਸ਼ਲੇਸ਼ਣ ਇਹ ਸੰਕੇਤ ਦਿੰਦਾ ਹੈ ਕਿ ਮੱਧ-ਪੂਰਬ ’ਚ ਫ਼ੌਜੀ ਤਣਾਅ ਦੇ ਨਾਲ-ਨਾਲ ਮਨੋਵਿਗਿਆਨਕ ਦਬਾਅ ਅਤੇ ਕੂਟਨੀਤਕ ਪੈਂਤੜੇਬਾਜ਼ੀ ਵੀ ਪੂਰੇ ਜ਼ੋਰਾਂ ਉੱਤੇ ਹੈ। ਇਹ ਦਾਅਵਾ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਕਿ ਅਮਰੀਕਾ ਨੇ ਹਮਲੇ ਦਾ ਅੰਤਿਮ ਫ਼ੈਸਲਾ ਕਰ ਲਿਆ ਹੈ ਜਾਂ ਈਰਾਨ ਵੱਲੋਂ ਕਿਸੇ ਖ਼ਾਸ ਪੱਧਰ ਦੀ ਜਵਾਬੀ ਕਾਰਵਾਈ ਤੈਅ ਹੈ। ਆਖ਼ਰਕਾਰ, ਦੁਨੀਆ ਨੂੰ ਇਕ ਹੋਰ ਜੰਗੀ ਜਿੱਤ ਦੀ ਨਹੀਂ, ਸਗੋਂ ਅਜਿਹੀ ਸਿਆਸੀ ਦੂਰਅੰਦੇਸ਼ੀ ਦੀ ਲੋੜ ਹੈ ਜੋ ਜੰਗ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਅਮਨ ਦਾ ਰਾਹ ਪੱਧਰਾ ਕਰ ਸਕੇ। ਕਿਉਂਕਿ ਜੰਗ ਵਿੱਚ ਜਿੱਤਣ ਵਾਲੇ ਵੀ ਅਕਸਰ ਹਾਰ ਜਾਂਦੇ ਹਨ, ਪਰ ਅਮਨ ਵਿੱਚ ਜਿੱਤਣ ਵਾਲੀ ਪੂਰੀ ਮਨੁੱਖਤਾ ਹੁੰਦੀ ਹੈ।
-ਬਲਵੰਤ ਰਾਏ, ਸ਼ਹੀਦ ਭਗਤ ਸਿੰਘ ਨਗਰ।