- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਕਾਸ਼! ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਮੋਬਾਇਲ ਦੇ ਨੁਕਸਾਨ ਸਮਝਾਉਣ ਤੋਂ ਪਹਿਲਾਂ ਆਪ ਮੋਬਾਈਲ ਦੀ ਵਰਤੋਂ ਛੱਡ ਸਕਦਾ ਪਰ ਅਜੋਕੇ ਸਮੇਂ ਅਜਿਹਾ ਸੰਭਵ ਹੀ ਨਹੀਂ ਹੈ, ਉਸ ਦੀਆਂ ਅਨੇਕਾਂ ਰੋਜ਼ਾਨਾ ਦੀਆਂ ਡਿਊਟੀਆਂ ਹਨ, ਜੋ ਉਸ ਨੂੰ ਇਸ ਡਿਵਾਈਸ ਦੀ ਮਦਦ ਨਾਲ ਕਰਨੀਆਂ ਪੈਂਦੀਆਂ ਹਨ। ਜਿਵੇਂ ਇਲੈਕਸ਼ਨ ਡਿਊਟੀਆਂ, ਜਨਗਨਣਾ, ਮਿਡ-ਡੇ ਮੀਲ, ਆਇਰਨ ਫੋਲਿਕ ਟੈਬਲਿਟਸ, ਏਕ ਪੇੜੇ ਮਾਂ ਕੇ ਨਾਮ, ਵਜੀਫੇ਼, ਤਰ੍ਹਾਂ-ਤਰ੍ਹਾਂ ਦੀਆਂ ਗ੍ਰਾਂਟਾਂ ਆਦਿ।

ਸਿਮਰਜੀਤ ਸਿੰਮੀ
ਜੁੱਗਾਂ-ਜੁੱਗਾਂ ਤੋਂ ਮਨੁੱਖ ਸਿੱਖਦਾ ਰਿਹਾ ਤੇ ਕੋਈ ਸਿਖਾਉਂਦਾ ਰਿਹਾ। ਸਿੱਖਣ ਸਿਖਾਉਣ ਦੀ ਇਸ ਪ੍ਰਕਿਰਿਆ ’ਚ ਸਿਖਾਉਣ ਵਾਲੇ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ। ਗੁਰੂ ਸ਼ਬਦ ਗੁ ਅਤੇ ਰੂ ਦੇ ਮੇਲ ਤੋਂ ਬਣਿਆ, ਜਿਸ ’ਚ ਗੁ ਦਾ ਅਰਥ ਹੈ ਅਗਿਆਨਤਾ ਜਾਂ ਹਨੇਰਾ ਅਤੇ ਰੂ ਦਾ ਅਰਥ ਹੈ ਗਿਆਨ ਜਾਂ ਰੋਸ਼ਨੀ ਭਾਵ ਕਿ ਜੋ ਅਗਿਆਨਤਾ ਤੇ ਹਨੇਰੇ ਨੂੰ ਦੂਰ ਕਰ ਕੇ ਸਿੱਖਣ ਦੀ ਰੌਸ਼ਨੀ ਦੇਵੇ ਉਹ ਗੁਰੂ ਹੈ। ਗੁਰੂ ਨੂੰ ਸਮੇਂ ਦੇ ਬਦਲਾਅ ਨਾਲ.ਅਧਿਆਪਕ ਕਿਹਾ ਜਾਣ ਲੱਗ ਪਿਆ, ਅਧਿਆਪਕ ਜੋ ਕਿ ਵਿਦਿਆਰਥੀਆਂ ਨੂੰ ਗਿਆਨ ਦੇਣ ਵਾਲਾ, ਮਾਰਗ -ਦਰਸ਼ਕ, ਦੋਸਤ ਅਤੇ ਮਾਂ -ਪਿਓ ਵਰਗਾ ਹੈ। ਇਹ ਸਮਾਜ-ਸੁਧਾਰਕ ਵੀ ਹੁੰਦਾ ਹੈ। ਗੁਰਬਾਣੀ ’ਚ ਤਾਂ ਇਸ ਨੂੰ ਰੱਬ ਤੋਂ ਵੀ ਉੱਪਰ ਮੰਨਿਆ ਗਿਆ ਹੈ।
ਅਧਿਆਪਕ ਅਤੇ ਵਿਦਿਆਰਥੀ ਦਾ ਬਹੁਤ ਨਜ਼ਦੀਕੀ ਸਬੰਧ ਹੈ, ਦੋਵੇਂ ਹੀ ਇੱਕੋ ਸਿੱਕੇ ਦੇ ਦੋ ਪਾਸੇ ਹਨ, ਦੋਵੇਂ ਇਕ ਦੂਜੇ ਤੋਂ ਬਿਨਾਂ ਅਧੂਰੇ ਭਾਵ ਕਿ ਖ਼ਤਮ ਹੀ ਹੋ ਜਾਂਦੇ ਹਨ। ਜਿਵੇਂ ਘੁਮਿਆਰ ਮਿੱਟੀ ਤੋਂ ਘੜਾ ਬਣਾਉਂਦਾ ਹੈ, ਉਵੇਂ ਅਧਿਆਪਕ ਵਿਦਿਆਰਥੀ ਦਾ ਭਵਿੱਖ ਕਰਤਾ ਹੈ। ਉਹ ਕਾਲੇ ਰੰਗ ਦੇ ਤਖ਼ਤੇ ਉੱਪਰ ਲਿਖ ਕੇ, ਸਮਝਾ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਰਾਹ ਦਸੇਰਾ ਬਣਦਾ ਹੈ। ਜੋ ਵਿਦਿਆਰਥੀ ਨੂੰ ਬੋਲਣਾ, ਸ਼ਿਸ਼ਟਾਚਾਰ, ਤਹਿਜ਼ੀਬ, ਸਲੀਕਾ ਹੀ ਨਹੀਂ ਸਿਖਾਉਂਦਾ ਸਗੋਂ ਉਸ ਦਾ ਸੁਚੱਜਾ ਕਿਰਦਾਰ ਵੀ ਬਣਾਉਂਦਾ ਹੈ। ਅਧਿਆਪਨ ਸਿਰਫ਼ ਨੌਕਰੀ ਕਰਨਾ ਹੀ ਨਹੀਂ ਸਗੋਂ ਇਕ ਜਿੰਮੇਵਾਰੀ ਵਾਲਾ ਕਿੱਤਾ ਹੈ। ਸਮੇਂ ਨਾਲ ਭਾਵੇਂ ਪੂਰੀ ਤਰ੍ਹਾਂ ਬਦਲਾਅ ਆ ਗਿਆ ਹੈ, ਬੋਹੜ ਦੇ ਦਰੱਖਤਾਂ ਥੱਲੇ ਲੱਗਦੀਆਂ ਕਲਾਸਾਂ ਹੁਣ ਸਮਾਰਟਰੂਮ ਕਲਾਸਾਂ ’ਚ ਬਦਲ ਗਈਆਂ ਹਨ ਪਰ ਅਧਿਆਪਕ ਅੱਜ ਵੀ ਉਹੀ ਹੈ ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦੀ ਤਰੀਕੇ ਵੀ ਸਿਖਾਉਂਦਾ ਹੈ। ਮਾਪਿਆਂ ਤੋਂ ਬਾਅਦ ਜਿਸ ਨੂੰ ਕਿਸੇ ਵੀ ਬੱਚੇ ਦੇ ਸਫ਼ਲ ਹੋਣ ਦੀ ਰੂਹਾਨੀ ਖੁਸ਼ੀ ਮਿਲਦੀ ਹੈ, ਉਹ ਸਿਰਫ਼ ਤੇ ਸਿਰਫ਼ ਉਸ ਦਾ ਅਧਿਆਪਕ ਹੀ ਹੁੰਦਾ ਹੈ।
ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਫ਼ਲ ਇਨਸਾਨ ਬਣਾਉਣ ਲਈ ਜੀਅ-ਜਾਨ ਲਗਾ ਦਿੰਦਾ ਹੈ। ਇਸ ਲਈ ਉਹ ਹਰ ਸੰਭਵ ਤਰੀਕੇ ਅਪਣਾਉਂਦਾ ਹੈ ਪਰ ਹੁਣ ਸਮੇਂ ਨੇ ਬਹੁਤ ਮੋੜਾ ਕੱਟ ਲਿਆ ਹੈ। ਸਿੱਖਿਆ ’ਤੇ ਹੋ ਰਹੇ ਤਜਰਬਿਆਂ ਨੇ ਇਸ ਨੂੰ ਖੋਖਲਾ ਤੇ ਅੰਕੜਿਆਂ ਦੀ ਖੇਡ ਬਣਾ ਕੇ ਰੱਖ ਦਿੱਤਾ ਹੈ। ਜਿਸ ਵਿੱਦਿਆ ਰੂਪੀ ਰੁੱਖ ਨੂੰ ਸਫ਼ਲਤਾ ਵਾਲੇ ਮਿੱਠੇ ਫ਼ਲ ਲੱਗਣੇ ਸਨ ਉਸਦੀਆਂ ਜੜ੍ਹਾਂ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀਆਂ ਹਨ। ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਕੀਤੇ ਜਾ ਰਹੇ ਤਜਰਬੇ ਫੇ਼ਲ ਹੋ ਰਹੇ ਹਨ। ਵਿਦਿਆਰਥੀਆਂ ਨੂੰ ਮੰਜ਼ਿਲ ’ਤੇ ਪਹੁੰਚਾਉਣ ਵਾਲੀ ਕਿਸ਼ਤੀ ਡਾਵਾਂ-ਡੋਲ ਹੋਈ ਪਈ ਹੈ। ਨਾ ਵਿਦਿਆਰਥੀਆਂ ਨੂੰ ਸੰਭਲਣ ਦੀ ਸਮਝ ਆ ਰਹੀ ਹੈ ਤੇ ਨਾ ਹੀ ਉਨ੍ਹਾਂ ਦੇ ਅਧਿਆਪਕ ਨੂੰ ਉਹਨਾਂ ਨੂੰ ਸੰਭਾਲਣ ਦੀ। ਸਿੱਖਿਆ ਦੇ ਸੁਧਾਰ ਲਈ ਚਲਾਏ ਗਏ ਮਿਸ਼ਨ ਸਮਰੱਥ ਨੇ ਉਲਟ ਸਿੱਖਿਆ ਨੂੰ ਅਸਮਰੱਥ ਹੀ ਕਰ ਦਿੱਤਾ ਹੈ। ਛੇਵੀਂ ਤੋਂ ਮਿਸ਼ਨ ਸਮਰੱਥ ਚਲਾਉਣਾ ਸਰਾਸਰ ਗ਼ਲਤ ਹੈ ਕਿਉਂਕਿ ਜੋ ਵਿਦਿਆਰਥੀ ਪੰਜਵੀਂ ਕਲਾਸ ਤੱਕ ਬੇਸਿਕ ਜਿਵੇਂ ਮੁਹਾਰਨੀ ਅਲਫ਼ਾਬੈੱਟ, ਪਹਾੜੇ ਜੋੜ-ਘਟਾਓ ਨਹੀਂ ਸਿੱਖ ਸਕਿਆ, ਉਹ ਛੇਵੀਂ ਤੋਂ ਅੱਠਵੀਂ ਤੱਕ ਕਿਵੇਂ ਸਿੱਖੇਗਾ।
ਹਰ ਚੀਜ਼ ਸਿੱਖਣ ਦੀ ਇਕ ਉਮਰ ਹੁੰਦੀ ਹੈ। ਇਸ ਨਾਲ ਸਿਰਫ਼ ਤੇ ਸਿਰਫ ਪੜ੍ਹਨ ਵਾਲੇ ਹੁਸ਼ਿਆਰ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ। ਉਹ ਸਮਝਦੇ ਹਨ ਕਿ ਅਸੀਂ ਇਹ ਕੀ ਫ਼ਾਲਤੂ ਸਮਾਂ ਖ਼ਰਾਬ ਕਰਨ ਲੱਗੇ ਹੋਏ ਹਾਂ। ਇਹ ਸਿਰਫ਼ ਪਹਿਲੀ ਤੋਂ ਤੀਸਰੀ ਕਲਾਸ ਤੱਕ ਸੀਮਤ ਰਹਿਣਾ ਚਾਹੀਦਾ ਹੈ। ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਬਜਾਏ ਘਟੀ ਹੀ ਹੈ। ਵੈਸੇ ਵੀ ਅਧਿਆਪਕ ਬਹੁਤ ਸਾਰੇ ਹੋਰ ਕੰਮਾਂ ’ਚ ਰੁੱਝਿਆ ਰਹਿਣ ਕਰ ਕੇ ਵਿਦਿਆਰਥੀਆਂ ਤੱਕ ਘੱਟ ਹੀ ਪਹੁੰਚਦਾ ਹੈ। ਦੋਵਾਂ ਧਿਰਾਂ ਦਾ ਮੇਲ ਹੀ ਆਪਸ ’ਚ ਘੱਟ ਹੁੰਦਾ ਹੈ। ਉਹ ਬੇਵੱਸ ਹੋਇਆ ਮਹਿਸੂਸ ਕਰਦਾ ਸਾਰਾ ਦਿਨ ਡਾਕ ਭੇਜਣ ਦੇ ਚੱਕਰ ’ਚ ਮੋਬਾਇਲ ’ਚ ਲੱਗਿਆ ਰਹਿੰਦਾ ਹੈ।
ਐੱਮ ਸਟਾਰ ’ਤੇ ਲੱਗਦੀ ਹਾਜ਼ਰੀ ਤਾਂ ਗੇਟ ਤੋਂ ਹੀ ਅਧਿਆਪਕ ਦਾ ਮੋਬਾਈਲ ਨਾਲ ਵਾਅ ਨਾਲ ਪਾ ਦਿੰਦੀ ਹੈ, ਉਹ ਜਾਣ ਵੇਲੇ ਵੀ ਔਨਲਾਈਨ ਹਾਜ਼ਰੀ ਲਈ ਇਸ ਦੀ ਵਰਤੋਂ ਕਰਦਾ ਹੈ। ਕਦੇ ਕੋਈ ਡਾਕ, ਕਦੇ ਕੋਈ ਮੀਟਿੰਗ। ਵਿਦਿਆਰਥੀ ਆਪਣੇ ਰੋਲ ਮਾਡਲ ਸਮਝੇ ਜਾਣ ਵਾਲੇ ਅਧਿਆਪਕ ਬਾਰੇ ਸੋਚ ਰਹੇ ਹਨ ਕਿ ਇਹ ਸਿਰਫ਼ ਸਾਰਾ ਦਿਨ ਸਾਨੂੰ ਸਮਝਾਉਂਦੇ ਰਹਿੰਦੇ ਹਨ ‘ਕਿ ਇਸ ਦੀ ਜ਼ਿਆਦਾ ਵਰਤੋਂ ਨੁਕਸਾਨਦਾਇਕ ਹੈ’ ਖ਼ੁਦ ਤਾਂ ਇਸ ਦਾ ਖਹਿੜਾ ਨਹੀਂ ਛੱਡਦੇ।
ਜਿਵੇਂ ਪੁਰਾਣੇ ਸਮੇਂ ’ਚ ਇਕ ਮਾਂ ਆਪਣੇ ਬੱਚੇ ਨੂੰ ਗੁੜ ਖਾਣ ਤੋਂ ਰੋਕਣ ਲਈ ਇਕ ਸਾਧੂ ਕੋਲ ਲੈ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮਹਾਰਾਜ ਜੀ ਇਹ ਸਾਰਾ ਦਿਨ ਗੁੜ ਬਹੁਤ ਖਾਂਦਾ ਹੈ। ‘ਤਾਂ ਉਹ ਸਾਧੂ ਕਹਿੰਦਾ ਹੈ ਕਿ ਹਫ਼ਤੇ ਬਾਅਦ ਲੈ ਕੇ ਆਵੀਂ। ਜਦੋਂ ਉਹ ਹਫ਼ਤੇ ਬਾਅਦ ਵਾਪਿਸ ਉਸ ਸਾਧੂ ਕੋਲ ਲੈ ਕੇ ਜਾਂਦੀ ਹੈ ਤਾਂ ਸਾਧੂ ਕਹਿੰਦਾ, ‘ਪੁੱਤ ਗੁੜ ਨਾ ਖਾਇਆ ਕਰ ਜ਼ਿਆਦਾ ਮਿੱਠਾ ਖਾਣਾ ਨੁਕਸਾਨ ਕਰਦਾ ਹੈ। ਤਾਂ ਮਾਂ ਨੂੰ ਬਹੁਤ ਗੁੱਸਾ ਆਉਂਦਾ ਹੈ। ਉਹ ਕਹਿੰਦੀ ਐਨੀ ਗੱਲ ਜਦੋਂ ਅਸੀਂ ਪਹਿਲੀ ਵਾਰ ਆਏ ਸੀ, ਉਦੋਂ ਹੀ ਕਹਿ ਦਿੰਦੇ ਤਾਂ ਸਾਧੂ ਨੇ ਉਸ ਨੂੰ ਸਮਝਾਇਆ ਕਿ ‘ਉਦੋਂ ਮੈਂ ਆਪ ਬਹੁਤ ਗੁੜ ਖਾਂਦਾ ਸੀ, ਪਹਿਲਾਂ ਮੈਂ ਆਪ ਛੱਡਿਆ ਫੇ਼ਰ ਹੀ ਸਮਝਾਉਣ ਜੋਗਾ ਹੋਇਆ, ਕਿਉਂਕਿ ਜੇਕਰ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਉਹ ਆਦਤ ਪਹਿਲਾਂ ਆਪ ਛੱਡਣੀ ਪੈਂਦੀ ਹੈ, ਨਹੀਂ ਤਾਂ ਕਹੀ ਗੱਲ ਬੇਅਸਰ ਹੋ ਜਾਂਦੀ ਹੈ।
‘ਕਾਸ਼! ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਮੋਬਾਇਲ ਦੇ ਨੁਕਸਾਨ ਸਮਝਾਉਣ ਤੋਂ ਪਹਿਲਾਂ ਆਪ ਮੋਬਾਈਲ ਦੀ ਵਰਤੋਂ ਛੱਡ ਸਕਦਾ ਪਰ ਅਜੋਕੇ ਸਮੇਂ ਅਜਿਹਾ ਸੰਭਵ ਹੀ ਨਹੀਂ ਹੈ, ਉਸ ਦੀਆਂ ਅਨੇਕਾਂ ਰੋਜ਼ਾਨਾ ਦੀਆਂ ਡਿਊਟੀਆਂ ਹਨ, ਜੋ ਉਸ ਨੂੰ ਇਸ ਡਿਵਾਈਸ ਦੀ ਮਦਦ ਨਾਲ ਕਰਨੀਆਂ ਪੈਂਦੀਆਂ ਹਨ। ਜਿਵੇਂ ਇਲੈਕਸ਼ਨ ਡਿਊਟੀਆਂ, ਜਨਗਨਣਾ, ਮਿਡ-ਡੇ ਮੀਲ, ਆਇਰਨ ਫੋਲਿਕ ਟੈਬਲਿਟਸ, ਏਕ ਪੇੜੇ ਮਾਂ ਕੇ ਨਾਮ, ਵਜੀਫੇ਼, ਤਰ੍ਹਾਂ-ਤਰ੍ਹਾਂ ਦੀਆਂ ਗ੍ਰਾਂਟਾਂ ਆਦਿ।
ਇਨ੍ਹਾਂ ਕਿਰਿਆਵਾਂ ’ਚ ਹੀ ਉਲਝਿਆ ਰਹਿੰਦਾ ਹੈ। ਸਹੀ ਮਾਅਨੇ ’ਚ ਇਹ ਕੰਮ ਪੰਚਾਇਤੀ ਪੱਧਰ ’ਤੇ ਹੋਣੇ ਚਾਹੀਦੇ ਹਨ। ਹੁਣ ਐੱਸਆਈਆਰ ਨੇ ਤਾਂ ਸਾਰੀ ਕਸਰ ਹੀ ਕੱਢ ਦਿੱਤੀ। ਸਕੂਲਾਂ ਦੇ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ। ਸੀਨੀਅਰ ਸਕੈਂਡਰੀ ਸਕੂਲ ਸਿਰਫ਼ ਚਾਰ-ਚਾਰ ਅਧਿਆਪਕ ਚਲਾਉਣ ਲਈ ਮਜ਼ਬੂਰ ਹੋ ਗਏ ਹਨ। ਸਾਰੀ ਤਾਣੀ ਹੀ ਉੱਲਝੀ ਪਈ ਹੈ ਜਿੰਨੇ ਬੀਐੱਲਓ ਲੱਗੇ ਹਨ, ਓਨੇ ਹੀ ਉਨ੍ਹਾਂ ਦੇ ਨਾਲ ਅਸਿਸਟੈਂਟ ਬੀਐਲਓ ਲੱਗੇ ਹੋਏ ਹਨ।
ਸਟਾਫ਼ ਤੋਂ ਬਿਨਾਂ ਪੜ੍ਹਾਈ ਕਰਾਉਣਾ ਮੁਮਕਿਨ ਹੀ ਨਹੀਂ ਸਕੂਲ ’ਚ ਅਨੁਸ਼ਾਸਨ ਰੱਖਣਾ ਵੀ ਮੁਸ਼ਕਿਲ ਹੋ ਗਿਆ ਹੈ। ਜੇਕਰ ਵਿੱਦਿਆ ਰੂਪੀ ਰੇਲ ਗੱਡੀ ਨੂੰ ਮੁੜ ਲੀਹ ’ਤੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਸਿਸਟਮ ਨੂੰ ਬਦਲਣਾ ਪਵੇਗਾ। ਇਲੈਕਸ਼ਨ, ਜਨਗਣਨਾ, ਐੱਸਆਰਆਈ ਵਰਗੇ ਕੰਮਾਂ ਲਈ ਅਲੱਗ ਤੋਂ ਸਟਾਫ਼ ਦੀ ਭਰਤੀ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੇ ਬੇਲੋੜੇ ਬੋਝ ਤੋਂ ਬਚਿਆ ਜਾ ਸਕੇ।
(ਸੰਪਰਕ : 9417671091)।