- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਸਾਲ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ, ਉਸ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਇਸ ਕੁਦਰਤੀ ਆਫ਼ਤ ਨੇ ਇਤਿਹਾਸ ਦਾ ਉਹ ਕਾਲਾ ਵਰਕਾ ਲਿਖਿਆ ਜਿਸ ਨੂੰ ਲੰਮੇ ਸਮਿਆਂ ਤੱਕ ਭੁਲਾਇਆ ਨਹੀਂ ਜਾ ਸਕੇਗਾ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਪਠਾਨਕੋਟ ਵਿਚ ਅਨੇਕ ਪਿੰਡਾਂ ਦੇ ਲੋਕ ਬੇਘਰ ਹੋ ਗਏ, ਪਸ਼ੂ ਰੁੜ੍ਹ ਗਏ ਤੇ ਜ਼ਮੀਨਾਂ ਵਿਚ ਰੇਤਾ ਆਉਣ ਨਾਲ ਵਾਹੀਯੋਗ ਨਹੀਂ ਰਹੀਆਂ। ਇਹ ਸੰਤਾਪ ਹੰਢਾਉਣ ਤੋਂ ਬਾਅਦ ਵੀ ਹਿੰਮਤੀ ਤੇ ਮਿਹਨਤਕਸ਼ ਲੋਕਾਂ ਨੇ ਹੌਸਲਾ ਨਹੀਂ ਹਾਰਿਆ ਤੇ ਜ਼ਿੰਦਗੀ ਨੂੰ ਮੁੜ ਲੀਹ ’ਤੇ ਚਾੜ੍ਹ ਲਿਆ।

ਪਿਛਲੇ ਸਾਲ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ, ਉਸ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਇਸ ਕੁਦਰਤੀ ਆਫ਼ਤ ਨੇ ਇਤਿਹਾਸ ਦਾ ਉਹ ਕਾਲਾ ਵਰਕਾ ਲਿਖਿਆ ਜਿਸ ਨੂੰ ਲੰਮੇ ਸਮਿਆਂ ਤੱਕ ਭੁਲਾਇਆ ਨਹੀਂ ਜਾ ਸਕੇਗਾ।
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਪਠਾਨਕੋਟ ਵਿਚ ਅਨੇਕ ਪਿੰਡਾਂ ਦੇ ਲੋਕ ਬੇਘਰ ਹੋ ਗਏ, ਪਸ਼ੂ ਰੁੜ੍ਹ ਗਏ ਤੇ ਜ਼ਮੀਨਾਂ ਵਿਚ ਰੇਤਾ ਆਉਣ ਨਾਲ ਵਾਹੀਯੋਗ ਨਹੀਂ ਰਹੀਆਂ। ਇਹ ਸੰਤਾਪ ਹੰਢਾਉਣ ਤੋਂ ਬਾਅਦ ਵੀ ਹਿੰਮਤੀ ਤੇ ਮਿਹਨਤਕਸ਼ ਲੋਕਾਂ ਨੇ ਹੌਸਲਾ ਨਹੀਂ ਹਾਰਿਆ ਤੇ ਜ਼ਿੰਦਗੀ ਨੂੰ ਮੁੜ ਲੀਹ ’ਤੇ ਚਾੜ੍ਹ ਲਿਆ।
ਮਾਧੋਪੁਰ ਹੈੱਡਵਰਕਸ ਦੇ ਚਾਰ ਗੇਟਾਂ ਦਾ ਨੁਕਸਾਨਿਆ ਜਾਣਾ ਅਤੇ ਹਜ਼ਾਰਾਂ ਏਕੜ ਫ਼ਸਲਾਂ ਦਾ ਤਬਾਹ ਹੋਣਾ ਇਸ ਗੱਲ ਦਾ ਗਵਾਹ ਹੈ ਕਿ ਕੁਦਰਤ ਦੇ ਕਹਿਰ ਅੱਗੇ ਮਨੁੱਖੀ ਇੰਤਜ਼ਾਮ ਕਿੰਨੇ ਬੌਣੇ ਸਾਬਿਤ ਹੁੰਦੇ ਹਨ। ਕਈ ਵਾਰ ਮਨੁੱਖੀ ਅਵੇਸਲੀਆਂ ਕਾਰਗੁਜ਼ਾਰੀਆਂ ਵੀ ਕੁਦਰਤ ਨੂੰ ਵਿਕਰਾਲ ਰੂਪ ਧਾਰਨ ਲਈ ਮਜਬੂਰ ਕਰ ਦਿੰਦੀਆਂ ਹਨ। ਸਮੇਂ ਸਿਰ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨਾ ਕਰਨ ਦਾ ਦੋਸ਼ ਅਕਸਰ ਕੁਦਰਤ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ ਪਰ ਇਸ ਵਾਰ ਪ੍ਰਸ਼ਾਸਨ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਬੀਬੀਐੱਮਬੀ ਪਿਛਲੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਸਮੇਂ ਤੋਂ ਪਹਿਲਾਂ ਹੀ ਚੌਕਸ ਨਜ਼ਰ ਆ ਰਿਹਾ ਹੈ। ਹਾਲਾਂਕਿ, ਇਸ ਵਾਰ ਮੌਨਸੂਨ ਅਤੇ ਪ੍ਰੀ-ਮੌਨਸੂਨ ਦੇ ਸ਼ੁਰੂਆਤੀ ਦੌਰ ਵਿਚ ਹੀ ਗੁਰਦਾਸਪੁਰ ਦੇ ਇਲਾਕੇ ਵਿਚ ਅੱਪਰ ਬਾਰੀ ਦੁਆਬ ਨਹਿਰ ਵਿਚ ਪਏ 100 ਕੁ ਫੁੱਟ ਦੇ ਪਾੜ ਨੇ ਪ੍ਰਸ਼ਾਸਨਿਕ ਤਿਆਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਸ ਕਾਰਨ ਕਈ ਪਿੰਡਾਂ ਵਿਚ ਫਿਰ ਤੋਂ ਹੜ੍ਹਾਂ ਵਰਗੀ ਸਥਿਤੀ ਬਣ ਗਈ ਅਤੇ ਕਿਸਾਨਾਂ ਦੀ ਮਿਹਨਤ ਪਾਣੀ ਵਿਚ ਵਹਿ ਗਈ।
ਇਨ੍ਹਾਂ ਹਾਲਾਤ ਨੂੰ ਦੇਖਦਿਆਂ ਸਰਕਾਰਾਂ ਨੇ ਡੈਮਾਂ ਵਿੱਚੋਂ ਪਹਿਲਾਂ ਹੀ ਥੋੜ੍ਹਾ-ਥੋੜ੍ਹਾ ਵਾਧੂ ਪਾਣੀ ਛੱਡਦੇ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਸਨ ਤਾਂ ਜੋ ਅਚਾਨਕ ਆਉਣ ਵਾਲੇ ਹੜ੍ਹਾਂ ਦੇ ਪਾਣੀ ਨੂੰ ਸੰਭਾਲਿਆ ਜਾ ਸਕੇ। ਪਰ ਕੁਦਰਤ ਦੀ ਖੇਡ ਨਿਰਾਲੀ ਅਤੇ ਅਣਕਿਆਸੀ ਹੈ। ਅਜੋਕੇ ਸਮੇਂ ਵਿਚ ਜਦੋਂ ‘ਅਲ ਨੀਨੋ’ ਦੇ ਪ੍ਰਭਾਵ ਕਾਰਨ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਤਾਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਮੌਨਸੂਨ ਰੁੱਸ ਗਿਆ ਹੋਵੇ। ਇਸ ਸੁਸਤ ਰਫ਼ਤਾਰ ਕਾਰਨ ਹੁਣ ਡੈਮਾਂ ਵਿਚ ਪਾਣੀ ਦੇ ਪੱਧਰ ਦੀ ਕਮੀ ਮਹਿਸੂਸ ਹੋਣ ਲੱਗ ਪਈ ਹੈ ਜੋ ਖੇਤੀਬਾੜੀ ਅਤੇ ਬਿਜਲੀ ਉਤਪਾਦਨ ਲਈ ਇਕ ਨਵੀਂ ਚਿੰਤਾ ਦਾ ਵਿਸ਼ਾ ਹੈ। ਇਕ ਪਾਸੇ ਜਿੱਥੇ ਹੜ੍ਹਾਂ ਦਾ ਡਰ ਪ੍ਰਸ਼ਾਸਨ ਦੀ ਰਾਤਾਂ ਦੀ ਨੀਂਦ ਹਰਾਮ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਮੌਨਸੂਨ ਦੀ ਬੇਰੁਖ਼ੀ ਕਾਰਨ ਸੋਕੇ ਵਰਗੇ ਹਾਲਾਤ ਪੈਦਾ ਹੋਣ ਦਾ ਖ਼ਤਰਾ ਸਿਰ ’ਤੇ ਮੰਡਰਾਉਣ ਲੱਗ ਪੈਂਦਾ ਹੈ। ਮੌਸਮ ਵਿਗਿਆਨੀਆਂ ਦੀਆਂ ਭਵਿੱਖਬਾਣੀਆਂ ਮੁਤਾਬਕ ‘ਅਲ ਨੀਨੋ’ ਦੇ ਪ੍ਰਭਾਵ ਕਾਰਨ ਮੌਨਸੂਨ ਵਿਚ ਦੇਰੀ ਜਾਂ ਕਮੀ ਆਉਣਾ ਸੁਭਾਵਿਕ ਹੈ ਪਰ ਇਸੇ ਦੌਰਾਨ ਕੁਝ ਰਾਹਤ ਭਰੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਮੌਨਸੂਨ ਨੇ ਇਕ ਵਾਰ ਫਿਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਭਾਰਤ ਦੇ ਕਈ ਹਿੱਸਿਆਂ ਵਿਚ ਚੰਗੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਉੱਤਰੀ ਭਾਰਤ ਅਤੇ ਖ਼ਾਸ ਤੌਰ ’ਤੇ ਪੰਜਾਬ ਵੱਲ ਆਉਂਦਿਆਂ ਮੌਨਸੂਨ ਦਾ ਕਿਹੋ ਜਿਹਾ ਰੁਖ਼ ਰਹੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਜੇਕਰ ਮੌਨਸੂਨ ਦੀ ਇਹ ਨਾਰਾਜ਼ਗੀ ਦੂਰ ਹੁੰਦੀ ਹੈ ਅਤੇ ਇਹ ਭਰਪੂਰ ਵਰ੍ਹਦਾ ਹੈ ਤਾਂ ਇਹ ਜਿੱਥੇ ਔੜ ਮਾਰੀ ਧਰਤ ਅਤੇ ਡੈਮਾਂ ਲਈ ਸੰਜੀਵਨੀ ਸਿੱਧ ਹੋਵੇਗਾ, ਉੱਥੇ ਹੀ ਪ੍ਰਸ਼ਾਸਨ ਲਈ ਹੜ੍ਹਾਂ ਦੇ ਪ੍ਰਬੰਧਨ ਦੀ ਇਕ ਵੱਡੀ ਚੁਣੌਤੀ ਵੀ ਖੜ੍ਹੀ ਕਰੇਗਾ। ਸਰਕਾਰਾਂ ਅਤੇ ਸਬੰਧਤ ਵਿਭਾਗਾਂ ਲਈ ਹੁਣ ਇਹ ਬੇਹੱਦ ਜ਼ਰੂਰੀ ਹੈ ਕਿ ਉਹ ‘ਨਾ ਬਹੁਤੀ ਅੰਨ੍ਹੇਵਾਹ ਵਰਖਾ’ ਅਤੇ ‘ਨਾ ਹੀ ਪੂਰੇ ਸੋਕੇ’ ਦੀ ਸਥਿਤੀ ਯਾਨੀ ਦੋਵਾਂ ਹਾਲਾਤਾਂ ਲਈ ਬਰਾਬਰ ਤਿਆਰ ਰਹਿਣ। ਕੁਦਰਤ ਦਾ ਭੇਤ ਨਹੀਂ ਪਾਇਆ ਜਾ ਸਕਦਾ। ਗੁਰੂ ਵਾਕ ਹੈ ‘ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨ ਜਾਈ ਲਖਿਆ’। ਸੋ, ਸੁਚੱਜੀਆਂ ਨੀਤੀਆਂ ਤੇ ਅਗਾਊਂ ਤਿਆਰੀਆਂ ਨਾਲ ਨੁਕਸਾਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ।