- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਦੋਂ ਉਮਰ ਦੇ ਇਸ ਮੋੜ ’ਤੇ ਖੜ੍ਹ ਕੇ ਅਤੀਤ ਵੱਲ ਝਾਕਦਾ ਹਾਂ, ਤਾਂ ਅੱਖਾਂ ਅਣਜਾਣੇ ਹੀ ਨਮ ਹੋ ਜਾਂਦੀਆਂ ਹਨ। ਅੱਜ ਇਹ ਡੂੰਘਾ ਅਹਿਸਾਸ ਹੁੰਦਾ ਹੈ ਕਿ ਅਸਲ ਖ਼ੁਸ਼ੀ ਅਤੇ ਸੰਤੁਸ਼ਟੀ ਬੈਂਕ ਬੈਲੇਂਸ ਜਾਂ ਪੈਸਿਆਂ ’ਚ ਨਹੀਂ ਹੁੰਦੀ, ਸਗੋਂ ਉਸ ਅਸੀਮ ਆਤਮ-ਵਿਸ਼ਵਾਸ ’ਚ ਸੀ ਜੋ ਉਸ ਦਿਨ ਇਕ ਆਮ ਜਿਹੇ ਸਕੂਲੀ ਵਿਦਿਆਰਥੀ ਨੂੰ ਮਿਲਿਆ ਸੀ।

ਮਨਜੀਤ ਮਾਨ
ਗੱਲ ਕੋਈ ਦੋ-ਢਾਈ ਦਹਾਕੇ ਪੁਰਾਣੀ ਹੈ ਪਰ ਜਦੋਂ ਵੀ ਚੇਤਿਆਂ ਦੇ ਝਰੋਖੇ ’ਚੋਂ ਝਾਕਦਾ ਹਾਂ ਤਾਂ ਲੱਗਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਉਹ ਵੀ ਇਕ ਅਜਬ ਦੌਰ ਸੀ ਸਾਦਗੀ, ਆਤਮੀਅਤਾ ਤੇ ਸਕੂਨ ਨਾਲ ਭਰਿਆ ਹੋਇਆ। ਉਦੋਂ ਅੱਜ ਦੀ ਤਰ੍ਹਾਂ ਨਾ ਮੋਬਾਈਲਾਂ ਦੀ ਬੇਜਾਨ ਭੀੜ ਸੀ, ਨਾ ਨੋਟੀਫਿਕੇਸ਼ਨਾਂ ਦਾ ਸ਼ੋਰ ਅਤੇ ਨਾ ਹੀ ਸੋਸ਼ਲ ਮੀਡੀਆ ਦੀ ਬਣਾਵਟੀ ਦੁਨੀਆ। ਉਸ ਵੇਲੇ ਸਾਡੇ ਘਰ ’ਚ ਰੱਖਿਆ ਰੇਡੀਓ ਸਿਰਫ਼ ਇਕ ਲੱਕੜ ਜਾਂ ਪਲਾਸਟਿਕ ਦਾ ਜੰਤਰ ਨਹੀਂ ਸੀ, ਸਗੋਂ ਮੇਰੀ ਰੂਹ ਦਾ ਅਨਿੱਖੜਵਾਂ ਹਿੱਸਾ ਹੁੰਦਾ ਸੀ। ਉਹ ਸਾਡਾ ਮਨੋਰੰਜਨ ਵੀ ਸੀ, ਸਾਡਾ ਰਾਜ਼ਦਾਰ ਵੀ ਅਤੇ ਦੂਰ-ਦੁਰਾਡੇ ਬੈਠੇ ਅਣਜਾਣ ਲੋਕਾਂ ਨਾਲ ਦਿਲ ਦੀ ਹੂਕ ਸਾਂਝੀ ਕਰਨ ਦਾ ਇੱਕੋ-ਇੱਕ ਖੂਬਸੂਰਤ ਜ਼ਰੀਆ ਵੀ। ਮੈਂ ਉਸ ਜ਼ਮਾਨੇ ’ਚ ਰੇਡੀਓ ਦਾ ਦੀਵਾਨਾ ਅਤੇ ਸਿਦਕੀ ਸਰੋਤਾ ਸਾਂ। ਰੇਡੀਓ ਦੀ ਸੂਈ ਨੂੰ ਧਿਆਨ ਨਾਲ ਘੁਮਾ ਕੇ ਦੇਸ਼ ਦੇ ਕੋਨੇ-ਕੋਨੇ ਤੋਂ ਆਉਂਦੀਆਂ ਵੱਖ-ਵੱਖ ਆਵਾਜ਼ਾਂ ਨੂੰ ਸੁਣਨਾ ਤੇ ਫਿਰ ਆਪਣੀਆਂ ਉਂਗਲਾਂ ਨਾਲ ਕਾਗਜ਼ 'ਤੇ ਜਜ਼ਬਾਤ ਉਕੇਰ ਕੇ ਰੇਡੀਓ ਸਟੇਸ਼ਨਾਂ ਨੂੰ ਚਿੱਠੀਆਂ ਲਿਖਣਾ ਮੇਰਾ ਨਿੱਤ ਦਾ ਨੇਮ ਬਣ ਚੁੱਕਾ ਸੀ। ਚਿੱਠੀ ਪੋਸਟ ਕਰਨ ਤੋਂ ਬਾਅਦ ਦਿਨ ਗਿਣਨੇ ਸ਼ੁਰੂ ਹੋ ਜਾਂਦੇ ਸਨ। ਜਦੋਂ ਕਿਸੇ ਦਿਨ ਹਵਾ ਦੀਆਂ ਤਰੰਗਾਂ ’ਤੇ ਮੇਰਾ ਨਾਂ ਗੂੰਜਦਾ ਜਾਂ ਮੇਰੀ ਲਿਖੀ ਚਿੱਠੀ ਪ੍ਰੋਗਰਾਮ ’ਚ ਪੜ੍ਹੀ ਜਾਂਦੀ, ਤਾਂ ਮਨ ’ਚ ਖੁਸ਼ੀ ਦਾ ਅਜਿਹਾ ਜਵਾਰਭਾਟਾ ਉੱਠਦਾ ਜਿਵੇਂ ਪੂਰੀ ਦੁਨੀਆ ਮੇਰੀ ਮੁੱਠੀ ’ਚ ਆ ਗਈ ਹੋਵੇ। ਉਹ ਅਹਿਸਾਸ, ਉਹ ਖੁਸ਼ੀ ਅੱਜ ਦੇ ‘ਲਾਇਕ’ ਅਤੇ ‘ਕੁਮੈਂਟਾਂ’ ਤੋਂ ਹਜ਼ਾਰਾਂ ਗੁਣਾ ਵੱਡੀ ਸੀ, ਜੋ ਸ਼ਬਦਾਂ ਦੀ ਮੁਹਤਾਜ਼ ਨਹੀਂ ਸੀ। ਉਨ੍ਹਾਂ ਹੀ ਸੁਨਹਿਰੀ ਅਤੇ ਅਣਮੁੱਲੇ ਦਿਨਾਂ ’ਚ, ਇਕ ਦਿਨ ਸਾਡੇ ਘਰ ਦੇ ਪਤੇ ’ਤੇ ਆਕਾਸ਼ਵਾਣੀ ਬਠਿੰਡਾ ਤੋਂ ‘ਯੁਵਵਾਣੀ’ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਮੈਨੂੰ ਇਕ ਸਰਕਾਰੀ ਸੱਦਾ-ਪੱਤਰ ਆਇਆ। ਸਕੂਲ ਦੀਆਂ ਬੈਂਚਾਂ ’ਤੇ ਬੈਠਣ ਵਾਲੇ ਅਤੇ ਹਾਲੇ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਇਕ ਨਿਆਣੇ ਲਈ ਉਹ ਚਿੱਠੀ ਕਿਸੇ ਅਸਮਾਨੀ ਤੋਹਫ਼ੇ ਜਾਂ ਜਾਦੂਈ ਪਰਵਾਨੇ ਤੋਂ ਘੱਟ ਨਹੀਂ ਸੀ। ਖੁਸ਼ੀ ਨਾਲ ਮੇਰੇ ਪੈਰ ਜ਼ਮੀਨ ’ਤੇ ਨਹੀਂ ਸਨ ਲੱਗ ਰਹੇ। ਨਿਸ਼ਚਿਤ ਕੀਤੇ ਦਿਨ ਜਦੋਂ ਮੈਂ ਪਹਿਲੀ ਵਾਰ ਬਠਿੰਡਾ ਰੇਡੀਓ ਸਟੇਸ਼ਨ ਦੀ ਉਸ ਵਿਸ਼ਾਲ ਅਤੇ ਇਤਿਹਾਸਕ ਇਮਾਰਤ ’ਚ ਕਦਮ ਰੱਖਿਆ, ਤਾਂ ਮੇਰੀ ਛਾਤੀ ਅੰਦਰ ਧੜਕਣਾਂ ਦੀ ਥਾਪ ਤੇਜ਼ ਹੋ ਗਈ। ਮਨ ’ਚ ਇੱਕੋ ਵੇਲੇ ਚਾਅ ਵੀ ਸੀ ਅਤੇ ਹਿਚਕਚਾਹਟ ਵੀ। ਉਹ ਚਾਰ-ਦੀਵਾਰੀ, ਸਾਊਂਡ-ਪ੍ਰੂਫ਼ ਸਟੂਡੀਓ, ਦਰਵਾਜ਼ੇ ’ਤੇ ਜਗਦੀ ਲਾਲ ਬੱਤੀ, ਭਾਰੀ ਜਿਹਾ ਮਾਈਕ੍ਰੋਫ਼ੋਨ ਅਤੇ ਉੱਥੇ ਬੈਠੇ ਗੰਭੀਰ ਤੇ ਰੋਅਬਦਾਰ ਲਹਿਜੇ ਵਾਲੇ ਲੋਕ...ਮੈਨੂੰ ਲੱਗਿਆ, ਜਿਵੇਂ ਮੈਂ ਆਪਣੀ ਸਧਾਰਨ ਦੁਨੀਆ ਤੋਂ ਨਿਕਲ ਕੇ ਕਿਸੇ ਖ਼ੁਆਬਾਂ ਦੀ ਵੱਖਰੀ ਹੀ ਨਗਰੀ ’ਚ ਆ ਗਿਆ ਹੋਵਾਂ। ਮੈਨੂੰ ‘ਰੈਗਿੰਗ’ ਵਰਗੇ ਉਸ ਸਮੇਂ ਦੇ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆ ਸੀ। ਸਟੂਡੀਓ ਦੇ ਸ਼ਾਂਤ ਮਾਹੌਲ ’ਚ, ਮਾਈਕ ਦੇ ਬਿਲਕੁਲ ਸਾਹਮਣੇ ਬੈਠ ਕੇ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਸ਼ੁਰੂਆਤੀ ਹਿਚਕਚਾਹਟ ਤੋਂ ਬਾਅਦ ਮੇਰਾ ਆਤਮ-ਵਿਸ਼ਵਾਸ ਪਰਤ ਆਇਆ। ਮੈਂ ਪੰਜ-ਸੱਤ ਮਿੰਟ ਬਿਨਾਂ ਅਟਕੇ ਆਪਣੇ ਦਿਲ ਦੇ ਜਜ਼ਬਾਤ ਅਤੇ ਵਿਚਾਰ ਸਾਂਝੇ ਕੀਤੇ। ਰਿਕਾਰਡਿੰਗ ਖ਼ਤਮ ਹੋਣ ਦਾ ਇਸ਼ਾਰਾ ਹੋਇਆ, ਤਾਂ ਮੇਰੇ ਅੰਦਰ ਇਕ ਅਜੀਬ ਜਿਹੀ ਤ੍ਰਿਪਤੀ ਅਤੇ ਸਕੂਨ ਦਾ ਅਹਿਸਾਸ ਫੈਲ ਗਿਆ ਸੀ, ਜਿਵੇਂ ਮੈਂ ਕੋਈ ਬਹੁਤ ਵੱਡਾ ਪਹਾੜ ਸਰ ਕਰ ਲਿਆ ਹੋਵੇ। ਇਸ ਤੋਂ ਬਾਅਦ ਕਈ ਦਿਨਾਂ ਤੱਕ ਮੈਂ ਉਸੇ ਖ਼ੁਮਾਰ ਅਤੇ ਮਸਤੀ ’ਚ ਜਿਉਂਦਾ ਰਿਹਾ। ਦਿਨ-ਰਾਤ ਮਨ ’ਚ ਇੱਕੋ ਗੱਲ ਘੁੰਮਦੀ ਕਿ ਜਿਸ ਦਿਨ ਇਹ ਪ੍ਰੋਗਰਾਮ ਪ੍ਰਸਾਰਿਤ ਹੋਵੇਗਾ, ਮੇਰੀ ਆਵਾਜ਼, ਮੇਰੇ ਬੋਲ, ਅੰਬਰਾਂ ਦੀਆਂ ਹਵਾਵਾਂ ’ਚ ਤੈਰਦੇ ਹੋਏ ਹਜ਼ਾਰਾਂ-ਲੱਖਾਂ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ। ਪ੍ਰੋਗਰਾਮ ਦਾ ਪ੍ਰਸਾਰਣ ਹੋਇਆ, ਪ੍ਰਸ਼ੰਸਾ ਮਿਲੀ ਅਤੇ ਦਿਨ ਬੀਤਦੇ ਗਏ। ਪ੍ਰੋਗਰਾਮ ਦੇ ਪ੍ਰਸਾਰਿਤ ਹੋਣ ਦੇ ਲਗਭਗ ਇਕ ਮਹੀਨੇ ਬਾਅਦ, ਇਕ ਦੁਪਹਿਰ ਨੂੰ ਜਦੋਂ ਡਾਕੀਏ ਨੇ ਸਾਡੇ ਘਰ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਅਤੇ ਮੇਰੇ ਨਾਂ ਦਾ ਇਕ ਖਾਕੀ ਲਿਫ਼ਾਫ਼ਾ ਮੇਰੇ ਹੱਥ ਫੜਾਇਆ, ਤਾਂ ਲਿਫ਼ਾਫ਼ਾ ਖੋਲ੍ਹਦਿਆਂ ਹੀ ਮੇਰੀਆਂ ਅੱਖਾਂ ਖ਼ੁਸ਼ੀ ਤੇ ਹੈਰਾਨੀ ਨਾਲ ਭਰ ਆਈਆਂ। ਉਸ ਲਿਫ਼ਾਫ਼ੇ ’ਚ ਬਠਿੰਡਾ ਰੇਡੀਓ ਸਟੇਸ਼ਨ ਵੱਲੋਂ ਮੇਰੇ ਨਾਂ ’ਤੇ ਜਾਰੀ ਕੀਤਾ ਗਿਆ ਪੰਜ ਸੌ ਰੁਪਏ ਦਾ ਇਕ ਚੈੱਕ ਸੀ। ਉਹ ਸਿਰਫ਼ ਕਾਗਜ਼ ਦਾ ਟੁਕੜਾ ਜਾਂ ਪੰਜ ਸੌ ਰੁਪਏ ਨਹੀਂ ਸਨ, ਉਹ ਮੇਰੀ ਜ਼ਿੰਦਗੀ ਦੀ ‘ਪਹਿਲੀ ਕਮਾਈ’ ਸੀ। ਅੱਜ ਤੋਂ ਦੋ-ਢਾਈ ਦਹਾਕੇ ਪਹਿਲਾਂ ਇਕ ਸਕੂਲੀ ਵਿਦਿਆਰਥੀ ਲਈ ਪੰਜ ਸੌ ਰੁਪਏ ਬਹੁਤ ਵੱਡੀ ਰਕਮ ਹੁੰਦੇ ਸਨ ਪਰ ਮੇਰੇ ਲਈ ਉਸ ਚੈੱਕ ਦੀ ਅਸਲ ਕੀਮਤ ਪੈਸਿਆਂ ਨਾਲ ਤੋਲੀ ਹੀ ਨਹੀਂ ਜਾ ਸਕਦੀ ਸੀ। ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੀ ਆਵਾਜ਼, ਮੇਰੀ ਸੋਚ ਅਤੇ ਮੇਰੇ ਵਿਚਾਰਾਂ ਨੂੰ ਸਮਾਜ ਅਤੇ ਇਕ ਵੱਡੇ ਅਦਾਰੇ ਦੁਆਰਾ ਇੱਜ਼ਤ ਤੇ ਮਾਨਤਾ ਦਿੱਤੀ ਗਈ ਸੀ। ਹਾਂ, ਉਸ ਅਥਾਹ ਖ਼ੁਸ਼ੀ ਦੇ ਵਿਚਕਾਰ ਇਕ ਮਾਸੂਮ ਅਤੇ ਹਾਸੋਹੀਣੀ ਉਲਝਣ ਵੀ ਆ ਖੜ੍ਹੀ ਹੋਈ। ਉਦੋਂ ਮੈਂ ਮਹਿਜ਼ ਇਕ ਸਕੂਲੀ ਬੱਚਾ ਸਾਂ, ਇਸ ਲਈ ਮੇਰਾ ਕਿਸੇ ਵੀ ਬੈਂਕ ’ਚ ਕੋਈ ਖ਼ਾਤਾ ਨਹੀਂ ਸੀ। ਹੁਣ ਉਸ ਚੈੱਕ ਨੂੰ ਭੁਗਤਾਉਣ ਜਾਂ ਕੈਸ਼ ਕਰਵਾਉਣ ਲਈ ਮੈਂ ਆਪਣੇ ਪਿਤਾ ਜੀ ਨਾਲ ਬੈਂਕ ਗਿਆ ਅਤੇ ਆਪਣੀ ਜ਼ਿੰਦਗੀ ਦਾ ਪਹਿਲਾ ਬੈਂਕ ਖ਼ਾਤਾ ਖੁਲ੍ਹਵਾਇਆ ਪਰ ਬੈਂਕ ਦੇ ਨਿਯਮਾਂ ਦੀ ਸ਼ਰਤ ਅਜਿਹੀ ਸੀ ਕਿ ਖ਼ਾਤਾ ਚਾਲੂ ਰੱਖਣ ਲਈ ਘੱਟੋ-ਘੱਟ ਪੰਜ ਸੌ ਰੁਪਏ ਦਾ ਬੈਲੇਂਸ ਰੱਖਣਾ ਜ਼ਰੂਰੀ ਸੀ। ਨਤੀਜਾ ਇਹ ਹੋਇਆ ਕਿ ਉਹ ਪੰਜ ਸੌ ਰੁਪਏ ਦਾ ਚੈੱਕ ਖ਼ਾਤੇ ’ਚ ਜਮ੍ਹਾਂ ਤਾਂ ਹੋ ਗਿਆ ਪਰ ਬੈਂਕ ਦੀ ਸ਼ਰਤ ਕਾਰਨ ਉਹ ਪੈਸੇ ਖ਼ਾਤੇ ’ਚ ਹੀ ਜਮ੍ਹਾਂ ਰਹਿ ਗਏ। ਮੈਂ ਉਨ੍ਹਾਂ ਪੈਸਿਆਂ ਨੂੰ ਕਦੇ ਆਪਣੇ ਹੱਥਾਂ ਨਾਲ ਛੂਹ ਨਾ ਸਕਿਆ, ਨਾ ਹੀ ਕਦੇ ਖ਼ਰਚ ਸਕਿਆ। ਉਹ ਚੈੱਕ ਬੈਂਕ ਦੇ ਖ਼ਾਤੇ ਦੀਆਂ ਫਾਈਲਾਂ ’ਚ ਹੀ ਸਮਾ ਗਿਆ ਪਰ ਸੱਚ ਦੱਸਾਂ, ਮੈਨੂੰ ਉਸ ਗੱਲ ਦਾ ਕਦੇ ਰੱਤੀ ਭਰ ਵੀ ਪਛਤਾਵਾ ਨਹੀਂ ਹੋਇਆ...ਕਿਉਂਕਿ ਮੇਰੇ ਲਈ ਉਹ ਪਹਿਲੀ ਕਮਾਈ ਬਾਜ਼ਾਰਾਂ ’ਚ ਖ਼ਰਚਣ ਵਾਸਤੇ ਸੀ ਹੀ ਨਹੀਂ, ਉਹ ਤਾਂ ਰੂਹ ਦਾ ਸਰਮਾਇਆ ਸੀ। ਅੱਜ ਜਦੋਂ ਉਮਰ ਦੇ ਇਸ ਮੋੜ ’ਤੇ ਖੜ੍ਹ ਕੇ ਅਤੀਤ ਵੱਲ ਝਾਕਦਾ ਹਾਂ, ਤਾਂ ਅੱਖਾਂ ਅਣਜਾਣੇ ਹੀ ਨਮ ਹੋ ਜਾਂਦੀਆਂ ਹਨ। ਅੱਜ ਇਹ ਡੂੰਘਾ ਅਹਿਸਾਸ ਹੁੰਦਾ ਹੈ ਕਿ ਅਸਲ ਖ਼ੁਸ਼ੀ ਅਤੇ ਸੰਤੁਸ਼ਟੀ ਬੈਂਕ ਬੈਲੇਂਸ ਜਾਂ ਪੈਸਿਆਂ ’ਚ ਨਹੀਂ ਹੁੰਦੀ, ਸਗੋਂ ਉਸ ਅਸੀਮ ਆਤਮ-ਵਿਸ਼ਵਾਸ ’ਚ ਸੀ ਜੋ ਉਸ ਦਿਨ ਇਕ ਆਮ ਜਿਹੇ ਸਕੂਲੀ ਵਿਦਿਆਰਥੀ ਨੂੰ ਮਿਲਿਆ ਸੀ। ਉਹ ਪੰਜ ਸੌ ਰੁਪਏ ਦਾ ਚੈੱਕ ਮਹਿਜ਼ ਬੈਂਕ ਦਾ ਇਕ ਕਾਗਜ਼ੀ ਟੁੱਕੜਾ ਨਹੀਂ ਸੀ, ਸਗੋਂ ਮੇਰੀ ਸ਼ਖ਼ਸੀਅਤ ਅਤੇ ਮੇਰੇ ਵਜੂਦ ’ਤੇ ਲੱਗੀ ਪਹਿਲੀ ਪ੍ਰਮਾਣਿਕ ਮੋਹਰ ਸੀ। ਉਹ ਪੰਜ ਸੌ ਰੁਪਏ ਦਾ ਅਣ-ਭੁਗਤਾਨਿਆ ਚੈੱਕ...ਅੱਜ ਵੀ ਮੇਰੀ ਰੂਹ ਦੀ ਤਿਜੋਰੀ ਵਿੱਚ ਸਭ ਤੋਂ ਕੀਮਤੀ ਖ਼ਜ਼ਾਨਾ ਬਣ ਕੇ ਸਾਂਭੇ ਪਏ ਹਨ।
(ਸੰਪਰਕ : 7009898044)।