- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਗਲਵਾੜਾ ਮਤਲਬ ਬੇਸਹਾਰਾ ਪਿੰਗਲਿਆਂ, ਅਪਾਹਜਾਂ ਨੂੰ ਸਹੀ ਇਲਾਜ ਸਹਿਤ ਅਰੋਗਤਾ ਬਖਸ਼ਣ, ਉਨ੍ਹਾਂ ਦਾ ਨਿਰਸੁਆਰਥ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਦਿਆਲਤਾ ਭਰਿਆ ਅਸਥਾਨ। ਮਨੁੱਖੀ ਹਮਦਰਦੀ ਦਾ ਅਜਿਹਾ ਹੀ ਸ਼ਾਂਤ ਵਗਦਾ ਦਰਿਆ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਦੇ ਸਾਹਮਣੇ ਪਾਸੇ ਆਬਾਦੀ ਤਹਿਸੀਲਪੁਰਾ ਸਥਿਤ ਪਿੰਗਲਵਾੜਾ।

ਪਿੰਗਲਵਾੜਾ ਮਤਲਬ ਬੇਸਹਾਰਾ ਪਿੰਗਲਿਆਂ, ਅਪਾਹਜਾਂ ਨੂੰ ਸਹੀ ਇਲਾਜ ਸਹਿਤ ਅਰੋਗਤਾ ਬਖਸ਼ਣ, ਉਨ੍ਹਾਂ ਦਾ ਨਿਰਸੁਆਰਥ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਦਿਆਲਤਾ ਭਰਿਆ ਅਸਥਾਨ। ਮਨੁੱਖੀ ਹਮਦਰਦੀ ਦਾ ਅਜਿਹਾ ਹੀ ਸ਼ਾਂਤ ਵਗਦਾ ਦਰਿਆ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਦੇ ਸਾਹਮਣੇ ਪਾਸੇ ਆਬਾਦੀ ਤਹਿਸੀਲਪੁਰਾ ਸਥਿਤ ਪਿੰਗਲਵਾੜਾ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਸਨ। ਪਿੰਗਲਵਾੜਾ ਦੀ ਸ਼ੁਰੂਆਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ ਤੋਂ ਹੋਈ, ਜਦੋਂ 1934 ਦੌਰਾਨ ਅੰਮ੍ਰਿਤ ਵੇਲੇ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਇਕ ਚਾਰ ਕੁ ਸਾਲਾਂ ਦੇ ਪੇਟ ਦੀ ਬਿਮਾਰੀ ਤੋਂ ਪੀੜਤ, ਮਲ-ਮੂਤਰ ਨਾਲ ਲਿੱਬੜੇ ਤੇ ਅਪਾਹਜ ਬਾਲ ਦਾ ਪਾਲਣ-ਪੋਸ਼ਣ ਕਰਨ ਲਈ ਭਗਤ ਪੂਰਨ ਸਿੰਘ ਜੀ ਦੇ ਹਵਾਲੇ ਕਰ ਦਿੱਤਾ। ਉਸ ਅਭਾਗੇ ਤੇ ਗੂੰਗੇ ਬਾਲ ਨੂੰ ਉਸ ਦੇ ਲਾਚਾਰ ਮਾਂ-ਬਾਪ ਮੂੰਹ ਹਨੇਰੇ ਹੀ ਗੁਰੂ ਆਸਰੇ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ ’ਚ ਛੱਡ ਗਏ ਸਨ। ਦਰਅਸਲ ਗ੍ਰੰਥੀ ਜੀ ਭਗਤ ਪੂਰਨ ਸਿੰਘ ਦੀ ਮਾਨਵਤਾ ਤੇ ਪੰਖੀਆਂ ਪੰਖੇਰੂਆਂ ਪ੍ਰਤੀ ਸੇਵਾ ਭਾਵਨਾ ਤੋਂ ਭਲੀਭਾਂਤ ਜਾਣੂ ਸਨ। ਭਗਤ ਜੀ ਨੇ ਬਿਨਾਂ ਕੋਈ ਕੁਰਿਹਤ ਕੀਤਿਆਂ ਬਾਲਕ ਦੀ ਸਾਫ਼-ਸਫ਼ਾਈ ਕੀਤੀ, ਸਾਫ਼ ਕੱਪੜਿਆਂ ਦਾ ਪ੍ਰਬੰਧ ਕਰ ਕੇ ਨਿੱਘ ਦਿੱਤਾ ਤੇ ਉਸ ਦੀ ਦਵਾ-ਦਾਰੂ ਕਰ ਕੇ ਅਰੋਗ ਕਰ ਦਿੱਤਾ। ਉਨ੍ਹੀਂ ਦਿਨੀਂ ਭਗਤ ਪੂਰਨ ਸਿੰਘ ਗੁਰਦੁਆਰਾ ਡੇਰਾ ਸਾਹਿਬ ਵਿਚ ਲੰਗਰ ਦੀ ਸੇਵਾ ਕਰਦੇ ਸਨ। ਬਾਲਣ ਲਈ ਲੱਕੜਾਂ ਪਾੜਨੀਆਂ, ਲੋਹ ਥੱਲੇ ਅੱਗ ਡਾਹੁਣੀ, ਪੰਗਤ ਲਈ ਟਾਟ ਵਿਛਾਉਣੇ, ਲੰਗਰ ਵਰਤਾਉਣਾ, ਨਿਰਮਲ ਜਲ ਦੀ ਸੇਵਾ ਕਰਨੀ ਤੇ ਝੂਠੇ ਭਾਂਡਿਆਂ ਨੂੰ ਸਾਫ਼ ਕਰਨਾ ਉਨ੍ਹਾਂ ਦਾ ਨਿੱਤ ਦਾ ਵਿਹਾਰ ਸੀ। ਅੰਮ੍ਰਿਤ ਵੇਲੇ ਤੋਂ ਪਹਿਰ ਰਾਤ ਤੱਕ ਸੇਵਾ ਕਰਦਿਆਂ ਉਹ ਨਾ ਅੱਕਦੇ ਤੇ ਨਾ ਹੀ ਥੱਕਦੇ। ਦਰਅਸਲ ਭਗਤ ਪੂਰਨ ਸਿੰਘ ਦੇ ਮਨ ’ਚ ਜਨ-ਹਿਤੈਸ਼ੀ ਸੇਵਾ ਭਾਵਨਾ ਦਾ ਸੰਚਾਰ ਉਨ੍ਹਾਂ ਦੀ ਪੂਜਨੀਕ ਮਾਤਾ ਮਹਿਤਾਬ ਕੌਰ ਜੀ ਨੇ ਅਮਲੀ ਰੂਪ ’ਚ ਕਰ ਦਿੱਤਾ ਸੀ। ਤੁਰਨ ਫਿਰਨ ਪੱਖੋਂ ਅਪਾਹਜ ਬਾਲਕ ਨੂੰ ਭਗਤ ਜੀ ਕਦੇ ਕੁੱਛੜ ਤੇ ਕਦੇ ਕੰਧਾੜੇ ਚੁੱਕੀ ਰੱਖਦੇ ਤੇ ਲਾਡ ਨਾਲ ਉਸ ਦਾ ਨਾਂ ਪਿਆਰਾ ਸਿੰਘ ਰੱਖ ਦਿੱਤਾ। ਭਗਤ ਜੀ ਉਸ ਦਾ ਖ਼ਿਆਲ ਸਕੀ ਮਾਂ ਤੋਂ ਵੀ ਵੱਧ ਰੱਖਦੇ।
ਸੰਨ ਸੰਤਾਲੀ ਦੇ ਦੁਰਭਾਗਪੂਰਨ ਰੌਲਿਆਂ ਵੇਲੇ ਲੋਕਾਂ ਨੇ ਆਪਣੇ ਗੱਡਿਆਂ, ਘੋੜੀਆਂ, ਊਠਾਂ ਉੱਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ਾਤ, ਗਹਿਣੇ, ਕੱਪੜੇ ਤੇ ਹੋਰ ਨਿੱਕਸੁਕ ਲੱਦ ਕੇ ਵਾਹਗੇ ਵਾਲੀ ਪਵਾੜਿਆਂ ਹੱਥੀਂ ਲੀਕ ਨੂੰ ਪਾਰ ਕੀਤਾ ਪਰ ਭਗਤ ਪੂਰਨ ਸਿੰਘ ਦੇ ਮੋਢਿਆਂ ਉੱਤੇ ਵਾਹਗਾ ਪਾਰ ਲੰਘਣ ਵੇਲੇ ਕੇਵਲ ‘ਪਿਆਰਾ’ ਹੀ ਸੀ। ਪਿਆਰੇ ਨੂੰ ਗਲ਼ ਨਾਲ ਲਾਈ ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਸਥਾਪਿਤ ਕੀਤੇ ਪਨਾਹਗੀਰ ਕੈਂਪ ’ਚ ਸ਼ਰਨ ਲਈ। ਇੱਥੇ ਵੀ ਭਗਤ ਜੀ ਬਿਮਾਰ ਪਨਾਹਗੀਰਾਂ ਦੇ ਦਵਾ-ਦਾਰੂ ਦਾ ਪ੍ਰਬੰਧ ਮੰਗ-ਤੰਗ ਕੇ ਕਰਦੇ ਤੇ ਕਈਆਂ ਜ਼ਖ਼ਮੀਆਂ ਦੇ ਜ਼ਖ਼ਮਾਂ ਤੇ ਫੋੜਿਆਂ ’ਤੇ ਮੱਲ੍ਹਮ ਪੱਟੀ ਕਰਦੇ। ਜਦੋਂ ਕੈਂਪ ਨੂੰ ਚੁਕਾ ਦਿੱਤਾ ਗਿਆ ਤਾਂ ਉਸ ਵੇਲੇ ਭਗਤ ਪੂਰਨ ਸਿੰਘ ਜੀ ਅੱਠ ਅਨਾਥ ਤੇ ਨਿਆਸਰੇ ਰੋਗੀਆਂ ਦੀ ਸੇਵਾ ਸੰਭਾਲ ਕਰ ਰਹੇ ਸਨ। ਹੁਣ ਬੇਸਹਾਰਾ ਕਹਿ ਲਓ ਜਾਂ ਅਵਾਰਗੀ ਦੇ ਆਲਮ ਵਿਚ ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਸ਼ੰਭੂ ਨਾਥ ਦੀ ਸਲਫਿਊਰਿਕ ਐਸਿਡ ਦੀ ਫੈਕਟਰੀ ਦੇ ਬਾਹਰਲੇ ਸ਼ੈੱਡ ਥੱਲੇ ਠੰਢ-ਗਰਮੀ ਦਾ ਡੇਢ ਕੁ ਸਾਲ ਬਤੀਤ ਕੀਤਾ। ਸਾਧਨਾਂ ਦੀ ਘਾਟ ਕਾਰਨ ਭਗਤ ਜੀ ਰੋਗੀਆਂ ਲਈ ਪ੍ਰਸ਼ਾਦੇ ਅਤੇ ਕੱਪੜੇ ਸ਼ਹਿਰ ਵਾਸੀਆਂ ਕੋਲੋਂ ਮੰਗ ਕੇ ਲਿਆਉਂਦੇ। ਕਈ ਵਾਰ ਉਨ੍ਹਾਂ ਨੂੰ ਕੁਝ ਲੋਕਾਂ ਦੇ ਕੌੜੇ-ਫਿੱਕੇ ਬੋਲ ਵੀ ਸੁਣਨੇ ਪੈਂਦੇ ਪਰ ਉਨ੍ਹਾਂ ਦੀ ਮਾਨਸਿਕਤਾ ਅਜਿਹੀਆਂ ਨਿੰਦਕੀ ਅਵਸਥਾਵਾਂ ਤੋਂ ਬਹੁਤ ਉਪਰ ਉੱਠ ਚੁੱਕੀ ਸੀ। ਉਹ ਅਕਾਲ ਪੁਰਖ ਦੀ ਹਰ ਰਜ਼ਾ ’ਚ ਰਾਜ਼ੀ ਤੇ ਸਹਿਜ ਮਨ ਹੀ ਰਹਿੰਦੇ ਸਨ। ਇਥੋਂ ਫਿਰ ਉਨ੍ਹਾਂ ਕੁਝ ਸਮਾਂ ਚੀਫ਼ ਖ਼ਾਲਸਾ ਦੀਵਾਨ ਦੇ ਬਾਹਰ ਅਤੇ ਕੁਝ ਮਹੀਨੇ ਰੇਲਵੇ ਸਟੇਸ਼ਨ ਦੇ ਬਾਹਰ ਪਿੱਪਲ ਥੱਲੇ ਫੁੱਟਪਾਥ ’ਤੇ ਗੁਜ਼ਾਰੇ। ਰੇਲਵੇ ਸਟੇਸ਼ਨ ਦੇ ਬਾਹਰ ਜਦੋਂ ਕੋਈ ਰੋਟੀ ਪਾਣੀ ਦਾ ਸਾਧਨ ਨਾ ਬਣਦਾ ਤਾਂ ਭੁੱਖਿਆਂ ਦੀ ਉਦਰ-ਪੂਰਨਾ ਲਈ ਨਰਮਦਿਲ ਤੇ ਮਨੁੱਖੀ ਹਮਦਰਦੀ ਰੱਖਦੇ ਪ੍ਰੀਤਮ ਢਾਬੇ ਦੇ ਮਾਲਕ ਉਨ੍ਹਾਂ ਦੀ ਦਾਲ-ਪ੍ਰਸ਼ਾਦਿਆਂ ਨਾਲ ਸੇਵਾ ਕਰ ਕੇ ਮੌਨ ਅਸੀਸਾਂ ਨਾਲ ਨਿਹਾਲ ਹੁੰਦੇ। ਇਸ ਥਾਂ ’ਤੇ ਕੁਝ ਸਮਾਂ ਗੁਜ਼ਰ ਬਸਰ ਕਰਨ ਉਪਰੰਤ ਭਗਤ ਪੂਰਨ ਸਿੰਘ ਨੇ ਅਨਾਥ ਰੋਗੀਆਂ ਪਿੰਗਲਿਆਂ ਨੂੰ ਨਾਲ ਲੈ ਕੇ ਵਿਕਟੋਰੀਆ ਜੁਬਲੀ (ਵੀਜੇ) ਹਸਪਤਾਲ ਨਜ਼ਦੀਕ ਆ ਡੇਰਾ ਲਾਇਆ। ਹੁਣ ਤੱਕ ਉਨ੍ਹਾਂ ਦੇ ਡੇਰੇ ਵਿਚ ਸ਼ਰਨ ਲੈਣ ਲਈ 22 ਬੇਸਹਾਰਾ ਬਿਮਾਰ ਤੇ ਅਪਾਹਜ ਮਰੀਜ਼ ਆ ਚੁੱਕੇ ਸਨ। ਭਗਤ ਪੂਰਨ ਸਿੰਘ ਵੱਲੋਂ ਅਨਾਥ ਤੇ ਮੁਥਾਜ ਬਿਮਾਰਾਂ, ਅਪਾਹਜਾਂ, ਪਿੰਗਲਿਆਂ ਤੇ ਪਾਗਲ ਮਰਦ-ਔਰਤਾਂ ਦੀ ਪਰਉਪਰਾਰੀ ਮਾਨਸਿਕਤਾ ਸਹਿਤ ਕੀਤੀ ਜਾ ਰਹੀ ਦਿਆਲੂ ਸੇਵਾ ਦੀ ਮਹਿਮਾ ਫੈਲ ਗਈ, ਜਿਸ ਸਦਕਾ ਪਿੰਗਲਵਾੜਾ ਪਰਿਵਾਰ ਦੀ ਗਿਣਤੀ ਵੱਧ ਕੇ ਨੱਬੇ ਪਿੰਗਲਿਆਂ ਤੱਕ ਪਹੁੰਚ ਗਈ। ਇੰਨੀ ਵੱਡੀ ਗਿਣਤੀ ’ਚ ਆਪਹੁਦਰੇ ਦਿਮਾਗ਼ੀ ਮਰੀਜ਼ਾਂ ਨੂੰ ਸਾਂਭਣ ਲਈ ਮੋਕਲੀ ਜਗ੍ਹਾ ਦੀ ਜ਼ਰੂਰਤ ਸੀ, ਜੋ ਬੰਦ ਪਏ ਸਿਨੇਮਾਘਰ ਇੰਦਰ ਪੈਲੇਸ ਦੇ ਹਾਲ ਕਮਰਿਆਂ ਨੇ ਪੂਰੀ ਕਰ ਦਿੱਤੀ। ਇਕ ਦਿਨ ਜਨ-ਸੇਵਕ ਤੇ ਸਿਆਸੀ ਆਗੂ ਮਿਹਰ ਚੰਦ ਖੰਨਾ ਆਪਣੀ ਪਤਨੀ ਸਮੇਤ ਭਗਤ ਪੂਰਨ ਸਿੰਘ ਦੇ ਦਰਸ਼ਨਾਂ ਨੂੰ ਆਏ ਤੇ ਉਨ੍ਹਾਂ ਪਾਸੋਂ ਡੇਰੇ ਵਿਚ ਇਲਾਜ ਅਧੀਨ ਮਰੀਜ਼ਾਂ ਦਾ ਵਿਸਥਾਰ ਪੂਰਵਕ ਸੂਰਤ-ਏ-ਹਾਲ ਧੀਰਜ ਨਾਲ ਸੁਣਿਆ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਨਿਰਸੁਆਰਥ, ਨਿਸ਼ੁਲਕ ਤੇ ਮਾਨਵੀ ਪ੍ਰੇਮ ਵਿਚ ਭਿੱਜੀ ਸੇਵਾ ਤਾਂ ਉਹ ਆਪਣੀਂ ਅੱਖੀਂ ਵੇਖ ਚੁੱਕੇ ਸਨ। ਰੂਹਾਨੀ ਮੰਡਲਾਂ ਵਿੱਚੋਂ ਉਪਜੇ ਵਲਵਲਿਆਂ ਦੇ ਅਸਰ ਅਧੀਨ ਖੰਨਾ ਜੀ ਦੇ ਦਿਲ-ਓ-ਦਿਮਾਗ਼
ਨੇ ਅਧਿਆਤਮਿਕ ਹੁਲਾਰਾ ਮਾਣਿਆ ਤੇ ਉਨ੍ਹਾਂ ਨੇ ਤਹਿਸੀਲਪੁਰਾ ਵਿਖੇ ਆਪਣੀ ਮਾਲਕੀ ਵਾਲੀ ਜ਼ਮੀਨ ਭਗਤ ਪੂਰਨ ਸਿੰਘ ਦੇ ਨਾਂ ਕਰ ਦਿੱਤੀ, ਨਾਲ ਹੀ ਪਿੰਗਲਵਾੜਾ ਦੀ ਇਮਾਰਤ ਉਸਾਰਨ ਲਈ 40,000 ਰੁਪਏ ਭੇਟ ਕੀਤੇ।
6 ਮਾਰਚ 1957 ਨੂੰ ਪਿੰਗਲਵਾੜਾ ਸੰਸਥਾ ਦੀ ਇਮਾਰਤ ਦੀ ਉਸਾਰੀ ਸੰਪੂਰਨ ਹੋਣ ’ਤੇ ਇਸ ਨੂੰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵਜੋਂ ਰਜਿਸਟਰਡ ਕਰਵਾ ਦਿੱਤਾ ਗਿਆ। ਭਗਤ ਜੀ ਦੇ ‘ਪਿਆਰਾ ਸਿੰਘ’ ਤੋਂ ਆਰੰਭ ਹੋ ਕੇ ਪਿੰਗਲਵਾੜਾ ਇਕ ਮਾਨਵੀ ਭਲਾਈ ਤੇ ਉਪਚਾਰ ਦੀ ਸੰਸਥਾ ਵਜੋਂ ਅਨਾਥ ਬਿਮਾਰਾਂ, ਅਪਾਹਜਾਂ, ਪਾਗਲਾਂ, ਪਿੰਗਲਿਆਂ ਦਾ ਰੱਬੀ ਆਸਰਾ ਬਣ ਗਿਆ। ਵੱਖ-ਵੱਖ ਬਿਮਾਰੀਆਂ ਦੇ ਪੀੜਤਾਂ ਦੇ ਇਲਾਜ ਲਈ ਉਨ੍ਹਾਂ ਨੂੰ ਬਿਮਾਰੀ ਮੁਤਾਬਿਕ ਵੀਜੇ ਹਸਪਤਾਲ, ਡਾ. ਵਿੱਦਿਆ ਸਾਗਰ ਮਾਨਸਿਕ ਰੋਗੀ ਹਸਪਤਾਲ (ਪਾਗਲਖ਼ਾਨਾ) ਅਤੇ ਮਜੀਠਾ ਰੋਡ ਸਥਿਤ ਅੱਖਾਂ ਅਤੇ ਕੰਨ, ਨੱਕ, ਗਲ਼ੇ ਦੇ ਹਸਪਤਾਲ ਵਿਚ ਲਿਜਾਣ ਲਈ ਭਗਤ ਜੀ ਨੇ ਸਾਈਕਲ ਰੇੜ੍ਹੀ ਤਿਆਰ ਕਰਵਾਈ ਸੀ। ਕਾਲੇ ਰੰਗ ਦੀ ਸਾਈਕਲ ਰੇੜ੍ਹੀ ਵਿਚ ਬਿਮਾਰ ਨੂੰ ਪਾ ਕੇ ਉਨ੍ਹਾਂ ਨੂੰ ਖ਼ੁਦ ਪੈਡਲ ਮਾਰ ਕੇ ਲਿਜਾਂਦਿਆਂ ਆਪ ਅੱਖੀਂ ਵੇਖਿਆ ਹੈ।
ਭਗਤ ਪੂਰਨ ਸਿੰਘ ਜੀ ਦਾ ਕੋਮਲ, ਮਾਨਵ-ਹਿਤੈਸ਼ੀ ਤੇ ਦਿਆਲਤਾ ਨਾਲ ਓਤਪੋਤ ਹਿਰਦਾ ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਇੰਨਾ ਪੀੜਤ ਹੋ ਗਿਆ ਕਿ ਉਨ੍ਹਾਂ ਨੇ ਪਦਮਸ਼੍ਰੀ ਐਵਾਰਡ ਭਾਰਤੀ ਹਕੂਮਤ ਨੂੰ ਵਾਪਸ ਕਰ ਦਿੱਤਾ। ਸਾਲ 1991 ਵਿਚ ਉਨ੍ਹਾਂ ਦਾ ਨਾਂ ਵਿਸ਼ਵ ਪੱਧਰੀ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਪਹਿਲਾਂ ਹੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਨਿਰੰਤਰ ਸੇਵਾ ਸਿਮਰਨ ਕਰਦਿਆਂ ਉਨ੍ਹਾਂ ਦਾ ਮੇਲ਼ ਸੰਗਰੂਰ ਨਿਵਾਸੀ ਤੇ ਭਗਤ ਜੀ ਦੀ ਰੱਬੀ ਸ਼ਖ਼ਸੀਅਤ ਨੂੰ ਸਮਰਪਿਤ ਡਾ. ਬੀਬੀ ਇੰਦਰਜੀਤ ਕੌਰ ਨਾਲ ਹੋਇਆ। ਭਗਤ ਜੀ ਦੀ ਲਾਸਾਨੀ ਤੇ ਲਾਮਿਸਾਲ ਮਾਨਵੀ ਸੇਵਾ ਤੋਂ ਹਾਰਦਿਕ ਅਸਰ ਅੰਦਾਜ਼ ਡਾ. ਬੀਬੀ ਇੰਦਰਜੀਤ ਕੌਰ ਜੀ ਵੀ ਪਿੰਗਲਵਾੜੇ ਦੇ ਮਰੀਜ਼ਾਂ ਦੀ ਸੇਵਾ ਸੰਭਾਲ ਜੋਗੇ ਹੀ ਰਹਿ ਗਏ। 20 ਜੂਨ 1992 ਨੂੰ ਭਗਤ ਪੂਰਨ ਸਿੰਘ ਜੀ ਬਿਮਾਰੀ ਕਾਰਨ ਢਿੱਲੇ ਹੋ ਗਏ ਤੇ 5 ਅਗਸਤ 1992 ਨੂੰ ਉਹ ਸਦੀਵੀ ਵਿਛੋੜਾ ਦੇ ਗਏ।
ਭਗਤ ਪੂਰਨ ਸਿੰਘ ਜੀ ਨੇ ਦੂਰ-ਅੰਦੇਸ਼ ਨਜ਼ਰੀਏ ਸਹਿਤ ਨਿਰਣਾ ਲੈਂਦਿਆਂ ਆਪਣੀ ਵਸੀਅਤ ਵਿਚ ਡਾ. ਬੀਬੀ ਇੰਦਰਜੀਤ ਕੌਰ ਨੂੰ ਉਤਰਾਧਿਕਾਰੀ ਥਾਪ ਦਿੱਤਾ ਸੀ। ਪਦਮਸ਼੍ਰੀ ਡਾ. ਇੰਦਰਜੀਤ ਕੌਰ ਤੇ ਉਨ੍ਹਾਂ ਦੇ ਸੁਹਿਰਦ, ਸਿਦਕਵਾਨ ਅਤੇ ਇਮਾਨਦਾਰ ਸਹਿਯੋਗੀ ਸਪੈਸ਼ਲਿਸਟ ਡਾ. ਜਗਦੀਪਕ ਸਿੰਘ, ਕੁਦਰਤੀ ਖੇਤੀ ਮਾਹਿਰ ਮਾਸਟਰ ਰਾਜਬੀਰ ਸਿੰਘ ਗਿੱਲ, ਨਿਸ਼ਕਾਮ ਇਮਾਰਤਸਾਜ਼ ਮੁਖਤਾਰ ਸਿੰਘ ਗੋਰਾਇਆ, ਯੋਗੇਸ਼ ਸੂਰੀ, ਅਮਰਜੀਤ ਸਿੰਘ ਤੇ ਹੋਰ ਨੇਕ-ਨੀਅਤ ਵਿਸ਼ੇਸ਼ਗਾਂ ਦੀ ਦਿਆਨਤਦਾਰੀ ਸਦਕਾ ਭਗਤ ਪੂਰਨ ਸਿੰਘ ਵੱਲੋਂ ਲਾਇਆ ਬੂਟਾ, ਹਰਿਆ ਭਰਿਆ ਬਾਗ਼ ਬਗ਼ੀਚਾ ਬਣ ਗਿਆ ਹੈ। ਦਾਨੀ ਸੱਜਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਗਲੈਂਡ ਤੇ ਓਂਟਾਰੀਓ ਪਿੰਗਲਵਾੜਾ ਸੁਸਾਇਟੀਆਂ ਆਦਿ ਦੇ ਸਹਿਯੋਗ ਨਾਲ ਪਿੰਗਲਵਾੜਾ ਸੰਸਥਾ ਹੁਣ ਹਰ ਪੱਖੋਂ ਸਮਰੱਥ ਹੈ। ਪਿੰਗਲਵਾੜਾ ਟਰੱਸਟੀ ਮਾਸਟਰ ਰਾਜਬੀਰ ਸਿੰਘ ਗਿੱਲ ਦੀ ਸੁਚਾਰੂ, ਯੋਜਨਾਬੱਧ ਤੇ ਵਿਗਿਆਨਕ ਦੇਖ-ਰੇਖ ਹੇਠ ਧੀਰੇਕੋਟ ਤੇ ਦਬੁਰਜੀ ਵਿਖੇ ਤਕਰੀਬਨ 50 ਏਕੜ ਵਿਚ ਨਿਰੋਲ ਕੁਦਰਤੀ ਖੇਤੀ ਫਾਰਮ ਲਈ ਵਿਦੇਸ਼ਾਂ ਤੋਂ ਵੀ ਕੁਦਰਤੀ ਖੇਤੀ ਪ੍ਰੇਮੀ ਅਗਵਾਈ ਲੈਣ ਆਉਂਦੇ ਹਨ। ਮਾਨਾਂਵਾਲਾ ਕੰਪਲੈਕਸ ’ਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਗੂੰਗੇ ਬੋਲੇ ਬੱਚਿਆਂ ਲਈ ਸਕੂਲ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਸਕੂਲ, ਛਾਪਾਖਾਨਾ, ਮਸਨੂਈ ਅੰਗ ਬਣਾਉਣ ਦਾ ਕੇਂਦਰ ਤੋਂ ਇਲਾਵਾ ਸੰਗਰੂਰ, ਗੋਇੰਦਵਾਲ ਸਾਹਿਬ, ਦਿੱਲੀ ਆਦਿ ਗਿਆਰਾਂ ਸ਼ਾਖ਼ਾਵਾਂ ਹਨ। ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਵਿਸ਼ੇਸ਼ ਭਗਤ ਪੂਰਨ ਸਿੰਘ ਵਾਰਡਾਂ ਕਾਰਜਸ਼ੀਲ ਹਨ। ਬੇਸਹਾਰਾ ਬਿਮਾਰਾਂ ਨੂੰ ਪਿਤਰੀ ਆਸਰਾ ਪ੍ਰਦਾਨ ਕਰ ਕੇ ਦੁਖਿਆਰਿਆਂ ਦੇ ਹੰਝੂ ਪੂੰਝਣ ਵਾਲੇ ਪਿੰਗਲਵਾੜਾ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਅੱਜ ਵਿਸ਼ਵ ਭਰ ਦੇ ਮਾਨਵ-ਪ੍ਰੇਮੀਆਂ ’ਚ ਮਹਿਮਾ ਮਹਾਨਤਾ ਹੈ।
- ਪ੍ਰਿੰ. ਕੁਲਵੰਤ ਸਿੰਘ ਅਣਖੀ